ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਸਾਰਾ ਪੰਜਾਬ ਦਿੱਲੀ ਵੱਲ ਨੂੰ ਉਮੜਿਆ ਹੋਇਆ ਹੈ। ਕਿਸਾਨੀ ਅੰਦੋਲਨ ਦੇ ਰੰਗ ਵੰਨ ਸੁਵੰਨੇ ਹਨ। ਕਈ ਵਾਰ ਤਾਂ ਅੱਖਾਂ ਭਰ ਲੈਂਦਾ ਹਾਂ ਤੇ ਬਸੁਤ ਉਦਾਸ ਹੋ ਜਾਂਦਾ ਹਾਂ, ਜਦ ਆਪਣੇ ਦਾਦੇ ਦੀ ਉਮਰ ਦੇ ਬਜ਼ੁਰਗ ਜਾਂ ਦਾਦੀ ਦੀ ਉਮਰ ਦੀਆਂ ਮਾਤਾਵਾਂ ਨੂੰ ਦਿੱਲੀ ਧਰਨਿਆਂ ਵਿਚ ਹੰਝੂ ਵਹਾਉਂਦੇ ਵੇਖਦਾ ਹਾਂ। ਕੁਛ ਕੁਛ ਹੌਸਲਾ ਵੀ ਹੋਣ ਲਗਦਾ ਹੈ ਜਦ ਪੰਜਾਬੀਆਂ ਦੇ ਬੁਲੰਦ ਹੌਸਲੇ ਦੇਖਦਾ ਹਾਂ। ਰਲੇ ਮਿਲੇ ਭਾਵ ਪੈਦਾ ਹੁੰਦੇ ਤੇ ਮਿਟਦੇ ਰਹਿੰਦੇ ਹਨ। ਇਹਨੀ ਦਿਨੀ ਮੈਨੂੰ ਆਪਣੇ ਕਿਸਾਨ ਤਾਏ ਤੇ ਪਿਤਾ ਦੀ ਯਾਦ ਵਾਰ ਵਾਰ ਆ ਰਹੀ ਹੈ। ਉਹ ਆਪਣੇ ਆਖਰੀ ਦਮ ਤਕ ਖੇਤੀ ਕਰਦੇ ਰਹੇ। ਪਹਿਲਾਂ ਖੇਤ ਵਡੇ ਸਨ ਤੇ ਜਿਓ ਜਿਓਂ ਟੱਬਰ ਵਧਦਾ ਗਿਆ ਤੇ ਤਿਓਂ ਤਿਓਂ ਖੇਤ ਸੁੰਗੜਨ ਲੱਗਿਆ। ਮੇਰਾ ਬਚਪਨ ਸਾਡੇ ਖੇਤ ਵਿਚ ਬੀਤਿਆ। ਹੁਣ ਵੀ ਕਦੇ ਕਦੇ ਖੇਤ ਜਾਈਦਾ ਹੈ ਤੇ ਬਚਪਨ ਦੇ ਪਲ ਸਾਵੇਂ ਦੇ ਸਾਵੇਂ ਸਾਕਾਰ ਹੋ ਜਾਂਦੇ ਹਨ। ਤਾਏ ਹੁਰੀਂ ਸੱਥ ਵਿੱਚ ਬਹਿ ਕੇ ਖੇਤਾਂ ਦੀਆਂ ਗੱਲਾਂ ਕਰਦੇ। ਸਾਰੇ ਕਿਸਾਨਾਂ ਦੀ ਹੀ ਸੱਥ ਜੁੜਦੀ ਸੀ ਸਾਡੇ ਬੂਹੇ ਮੂਹਰੇ ਦੇਰ ਰਾਤ ਤੱਕ। ਅਸੀਂ ਨਿਕੇ ਨਿਆਣੇ ਸੱਥ ਦੀਆਂ ਵੰਨ ਸੁਵੰਨੀਆਂ ਗੱਲਾਂ ਦਾ ਸੁਆਦ ਲੈਂਦੇ ਰਹਿੰਦੇ। ਇਕ ਵਾਰ ਤਾਏ ਤੋਂ ਸੁਣੇ ਇਹ ਬੋਲ ਕਦੀ ਨਹੀਂਓ ਭੁੱਲੇ,"ਜਮੀਨ ਕਿਸਾਨ ਦੀ ਮਾਂ ਹੁੰਦੀ ਹੈ ਤੇ ਖੇਤ ਦੀ ਫਸਲ ਕਿਸਾਨ ਨੂੰ ਪੁੱਤਾਂ ਬਰਾਬਰ ਹੁੰਦੀ ਐ, ਖੇਤ ਜਾਕੇ ਕਿਸਾਨ ਫਸਲ ਦਾ ਹਾਲ ਚਾਲ ਇਓਂ ਹੀ ਪੁਛਦਾ ਹੈ ਜਿਵੇਂ ਆਪਣੇ ਪਾਲੇ ਪਲੋਸੇ ਜੁਆਕ ਦਾ ਪੁਛਦਾ ਹੈ। ਜੇ ਫਸਲ ਮਾੜੀ ਰਹਿ ਜਾਵੇ ਜਾਂ ਮਾਰੀ ਜਾਵੇ ਸੋਕੇ ਜਾਂ ਡੋਬੇ ਨਾਲ ਤਾਂ ਕਿਸਾਨ ਦਾ ਵੀ ਮਰਨ ਹੋ ਜਾਂਦਾ ਹੈ ਜਾਂ ਫਿਰ ਜਦ ਕਿਸਾਨ ਦਾ ਮੰਡੀ ਮੁੱਲ ਨਹੀਂ ਪਾਉਂਦੀ, ਉਦੋਂ ਕਿਸਾਨ ਮਰਨ ਨੂੰ ਥਾਂ ਲਭਦਾ ਐ।" ਲਗਪਗ ਚਾਰ ਦਹਾਕੇ ਪਹਿਲਾਂ ਤਾਏ ਦੀਆਂ ਆਖੀਆਂ ਗੱਲਾਂ ਸੋਚ ਕੇ ਮਨ ਭਰਦਾ ਹੈ। ਇਕ ਦਿਨ ਮਿੱਤਰ ਗਾਇਕ ਹਰਿੰਦਰ ਸੰਧੂ ਗਾ ਰਿਹਾ ਸੀ,ਗੀਤ ਦੇ ਬੋਲ ਸਨ
ਫਸਲ ਮਰੇ ਤਾਂ ਜੱਟ ਮਰ ਜਾਂਦਾ
ਰਾਤ ਮਰੇ ਤਾਂ ਤਾਰਾ--
ਇਹ ਗੱਲ ਬਿਲਕੁਲ ਠਕਿ ਹੈ ਕਿ ਫਸਲ ਮਰਨ ਉਤੇ ਜੱਟ ਦਾ ਮਰਨ ਵੀ ਹੋ ਜਾਂਦਾ ਹੈ। ਗੱਲ ਕਰਦੇ ਕਰਦੇ ਯਾਦ ਆਇਆ ਹੈ ਕਿ ਗਰਮੀ ਦੀਆਂ ਰਾਤਾਂ ਨੂੰ ਸਾਡਾ ਸਾਰਾ ਟੱਬਰ ਵਿਹੜੇ ਵਿਚ ਮੰਜਿਆਂ ਉਤੇ ਸੌਂਦਾ ਸੀ। ਜਦ ਕੋਈ ਤਾਰਾ ਭੁਰਦਾ ਸੀ ਤਾਂ ਮੇਰੀ ਦਾਦੀ ਹਉਕਾ ਭਰਦੀ ਤੇ ਕਹਿੰਦੀ ਸੀ ਕਿ ਅੱਜ ਕੋਈ ਮਾੜਾ ਸ਼ਗਨ ਹੋਇਆ ਐ,ਤਾਰਾ ਭੁਰਨਾ ਚੰਗਾ ਨਹੀਂ ਹੁੰਦਾ। ਪਰ ਹੁਣ ਦਿਨ ਦੀਵੀਂ ਅਣਗਿਣਤ ਤਾਰੇ ਭੁਰੀ ਜਾ ਰਹੇ ਹਨ। ਇਹਨਾਂ ਬੁਰ ਰਹੇ ਤਾਰਿਆਂ ਦੀ ਕੋਈ ਬਾਤ ਨਹੀਂ ਪਾਉਂਦਾ।
ਗੀਤਾਂ ਉਤੋਂ ਧੁੰਦ ਲੱਥੀ
ਕਿਸਾਨੀ ਅੰਦੋਲਨ ਕੁਝ ਰੰਗ ਅਜਿਹੇ ਵੀ ਲੈਕੇ ਆਇਆ ਹੈ ਕਿ ਦੇਰ ਤੋਂ ਪੰਜਾਬ ਦੇ ਗੀਤ ਸੰਗੀਤ ਉਤੇ ਪੈਂਦੀ ਲਾਹਨਤੀ ਧੁੰਦ ਲੱਥੀ ਦਿਸਦੀ ਹੈ। ਗਾਇਕਾਂ ਤੇ ਗੀਤਕਾਰਾਂ ਦਾ ਸਮੁੱਚਾ ਕਾਫਲਾ ਕਿਸਾਨਾਂ ਦੇ ਨਾਲ ਨਾਲ ਤੁਰ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦੇ ਹੱਕ ਵਿਚ ਇਨਕਲਾਬੀ ਗੀਤ ਗਾਏ ਜਾ ਰਹੇ ਹਨ। ਕਦੇ ਕਿਸਾਨਾਂ ਨੂੰ, ਖਾਸ ਕਰ ਜੱਟ ਨੂੰ ਇਹਨਾਂ ਗੀਤਾਂ ਰਾਹੀਂ ਹੀ ਭੰਡਿਆਂ ਜਾਂਦਾ ਸੀ। ਸਮਾਂ ਤਬਦੀਲ ਹੋਇਆ ਹੈ ਹੁਣ। ਲਹਿਰਾਂ ਸਮੇਂ ਕਰਵਟ ਲੈਣ ਵਾਸਤੇ ਮਜਬੂਰ ਕਰ ਦਿੰਦੀਆਂ ਹਨ। ਪੰਜਾਬ ਦੇ ਗਾਇਕਾਂ ਦੀ ਦਹਾੜ ਕੇਵਲ ਦਿੱਲੀ ਹੀ ਨੇ ਨਹੀਂ ਸਗੋਂ ਸਾਰੀ ਦੁਨੀਆਂ ਨੇ ਸੁਣੀ ਹੈ। ਲਗਦੇ ਹੱਥ ਇਹ ਵੀ ਦਸਦਾ ਜਾਵਾਂ ਕਿ ਪੰਜਾਬ ਦੀ ਜੁਆਨੀ ਸਿਰ ਚਿੱਟੇ ਦੀ ਚੱਟੀ ਹੋਣ ਦੋਸ਼ ਵੀ ਹੁਣ ਧੋਤੇ ਗਏ ਦਿਸਦੇ ਹਨ ਕਿਉਂਕਿ ਸਾਰੇ ਪੰਜਾਬ ਦੀ ਜੁਆਨੀ ਜਾ ਦਿੱਲੀ ਬੈਠੀ ਹੈ ਤੇ ਆਪਣੇ ਹੱਕਾਂ ਵਾਸਤੇ ਕੂਕ ਰਹੀ ਹੈ। ਜੁਆਨੀ ਨੇ ਅੰਦੋਲਨ ਭਖਾਇਆ ਹੈ।
ਇਹ 'ਡਾੲਰੀਨਾਮਾ' ਲਿਖਦਿਆਂ ਬਸ...ਹੁਣ ਇਕੋ ਦੁਆ ਦਿਲ ਵਿਚੋਂ ਉਠ ਰਹੀ ਹੈ ਕਿ ਸਭ ਕੁਝ ਖੈਰ ਸੁਖ ਨਾਲ ਨਿੱਬੜ ਜਾਵੇ, ਦਿੱਲੀ ਤੋਂ ਪਰਤਦੇ ਕਿਸਾਨ ਹਸਦੇ ਤੇ ਸੰਤੁਸ਼ਟ ਹੋ ਕੇ ਵਾਪਸ ਆਉਣ। ਉਹਨਾਂ ਨੂੰ ਉਨਾਂ ਦੇ ਹੱਕ ਮਿਲਣ ਕਿਉਂਕਿ ਉਹਨਾਂ ਨੇ ਮੁਲਕ ਦੇ ਬਾਸ਼ਦਿੰਆਂ ਦਾ ਢਿੱਡ ਭਰਨਾ ਹੈ। ਕਿਸਾਨ ਨੂੰ ਸਾਡੇ ਸਾਹਿਤ ਵਿਚ ਧਰਤੀ ਦੇ ਰੱਬ ਦਾ ਰੁਤਬਾ ਦਿੱਤਾ ਗਿਆ ਹੈ। ਇਹ ਰੁਤਬਾ ਤਦੇ ਹੀ ਬਹਾਲ ਰਹਿ ਸਕੇਗਾ ਜੇ ਕਿਸਾਨ ਦਾ ਆਪਣਾ ਢਿੱਡ ਭਰਿਆ ਹੋਵੇਗਾ ਤੇ ਫਿਰ ਹੀ ਅਹੁ ਕਿਸੇ ਦਾ ਢਿੱਡ ਭਰ ਸਕੇਗਾ। ਬੜੀ ਦੇਰ ਤੋਂ ਕਿਸਾਨ ਭੁਖ ਵੀ ਜਰ ਰਿਹਾ ਹੈ ਤੇ ਦੁੱਖ ਵੀ ਜਰ ਰਿਹਾ ਹੈ। ਦਿੱਲੀਏ...ਦੇਹ ਸਾਨੂੰ ਚੰਗੇ ਦਿਨ, ਅਸੀਂ ਤੇਰੇ ਬਹੁਤ ਧੰਨਵਾਦੀ ਹੋਵਾਂਗੇ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
919417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.