ਭਗਵੇਂ ਬ੍ਰਿਗੇਡ ਦਾ ਆਈਟੀ ਸੈੱਲ ਅਤੇ ਫਾਸ਼ੀਵਾਦੀ ਸਰਕਾਰ ਦੀਆਂ ਨੀਤੀਆਂ ਕਿਸਾਨ ਮੋਰਚਾ ਬਰਬਾਦ ਕਰਨ ਲਈ ਪੱਬਾਂ ਭਾਰ ਹਨ। ਆਗੂਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਹਰ ਸਮੇਂ ਸੁਚੇਤ ਰਹਿਣ ਅਤੇ ਆਮ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਕਾਹਲੇ ਪੈ ਕੇ ਤਿੱਖੇ ਪ੍ਰਤੀਕਰਮਾਂ ਤੋਂ ਗੁਰੇਜ਼ ਕਰਨ। ਪੰਜਾਬ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ, ਇਸ ਬਾਰੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।
ਗੁਰੂ ਨਾਨਕ ਸਾਹਿਬ ਦੇ ਬਾਬਰ ਨੂੰ ਜਾਬਰ ਕਹਿਣ ਵਾਲੇ ਚੇਤਨਾ ਸਿਧਾਂਤ 'ਤੇ ਇਹ ਅੰਦੋਲਨ ਖੜ੍ਹਾ ਹੈ, ਇਸ ਵਿੱਚ ਰਤਾ ਸ਼ੱਕ ਨਹੀਂ। ਸਰਬੱਤ ਦਾ ਭਲਾ ਇਸ ਦੀ ਭਾਵਨਾ ਹੈ, ਇਹ ਪ੍ਰਤੱਖ ਹੈ। ਇਸ ਅਨੁਸਾਰ ਹੀ ਚੱਲੀਏ। ਅੱਜ ਸੰਘਰਸ਼ ਵਿਚ ਸਿੱਖ, ਮੁਸਲਮਾਨ, ਹਿੰਦੂ, ਜੈਨੀ, ਬੋਧੀ, ਸਾਰੇ ਇਕੱਠੇ ਹੋ ਕੇ ਆਪੋ-ਆਪਣੇ ਧਰਮ ਪ੍ਰਤੀ ਸਮਰਪਿਤ ਹਨ, ਕਿਤੇ ਖੱਬੇ ਪੱਖੀ ਆਪਣੀ ਭਾਵਨਾ ਨਾਲ ਕਿਸਾਨੀ ਮੁੱਦੇ 'ਤੇ ਇਕੱਠੇ ਹਨ। ਸਭ ਦੀ ਭਾਵਨਾ ਦਾ ਸਤਿਕਾਰ ਕਰੀਏ। ਇਹ ਸਿੱਖੀ ਭਾਵਨਾ ਹੀ ਹੈ, ਜੋ ਪੰਜਾਬ ਨੂੰ ਇਸ ਸੰਘਰਸ਼ ਵਿੱਚ ਮੋਹਰੀ ਬਣਾ ਕੇ ਖੜ੍ਹਾ ਕਰ ਰਹੀ ਹੈ।
"ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ"
(ਪ੍ਰੋਫ਼ੈਸਰ ਪੂਰਨ ਸਿੰਘ)
ਸਿੱਖ ਗੁਰੂਆਂ ਦੀ ਬਖ਼ਸ਼ਿਸ਼ ਨਿਸ਼ਾਨ ਸਾਹਿਬ ਨਾ ਤਾਂ ਫਿਰਕੂਵਾਦ ਦਾ ਪ੍ਰਤੀਕ ਹਨ, ਨਾ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰੇ ਫਿਰਕੂਵਾਦ ਦਾ ਪ੍ਰਤੀਕ ਹਨ। ਹਾਂ, ਇਹ ਜ਼ਰੂਰ ਹੈ ਕਿ ਸੰਘਰਸ਼ ਵਿਰੋਧੀ ਤਾਕਤਾਂ ਇਹ ਪ੍ਰਾਪੋਗੰਡਾ ਕਰ ਰਹੀਆਂ ਹਨ ਜੋ ਕਿ ਨਿਰਮੂਲ ਅਤੇ ਤੱਥਾਂ ਤੋਂ ਹੀਣਾ ਹੈ। ਜਿਸ ਦਾ ਸਹੀ ਉੱਤਰ ਸਾਨੂੰ ਦੇਣਾ ਬਣਦਾ ਹੈ, ਪਰ ਬਲਬੀਰ ਸਿੰਘ ਰਾਜੇਵਾਲ ਦੇ ਭਾਸ਼ਣ ਦੌਰਾਨ ਇਸ ਪ੍ਰਤੀ ਬੇਲੋੜੀ ਬਹਿਸ ਖੜ੍ਹੀ ਕਰਨਾ ਸਹੀ ਨਹੀਂ ਸੀ।
ਇਸੇ ਕਾਰਨ ਹੀ ਬਲਬੀਰ ਸਿੰਘ ਰਾਜੇਵਾਲ ਨੇ ਇਸ ਕਥਨ ਦੇ ਲਈ ਸਮਾਂ ਵਿਚਾਰਦਿਆਂ ਤੁਰੰਤ ਮੁਆਫੀ ਮੰਗ ਲਈ ਹੈ। ਚਾਹੀਦਾ ਹੈ ਕਿ ਇਸ ਮੁੱਦੇ 'ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸਬਾਜ਼ੀ ਬੰਦ ਕਰਕੇ, ਸਾਂਝੇ ਸੰਘਰਸ਼ ਨੂੰ ਅੱਗੇ ਤੋਰਿਆ ਜਾਏ ਅਤੇ 'ਸਬਰ ਦੇ ਨਾਲ ਜਬਰ ਦੀ ਜੰਗ' ਜਿੱਤਣ, ਸਹਿਣ ਸ਼ਕਤੀ ਕਾਇਮ ਰੱਖਣ, ਦਿਲੋ -ਦਿਮਾਗ ਖੋਲ੍ਹ ਕੇ ਰੱਖਣ ਅਤੇ ਸਹੀ ਦਿਸ਼ਾ ਵੱਲ ਚੱਲਣ ਲਈ ਮਨ- ਬਿਰਤੀ ਤਿਆਰ ਕੀਤੀ ਜਾਏ। ਇਹੀ ਸਾਡਾ ਫਰਜ਼ ਬਣਦਾ ਹੈ।
-
ਡਾ ਗੁਰਵਿੰਦਰ ਸਿੰਘ, ਲੇਖਕ
singhnewscanada@gmail.com
001 -604-825-1550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.