ਤਿੰਨ ਖੇਤੀ ਕਨੂੰਨਾਂ ਦੇ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਦਿੱਲੀ ਪਹੁੰਚ ਕੇ ਜਨ ਅੰਦੋਲਨ ਕੀ ਮਹਾਂ ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਅਜ਼ਾਦੀ ਪਿੱਛੋਂ ਸ਼ਾਇਦ ਹੀ ਕੋਈ ਅਜਿਹਾ ਸੰਘਰਸ਼ ਹੋਇਆ ਹੋਵੇ ਜਿਸ ਨੂੰ ਹਰ ਵਰਗ ਦੀ ਹਮਾਇਤ ਪ੍ਰਾਪਤ ਹੋਈ ਹੋਵੇ। ਹੋਵੇ ਵੀ ਕਿਉਂ ਨਾ ਇਨ੍ਹਾਂ ਕਾਨੂੰਨਾਂ ਨਾਲ ਆਉਣ ਵਾਲੇ ਸਮੇਂ ਵਿੱਚ ਹਰ ਵਰਗ ਪ੍ਰਭਾਵਿਤ ਹੋਵੇਗਾ। ਇੱਕ ਗੱਲ ਦੀ ਬੜੀ ਖ਼ੁਸ਼ੀ ਹੈ ਕਿ ਇਸ ਵਾਰ ਦਾ ਕਿਸਾਨ ਸੰਘਰਸ਼ ਬੜੀ ਵਧੀਆ ਰਣਨੀਤੀ ਨਾਲ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਅਤੇ ਹਰ ਕਦਮ ਬੜਾ ਸੋਚ ਸਮਝ ਕੇ ਪੁੱਟਿਆ ਜਾ ਰਿਹਾ ਹੈ। ਸੰਘਰਸ਼ ਵਿੱਚ ਸਿਆਸੀ ਪਾਰਟੀਆਂ ਨੂੰ ਨਾ ਅੱਗੇ ਹੋਣ ਦੇਣ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ। ਸਰਕਾਰ ਨੇ ਪਹਿਲਾਂ ਕਿਸਾਨਾਂ ਦਾ ਰਾਹ ਰੋਕਣ ਅਤੇ ਬਾਅਦ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਬਹੁਤ ਸਾਰੇ ਯਤਨ ਕੀਤੇ। ਗੋਦੀ ਮੀਡੀਆ ਦੀ ਮਦਦ ਨਾਲ ਕੇਂਦਰ ਸਰਕਾਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ ਕਦੇ ਵਿਰੋਧੀ ਸਿਆਸੀ ਪਾਰਟੀਆਂ ਦਾ ਇਕੱਠ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਕਿਸਾਨਾਂ ਦੇ ਜਜ਼ਬੇ ਅੱਗੇ ਸਭ ਯਤਨ ਫੇਲ ਸਾਬਤ ਹੋਏ।
ਪਿਛਲੇ ਦਿਨੀਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਹੋਣ ਤੋਂ ਬਚਾਉਣ ਲਈ ਕੇਸਰੀ ਝੰਡੇ ਆਦਿ ਨਾ ਲਗਾਉਣ ਅਤੇ ਨਹਿੰਗ ਸਿੰਘਾਂ ਨੂੰ ਸੰਜਮ ਰੱਖਣ ਬਾਰੇ ਕਿਹਾ ਕਿਉਂਕਿ ਕੁਝ ਨਿਊਜ਼ ਚੈਨਲ ਇਸ ਬਹਾਨੇ ਸੰਘਰਸ਼ ਨੂੰ ਹੋਰ ਰੰਗ ਦੇਣ ਦੀ ਕੋਝੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਬਿਆਨ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਹਨ। ਇਸ ਨਾਲ ਵੀ ਗੋਦੀ ਮੀਡੀਆ ਦੀ ਮਨਸ਼ਾ ਪੂਰੀ ਹੋ ਰਹੀ ਹੈ ਅਤੇ ਉਹ ਇਸ ਗੱਲ ਨੂੰ ਖ਼ੂਬ ਤੁਲ ਦੇ ਰਿਹਾ ਹੈ। ਹੁਣ ਖੁਦ ਰਾਜੇਵਾਲ ਵੀ ਇਸ ਗੱਲ ਤੇ ਦੁਬਾਰਾ ਸਪੱਸ਼ਟੀ ਕਰਨ ਦੇ ਚੁੱਕੇ ਹਨ। ਇਸ ਲਈ ਸਾਨੂੰ ਇਨ੍ਹਾਂ ਗੱਲਾਂ ਵਿੱਚ ਉਲਝ ਕੇ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਇਸ ਤਰ੍ਹਾਂ ਦੇ ਮਸਲੇ ਆਪਸੀ ਹਨ ਅਤੇ ਆਪਸ ਵਿੱਚ ਹੀ ਨਿਬੇੜ ਲੈਣੇ ਚਾਹੀਦੇ ਹਨ। ਹੁਣ ਸਾਡਾ ਨਿਸ਼ਾਨਾ ਸਿਰਫ਼ ਕਿਸਾਨੀ ਸੰਘਰਸ਼ ਦੀ ਜਿੱਤ ਤੇ ਕੇਂਦਰਤ ਹੋਣਾ ਚਾਹੀਦਾ ਹੈ।
-
ਚਾਨਣ ਦੀਪ ਸਿੰਘ ਔਲਖ, ਲੇਖਕ
chanandeep@gmail.com
9876888177
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.