ਕੀ ਇਹ ਕਦੀ ਸੋਚਿਆ ਜਾ ਸਕਦਾ ਹੈ ਕਿ ਇਕ ਆਮ ਸਾਧਾਰਨ ਸ਼ਹਿਰੀ ਘੱਟ ਪੜ੍ਹੇ ਲਿਖੇ ਪਰਿਵਾਰ ਦਾ ਬੱਚਾ ਆਈ ਏ ਐਸ ਲਈ ਚੁਣਿਆਂ ਜਾ ਸਕਦਾ ਹੈ ? ਇਕੱਲਾ ਚੁਣਿਆਂ ਹੀ ਜਾਣਾ ਨਹੀਂ ਸਗੋਂ ਸਾਰੇ ਭਾਰਤ ਵਿਚੋਂ ਅੱਠਵੇਂ ਨੰਬਰ ਤੇ ਆਉਣਾ, ਇੰਡੀਅਨ ਫਾਰੈਸਟ ਸਰਵਿਸ ਲਈ ਪਹਿਲੇ ਨੰਬਰ ਤੇ ਚੁਣੇ ਜਾਣਾ, ਉਸ ਪਰਿਵਾਰ ਲਈ ਅਚੰਭੇ ਤੋਂ ਘੱਟ ਨਹੀਂ, ਜਿਨ੍ਹਾਂ ਨੂੰ ਇਹ ਵੀ ਪਤਾ ਨਾ ਹੋਵੇ ਕਿ ਆਈ ਏ ਐਸ ਕੀ ਹੁੰਦੀ ਹੈ ? ਇਸਦਾ ਜਵਾਬ ਹਾਂ ਵਿਚ ਹੈ। ਉਹ ਵਿਦਿਆਰਥੀ ਜਿਸਨੇ ਆਪਣਾ ਕੋਈ ਨਿਸ਼ਾਨਾ ਨਿਸਚਤ ਕੀਤਾ ਹੋਵੇ ਅਤੇ ਬੁਲੰਦੀਆਂ ਤੇ ਪਹੁੰਚਣ ਦੇ ਸਪਨੇ ਸਿਰਜੇ ਹੋਣ, ਮਿਹਨਤੀ, ਦ੍ਰਿੜ੍ਹਤਾ ਅਤੇ ਲਗਨ ਹੋਵੇ, ਉਸ ਲਈ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ ਹੋ ਸਕਦਾ।
ਅਜਿਹਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਐਮ ਐਸ ਸੀ ਐਗਰੀਕਲਰ ਦਾ ਵਿਦਿਆਰਥੀ ਭੂਸ਼ਨ ਚੰਦਰ ਗੁਪਤਾ ਸਨ, ਜਿਹੜੇ ਡਾ ਬੀ ਸੀ ਗੁਪਤਾ ਦੇ ਨਾਮ ਨਾਲ ਜਾਣੇ ਜਾਂਦੇ ਹਨ। ਜਿਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਆਈ ਏ ਐਸ ਕਰਨ ਦਾ ਨਿਸ਼ਾਨਾ ਨਿਸਚਤ ਕਰ ਲਿਆ ਸੀ। ਉਨ੍ਹਾਂ ਆਪਣਾ ਕੈਰੀਅਰ ਆਪ ਬਣਾਉਣ ਦਾ ਫੈਸਲਾ ਕਰ ਲਿਆ ਅਤੇ ਲਗਨ ਨਾਲ ਪੜ੍ਹਾਈ ਕਰਨ ਵਿਚ ਲੱਗੇ ਰਹੇ। ਉਨ੍ਹਾਂ ਨੇ ਆਪਣੀ ਸਕੂਲ ਪੱਧਰ ਦੀ ਪੜ੍ਹਾਈ ਐਸ ਡੀ ਪੀ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ ਕੀਤੀ। ਫਿਰ ਉਨ੍ਹਾਂ ਨੇ ਬੀ ਐਸ ਸੀ ਆਨਰਜ਼ ਸਰਕਾਰੀ ਕਾਲਜ ਲੁਧਿਆਣਾ ਅਤੇ ਐਮ ਐਸ ਸੀ ਐਗਰੀਕਲਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਾਸ ਕੀਤੀਆਂ।
ਉਨ੍ਹਾਂ 1975 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਆਰਗੈਨਿਕ ਕੈਮਿਸਟਰੀ ਵਿਸ਼ੇ ਵਿਚ ਪੀ ਐਚ ਡੀ ਕੀਤੀ, ਜਿਸ ਵਿਚ ਮੁੱਖ ਤੌਰ ਤੇ ਬਾਇਓ ਕੈਮਿਸਟਰੀ ਅਤੇ ਫਿਜ਼ਿਕਸ ਕਮਿਸਟਰੀ ਆਫ ਨੈਚੂਰਲ ਪ੍ਰੋਡਕਟਸ ਸ਼ਾਮਲ ਸਨ। ਉਸ ਤੋਂ ਬਾਅਦ ਉਨ੍ਹਾਂ ਆਈ ਏ ਐਸ ਦੇ ਇਮਤਿਹਾਨ ਦੀ ਤਿਆਰੀ ਲਈ ਦਿਨ ਰਾਤ ਇਕ ਕਰ ਦਿੱਤਾ। ਜਦੋਂ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਉਹ 1975 ਵਿਚ ਮਹਿਜ਼ 23 ਸਾਲ ਦੀ ਉਮਰ ਵਿਚ ਆਈ ਏ ਐਸ ਲਈ ਚੁਣੇ ਗਏ ਤਾਂ ਉਨ੍ਹਾਂ ਦੇ ਪਿਤਾ ਨੂੰ ਮੁਬਾਰਕਾਂ ਦੇ ਕੇ ਭੂਸ਼ਨ ਚੰਦਰ ਗੁਪਤਾ ਦੇ ਮਾਮਾ ਨੇ ਦੱਸਿਆ ਕਿ ਤੁਹਾਡਾ ਸਪੁੱਤਰ ਆਈ ਏ ਐਸ ਵਿਚ ਚੁਣਿਆਂ ਗਿਆ ਹੈ ਤਾਂ ਉਨ੍ਹਾਂ ਪੁੱਛਿਆ ਕਿ ਇਹ ਕੀ ਹੁੰਦੀ ਹੈ ? ਫਿਰ ਉਨ੍ਹਾਂ ਦੇ ਪਿਤਾ ਜੀ ਨੂੰ ਦੱਸਿਆ ਗਿਆ ਕਿ ਤੁਹਾਡਾ ਸਪੁੱਤਰ ਡਿਪਟੀ ਕਮਿਸ਼ਨਰ ਲੱਗੇਗਾ ਤਾਂ ਉਨ੍ਹਾਂ ਖ਼ੁਸ਼ ਹੋ ਕੇ ਡਾ ਬੀ ਸੀ ਗੁਪਤਾ ਨੂੰ ਕਿਹਾ ਕਿ ‘‘ਪੁੱਤਰ ਲੋਕਾਂ ਦੇ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੇ ਰਹਿਣਾ, ਖਾਸ ਤੌਰ ਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣੀ। ਪ੍ਰੰਤੂ ਇਮਾਨਦਾਰੀ ਅਤੇ ਦਿਆਨਤਦਾਰੀ ਦਾ ਪੱਲਾ ਵੀ ਨਾ ਛੱਡਣਾ।
ਕਿਸੇ ਇਨਸਾਨ ਦਾ ਦਿਲ ਨਾ ਦੁਖਾਉਣਾ।’’ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਡਾ ਬੀ ਸੀ ਗੁਪਤਾ ਦੇ ਡਿਪਟੀ ਕਮਿਸ਼ਨਰ ਲੱਗਣ ਤੋਂ ਪਹਿਲਾਂ ਹੀ, ਉਹ ਉਸ ਸਮੇ ਸੰਸਾਰ ਨੂੰ ਅਲਵਿਦਾ ਕਹਿ ਗਏ ਜਦੋਂ ਡਾ ਬੀ ਸੀ ਗੁਪਤਾ ਮਲੇਰਕੋਟਲਾ ਵਿਖੇ ਐਸ ਡੀ ਐਮ ਸਨ। ਡਾ ਬੀ ਸੀ ਗੁਪਤਾ ਨੇ ਆਪਣੇ ਪਿਤਾ ਦੇ ਸ਼ਬਦਾਂ ਤੇ ਹਮੇਸ਼ਾ ਪਹਿਰਾ ਦਿੱਤਾ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਆ ਕੇ ਲੁਧਿਆਣਾ ਵਿਚ ਵਸ ਗਿਆ ਸੀ। ਉਜੜਕੇ ਆਉਣਾ ਅਤੇ ਦੂਜੇ ਥਾਂ ‘ਤੇ ਆ ਕੇ ਸਥਾਪਤ ਹੋਣਾ, ਅਜਿਹੇ ਹਾਲਾਤ ਵਿਚ ਆਈ ਏ ਐਸ ਬਣਨਾ ਬੜੇ ਫਖ਼ਰ ਤੇ ਮਾਣ ਵਾਲੀ ਗੱਲ ਹੈ। ਮੇਰਾ ਉਨ੍ਹਾਂ ਨਾਲ ਵਾਹ ਉਦੋਂ ਪਿਆ ਜਦੋਂ ਉਹ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਸਨ। ਉਸ ਸਮੇਂ ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਾ ਹੋਇਆ ਸੀ। ਉਹ ਅਤਵਾਦ ਦੇ ਸਮੇਂ ਚਾਰ ਸਾਲ ਪਟਿਆਲਾ ਵਿਖੇ ਸਫਲ ਅਤੇ ਹਰਮਨ ਪਿਆਰੇ ਡਿਪਟੀ ਕਮਿਸ਼ਨਰ ਰਹੇ। ਉਹ ਜ਼ਮੀਨੀ ਪੱਧਰ ਤੇ ਪਿੰਡਾਂ ਦੇ ਲੋਕਾਂ ਨਾਲ ਜੁੜੇ ਰਹਿੰਦੇ ਸਨ। ਦਫਤਰ ਵਿਚ ਬੈਠਕੇ ਵਿਕਾਸ ਦੇ ਕੰਮਾ ਨੂੰ ਲਾਗੂ ਕਰਨ ਦੀ ਥਾਂ ਉਹ ਮੌਕੇ ਤੇ ਜਾ ਕੇ ਕੰਮ ਦੀ ਕੁਆਲਿਟੀ ਅਤੇ ਰਫਤਾਰ ਵੇਖਣ ਨੂੰ ਪਸੰਦ ਕਰਦੇ ਸਨ। ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰਦੇ ਸਨ। ਅਧਿਕਾਰੀਆਂ ਨੂੰ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੇਜੀ ਵਰਤਣ ਦੀ ਤਾਕੀਦ ਕਰਦੇ ਸਨ ਪ੍ਰੰਤੂ ਸਖ਼ਤੀ ਵਰਤਣ ਸਮੇਂ ਸਲੀਕੇ ਦਾ ਪੱਲਾ ਨਹੀਂ ਛੱਡਦੇ ਸਨ।
ਮੀਟਿੰਗਾਂ ਵਿਚ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਸਨ ਕਿ ਕਿਸੇ ਵੀ ਸਿਫਾਰਸ਼ ਕਰਨ ਵਾਲੇ ਨੂੰ ਹਲੀਮੀ ਨਾਲ ਸੁਣ ਲਓ ਪ੍ਰੰਤੂ ਕੋਈ ਗ਼ਲਤ ਕੰਮ ਬਿਲਕੁਲ ਨਾ ਕਰਿਓ ਕਿਉਂਕਿ ਇਨਸਾਫ ਦਾ ਤਰਾਜੂ ਤੁਹਾਡੇ ਕੋਲ ਹੈ। ਉਸ ਤਰਾਜੂ ਦੀ ਗ਼ਲਤ ਵਰਤੋਂ ਲੋਕਾਂ ਨਾਲ ਵਿਸ਼ਵਾਸ਼ਘਾਤ ਹੋਵੇਗਾ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਦਫਤਰ ਅਤੇ ਘਰ ਦੇ ਦਰਵਾਜ਼ੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਮੇਸ਼ਾ ਖੁਲ੍ਹੇ ਰਹਿੰਦੇ ਸਨ। ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਤਰਜ਼ੀਹ ਦਿੰਦੇ ਸਨ। ਇਥੋਂ ਤੱਕ ਕਿ ਰਾਤ ਬਰਾਤੇ ਅਤੇ ਵੇਲੇ ਕੁਵੇਲੇ ਵੀ ਸਮੱਸਿਆਵਾਂ ਲੈ ਕੇ ਆਏ ਲੋਕਾਂ ਨੂੰ ਮਿਲ ਲੈਂਦੇ ਸਨ। ਲੋਕਾਂ ਨੂੰ ਸਤਿਕਾਰ ਨਾਲ ਮਿਲਣਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹਮਦਰਦੀ ਨਾਲ ਸੁਣਨ ਨਾਲ ਹੀ ਮਿਲਣ ਵਾਲਿਆਂ ਦੇ ਮਸਲੇ ਦਾ ਅੱਧਾ ਹਲ ਹੋ ਜਾਂਦਾ ਹੈ। ਉਹ ਆਪਣੀ ਸਾਰੀ ਸਰਵਿਸ ਵਿਚ ਪਿੰਡਾਂ ਅਤੇ ਦਲਿਤ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਦੇ ਹਰ ਸੰਭਵ ਉਪਰਾਲੇ ਕਰਦੇ ਰਹੇ। ਪਟਿਆਲਾ ਜਿਲ੍ਹੇ ਦੇ ਦਿਹਾਤੀ ਲੋਕਾਂ, ਸੁਨਾਮ ਅਤੇ ਮਾਲੇਰਕੋਟਲਾ ਦੇ ਦਲਿਤਾਂ ਵਿਚ ਇਤਨੇ ਹਰਮਨ ਪਿਆਰੇ ਹਨ ਕਿ ਅਜੇ ਤੱਕ ਵੀ ਪਿੰਡਾਂ ਦੇ ਲੋਕ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ। ਪਟਿਆਲਾ ਵਿਖੇ ਜਦੋਂ ਡਿਪਟੀ ਕਮਿਸ਼ਨਰ ਸਨ ਤਾਂ ਮੰਡਲ ਕਮਿਸ਼ਨ ਦੇ ਵਿਰੋਧ ਵਿਚ ਕਰਕੇ ਕਰਫਿਊ ਲੱਗਿਆ ਹੋਇਆ ਸੀ। ਕਰਫਿਊ ਦੌਰਾਨ ਹੀ ਬਾਲਮੀਕ ਜੀ ਦਾ ਜਨਮ ਦਿਨ ਸੀ। ਉਨ੍ਹਾਂ ਜਨਮ ਦਿਨ ਮਨਾਉਣ ਲਈ ਤਿੰਨ ਘੰਟੇ ਕਰਫਿਊ ਖੋਲ੍ਹ ਦਿੱਤਾ ਅਤੇ ਖੁਦ ਸਮਾਗਮ ਵਿਚ ਸ਼ਾਮਲ ਹੋਏ।
ਡਾ ਬੀ ਸੀ ਗੁਪਤਾ ਨੇ ਪਟਿਆਲੇ ਡਿਪਟੀ ਕਮਿਸ਼ਨਰ ਹੁੰਦਿਆਂ ਕਾਰ ਸੇਵਾ ਰਾਹੀਂ ਵਿਕਾਸ ਦੇ ਪ੍ਰਾਜੈਕਟ ਅਤੇ ਪੁਲਾਂ ਦੀ ਉਸਾਰੀ ਨੂੰ ਉਤਸ਼ਾਹਤ ਕੀਤਾ। ਪਟਿਆਲਾ ਜਿਲ੍ਹਾ ਟਾਂਗਰੀ ਮਾਰਕੰਡਾ ਅਤੇ ਘੱਗਰ ਦੀ ਮਾਰ ਹੇਠ ਪੈਂਦਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਬਾਬਾ ਕਾਰ ਸੇਵਾ ਨਾਲ ਪੁਲ ਬਣਾ ਰਿਹਾ ਹੈ ਤਾਂ ਉਹ ਆਪ ਉਸ ਕੋਲ ਚਲਕੇ ਗਏ ਅਤੇ ਤਕਨੀਕੀ ਸਹਾਇਤਾ ਦਿੱਤੀ। ਉਸਤੋਂ ਬਾਅਦ ਕਾਰ ਸੇਵਾ ਰਾਹੀਂ ਵਿਕਾਸ ਪ੍ਰਾਜੈਕਟਾਂ ਨੂੰ ਉਸਾਰਨ ਦੀ ਪਰੰਪਰਾ ਸਾਰੇ ਪੰਜਾਬ ਵਿਚ ਹਰਮਨ ਪਿਆਰੀ ਹੋ ਗਈ। ਲੋਕਾਂ ਦੀ ਉਨ੍ਹਾਂ ਨੂੰ ਕਿਤਨੀ ਫਿਕਰ ਸੀ ਇਸ ਗੱਲ ਤੋਂ ਪਤਾ ਲੱਗਦਾ ਜਦੋਂ ਪਟਿਆਲਾ ਵਿਚ ਹੜ੍ਹ ਆ ਗਏ ਤਾਂ ਸਾਰੀ ਰਾਤ ਲੋਕਾਂ ਨੂੰ ਬਚਾਉਣ ਲਈ ਬਚਾਓ ਟੀਮਾ ਦੇ ਨਾਲ ਆਪ ਘੁੰਮਦੇ ਰਹੇ। ਇਥੋਂ ਤੱਕ ਕਿ ਅਨਾਊਂਸਮੈਂਟ ਕਰਨ ਵਾਲੀ ਵੈਨ ਵਿਚ ਉਹ ਮੇਰੇ ਨਾਲ ਵੈਨ ਵਿਚ ਬੈਠਕੇ ਸੁਪਰਵੀਜ਼ਨ ਕਰਦੇ ਰਹੇ ਤਾਂ ਜੋ ਕੋਈ ਅਣਗਹਿਲੀ ਨਾ ਰਹਿ ਜਾਵੇ। ਅਧਿਕਾਰੀਆਂ ਦੀ ਕਾਰਜ਼ ਕੁਸ਼ਲਤਾ ਵਧਾਉਣ ਲਈ ਸਰਕਾਰ ਵੱਲੋਂ ਕੋਰਸ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਸਾਰੇ ਕੋਰਸ ਕਰਨ ਨੂੰ ਤਰਜ਼ੀਹ ਦਿੱਤੀ ਤਾਂ ਜੋ ਉਹ ਆਪਣੇ ਫਰਜ਼ਾਂ ਨੂੰ ਬਾਖ਼ੂਬੀ ਨਿਭਾਅ ਸਕਣ। ਸਨਅਤੀ ਨੀਤੀਆਂ ਬਣਾਉਣ ਅਤੇ ਸਨਅਤੀ ਪ੍ਰਬੰਧਕੀ ਕਾਰਜ਼ਕੁਸ਼ਲਤਾ ਵਧਾਉਣ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਚ ਕੋਰਸ ਕੀਤੇ।
ਐਡਮਨਿਸਟਰਟੇਟਿਵ ਸਾਇੰਸ ਐਂਡ ਡਿਵੈਲਪਮੈਂਟ ਪ੍ਰਾਬਲਮਜ਼ ਵਿਸ਼ੇ ਤੇ ਕੋਰਸ ਯੂਨੀਵਰਸਿਟੀ ਆਫ ਯਾਰਕ ਯੂ ਕੇ ਤੋਂ ਕੀਤਾ। ਕੋਰਸ ਮੁਕੰਮਲ ਹੋਣ ਤੇ ਡਿਵੈਲਪਮੈਂਟ ਆਫ ਇੰਡਸਟਰੀਅਲ ਇੰਟਰਪ੍ਰਾਈਨਰਸ਼ਿਪ ਦਾ ਥੀਸਜ਼ ਦਿੱਤਾ, ਜਿਸ ਕਰਕੇ ਉਸ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਐਮ ਐਸ ਸੀ ਦੀ ਡਿਗਰੀ ਡਿਵੈਲਪਮੈਂਟ ਐਡਮਨਿਸਟਰੇਸ਼ਨ ਦਿੱਤੀ। ਪਬਲਿਕ ਫਾਈਨੈਸ਼ੀਅਲ ਮੈਨੇਜਮੈਂਟ ਵਿਸ਼ੇ ਤੇ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਵਿਚ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇੰਟਰਨੈਸ਼ਨਲ ਟਰੇਨਿੰਗ ਸੈਂਟਰ ਆਫ ਯੂ ਐਨ ਓ ਦੇ ਟਰੇਨਿੰਗ ਪ੍ਰੋਗਰਾਮ ਵਿਚ ਭਾਸ਼ਣ ਦੇਣ ਲਈ ਉਨ੍ਹਾਂ ਨੂੰ ਇਟਲੀ ਵਿਚ ਬੁਲਾਇਆ ਗਿਆ ਸੀ। 2012 ਵਿਚ ਉਹ ਖੰਡ ਦਾ ਉਤਪਾਦਨ ਅਤੇ ਖੰਡ ਦੀ ਖ਼ਪਤ ਕਰਨ ਵਾਲੇ 87 ਦੇਸ਼ਾਂ ਦੀ ਇਕ ਸੰਸਥਾ ਇੰਟਰਨੈਸ਼ਨਲ ਸ਼ੂਗਰ ਕੌਂਸਲ ਦੇ ਚੇਅਰਮੈਨ ਰਹੇ ਜਦੋਂ ਕਿ ਇਸ ਕੌਂਸਲ ਦੇ ਉਪ ਚੇਅਰਮੈਨ ਫੀਜ਼ੀ ਦੇ ਪ੍ਰਧਾਨ ਮੰਤਰੀ ਸਨ। ਉਹ ਇਨ੍ਹਾਂ 87 ਦੇਸ਼ਾਂ ਦੇ ਡੇਲੀਗੇਟਸ ਨੂੰ ਚਾਰਟਡ ਜਹਾਜ ਕਰਕੇ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਦਰਸ਼ਨਾ ਲਈ ਲੈ ਕੇ ਗਏ।
ਡਾ ਬੀ ਸੀ ਗੁਪਤਾ ਨੇ ਦੇਸ਼ ਵਿਚ ਥੋੜ੍ਹੇ ਸਮੇਂ ਦੇ ਟ੍ਰੇਨਿੰਗ ਕੋਰਸ ਆਈ ਆਈ ਐਮ ਬੰਗਲੌਰ ਤੋਂ ਮੈਨੇਜਮੈਂਟ ਆਫ ਪਬਲਿਕ ਇੰਟਰਪ੍ਰਾਈਜ਼ਜ਼, ਆਈ ਆਈ ਐਮ ਅਹਿਮਦਾਬਾਦ ਤੋਂ ਇੰਡਸਟਰੀਅਲ ਪਾਲਿਸੀ ਪਲਾਨਿੰਗ ਐਂਡ ਡਿਵੈਲਪਮੈਂਟ, ਆਈ ਆਈ ਐਮ ਕਲਕੱਤਾ ਤੋਂ ਮੈਨੇਜਮੈਂਟ ਆਫ ਸਟੇਟ ਇੰਟਰਪ੍ਰਾਈਜ਼ਜ਼ ਅਤੇ ਆਈ ਆਈ ਐਮ ਕਲਕੱਤਾ ਤੋਂ ਹੀ ਮੈਨੇਜਮੈਂਟ ਆਫ ਕਰੀਏਟਿਵਿਟੀ ਐਂਡ ਇਨੋਵੇਸ਼ਨ ਵਿਚ ਕੀਤੇ। ਆਪਣੀ ਕਾਰਜ਼ਕੁਸ਼ਲਤਾ ਨੂੰ ਵਧਾਉਣ ਲਈ 2003 ਵਿਚ ਐਲ ਐਲ ਬੀ ਦੀ ਡਿਗਰੀ ਪਾਸ ਕੀਤੀ। ਡਾ ਬੀ ਸੀ ਗੁਪਤਾ 40 ਸਾਲ ਕੇਂਦਰ ਅਤੇ ਪੰਜਾਬ ਸਰਕਾਰ ਦੇ ਬਹੁਤ ਹੀ ਮਹੱਤਵਪੂਰਨ ਵਿਭਾਗਾਂ ਜਿਵੇਂ ਖੇਤੀਬਾੜੀ, ਖੁਰਾਕ, ਪਬਲਿਕ ਡਿਸਟਰੀਬਿਊਸ਼ਨ, ਕੋਆਪ੍ਰੇਟਿਵ, ਕਮਰਸ, ਵਿਤ ਅਤੇ ਵਾਤਾਵਰਨ ਵਿਚ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਰਹੇ। ਉਨ੍ਹਾਂ ਵੱਲੋਂ ਕੀਤੇ ਗਏ ਕੋਰਸ, ਪੜ੍ਹਾਈ ਅਤੇ ਪੀ ਐਚ ਡੀ ਦੀਆਂ ਡਿਗਰੀਆਂ ਨੇ ਉਨ੍ਹਾਂ ਦੀ ਕਾਰਜ਼ਕੁਸ਼ਲਤਾ ਵਿਚ ਵਾਧਾ ਕੀਤਾ, ਜਿਸ ਕਰਕੇ ਉਨ੍ਹਾਂ ਬਹੁਤ ਸਾਰੀਆਂ ਨਵੀਂਆਂ ਨੀਤੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਇਨ੍ਹਾਂ ਵਿਭਾਗਾਂ ਵਿਚ ਲਾਗੂ ਕੀਤਾ।
ਨੈਸ਼ਨਲ ਫੂਡ ਸੁਰੱਖਿਆ ਲੈਜਿਸਲੇਸ਼ਨ ਬਣਾਉਣ ਵਿਚ ਉਹ ਸਹਾਈ ਹੋਏ। ਮਾਡਰਨ ਟੈਕਨਾਲੋਜੀ ਨਾਲ ਪਬਲਿਕ ਵੰਡ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ। ਐਗਰੋ ਪ੍ਰਾਸੈਸਿੰਗ ਰਾਹੀਂ ਖੇਤੀਬਾੜੀ ਨੂੰ ਵਿਓਪਾਰ ਨਾਲ ਜੋੜਨ, ਕੰਟਰੈਕਟ ਫਾਰਮਿੰਗ ਅਤੇ ਡੇਅਰੀ ਇੰਡਸਟਰੀਜ਼ ਦੀਆਂ ਨੀਤੀਆਂ ਬਣਾਉਣ ਲਈ ਐਨ ਡੀ ਡੀ ਬੀ ਨਾਲ ਤਾਲਮੇਲ ਕਰਕੇ ਮੁਕੰਮਲ ਕੀਤਾ। ਪਿੰਡਾਂ ਵਿਚਲੇ ਮਿਲਕ ਕੁਲੈਕਸ਼ਨ ਸੈਂਟਰਾਂ ਨੂੰ ਆਟੋ ਕਮਪਿਊਟਰਾਈਜ਼ ਬਣਾਇਆ ਅਤੇ ਸਹਿਕਾਰੀ ਸੋਸਾਇਟੀਆਂ ਨੂੰ ਬਹੁ ਮੰਤਵੀ ਸੋਸਾਇਟੀਆਂ ਬਣਾਉਣ ਦਾ ਸੰਕਲਪ ਦਿੱਤਾ ਤਾਂ ਜੋ ਕਿਸਾਨਾ ਅਤੇ ਮਜ਼ਦੂਰਾਂ ਦੀ ਆਮਦਨ ਵਧਾਈ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਰੀਮੋਟ ਸੈਂਸਿੰਗ ਸੈਂਟਰ ਅਤੇ ਸੈਟੇਲਾਈਟ ਗਰਾਊਂਡ ਰੀਸੀਵਿੰਗ ਸਟੇਸ਼ਨ ਸਥਾਪਤ ਕਰਵਾਏ। ਆਈ ਏ ਐਸ ਵਿਚੋਂ ਸੇਵਾ ਮੁਕਤੀ ਤੋਂ ਬਾਅਦ 2013 ਤੋਂ 18 ਤੱਕ ਨੈਸ਼ਨਲ ਕਨਜ਼ਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਦੇ ਮੈਂਬਰ ਰਹੇ। ਭਾਰਤ ਵਿਚ ਐਡੀਬਲ ਆਇਲ ਸੈਕਟਰ ਅਤੇ ਖੰਡ ਦੇ ਉਤਪਾਦਨ ਦੀ ਮੈਨੇਜਮੈਂਟ ਦੇ ਪ੍ਰੋਗਰਾਮ ਬਣਵਾਏ। ਖੰਡ ਅਤੇ ਈਥਾਨੋਲ ਦਾ ਉਤਪਾਦਨ ਵਧਾਉਣ ਲਈ ਸੂਗਰਬੀਟ ਦੀਆਂ ਯੋਗ ਕਿਸਮਾ ਬਿਜਵਾਉਣ ਦੀਆਂ ਕੋਸਿਸ਼ਾਂ ਕੀਤੀਆਂ। ਪੰਜਾਬ ਵਿਚ ਬੀ ਟੀ ਕਾਟਨ ਬੀਜਣ ਦੀ ਸ਼ੁਰੂਆਤ ਅਤੇ ਉਸਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ । ਖੇਤੀਬਾੜੀ ਨਾਲ ਸੰਬੰਧਤ ਮਹਿੰਗੇ ਸੰਦਾਂ ਨੂੰ ਕਿਸਾਨਾ ਨੂੰ ਕਿਰਾਏ ਤੇ ਦੇਣ ਲਈ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਨਾਲ ਤਾਲਮੇਲ ਕਰਕੇ ਪੰਜਾਬ ਐਗਰੋ ਸਰਵਿਸ ਸੈਂਟਰ ਖੁਲ੍ਹਵਾਏ।
ਸਨਅਤ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ਤੇ 10 ਸਾਲ ਆਪਣੇ ਫਰਜ਼ ਨਿਭਾਉਂਦਿਆਂ ਸਨਅਤ ਲਈ ਨੀਤੀਆਂ, ਸਨਅਤੀ ਮੈਨੇਜਮੈਂਟ ਅਤੇ ਪ੍ਰਬੰਧ , ਸਨਅਤੀ ਢਾਂਚੇ ਦਾ ਵਿਕਾਸ, ਸਨਅਤੀ ਚੈਂਬਰਜ਼ ਨਾਲ ਵਿਚਾਰ ਵਟਾਂਦਰਾ ਕਰਕੇ ਸਨਅਤੀ ਝਗੜਿਆਂ ਦੇ ਹਲ ਕਰਵਾਏ। ਉਨ੍ਹਾਂ ਚਾਰ ਸਾਲ ਡਾਇਰੈਕਟਰ ਸਨਅਤ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਸਮਾਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ ਦੇ ਅਹੁਦਿਆਂ ਤੇ ਰਹਿੰਦਿਆਂ ਸਨਅਤੀ ਫੋਕਲ ਪੁਆਇੰਟਾਂ ਅਤੇ ਐਕਸਪੋਰਟ ਪ੍ਰੋਮੋਸ਼ਨ ਇੰਡਸਟਰੀਅਲ ਪਾਰਕਾਂ ਦਾ ਵਿਸਤਾਰ ਕਰਵਾਇਆ। ਡਾ ਬੀ ਸੀ ਗੁਪਤਾ ਦਾ ਆਲਟਰਨੇਟਿਵ ਡਿਸਪਿਊਟ ਰੈਜ਼ੂਲੇਸ਼ਨ ਮੈਥਡ ਅਤੇ ਲੋਕ ਅਦਾਲਤਾਂ ਰਾਹੀਂ ਲੇਬਰ ਝਗੜੇ ਜਲਦੀ ਅਤੇ ਬਿਨਾ ਖ਼ਰਚੇ ਨਿਪਟਾਉਣ ਦਾ ਲੋਕ ਅਦਾਲਤਾਂ ਦੇ ਲੀਗਲ ਸਰਵਿਸ ਅਥਾਰਿਟੀ ਦੇ ਸਹਿਯੋਗ ਨਾਲ 18 ਸਾਲ ਦਾ ਤਜ਼ਰਬਾ ਹੈ। ਇਨ੍ਹਾਂ ਅਦਾਲਤਾਂ ਰਾਹੀਂ 2000- 2001ਵਿਚ 18000 ਕੇਸਾਂ ਦੇ ਝਗੜੇ ਹਲ ਕਰਵਾਏ। ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਨੇ ਰੀਸੋਰਸ ਪਰਸਨ ਆਨ ਲੋਕ ਅਦਾਲਤ ਦੇ ਵਜੋਂ ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਵਿਚ ਬੁਲਾਇਆ ਗਿਆ। ਇਸੇ ਤਰ੍ਹਾਂ 2008 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਹਾਂ ਰਾਜਾਂ ਪੰਜਾਬ ਅਤੇ ਹਰਿਆਣਾ ਦੀਆਂ ਲਗਵਾਈਆਂ ਜਿਨ੍ਹਾਂ ਲਈ ਡਾ ਬੀ ਸੀ ਗੁਪਤਾ ਹਾਈ ਕੋਰਟ ਨੇ ਕੋਆਰਡੀਨੇਟਰ ਬਣਾਇਆ। 2005 ਵਿਚ ਨੈਸ਼ਨਲ ਕਨਜ਼ਿਊਮਰ ਡਿਸਪਿਊਟਸ ਰੀਡੈਸਰਲ ਕਮਿਸ਼ਨ ਨੇ ਉਨ੍ਹਾਂ ਨੂੰ ਲੋਕ ਅਦਾਲਤਾਂ ਬਾਰੇ ਪਰਜੈਟੇਸ਼ਨ ਕਰਨ ਲਈ ਵਿਸ਼ੇਸ ਤੌਰ ਤੇ ਬੁੁਲਾਇਆ ਸੀ। ਨੌਜਵਾਨ ਆਈ ਏ ਐਸ ਅਧਿਕਾਰੀਆਂ ਲਈ ਉਹ ਪ੍ਰੇਰਨਾ ਸਰੋਤ ਹਨ। ਡਾ ਬੀ ਸੀ ਗੁਪਤਾ ਦਾ ਜਨਮ ਲੁਧਿਆਣਾ ਵਿਖੇ ਮਾਤਾ ਸ੍ਰੀਮਤੀ ਕਮਲਾ ਗੁਪਤਾ ਅਤੇ ਪਿਤਾ ਸ੍ਰੀ ਕਿਦਾਰ ਨਾਥ ਗੁਪਤਾ ਦੇ ਘਰ 15 ਮਈ 1952 ਨੂੰ ਹੋਇਆ। ਉਨ੍ਹਾਂ ਦੀ ਪਤਨੀ ਡਾਕਟਰ ਵਨੀਤਾ ਗੁਪਤਾ ਸਕਿਨ ਸਪੈਸ਼ਲਿਸਟ ਹਨ। ਉਨ੍ਹਾਂ ਦੀਆਂ ਦੋਵੇਂ ਸਪੁੱਤਰੀਆਂ ਅਮਰੀਕਾ ਵਿਚ ਰਹਿ ਰਹੀਆਂ ਹਨ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.