ਪੜ੍ਹ ਪੜ੍ਹ ਕੇ ਅੱਕੇ ਮਨ ਨਾਲ ਇੱਕ ਘੰਟੇ ਦਾ ਬੱਸ ਦਾ ਸਫ਼ਰ ਕਰ ਕੇ ਘਰੇ ਮੁੜਨ ਦਾ ਕੋਈ ਜ਼ਿਆਦਾ ਚਾਅ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲਜੇ ਤਾਂ ਵਧੀਆ ਨਹੀ ਤਾਂ ਸਾਹ ਘੁੱਟਦੀ ਬੱਸ ਜੇਲ੍ਹ ਹੀ ਜਾਪਦੀ ਤੇ ਨਿਗ੍ਹਾ ਅੱਗੇ ਵੱਲ ਹੀ ਰਹਿੰਦੀ ਕਿ ਪਿੰਡ ਦੀ ਜੂਹ ਦਿਖੇ ਤੇ ਰੂਹ ਨੂੰ ਕੁਝ ਸਕੂਨ ਮਿਲੇ । ਮੈਨੂੰ ਅੱਜ ਸੀਟ ਤਾਂ ਮਿਲ ਗਈ ਸੀ ਪਰ ਬਹੁਤ ਥੋੜਾ ਕਿਨਾਰਾ ਜਿਹਾ ਤੇ ਅੱਗੇ ਵਾਲੀ ਸੀਟ ਨਾਲ ਗੋਡੇ ਅਟਕਾ ਕੇ ਮੈਂ ਜਿਵੇਂ ਤਿਵੇਂ ਸੀਟ ਤੇ ਕਬਜ਼ਾ ਕੀਤਾ । ਬੱਸ ਚੱਲੀ ਫੇਰ ਕੁੱਝ ਸਾਹ ਆਇਆ। ਅੱਜ ਦੇ ਟਾਈਮ ਇਨਸਾਨ ਕਦੇ ਇਕੱਲਾ ਨਹੀਂ ਹਰ ਸਮੇਂ ਇਕ ਸਾਥੀ ਜੇਬ ਵਿੱਚ ਨਾਲ ਨਾਲ ਚੱਲਦਾ ਜੀਹਦੇ ਨਾਲ ਇੱਕ ਵਾਰੀ ਜੁੜੀਏ ਤਾਂ ਮੁੜ ਨਿਗ੍ਹਾ ਹਟਾਈ ਨੀ ਜਾਂਦੀ । ਮੈਂ ਮੋਬਾਈਲ ਨੂੰ ਕੱਢਿਆ ਇੰਟਰਨੈੱਟ ਤੇ ਹਰ ਜਗ੍ਹਾ ਕਿਸਾਨ ,ਮੋਰਚਾ ,ਅੰਦੋਲਨ, ਦਿੱਲ੍ਹੀ, ਬਿੱਲ, ਸਰਕਾਰਾਂ ,ਰੌਲਾ .... ਕੀ ਆ...ਸਿਰਫ ਆਹੀ ਕੁਸ਼ ...ਗੁੱਸਾ ਆਇਆ ਫੋਨ ਬੰਦ ਕੀਤਾ ਅਤੇ ਬੈਗ ਵਿੱਚ ਪਾ ਕੇ ਬੈਠ ਗਈ । ਮੇਰੇ ਸਿਰ ਉੱਪਰੋਂ ਦੀ ਇਕ ਬਾਂਹ ਅੱਗੇ ਆਈ। ਉਸ ਹੱਥ ਵਿੱਚ ਵੀਹਾਂ ਦਾ ਨੋਟ ਸੀ ।
ਜੋ ਮੇਰੇ ਪਿੱਛੇ ਬੈਠੀ ਕਿਸੇ ਸਵਾਰੀ ਨੇ ਟਿਕਟ ਲਈ ਕੰਡਕਟਰ ਵੱਲ ਵਧਾਇਆ ਸੀ । ਕੰਡਕਟਰ ਟਿਕਟ ਕੱਟ ਕੇ ਫੜਾਉਣ ਲੱਗਾ ਤਾਂ ਸਵਾਰੀ ਦਾ ਧਿਆਨ ਨਹੀਂ ਸੀ । ਉਹ ਵਾਰ ਵਾਰ ਕਹਿ ਜਾਵੇ ਬਾਬਾ ਫੜਲਾ ਟਿਕਟ...... ਮੈਂ ਪਿਛੇ ਮੁੜ ਕੇ ਵੇਖਿਆ ਤਾਂ ਬਾਬਾ ਲੋਈ ਲਪੇਟ ਰਿਹਾ ਸੀ। ਚੰਗੀ ਤਰ੍ਹਾਂ ਨਾਲ ਬੁੱਕਲ ਮਾਰ ਕੇ ਟਿਕਟ ਫੜਦਾ ਕਹਿੰਦਾ," ਇਹਦੀ ਕੀ ਲੋੜ ਹੈ ਇਹ ਪਰਚੀ ਦੇਖਣ ਲਈ ਚੈਕਰ ਤਾਂ ਕਦੇ ਚੜਿਆ ਨੀ ਬਸ ਚ ਏਨੀ ਉਮਰ ਹੋਗੀ ਮੇਰੀ ਮੈਂ ਨੀ ਕਦੇ ਦੇਖਿਆ" । ਕੰਡਕਟਰ ਕਹਿੰਦਾ " ਕੇ ਚੜ੍ਹ ਗਿਆ ਤਾਂ ਤੂੰ ਤੇ ਮੈਨੂੰ ਈ ਕਹਿਣਾ ਵੀ ਇਹਨੇ ਨੀ ਦਿੱਤੀ " । ਬਾਬਾ ਜਾਂ ਤਾਂ ਤਕੜੇ ਘਰ ਦਾ ਹੋਣਾ ਜਾ ਫੇਰ ਤਕੜੇ ਦਿਲ ਦਾ ,ਕਹਿੰਦਾ , "ਫੇਰ ਮੈ ਓਹਨੂੰ ਦੁਬਾਰਾ ਟਿਕਟ ਕੱਟਵਾਦੂੰ ,ਨਾਲੇ ਸੋ ਰੁਪਇਆ ਵੱਧ ਦੇਦੂੰ" । ਕੰਡਕਟਰ ਕਹਿੰਦਾ ਬਾਬਾ ਫੇਰ ਤੂੰ ਮੈਨੂੰ ਹੀ ਦੇਦੇ ਵੱਧ ।
ਮੇਰਾ ਹਾਸਾ ਆਇਆ ਬਾਬਾ ਕਹਿੰਦਾ ਕਿ ਤੈਨੂੰ ਦੇ ਕੇ ਭਾਰ ਕਰਨਾ ਤੇਰਾ ਝੋਲਾ ਪਹਿਲਾ ਹੀ ਭਰਿਆ ਫੇਰ ਤਾਂ ਤੈਨੂੰ ਜਮਾਂ ਭੁੱਖ ਨੀ ਲੱਗਣੀ । ਬਾਬੇ ਦੇ ਬੋਲ ਕੰਬਦੇ ਸੀ ਪਰ ਅਵਾਜ਼ ਕੜਕਵੀਂ ਸੀ। ਮੇਰੇ ਪਿੱਛੇ ਵਾਲੀ ਸੀਟ ਤੇ ਬੈਠੇ ਹੋਣ ਕਰਕੇ ਮੈਂ ਬਾਬੇ ਦੀਆਂ ਗੱਲਾਂ ਆਰਾਮ ਨਾਲ ਸੁਣ ਸਕਦੀ ਸੀ । ਨਾਲ ਵਾਲੀ ਸੀਟ ਤੇ ਇਕ ਹੋਰ ਬਜੁਰਗ ਬੈਠੇ ਸਨ ਉਹ ਬਾਬੇ ਦੇ ਜਾਣੀ ਪਹਿਚਾਣੀ ਨਹੀਂ ਸੀ ਪਰ ਹਾਣ ਨੂੰ ਹਾਣ ਪਿਆਰਾ ਵਾਲੀ ਕਹਾਵਤ ਸੱਚ ਹੋਈ ਤੇ ਓਹਨਾ ਨਾਲ ਆਪਸ ਵਿਚ ਪਿੰਡ ਪੁੱਛਦੇ ਦਸਦੇ ਗੱਲਾਂ ਬਾਤਾਂ ਦਾ ਸਿਲਸਲਾ ਜਰੂਰ ਕਰ ਲਿਆ ਸੀ ਬਾਬੇ ਨੇ ।ਸਰਦੀਆ ਦੇ ਮੌਸਮ ਤੋਂ ਗੱਲ ਤੁਰੀ ਤੇ ਬਾਬਾ ਵੀ ਸ਼ੁਰੂ ਹੋ ਗਿਆ ਮਾਲਵਾ ,ਪੁਆਧ ,ਹਿਮਾਚਲ, ਹਰਿਆਣਾ ,ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਸੁਣਾਉਂਦਾ ਆਜਾਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ ਤਕ ਪਹੁੰਚ ਗਿਆ । ਮੈਨੂੰ ਬਾਬਾ ਚੰਗਾ ਪੜਿਆ ਲਿਖਿਆ ਜਾਪਿਆ ਏਨਾ ਗਿਆਨ ਆਮ ਬੰਦੇ ਨੂੰ ਨਹੀਂ ਹੋ ਸਕਦਾ ਲਗਦਾ ਕੋਈ ਅਫ਼ਸਰ ਹੋਣਾ ਦੁਬਾਰਾ ਮੁੜ ਕਿ ਵੇਖਿਆ ਕੱਪੜੇ ਜਮਾਂ ਸਾਧਾਰਣ ਸਨ । ਮੇਰੀ ਦਾਦੀ ਅਕਸਰ ਕਹਿੰਦੀ ਹੁੰਦੀ ਆ ਕਿ ਪਹਿਲੀਆਂ ਤਾਂ ਪੰਜ ਜਮਾਤਾਂ ਵੀ ਬਹੁਤ ਸੀ ਸਾਰੀ ਪੜਾਈ ਆ ਜਾਂਦੀ ਸੀ ਇਹ ਹੁਣ ਦੀਆਂ ਦਾ ਈ ਥਹੁ ਪਤਾ ਨੀ ਲੱਗਦਾ ਜਿਹੜੀਆਂ ਮੁੱਕਦੀਆਂ ਈ ਨੀ । ਮੈਂ ਸੋਚਿਆ ਬਾਬਾ ਪੱਕਾ ਪੰਜ ਤਾਂ ਪੜਿਆ ਹੋਣਾ । ਅੰਗਰੇਜਾਂ ਦੀਆਂ ਗੱਲਾਂ ਤੋਂ ਬਾਅਦ ਬਾਬਾ ਹੁਣ ਸਰਕਾਰਾਂ ਤੇ ਆ ਗਿਆ ਸੀ ਅਖੇ ਪਰਜਾ ਕਦੇ ਰਾਜੇ ਤੋਂ ਮੁੱਕਰਦੀ ਨੀ ਹੁੰਦੀ ਜੇਕਰ ਰਾਜਾ ਸਹੀ ਚੱਲੇ ...ਨਾਲ ਬੈਠਾ ਬਜੁਰਗ ਵੀ ਆਪਣੀ ਜਿੰਮੇਵਾਰੀ ਨਿਭਾਉਂਦਾ ਹਾਮੀਆਂ ਭਰਦਾ ਜਾ ਰਿਹਾ ਸੀ ਤੇ ਬਾਬੇ ਦੀਆਂ ਗੱਲਾਂ ਤਾਂ ਬਿਨਾਂ ਸਟੇਸ਼ਨ ਦੀ ਗੱਡੀ ਵਾਂਗ ਚਲਦੀਆ ਜਾ ਰਹੀਆਂ ਸਨ ਮੈਂ ਸੁਣੀ ਜਾ ਰਹੀ ਸੀ । ਆਖਿਰ ਗੱਲ ਪਤਾ ਲੱਗੀ ਕੇ ਬਾਬਾ ਅਨਪੜ ਹੈ ਤੇ ਕਿਸਾਨਾਂ ਦੇ ਦਿੱਲ੍ਹੀ ਧਰਨੇ ਤੋਂ ਮੁੜਿਆ ਅਖੇ ਮੈਂ ਦੁਬਾਰਾ ਜਾਣਾ ਹੁਣ ਇਹ ਸਰਕਾਰਾਂ ਲੁੱਟ ਕੇ ਖਾ ਜਾਣਗੀਆਂ।
ਮੈਂ ਕਿਰਸਾਨ ਪਰਿਵਾਰ ਤੋਂ ਨਹੀਂ ਹਾਂ ਮੈਨੂੰ ਸੱਚੀ ਸਮਝ ਨਹੀਂ ਆ ਰਿਹਾ ਸੀ ਕਿ ਅਸਲ ਦੁੱਖ ਕੀ ਸੀ । ਬਾਬਾ ਬੋਲੀ ਜਾ ਰਿਹਾ ਸੀ ਕਿ ਆੜਤੀਆਂ ਦਾ ਤਾਂ ਆਪਾ ਨੂੰ ਭਰੋਸਾ ਹੁੰਦਾ ਵੀ ਘੱਟੋ ਘੱਟ ਏਨੇ ਰੇਟ ਤੇ ਚੱਕ ਲੈਣਗੇ । ਇਹ ਪ੍ਰਾਈਵੇਟ ਕੰਪਨੀਆਂ ਸਾਡੀਆਂ ਕਾਹਦੀਆਂ ਮਿੱਤ ਹੋਣਗੀਆਂ। ਕਿ ਜੇ ਚੰਗੀ ਲੱਗੀ ਤਾਂ ਚੱਕ ਲਈ ......ਨਹੀਂ ਅਸੀਂ ਰੁਲੀ ਜਾਵਾਂਗੇ । ਸਾਡੀ ਮੱਕੀ ਸਸਤੀ ਚੱਕ ਕੇ ਸਟੋਰਾਂ ਚ ਏਨੀ ਮਹਿੰਗੀ ਵੇਚਦੇ ਇਹੀ ਹਾਲ ਕਣਕ ਝੋਨੇ ਦਾ ਹੋਊ ।ਅਸੀਂ ਤਾਂ ਬਰਬਾਦ ਹੋਵਾਂਗੇ ਹੀ ਸਾਡੇ ਨਾਲ ਸਾਰੇ ਈ ਮਾਰੇ ਜਾਣਗੇ । ਸਰਕਾਰ ਕਹਿੰਦੀ ਸਟੋਰ ਕਰਲਿਓ ਨਾ ਜੇ ਕੋਈ ਪੁੱਛੇ ਫੜਕੇ ਵੀ ਘਰੇ ਜਗ੍ਹਾ ਤਾਂ ਆਪਣੇ ਲਈ ਪੂਰੀ ਨੀ ਪੈਂਦੀ ਅਸੀਂ ਕਿਹੜੇ ਗੋਦਾਮਾਂ ਚ ਬੰਦ ਕਰਾਂਗੇ ।ਇਹ ਤਾਂ ਕੰਪਨੀਆਂ ਕਰਨਗੀਆਂ ਤੇ ਆਲੂ ਪਿਆਜ਼ ਤਾਂ ਪਹਿਲਾਂ ਲੱਭਿਆ ਹੀ ਨਹੀਂ ਕਰਨੇ ਜਦ ਰੇਟ ਵੱਧ ਗੇ ਓਦੋਂ ਵੇਚਣਗੀਆਂ ਕੰਪਨੀਆਂ । ਨਾਲ ਵਾਲੇ ਬਜੁਰਗ ਬਾਬਾ ਜੀ ਵੀ ਕਿਸਾਨ ਹੋਣੇ ਔਖਾ ਹੋ ਕੇ ਬੋਲੇ ਕਿ ਸਰਕਾਰ ਕਹਿੰਦੀ ਜਿੱਥੇ ਮਰਜੀ ਵੇਚ ਸਕਦੇ । ਬਾਬਾ ਕਹਿੰਦਾ ਜਿੱਥੇ ਮਰਜੀ ਨੂੰ ਕੀ ਜੀਹਦੇ ਕੋਲ ਹੈਗੇ ਈ ਦੋ ਕਿੱਲੇ ਨੇ, ਨਾ ਉਹ ਕਿਤੇ ਬੰਗਾਲ ਜਾਉ ਵੇਚਣ ਤੇਲ ਫ਼ੂਕ ਕੇ । ਬਾਬੇ ਦੀ ਅਵਾਜ਼ ਪਹਿਲਾ ਤੋਂ ਵੱਧ ਉੱਚੀ ਤੇ ਗਡ਼ਕਵੀਂ ਹੁੰਦੀ ਜਾ ਰਹੀ ਸੀ । ਨਾਲ ਵਾਲੀ ਸੀਟ ਤੋਂ ਸਵਾਰੀ ਉੱਤਰੀ ਤਾਂ ਮੈਂ ਉਸ ਸੀਟ ਤੇ ਘੁੰਮ ਕੇ ਬੈਠ ਗਈ ਹੁਣ ਮੈਂ ਬਾਬੇ ਦਾ ਚੇਹਰਾ ਵੇਖ ਸਕਦੀ ਸੀ ਬਾਬੇ ਦੀ ਅਵਾਜ਼ ਚ ਗੁੱਸਾ ਸੀ ਪਰ ਚੇਹਰਾ ਸਿਰਫ਼ ਦਰਦ ਵਿਖਾ ਰਿਹਾ ਸੀ ।ਨਿਰੀ ਚਿੱਟੀ ਦਾੜ੍ਹੀ ਅਤੇ ਚਿਹਰੇ ਤੇ ਡੂੰਘੀਆਂ ਡੂੰਘੀਆਂ ਝੁਰੜੀਆਂ ਬਾਬੇ ਦੇ ਸੱਚੀ ਕਾਫੀ ਉਮਰ ਦੇ ਹੋਣ ਦਾ ਸਬੂਤ ਦੇ ਰਹੀਆਂ ਸਨ ।
ਬਾਬਾ ਅਜੇ ਵੀ ਗੱਲਾਂ ਸੁਣਾ ਰਿਹਾ ਸੀ ਮੇਰਾ ਪਿੰਡ ਆਇਆ ਤੇ ਮੈਂ ਉਤਰ ਗਈ । ਤੁਰਦੀ ਤੁਰਦੀ ਉੱਖੜੀ ਸੜਕ ਦੀਆਂ ਰੋੜੀਆਂ ਤੇ ਪੈਰ ਘਸਰਾਉਂਦੀ ਬਾਬੇ ਦੀਆ ਗੱਲਾਂ ਸੋਚ ਰਹੀ ਸੀ ਕਿ ਏਨਾ ਮੈਨੂੰ ਵੀ ਨਹੀਂ ਗਿਆਨ ਹੋਣਾ ਜਿੰਨਾ ਬਾਬੇ ਨੂੰ ਸੀ। ਕਿੰਨੇ ਸਾਲਾਂ ਤੋਂ ਪੜਾਈ ਕਰ ਕਰ ਕਿ ਕੁਸ਼ ਗਿਆਨ ਇਕੱਠਾ ਕੀਤਾ ਸੀ ਤੇ ਬਾਬੇ ਨੇ ਕਿਤੇ ਜਿਆਦਾ ਗਿਆਨ ਜਿੰਦਗੀ ਨੂੰ ਹੰਢਾਉਂਦਿਆਂ ਖੱਟ ਲਿਆ ਸੀ ।ਬਾਬੇ ਨੇ ਗੱਲਾਂ ਸਹੀ ਹੀ ਤਾਂ ਕੀਤੀਆ ਸੀ ਪਰ ਮੇਰੇ ਵਰਗੇ ਕਈ ਨਦਾਨ ਇਹਨਾਂ ਨੂੰ ਸਮਝ ਨਹੀਂ ਸਕਦੇ ਨਹੀਂ ਤਾਂ ਇੰਨੇ ਦਿਨਾਂ ਤੋਂ ਹੁਣ ਤਕ ਜਰੂਰ ਅਰਦਾਸ ਵਿਚ ਇਹ ਸ਼ਬਦ ਵੀ ਸ਼ਾਮਿਲ ਕੀਤੇ ਹੁੰਦੇ ਕੇ ਰੱਬਾ ਕਿਸਾਨਾਂ ਦੀ ਦੁਆ ਕਬੂਲ ਹੋ ਜਾਵੇ ਸਭ ਪਾਸੇ ਅਮਨ ਸਾਂਤੀ ਹੋਵੇ । ਬੱਸ ਭਾਵੇਂ ਕਦੋਂ ਦੀ ਲੰਘ ਗਈ ਸੀ ਪਰ ਮੈਨੂੰ ਹਜੇ ਵੀ ਲੱਗ ਰਿਹਾ ਸੀ ਕੇ ਬਾਬਾ ਫੇਰ ਕੋਈ ਗੱਲ ਸੁਣਾ ਰਿਹਾ ਹੋਣਾ ਤੇ ਕਹਿ ਰਿਹਾ ਹੋਣਾ ਕਿ ਓ ਮੈਂ ਸੌ ਸਾਲ ਦਾ ਆਂ ।
-
ਗੁਰਜੀਤ ਕੌਰ ਬਡਾਲੀ, ਲੇਖਕ
chanandeep@gmail.com
9814168716
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.