ਵਰਕ ਫਰਾਮ ਹੋਮ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੇ ਡਾਕਟਰ ਕੋਲੋਂ ਸਲਾਹ ਤਕ ਕਈ ਛੋਟੇ-ਵੱਡੇ ਕੰਮ ਘਰ ਰਹਿ ਕੇ ਆਨਲਾਈਨ ਕੀਤੇ ਜਾ ਰਹੇ ਹਨ। ਸੰਪਰਕ ਰਹਿਤ ਖ਼ਰੀਦਦਾਰੀ ਲਈ ਆਨਲਾਈਨ ਪੇਮੈਂਟ ਸੇਵਾਵਾਂ ਨੂੰ ਵਧਾਇਆ ਜਾ ਰਿਹਾ ਹੈ। ਲੋਕ ਸੋਸ਼ਲ ਨੈੱਟਵਰਕਿੰਗ ਤੇ ਗੇਮਿੰਗ 'ਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਕ ਪਾਸੇ ਜਿੱਥੇ ਆਨਲਾਈਨ ਸੇਵਾਵਾਂ ਦੀ ਵਰਤੋਂ ਵਧੀ ਹੈ, ਉਥੇ ਹੀ ਇਸ ਜ਼ਰੀਏ ਉਤਪੰਨ ਹੋਣ ਵਾਲੇ ਡਾਟਾ ਨੂੰ ਮੈਨੇਜ ਕਰਨਾ ਵੀ ਜ਼ਰੂਰੀ ਹੁੰਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਡਾਟਾ ਕੰਪਨੀਆਂ ਦੇ ਕਾਰੋਬਾਰ 'ਚ ਵਿਸਥਾਰ ਦੀਆਂ ਵਧੀਆ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਵੱਲੋਂ ਡਾਟਾ ਬੇਸ ਨੂੰ ਮੈਨੇਜ ਕਰਨ ਲਈ ਡਾਟਾ ਸਾਇੰਸ ਪ੍ਰੋਫੈਸ਼ਨਲਜ਼ ਦੀ ਵੱਡੇ ਪੱਧਰ 'ਤੇ ਬਹਾਲੀ ਹੋਵੇਗੀ। ਅਜਿਹੇ 'ਚ ਜੇ ਤੁਸੀਂ ਸੰਭਾਵਨਾਵਾਂ ਭਰੇ ਖੇਤਰ 'ਚ ਕਰੀਅਰ ਬਣਾਉਣ ਦੀ ਖਵਾਹਿਸ਼ ਰੱਖਦੇ ਹੋ ਤਾਂ ਡਾਟਾ ਸਾਇੰਸ ਵੱਲ ਰੁਖ਼ ਕਰ ਸਕਦੇ ਹੋ।
ਸਮਝੋ ਅੰਕੜਿਆਂ ਨਾਲ ਜੁੜੇ ਵਿਗਿਆਨ ਨੂੰ
ਡਾਟਾ ਸਾਇੰਸ ਤਹਿਤ ਅੰਕੜਿਆਂ ਦਾ ਮੁਲਾਂਕਣ, ਗਣਨਾ ਤੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਅੱਜ ਦੇ ਦੌਰ 'ਚ ਕੰਪਨੀਆਂ ਆਪਣੇ ਕੰਮਕਾਰ ਨੂੰ ਵਧਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਖ਼ੁਦ ਨਾਲ ਜੋੜਨ ਲਈ ਡਾਟਾ ਸਾਇੰਸ ਦੀ ਮਦਦ ਨਾਲ ਆਪਣੀਆਂ ਸੇਵਾਵਾਂ 'ਚ ਸਕਾਰਾਤਮਕ ਸੁਧਾਰ ਕਰਦੀਆਂ ਹਨ। ਡਾਟਾ ਸਾਇੰਸ 'ਚ ਅੰਕੜਿਆਂ ਦੇ ਵਿਸ਼ਲੇਸ਼ਣ ਨੂੰ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਹੈ ਤੇ ਉਸ ਨੂੰ ਸਟੋਰ ਕੀਤਾ ਜਾਂਦਾ ਹੈ। ਦੂਸਰੇ ਭਾਗ 'ਚ ਡਾਟਾ ਦੀ ਪੈਕੇਜਿੰਗ ਯਾਨੀ ਵੱਖ-ਵੱਖ ਸ਼੍ਰੇਣੀਆਂ 'ਚ ਉਨ੍ਹਾਂ ਦੀ ਛਾਂਟੀ ਕੀਤੀ ਜਾਂਦੀ ਹੈ ਤੇ ਤੀਸਰੇ ਯਾਨੀ ਆਖ਼ਰੀ ਭਾਗ 'ਚ ਡਾਟਾ ਦੀ ਡਲਿਵਰੀ ਕੀਤੀ ਜਾਂਦੀ ਹੈ
ਡਾਟਾ ਸਾਇੰਸ ਲਈ ਦੇਸ਼ 'ਚ ਕਈ ਸੰਸਥਾਵਾਂ ਵੱਲੋਂ ਬਿਜ਼ਨਸ ਐਨਾਲੀਟਿਕਸ ਸਪੈਸ਼ਲਾਈਜ਼ੇਸ਼ਨ 'ਚ ਸ਼ਾਰਟ ਟਰਮ ਕੋਰਸ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਰਟੀਫਿਕੇਟ ਇਨ ਬਿਗ ਡਾਟਾ ਐਨਾਲੀਟਿਕਸ ਐਂਡ ਆਪਟੀਮਾਈਜ਼ੇਸ਼ਨ, ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਡਾਟਾ ਸਾਇੰਸ, ਪੀਜੀ ਡਿਪਲੋਮਾ ਇਨ ਡਾਟਾ ਐਨਾਲੀਟਿਕਸ, ਐੱਸਐੱਸਸੀ ਇਨ ਡਾਟਾ ਸਾਇੰਸ ਐਂਡ ਐਨਾਲੀਟਿਕਸ, ਦੋ ਸਾਲਾ ਪੀਜੀਡੀਐੱਮ ਇਨ ਡਾਟਾ ਸਾਇੰਸ ਜਾਂ ਪ੍ਰੋਗਰਾਮ ਇਨ ਐਨਾਲੀਟਿਕਸ ਕੋਰਸ ਕਰ ਕੇ ਤੁਸੀਂ ਇਸ ਖੇਤਰ 'ਚ ਦਾਖ਼ਲੇ ਦਾ ਰਾਹ ਬਣਾ ਸਕਦੇ ਹੋ।
ਨੌਕਰੀ ਦੇ ਮੌਕੇ
ਡਾਟਾ ਸਾਇੰਸ ਦੀ ਜਾਣਕਾਰੀ ਰੱਖਣ ਵਾਲੇ ਨੌਜਵਾਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਖੇਤਰਾਂ 'ਚ ਨੌਕਰੀ ਦੇ ਮੌਕੇ ਮੁਹੱਈਆ ਹਨ। ਤੁਸੀਂ ਡਾਟਾ ਸਾਇੰਟਿਸਟ, ਡਾਟਾ ਐਨਾਲਿਸਟ, ਸੀਨੀਅਰ ਇਨਫਰਮੇਸ਼ਨ ਐਨਾਲਿਸਟ, ਇਨਫਰਮੇਸ਼ਨ ਅਫ਼ਸਰ, ਡਾਟਾ ਅਫ਼ਸਰ, ਸਾਫਟਵੇਅਰ ਟੈਸਟਰ ਤੇ ਬਿਜ਼ਨਸ ਐਨਾਲਿਸਟ ਵਜੋਂ ਕਰੀਅਰ ਬਣਾ ਸਕਦੇ ਹੋ। ਜੇ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਆਈਟੀ, ਬੈਂਕ, ਇੰਸ਼ੋਰੈਂਸ, ਫਾਇਨਾਂਸ, ਟੈਲੀਕਾਮ, ਈ-ਕਾਮਰਸ, ਰਿਟੇਲ ਤੇ ਆਊਟ ਸੋਰਸਿੰਗ ਕੰਪਨੀਆਂ 'ਚ ਡਾਟਾ ਸਾਇੰਸ ਪ੍ਰੋਫੈਸ਼ਨਲਜ਼ ਦੀ ਬਹੁਤ ਮੰਗ ਹੈ।
ਇਸ ਤੋਂ ਇਲਾਵਾ ਨੌਜਵਾਨਾਂ ਲਈ ਕੰਸਟਰੱਕਸ਼ਨ, ਆਇਲ, ਗੈਸ, ਮਾਈਨਿੰਗ, ਟ੍ਰਾਂਸਪੋਰਟੇਸ਼ਨ, ਕੰਸਲਟਿੰਗ ਤੇ ਮੈਨੂਫੈਕਚਰਿੰਗ ਕੰਪਨੀਆਂ 'ਚ ਵੀ ਵਧੀਆ ਸੰਭਾਵਨਾਵਾਂ ਹਨ। ਤੁਸੀਂ ਚਾਹੋ ਤਾਂ ਯੂਨੀਵਰਸਿਟੀਆਂ ਦੇ ਰਿਸਰਚ ਵਿੰਗ ਨਾਲ ਵੀ ਜੁੜ ਸਕਦੇ ਹੋ। ਡਾਟਾ ਪ੍ਰੋਫੈਸ਼ਨਲ਼ਜ ਦੀ ਮੰਗ ਅਮਰੀਕਾ ਤੇ ਯੂਰਪ ਜਿਹੇ ਦੇਸ਼ਾਂ 'ਚ ਵੀ ਬਹੁਤ ਜ਼ਿਆਦਾ ਹੈ। ਗੂਗਲ, ਅਮੇਜ਼ਨ, ਮਾਈਕ੍ਰੋਸਾਫਟ, ਲਿੰਕਡਇਨ ਤੇ ਟਵਿੱਟਰ ਜਿਹੀਆਂ ਕਈ ਵੱਡੀਆਂ ਕੰਪਨੀਆਂ ਨੂੰ ਵੀ ਡਾਟਾ ਸਾਇੰਟਿਸਟ ਦੀ ਜ਼ਰੂਰਤ ਪੈਂਦੀ ਹੈ।
ਬਿਜ਼ਨਸ ਇੰਟੈਲੀਜੈਂਸ ਐਨਾਲਿਸਟ : ਇਕ ਬਿਜ਼ਨਸ ਇੰਟੈਲੀਜੈਂਸ ਐਨਾਲਿਸਟ ਮਾਰਕੀਟ ਤੇ ਬਿਜ਼ਨਸ ਟਰੈਂਡ ਨੂੰ ਸਮਝਣ ਲਈ ਡਾਟਾ ਦਾ ਵਿਸ਼ਲੇਸ਼ਣ ਕਰਦਾ ਹੈ, ਨਾਲ ਹੀ ਪ੍ਰਾਪਤ ਅੰਕੜਿਆਂ ਨਾਲ ਇਹ ਸਪਸ਼ਟ ਕਰਦਾ ਹੈ ਕਿ ਬਾਜ਼ਾਰ 'ਚ ਹੋਈਆਂ ਨਵੀਆਂ ਤਬਦੀਲੀਆਂ ਦੌਰਾਨ ਕੰਪਨੀ ਕਿਸ ਥਾਂ 'ਤੇ ਖੜ੍ਹਦੀ ਹੈ, ਯਾਨੀ ਨਵੀਆਂ ਤਬਦੀਲੀਆਂ ਅਨੁਸਾਰ ਕੰਪਨੀ ਵਧੀਆ ਕੰਮ ਕਰਨ ਦੇ ਸਮਰੱਥ ਹੈ ਜਾਂ ਉਸ ਨੂੰ ਆਪਣੀ ਰਣਨੀਤੀ 'ਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ।
ਡਾਟਾ ਸਾਇੰਟਿਸਟ : ਡਾਟਾ ਸਾਇੰਟਿਸਿਟ ਉਨ੍ਹਾਂ ਪੇਸ਼ੇਵਰਾਂ ਨੂੰ ਕਿਹਾ ਜਾਂਦਾ ਹੈ, ਜੋ ਅੰਕੜਿਆਂ ਜ਼ਰੀਏ ਡਾਟਾ ਨੂੰ ਜਮ੍ਹਾ ਕਰ ਕੇ ਉਨ੍ਹਾਂ ਦਾ ਬਹੁਤ ਬਾਰੀਕੀ ਨਾਲ ਵਿਸ਼ਲੇਸ਼ਣ ਕਰਦੇ ਹਨ। ਇਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੇ ਡਾਟੇ ਨੂੰ ਬਿਹਤਰ ਤਰੀਕੇ ਨਾਲ ਕਲਪਨਾ ਕਰਨ ਦੀ ਸਮਰੱਥਾ ਹੁੰਦੀ ਹੈ।
ਡਾਟਾਬੇਸ ਐਡਮਨਿਸਟ੍ਰੇਟਰ : ਇਹ ਪੇਸ਼ੇਵਰ ਡਾਟਾ ਨੂੰ ਸੁਰੱਖਿਅਤ ਰੱਖਣ ਤੇ ਵਰਤੋਂ 'ਚ ਲਿਆਉਣ ਦੀ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਕੰਮ ਕਰਦੇ ਹਨ। ਇਹ ਸੁਨਿਸ਼ਚਿਤ ਕਰਦੇ ਹਨ ਕਿ ਡਾਟਾਬੇਸ ਸਾਰੇ ਸਬੰਧਤ ਖਪਤਕਾਰਾਂ ਨੂੰ ਮੁਹੱਈਆ ਹੁੰਦਾ ਰਹੇ ਤੇ ਡਾਟਾਬੇਸ ਠੀਕ ਤਰ੍ਹਾਂ ਕੰਮ ਕਰੇ। ਇਨ੍ਹਾਂ ਕੋਲ ਬੈਕਅਪ ਐਂਡ ਰਿਕਵਰੀ, ਡਾਟਾ ਮਾਡਲਿੰਗ ਐਂਡ ਡਿਜ਼ਾਈਨ, ਡਿਸਟ੍ਰੀਬਿਊਟਡ ਕੰਪਿਊਟਿੰਗ, ਡਾਟਾਬੇਸ ਸਿਸਟਮ, ਡਾਟਾ ਸਕਿਓਰਿਟੀ ਤੇ ਈਆਰਪੀ ਐਂਡ ਬਿਜ਼ਨਸ ਦੀ ਜਾਣਕਾਰੀ ਹੁੰਦੀ ਹੈ।
ਪ੍ਰੋਫੈਸ਼ਨਲਜ਼ ਦੀ ਮੰਗ
ਹਾਲ ਹੀ 'ਚ ਜਾਰੀ ਇਕ ਰਿਪੋਰਟ ਅਨੁਸਾਰ ਜਨਵਰੀ 'ਚ ਡਾਟਾ ਸਾਇੰਸ ਸੈਕਟਰ ਦੇ ਆਲਮੀ ਰੁਜ਼ਗਾਰ 'ਚ ਭਾਰਤ ਨੇ 7.2 ਫ਼ੀਸਦੀ ਦਾ ਯੋਗਦਾਨ ਦਿੱਤਾ। ਅਗਸਤ ਦੇ ਆਖ਼ਰ ਤਕ ਇਹ ਯੋਗਦਾਨ ਵੱਧ ਕੇ 9.8 ਫ਼ੀਸਦੀ ਹੋ ਗਿਆ। ਇਸ ਤੋਂ ਬਾਅਦ ਕੋਰੋਨਾ ਦਾ ਅਸਰ ਇਸ ਸੈਕਟਰ 'ਤੇ ਵੀ ਦੇਖਿਆ ਗਿਆ ਤੇ ਅਹੁਦਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਗਈ। ਫਰਵਰੀ 'ਚ ਇਹ ਗਿਰਾਵਟ 1,09,000 ਅਹੁਦਿਆਂ ਤੋਂ ਘੱਟ ਹੋ ਕੇ ਮਈ 'ਚ 82,500 'ਤੇ ਆ ਗਈ ਪਰ ਅਗਸਤ 'ਚ ਇਸ ਖੇਤਰ 'ਚ ਫਿਰ ਤੇਜ਼ੀ ਆਈ ਤੇ ਅਹੁਦਿਆਂ ਦੀ ਗਿਣਤੀ 93,500 ਦਰਜ ਕੀਤੀ ਗਈ। ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਡਾਟਾ ਸਾਇੰਸ ਦੇ ਖੇਤਰ 'ਚ ਹੁਨਰਮੰਦ ਪ੍ਰੋਫੈਸ਼ਨਲਜ਼ ਦੀ ਮੰਗ ਲਗਾਤਾਰ ਬਣੀ ਹੋਈ ਹੈ।
ਡਾਟਾ ਮਾਈਨਿੰਗ ਇੰਜੀਨੀਅਰ
ਡਾਟਾ ਮਾਈਨਿੰਗ ਇੰਜੀਨੀਅਰ ਸਿਰਫ਼ ਆਪਣੀ ਕੰਪਨੀ ਦੇ ਕੰਮਕਾਰ ਲਈ ਨਹੀਂ ਸਗੋਂ ਦੂਸਰੇ ਪੱਖ ਦੇ ਅੰਕੜਿਆਂ ਦੀ ਵੀ ਜਾਂਚ ਕਰਦਾ ਹੈ। ਮਿਲੇ ਹੋਏ ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਇਲਾਵਾ ਡਾਟਾ ਮਾਈਨਿੰਗ ਇੰਜੀਨੀਅਰ ਅੱਗੇ ਪ੍ਰਾਪਤ ਹੋਣ ਵਾਲੇ ਡਾਟੇ ਦਾ ਅੰਦਾਜ਼ਾ ਲਾਉਣ ਦੇ ਸਮਰੱਥ ਹੁੰਦਾ ਹੈ।
ਜ਼ਰੂਰੀ ਹੈ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਸਮਝ
ਡਾਟਾ ਸਾਇੰਸ ਦੇ ਖੇਤਰ 'ਚ ਦਾਖ਼ਲ ਹੋਣ ਵਾਲੇ ਨੌਜਵਾਨਾਂ ਕੋਲ ਗਣਿਤ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਇੰਜੀਨੀਅਰਿੰਗ, ਅਪਲਾਈਡ ਸਾਇੰਸ, ਮਕੈਨੀਕਲ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਤੇ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਈਥਨ, ਜਾਵਾ, ਆਰ, ਐੱਸਏਐੱਸ ਜਿਹੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਸਮਝ ਹੋਣੀ ਬੇਹੱਦ ਜ਼ਰੂਰੀ ਹੈ। ਜੇ ਹੁਨਰ ਦੀ ਗੱਲ ਕਰੀਏ ਤਾਂ ਇਸ ਖੇਤਰ 'ਚ ਦਾਖ਼ਲ ਹੋਣ ਵਾਲੇ ਨੌਜਵਾਨਾਂ ਨੂੰ ਐਨਾਲੀਸਿਸ, ਮਸ਼ੀਨ ਲਰਨਿੰਗ, ਸਟੈਟਿਸਟਿਕਸ ਆਦਿ ਦੀ ਵਧੀਆ ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤਕਨੀਕੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਜਾਣਕਾਰੀ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ।
-
ਵਿਜੈ ਗਰਗ, ਸਾਬਕਾ ਪੀਈਐਸ-1
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.