ਸੰਸਾਰ ਦੇ ਜੁਝਾਰੂ ਲੋਕਾ ਵਿੱਚ ਸਿੱਖ ਕੌਮ ਦਾ ਨਾਮ ਸੂਰਜ ਵਾਗ ਚਮਕਦਾ ਹੈ । ਜੋ ਸਦੀਆ ਤੋ ਬਿਨਾ ਕਿਸੇ ਵਿਤਕਰੇ ਜੁਲਮ ਤੇ ਅਨਿਆ ਵਿਰੁੱਧ ਥੰਮ ਬਣਕੇ ਖੜਦੇ ਹਨ । ਜਿਹਨਾ ਹਮੇਸਾ ਸਰਬਧਰਮ ਦਾ ਸਨਮਾਨ ਤੇ ਮਨੁੱਖਤਾ ਦੀ ਭਲਾਈ ਦਾ ਪੱਖ ਪੂਰਿਆ । ਫਿਰ ਉਹ ਭਾਵੇ ਸਿਕੰਦਰ ਜਾ ਪੋਰਸ ਨਾਲ ਯੁੱਧ, ਮੁਗਲਾ ਦੇ ਹਮਲੇ ,ਬ੍ਰਿਟਿਸ ਸਾਮਰਾਜ ਦੀਆ ਵਧੀਕੀਆ ਜਾਂ ਰਾਜਸੀ ਹਕੂਮਤਾ ਦਾ ਤਾਨਸਾਹੀ ਰਵਾਈਆ ਹੋਵੇ , ਸਭਨਾ ਦਾ ਡਟ ਕੇ ਮਕਾਬਲਾ ਕੀਤਾ । ਇਹ ਸੂਰਬੀਰਤਾ ਦਾ ਉਬਾਲ ਬਿਨਾ ਮਰਦ ਔਰਤ ਦੇ ਵਖਰੇਵੇ ਤੋ ਦੋਵਾ ਦੇ ਖੂਨ ਵਿਚ ਖੋਲਦਾ ਹੈ । ਉੁਹਨਾ ਵਿਚੋ ਸਿੱਖ ਇਤਿਹਾਸ ਦੀ ਗਿਆਨਵਾਨ,ਸੂਰਬੀਰ, ਲਸਾਨੀ ਤੇ ਸਤਿਕਾਰਤ ਸਖਸੀਅਤ ਸੀ ਮਾਈ ਭਾਗੋ ।
ਮਾਈ ਭਾਗੋ ਦਾ ਅਸਲ ਨਾਮ ਮਾਤਾ ਭਾਗ ਕੌਰ ਸੀ । ਉਹਨਾ ਦਾ ਜਨਮ 1666 ਵਿੱਚ ਪਿਤਾ ਭਾਈ ਮੱਲੋ ਸਾਹ ਦੇ ਘਰ ਪਿੰਡ ਝਬਾਲ ਜਿਲਾ ਅਮ੍ਰਿਤਸਰ ਵਿੱਚ ਹੋਇਆ । ਜੋ ਹੁਣ ਤਰਨਤਾਰਨ ਜਿਲੇ ਵਿੱਚ ਹੈ । ਬਚਪਨ ਵਿੱਚ ਘਰ ਦੇ ਵਡੇਰੇ ਭਾਗਭਰੀ ਦੇ ਨਾਮ ਨਾਲ ਬਲਾਉਦੇ । ਦਾਦਾ ਭਾਈ ਪਾਰੇ ਸਾਹ ਇਲਾਕੇ ਦਾ ਲੰਗਾਹ ਚੋਧਰੀ ਵਜੋ ਰਸੂਖਦਾਰ ਵਿਆਕਤੀ ਸੀ ਜੋ ਉਸ ਸਮੇ 84 ਪਿੰਡਾ ਦਾ ਮੁਖੀਆ ਸੀ । 1563 ਤੋ 1606 ਵਿੱਚ ਪੰਜਵੇ ਗੁਰੂ ਅਰਜਨ ਦੇਵ ਜੀ ਦੇ ਸਮੇ ਸਭ ਪਿੰਡਾ ਨੂੰ ਸਿੱਖ ਧਰਮ ਨਾਲ ਜੋੜਿਆ । ਮਾਈ ਭਾਗੋ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਰਧਾਲੂ ਸੀ ਜੋ ਕੁਝ ਸਮੇ ਪਿਛੋ ਗੁਰੂ ਦੀ ਸਾਸਤਰਧਾਰੀ ਫੋਜ ਦੇ ਮੈਬਰ ਬਣ ਗਏ । ਪਿਤਾ ਤੋ ਸਾਸਤਰ ਵਿਦਿਆ ਪ੍ਰਪਤ ਕਰ ਛੋਟੀ ਉਮਰੇ ਕੁਸਲ ਸਿਪਾਹੀ ਬਣ ਗਈ । ਭਰਾ ਦਿਲਬਾਗ ਸਿੰਘ ਤੇ ਭਾਗ ਸਿੰਘ ਦਾ ਵੀ ਸਿੱਖ ਧਰਮ ਪ੍ਰਤੀ ਖਾਸ ਲਗਾਵ ਸੀ । ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਹਿਬ ਆਗਮਨ ਤੇ ਤਿੰਨੇ ਦਰਸਨਾ ਲਈ ਪਹੰਚ ਗਏ । ਜਿਥੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਗ ਕੌਰ ਦਾ ਵਿਆਹ ਭਾਈ ਨਿਧਾਨ ਸਿੰਘ ਵਾਸੀ ਪੱਟੀ ਨਾਲ ਸਪੰਨ ਹੋਇਆ ਅਤੇ ਸਾਰਾ ਪਰਿਵਾਰ ਅਨੰਦਪੁਰ ਵਿਖੇ ਸਿੱਖ ਧਰਮ ਲਈ ਸਮਰਪਤ ਹੋ ਗਿਆ ।
ਸੰਨ 1700 ਵਿੱਚ ਅੋਰੰਗਜੇਬ ਨੇ ਅਨੰਦਪੁਰ ਨੇੜੇ ਦੇ ਮੈਦਾਨੀ ਤੇ ਪਹਾੜੀ ਖੇਤਰ ਉਪਰ ਕਬਜਾ ਕਰ ਲਿਆ । ਪਰ ਅਨੰਦਪੁਰ ਦਾ ਕਿਲਾ 10ਵੇ ਪਾਤਸਾਹ ਦੇ ਅਧੀਨ ਸੀ । ਇਸ ਨੂੰ ਜਿੱਤਣ ਦੇ ਲਈ ਪੰਜਾਬ,ਲਹੋਰ ,ਕਸਮੀਰ ਅਤੇ ਹਿੰਦੂ ਪਹਾੜੀ ਰਾਜਿਆ ਦੀ ਦਸ ਹਜਾਰ ਫੋਜ ਇਕੱਠੀ ਕੀਤੀ । ਸਰਹਿੰਦ ਦੇ ਸਾਸਕ ਵਜੀਰ ਖਾਨ ਦੇ ਫੋਜੀ ਦਸਤੇ ਨੇ ਕਿਲੇ ਦੀ ਘੇਰਾਬੰਦੀ ਕਰਨ ਵਿੱਚ ਸਫਲ ਹੋ ਗਏ । ਪਰ ਕਿਲਾ ਫਤਹਿ ਨਾ ਕਰ ਸਕੇ । ਇਸੇ ਮੁਗਲ ਸਾਸਕ ਨੇ 1705 ਵਿੱਚ ਛੋਟੇ ਸਾਹਿਬਜਾਦਿਆ ਨੂੰ ਨੀਹਾ ਵਿੱਚ ਚਿਣਵਾਇਆ ਸੀ । ਜਿਸ ਨੂੰ ਬਾਬਾ ਬੰਦਾ ਬਹੁਦਰ ਜੀ ਨੇ 1710 ਵਿੱਚ ਚੱਪੜਚਿੜੀ ਦੀ ਜੰਗ ਸਮੇ ਮੌਤ ਦੀ ਘਾਟ ਉਤਾਰਿਆ ।
1704 ਵਿੱਚ ਮੁਗਲਾ ਨੇ ਕਿਲਾ ਦੇ ਕਬਜੇ ਲਈ ਦੂਜੀ ਵਾਰ ਜੰਗ ਦੀ ਤਿਆਰੀ ਸੁਰੂ ਕਰ ਦਿੱਤੀ । ਜਿਸ ਤਹਿਤ ਲੰਗਰ ਦੇ ਰਸਦ ਰੋਕਣ ਤੇ ਘੇਰਾਬੰਦੀ ਨੂੰ ਹੋਰ ਮਜਬੂਤ ਕਰਨ ਲੱਗੇ । ਨਾਲ ਇਹ ਐਲਾਨ ਕੀਤੀ ਜੋ ਗੁਰੂ ਦਾ ਸਿੱਖ ਨਾ ਹੋਣਾ ਮੰਨੇਗੇ ਉੁਹ ਅਜਾਦ, ਬਾਕੀਆ ਲਈ ਸਜਾ-ਏ-ਮੌਤ ਹੋਵੇਗੀ । ਇਸ ਨੂੰ ਰੋਕਣਾ ਮਾਈ ਭਾਗੋ ਲਈ ਕਰੜੀ ਪ੍ਰਖਿਆ ਸੀ । ਮੋਹਨ ਸਿੰਘ ਦੀ ਅਗਵਾਈ ਵਿਚ 40 ਸਿੰਘਾ ਨੇ ਮੁਗਲਾ ਦੀ ਈਣ ਮੰਨਦਿਆ ਬੇਮੁੱਖ ਹੋਣ ਦਾ ਫੈਸਲਾ ਕੀਤੀ । ਗੁਰੂ ਗੋਬਿੰਦ ਸਿੰਘ ਜੀ ਨੇ "ਸਿੱਖ ਨਹੀ ਰਹੇ" ਦੇ ਸਿਰਲੇਖ ਹੇਠ ਦਸਤਖ ਕਰ ਦੇਣ ਮਗਰੋ ਜਿਮੇਵਾਰੀ ਤੋ ਮੁਕਤ ਕਰ ਦਿੱਤਾ। ਇਸ ਘਟਨਾ ਨੇ ਮਾਈ ਭਾਗੋ ਤੇ ਡੂੰਘਾ ਅਸਰ ਕੀਤਾ । ਮੁਗਲਾ ਦੀ ਵਧਦੀ ਦਖਲਅੰਦਾਜੀ ਤੇ ਜਿਆਦਤੀਆ ਨੂੰ ਰੋਕਣ ਦਾ ਬੀੜਾ ਚੁਕਿਆ । ਆਪਣੀ ਗੁਰਦਵਾਰੇ ਦੀ ਸੇਵਾ ਦੇ ਨਾਲੋ-ਨਾਲ ਸਿੱਖ ਸੰਗਠਨ ਤੇ ਯੁੱਧ ਨੀਤੀ ਵੱਲ ਧਿਆਨ ਕੇਂਦਰਿਤ ਕੀਤਾ । ਖਿਲਾਫਤ ਕਰਨ ਵਾਲੇ ਸਿੱਖਾ ਨੂੰ ਜਲਦ ਹੀ ਵਾਪਿਸ ਲਿਆਉਣ ਵਿੱਚ ਕਾਮਯਾਮੀ ਮਿਲ ਗਈ । ਇਸ ਉਪਰਾਲੇ ਸਦਕਾ ਫੋਜਾ ਨੂੰ ਤਕੜਾ ਬਲ ਮਿਲਿਆ ਤੇ ਕਿਲੇ ਦੀ ਸੁਰੱਖਿਆ ਮਜਬੂਤ ਹੋਈ । ਗੁਰੂ ਦੀ ਮਾਫੀ ਮਗਰੋ ਸਿੱਖ ਯੋਧਿਆ ਨੇ ਮਾਲਵੇ ਦੀ ਯਾਤਰਾਂਵਾ ਸਮੇਤ ਅੰਤਿਮ ਸਮੇ ਤੱਕ ਸਾਥ ਨਿਭਾਇਆ ।
ਲੰਮੀ ਜੱਦੋ-ਜਹਿਦ ਅਤੇ ਕੋਝੀਆ ਚਾਲਾ ਪਿਛੋ ਵੀ ਮੁਗਲ ਘੇਰਾ ਤੋੜ ਨਾ ਸਕੇ । ਫਿਰ ਕੂਟਨੀਤਿਕ ਪ੍ਰਸਤਾਵ ਦਾ ਸਹਾਰਾ ਲਿਆ । ਔਰੰਗਜੇਬ ਸਮੇਤ ਮੁਗਲ ਰਾਜਿਆ ਨੇ ਕੁਰਾਨ ਦੇ ਪੰਨੇ ਉਪਰ ਦਸਖਤ ਕਰ ਕਿਲਾ ਛੱਡਣ ਦੀ ਬੇਨਤੀ ਕੀਤੀ ਅਤੇ ਇਵਜ ਵਿੱਚ ਜੰਗਬੰਦੀ ਤੇ ਸੁਰੱਖਿਅਤ ਜਾਣ ਦਾ ਭਰੋਸਾ ਜਿਤਾਇਆ । ਪਰੰਤੂ ਇਸ ਵਿਸਵਾਸਘਾਤੀ ਮਤੇ ਨੂੰ ਗੁਰੂ ਜੀ ਨੇ ਤਵੱਜੋ ਨਹੀ ਦਿੱਤੀ । ਅਖੀਰ ਮੁਗਲਾ ਨੇ ਸਿੱਖ ਫੋਜਾ ਦੀ ਪਕੜ ਨੂੰ ਤੋੜਨ ਅਤੇ ਗੁਰੂ ਦੇ ਪਰਿਵਾਰ ਨੂੰ ਖੇਰੂ-ਖੇਰੂ ਕਰਨ ਦੀ ਯੋਜਨਾ ਬਣਾਈ । 5 , 6 ਦਸੰਬਰ (1705) ਦੀ ਰਾਤ ਨੂੰ ਸਰਸਾ ਨਦੀ ਨੇੜੇ ਹਮਲਾ ਕਰ ਦਿੱਤਾ । ਚਮਕੌਰ ਦੀ ਜੰਗ ਵਿੱਚ ਮੁਗਲਾ ਨਾਲ ਲੋਹਾ ਲੈਦਿਆ ਵੱਡੇ ਸਹਿਬਜਾਦੇ ਅਜੀਤ ਸਿੰਘ 7 ਦਸੰਬਰ ਤੇ ਜੁਝਾਰ ਸਿੰਘ 22 ਦਸੰਬਰ 1705 ਨੂੰ ਸਹੀਦ ਹੋ ਗਏ । ਛੋਟੇ ਸਹਿਬਜਾਦੇ ਜੋਰਾਵਰ ਸਿੰਘ (9) ਅਤੇ ਫਤਿਹ ਸਿੰਘ (7) ਨੂੰ ਮਾਤਾ ਗੁਜਰੀ ਜੀ ਸਮੇਤ ਗੰਗੂ ਰਸੋਈਆ ਦੇ ਪਿੰਡ ਸਹੇੜੀ (ਰੋਪੜ) ਪਹੁੰਚ ਗਏ । ਉਸ ਨੇ ਮੋਹਰਾ ਦੇ ਲਾਲਚ ਵਸ ਸਰਹਿੰਦ ਦੇ ਨਵਾਬ ਵਜੀਰ ਖਾਨ ਕੋਲ ਕੈਦ ਕਰਵਾ ਦਿੱਤਾ । 26 ਦਸੰਬਰ 1705 ਨੂੰ ਨਿੱਕੇ ਲਾਲਾ ਦੇ ਈਣ ਨਾ ਮੰਨਣ ਕਾਰਨ ਨੀਹਾਂ ਵਿੱਚ ਚਿਣਵਾ ਕੇ ਸਹੀਦ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਹਿਬ ਦੇ ਕਿਲਾ ਛੱਡਣ ਦਾ ਫੈਸਲਾ ਕਰ ਲਿਆ । ਰਾਤ ਨੂੰ ਫੋਜਾ ਦੇ ਨਾਲ ਗੜੀ (ਹਵੇਲੀ) ਵਿਖੇ ਆਰਾਮ ਕੀਤਾ । ਮਾਈ ਭਾਗੋ ਨੇ ਗੁਰ ਸਹਿਬ ਨੂੰ ਸੁਰੱਖਿਅਤ ਬਾਹਰ ਭੇਜਣ ਅਤੇ ਜੰਗ ਜਿੱਤਣ ਲਈ ਯੋਗ ਅਗਵਾਈ ਕੀਤੀ। ਨਬੀ ਤੇ ਗਨੀ ਖਾਨ ਦੀ ਸਹਾਇਤਾ ਨਾਲ ਗੜੀ 'ਚ ਦਸ਼ਵੇ ਪਾਤਸਾਹ ਬਾਹਰ ਭੇਜਣ ਵਿੱਚ ਸਫਲ ਰਹੇ । ਇਕ ਸੂਫੀ ਸੰਤ ਦੇ ਰੂਪ ਵਿੱਚ ਮਾਛੀਵਾੜੇ ਦੇ ਜੰਗਲਾ ਵੱਲ ਚਲੇ ਗਏ ।
29 ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋ ਖਿਦਰਾਣੇ ਢਾਬ ਦੀ ਆਖਰੀ ਜੰਗ ਲੜੀ । ਮੁਗਲਾ ਨੇ ਗੁਰੂ ਜੀ ਨੂੰ ਜਾਨੋ ਮਾਰਨ ਲਈ ਜੀ ਤੋੜ ਮੇਹਨਤ ਕੀਤੀ । ਮਾਈ ਭਾਗੋ ਦੇ ਵਡਭਾਗੇ ਉਪਰਾਲੇ ਨੇ 40 ਮੁਕਤਿਆ ਨੂੰ ਜੰਗ ਲਈ ਪ੍ਰੇਰਿਆ । ਜੋ ਮੁਗਲਾ ਨੂੰ ਮੌਤ ਦੇ ਘਾਟ ਉਤਾਰਦਿਆ ਸਹੀਦ ਹੋ ਗਏ ,ਮੋਹਨ ਸਿੰਘ ਗੰਭੀਰ ਜਖਮੀ ਸੀ ਜਿਸ ਨੇ ਗੁਰਾ ਦੀ ਗੋਦ ਵਿੱਚ ਮਾਫੀ ਮੰਗਦਿਆ ਆਖਰੀ ਸਾਹ ਲਿਆ । ਗੁਰੂ ਜੀ ਨੇ ਬੇਦਾਵਾ ਪਾੜ ਕੇ ਮੁਕਤਿਆ ਨੂੰ ਸੱਚੇ ਸਿੱਖ ਹੋਣ ਦਾ ਮਾਣ ਬਖਸਿਆ । ਜਿਹਨਾ ਦੀ ਯਾਦ ਵਿੱਚ ਮੁਕਤਸਰ ਸਹਿਬ ਸਹਿਰ ਦਾ ਨਿਰਮਾਣ ਹੋਇਆ । ਮੁਗਲ ਹਾਰ ਨੂੰ ਦੇਖਦਿਆ ਮੈਦਾਨੇ ਜੰਗ ਛੱਡ ਭੱਜੇ ਤੇ ਗੁਰਾ ਨੇ ਫੋਜਾ ਨੂੰ ਪਿੱਛਾ ਕਰਨ ਤੋ ਵਰਜਿਆ । ਇਸ ਯੁੱਧ ਵਿੱਚ ਮਾਈ ਭਾਗੋ ਗੰਭੀਰ ਜਖਸੀ ਹੋਈ ਪਰ ਪਤੀ ਅਤੇ ਭਰਾ ਸਹੀਦ ਹੋ ਗਏ ।
ਲੰਮੇ ਸਮੇ ਯੁੱਧ ਤੇ ਪਰਿਵਾਰ ਵਿਛੋੜੇ ਪਿਛੋ ਫੋਜਾ ਨਾਲ ਕੁਝ ਸਮੇ ਤਲਵੰਡੀ ਸਾਬੋ ਵਿਚ ਜੁਗਾਰਿਆ । ਉਸੇ ਸਮੇ ਗੁਰ ਜੀ ਦੇ ਹੁਕਮਾ ਸਦਕੇ ਮਾਤਾ ਭਾਗ ਕੌਰ ਨੇ ਨਿਹੰਗ ਬਾਣਾ ਧਾਰਨ ਕਰ ਲਿਆ ਤੇ ਆਪਣਾ ਜੀਵਨ ਸਿੱਖੀ ਪ੍ਰਚਾਰ ਨੂੰ ਸਮਰਪਤ ਕਰ ਦਿੱਤਾ ।ਗੁਰੂ ਗੋਬਿੰਦ ਸਿੰਘ ਦੇ ਹਜੂਰ ਸਹਿਬ ਜਾਣ ਸਮੇ ਮਾਤਾ ਭਾਗ ਕੌਰ ਦਸ ਖਾਸ ਸਿੰਘਾ ਵਿੱਚੋ ਇਕ ਅਹਿਮ ਮੈਬਰ ਸੀ । 7 ਅਕਤੂਬਰ 1708 ਨੂੰ ਦਸ਼ਵੇ ਪਾਤਸਾਹ ਦੇ ਅਕਾਲ ਚਲਾਣੇ ਪਿਛੋ ਨਦੇੜ ਛੱਡ ਦੱਖਣ ਵੱਲ ਚਾਲੇ ਪਾ ਦਿੱਤੇ । ਨਾਨਕ ਝੀਰਾ ਬਿਦਰ ( ਕਰਨਾਟਕ ) ਤੋ 11 ਕਿ:ਮੀ ਦੂਰ ਜਨਵਾੜਾ ਵਿੱਚ ਡੇਰਾ ਸ਼ਥਾਪਤ ਕਰ ਲਿਆ ਜਿਥੇ ਗੁਰਮੱਤ ਦਾ ਗਿਆਨ ਤੇ ਧਿਆਨ ਕੇਂਦਰ ਸੁਰੂ ਕੀਤਾ। ਜਪ ਤਪ ਅਤੇ ਆਖਰੀ ਸ਼ੁਵਾਸ ਨਾਲ ਜੁੜੇ ਹੋਣ ਕਾਰਨ ਇਥੇ ਗੁਰਦੁਵਾਰਾ ਤਪ ਸਥਾਨ ਮਾਈ ਭਾਗੋ ਉਸਾਰ ਦਿੱਤਾ । 1788 ਵਿੱਚ ਜਥੇਦਾਰ ਮੋਹਨ ਸਿੰਘ ਨੇ ਹਜੂਰ ਸਹਿਬ ਦੀ ਰਹਾਇਸ ਨੂੰ ਬੁੰਗਾ (ਜੰਗੀ ਬੁਰਜ) ਮਾਈ ਭਾਗੋ ਦਾ ਗੁਰਦੁਵਾਰਾ ਸਥਾਪਤ ਕੀਤਾ । ਕੁਲ ਆਲਮ ਲਈ ਮਾਈ ਭਾਗੋ, ਦ੍ਰਿੜਤਾ,ਬੁਲੰਦ ਹੋਸਲੇ ,ਸਹਾਦਤ ਅਤੇ ਨਿਰਸੁਵਾਰਥ ਸੇਵਾ ਭਾਵਨਾ ਕਰਕੇ ਮਾਣਯੋਗ ਤੇ ਪ੍ਰੇਰਨਾ ਸ੍ਰੋਤ ਹੈ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ, ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ
adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.