ਅੱਜ ਸਵੇਰੇ ਪਰਮਜੀਤ ਸਿੰਘ ਗਰੇਵਾਲ (ਪੰਮੀ) ਦਾ ਤੜਕਸਾਰ ਟੋਰੰਟੋ ਤੋਂ ਫ਼ੋਨ ਆਇਆ। ਉਸ ਦੱਸਿਆ ਕਿ ਹੁਣ ਮੈਂ ਕੈਲੇਫੋਰਨੀਆ ਤੋਂ ਟੋਰਾਂਟੋ ਆ ਗਿਆ। ਬੇਟੇ ਸ਼ਵੀ ਕੋਲ।
ਬਹੁਤ ਗੱਲਾਂ ਕੀਤੀਆਂ। ਖੇਤੀ, ਖੇਡਾਂ ਤੇ ਜੀਆ ਜੰਤ ਬਾਰੇ। ਅੱਧੀ ਸਦੀ ਦੀ ਸਾਂਝ ਦੇ ਹਵਾਲੇ ਨਾਲ।
ਸ਼ਮਸ਼ੇਰ ਨੂੰ ਚੇਤੇ ਕੀਤਾ। ਉਹਦੇ ਨਾਨਕੇ ਵੀ ਕਿਲ੍ਹਾ ਰਾਏਪੁਰ ਹਨ, ਮੇਰੇ ਪੁੱਤਰ ਵਾਂਗ।
ਪੰਮੀ ਪੁੱਛਣ ਲੱਗਾ, ਇਹ ਕਾਰਪੋਰੇਟ ਘਰਾਣੇ ਪੰਜਾਬ ਦਾ ਕੀ ਨੁਕਸਾਨ ਕਰ ਸਕਦੇ ਹਨ। ਮੈਂ ਕਿਹਾ ਮੈਨੂੰ ਪੁੱਛ ਨਾ, ਸਗੋਂ ਦੱਸ। ਤੇਰਾ ਤਜ਼ਰਬਾ ਮੌਲਿਕ ਹੈ।
ਤੂੰ ਲੰਮਾ ਸਮਾਂ ਕਿਲ੍ਹਾ ਰਾਏਪੁਰ ਖੇਡਾਂ ਦਾ ਸਕੱਤਰ ਰਿਹੈਂ।
ਯਾਦ ਕਰ ਜਦ ਪੁਰਾਣੇ ਬਜ਼ੁਰਗ ਥੋੜੇ ਥੋੜੇ ਪੈਸੇ ਪੱਲਿਉਂ ਇਕੱਠੇ ਕਰਕੇ ਪੂਰੀ ਰੂਹ ਨਾਲ ਸਾਰਾ ਟੱਬਰ ਖੇਡਾਂ ਕਰਦੇ ਕਰਵਾਉਂਦੇ ਸਨ। ਫਿਰ ਕਲਕੱਤੇ ਦੀ ਕਮਾਈ ਆ ਵੜੀ। ਪਿੰਡ ਵਾਲੀ ਉਗਰਾਹੀ ਨਿੱਕੀ ਹੋ ਗਈ। ਉਤਸ਼ਾਹ ਸਲਾਭਿਆ ਗਿਆ। ਵਿਅਕਤੀ ਤੇ ਸਰਮਾਇਆ ਵੇਲਾਂ ਕਰਵਾਉਣ ਲੱਗੇ।
ਫਿਰ ਪਰਦੇਸੀ ਪੈਸਾ ਆਉਣ ਲੱਗਾ। ਕਲਕੱਤਾ ਪਿੱਛੇ ਪੈ ਗਿਆ। ਫਿਰ ਪੁਲੀਸ ਤੰਤਰ ਨੇ ਵੀ ਸਾਰੇ ਫਿੱਕੇ ਪਾਏ।
ਬਹੁ ਕੌਮੀ ਕੰਪਨੀਆਂ ਨੇ ਪੂਰੀਆਂ ਖੇਡਾਂ ਦੀ
ਖਰਚਾ ਤਾਰ ਕੇ ਲੋਕ ਸਰਦਾਰੀ ਖੋਹ ਲਈ।
ਪੈਸੇ ਨੇ ਭਾਈਚਾਰਾ ਵੀ ਤਾਰ ਤਾਰ ਕੀਤਾ। ਬੰਦਾ ਨਿੱਕਾ ਹੋ ਗਿਆ। ਮੀਡੀਆ ਦੇ ਕਚਘਰੜ ਤਮਾਸ਼ਬੀਨਾਂ ਦੀ ਭੁੱਖ ਨੇ ਖੇਡਾਂ ਦਾ ਸਰੂਪ ਬਦਲਿਆ। ਹਾਕੀ ਦਾ ਮੈਦਾਨ ਉਦਾਸ ਰਹਿੰਦਾ ਪਰ ਅਖ਼ਬਾਰਾਂ ਦੇ ਮੁੱਖ ਸਫ਼ਿਆਂ ਤੇ ਭੇਡੂ ਬਾਘੀਆਂ ਪਾਉਂਦੇ। ਕਾਰਪੋਰੇਟ ਦੀ ਅਮਰਵੇਲ ਉਤਸ਼ਾਹ ਤੇ ਚਾਅ ਖਾ ਗਈ। ਵਿਦੇਸ਼ੀ ਚੈਨਲਾਂ ਤੇ ਅੰਗਰੇਜ਼ੀ ਹਿੰਦੀ ਚੈਨਲਜ਼ ਨੇ ਵਰਨੈਕੂਲਰ ਅਖ਼ਬਾਰ ਧੁੰਦਲੇ ਕਰ ਦਿੱਤੇ।
ਉਹ ਵੀ ਦਿਨ ਸਨ ਜਦ ਖੇਡਾਂ ਦੇ ਦਿਨਾਂ ਚ ਹਰ ਘਰ ਵੀਹ ਵੀਹ ਮਹਿਮਾਨ ਠਹਿਰਦੇ ਸਨ। ਹੁਣ ਖੇਡ ਮੈਦਾਨ ਉਦਾਸ ਨੇ।
ਤੁਹਾਡੀ ਰੀਸ ਨਾਲ ਬਾਕੀ ਖੇਡ ਮੇਲੇ ਵੀ ਬੇਢੰਗੀ ਚਾਲ ਤੁਰਨ ਲੱਗ ਪਏ।
ਸਵੇਰ ਸਾਰ ਪ੍ਰਭਾਤੀ ਗਾਉਂਦੇ ਗਿਰ ਦਰਵੇਸ਼ ਗਾਉਂਦੇ ਹੁੰਦੇ ਸਨ।
ਕਈ ਤਰ ਗਏ,
ਕਈਆਂ ਨੇ ਤਰ ਜਾਣਾ
ਜਿੰਨ੍ਹਾਂ ਨੇ ਤੇਰਾ ਨਾਮ ਜਪਿਆ।
ਪਰ ਕਾਰਪੋਰੇਟ ਵਿਹਾਰ ਨਾਲ ਪੰਜਾਬ ਹੀ ਨਹੀਂ ਪੂਰੇ ਮੁਲਕ ਦੀ ਰ਼ਫਤਾਰ ਤਬਦੀਲ ਹੋ ਰਹੀ ਹੈ।
ਮੈਨੂੰ ਲੱਗਦੈ,
ਕਾਰਪੋਰੇਟ ਹਮਲੇ ਤੋਂ ਬਾਦ ਦਰਵੇਸ਼ਾਂ ਨੀੰ ਗਾਉਣਾ ਪਵੇਗਾ।
ਕਈ ਡੁੱਬ ਗਏ
ਕਈਆਂ ਨੇ ਡੁੱਬ ਜਾਣਾ
ਜਿੰਨਾਂ ਨੇ ਤੇਰਾ ਨਾਮ ਜਪਿਆ।
ਦਿੱਲੀ ਕਾਰਪੋਰੇਟ ਦਾ ਸੌਦਾ ਵੇਚਦੀ ਹੈ ਚੰਗਾ ਚੰਗਾ ਕਹਿ ਕੇ। ਦਲਾਲ ਹੋਕਾ ਦੇ ਰਹੇ ਨੇ ਕਿ ਇਹ ਕਿਸਾਨ ਪੱਖੀ ਵਿਧਾਨ ਬਣਿਆ ਹੈ। ਪਰ ਪੰਜਾਬ ਜਾਣਦਾ ਹੈ ਕਿ ਹਰ ਚਾਕੂ ਖਰਬੂਜਾ ਹੀ ਚੀਰਦਾ ਹੈ। ਸਾਡਾ ਬਹੁਤ ਕੁਝ ਖ਼ਤਰੇ ਅਧੀਨ ਹੈ। ਖੇਤ, ਖੇਤੀ, ਕਿਰਤ ਕਿਰਤੀ, ਦਾਣਾ ਪਾਣੀ ਤੇ ਦਿਹਾੜੀਦਾਰ ਦਾ ਕਿੰਨਾ ਕੁਝ ਖੁੱਸਣ ਦੇ ਮੌਕੇ ਵਧਣਗੇ।
ਪੰਜਾਬ ਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਮੁਹਾਂਦਰਾ ਵਿਗਾੜ ਦੇਣਗੇ। ਰਾਹ ਖਹਿੜੇ ਤੇ ਵਣ ਤ੍ਰਿਣ ਕੰਬ ਰਹੇ ਨੇ। ਪੰਜਾਬ ਐਵੇਂ ਨਹੀਂ ਲੋਹਾ ਲਾਖਾ ਹੋ ਰਿਹਾ।
ਸਾਡੇ ਕਿਸਾਨ ਕਾਗ਼ਜ਼ ਤੇ ਲਕੀਰ ਭਾਵੇਂ ਸਿੱਧੀ ਲਕੀਰ ਨਾ ਵਾਹ ਸਕਣ ਪਰ ਸਿਆੜ ਸਿੱਧਾ ਕੱਢਦੇ ਹਨ ਸਿੱਧੀ ਨੀਅਤ ਨਾਲ।
ਦਿੱਲੀ ਦੇ ਹੁਕਮਰਾਨ ਤੇ ਸ਼ਾਤਰ ਅਧਿਕਾਰੀ ਸਿੱਧੇ ਪੱਧਰੇ ਵੀਰਾਂ ਨੇ ਵਾਹਣੋ ਵਾਹਣ ਪਾਏ ਹੋਏ ਨੇ।
ਕਾਰਪੋਰੇਟ ਦਾ ਪੈਸਾ ਸਿਰ ਚੜ੍ਹ ਬੋਲ ਰਿਹੈ। ਮੈਨੂੰ ਆਪਣੇ ਬਾਪੂ ਜੀ ਦੀ ਸਾਫ਼ ਗੱਲ ਚੇਤੇ ਆ ਰਹੀ ਹੈ।
ਉਹ ਕਹਿੰਦੇ ਸਨ
ਮੂੰਹ ਖਾਵੇ ਤਾਂ ਅੱਖਾਂ ਸ਼ਰਮਾਉਣ
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ।
ਤਾਂਹੀਉਂ ਦਿੱਲੀ ਦੂਰ ਬੜੀ ਹੈ।
ਮੈਂ ਕਿਹਾ , ਪੰਮੀ ਸਿੰਹਾਂ, ਹੁਣ ਨਾ ਪੁੱਛੀਂ ਮੈਨੂੰ ਕਾਰਪੋਰੇਟ ਪੰਜਾਬ ਨਾਲ ਕੀ ਕਰੂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.