ਦਿੱਲੀ ਦੀਆਂ ਸਰਹੱਦਾਂ ਉਪਰ ਚਲ ਰਿਹਾ ਕਿਸਾਨ ਅੰਦੋਲਨ ਕਈ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਇਕ ਕਿਸਮ ਨਾਲ ਸ਼ਾਂਤਮਈ ਇਨਕਲਾਬ ਦੀ ਨੀਂਹ ਰੱਖੀ ਗਈ ਹੈ। ਪੰਜਾਬੀਆਂ ਦੇ ਖ਼ੂਨ ਵਿਚ ਲੜਨ ਮਰਨ ਦਾ ਜ਼ਜਬਾ, ਲਗਨ, ਦਿ੍ਰੜ੍ਹਤਾ, ਜੋਸ਼, ਅਖ਼ਰੋਸ਼ ਦਲੇਰੀ ਅਤੇ ਹਿੰਮਤ ਨਾ ਹਾਰਨ ਦੀ ਪ੍ਰਵਿਰਤੀ ਹੈ, ਜਿਸ ਕਰਕੇ ਉਹ ਜੋ ਪ੍ਰਣ ਕਰ ਲੈਣ ਉਸਦੀ ਪ੍ਰਾਪਤੀ ਤੋਂ ਬਿਨਾ ਪਿਛੇ ਨਹੀਂ ਹੱਟਦੇ। ਸਬਰ, ਸੰਤੋਖ, ਸ਼ਹਿਨਸ਼ੀਲਤਾ ਅਤੇ ਸਰਬਤ ਦਾ ਭਲਾ ਕਰਨ ਦੀ ਭਾਵਨਾ ਵੀ ਗੁਰੂਆਂ ਨੇ ਉਨ੍ਹਾਂ ਵਿਚ ਪ੍ਰਜਵਲਿਤ ਕੀਤੀ ਹੋਈ ਹੈ ਪ੍ਰੰਤੂ ਜਦੋਂ ਜ਼ੁਲਮ ਵੱਧ ਜਾਵੇ ਤਾਂ ਸ਼ਮਸ਼ੀਰ ਚੁਕਣ ਦਾ ਸਿਧਾਂਤ ਵੀ ਗੁਰੂ ਸਾਹਿਬ ਨੇ ਦਿੱਤਾ ਹੈ।
ਇਸਦਾ ਸਬੂਤ ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿਚ ਪੰਜਾਬੀਆਂ ਦੇ ਯੋਗਦਾਨ ਤੋਂ ਸਾਫ ਹੋ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਹੱਦਾਂ ਤੇ ਭਾਵੇਂ ਪਾਕਿਸਤਾਨ ਅਤੇ ਚੀਨ ਦੀ ਲੜਾਈ ਹੋਵੇ ਹਮੇਸ਼ਾ ਪੰਜਾਬੀਆਂ ਨੇ ਮੋਹਰੀ ਦੀ ਭੂਮਿਕਾ ਨਿਭਾਕੇ ਮੱਲਾਂ ਮਾਰੀਆਂ ਹਨ। ਪਾਕਿਸਤਾਨ ਵਿਚੋਂ ਬੰਗਲਾ ਦੇਸ਼ ਨੂੰ ਵੱਖਰਾ ਦੇਸ਼ ਬਣਾਉਣ ਦੀ ਲੜਾਈ ਵਿਚ ਇਕ ਲੱਖ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਵਾਉਣ ਵਾਲੇ ਜਗਜੀਤ ਸਿੱਘ ਅਰੋੜਾ ਵੀ ਪੰਜਾਬੀ ਹੀ ਸਨ। ਵਿਰੋਧੀਆਂ ਤੋਂ ਹਥਿਆਰ ਸੁਟਵਾਉਣ ਦਾ ਤਜਰਬਾ ਪੰਜਾਬੀਆਂ ਕੋਲ ਹੈ। ਕਿਸਾਨ ਅੰਦੋਲਨ ਵੀ ਕੇਂਦਰ ਸਰਕਾਰ ਦੇ ਜ਼ੁਲਮ ਦੇ ਵਿਰੋਧ ਦਾ ਹੀ ਨਤੀਜਾ ਹੈ। ਕਿਸਾਨ ਅੰਦੋਲਨ ਵਿਚ ਵੀ ਪੰਜਾਬੀ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ।
ਹਰਿਆਣਵੀ ਵੀ ਮੁੱਢਲੇ ਤੌਰ ਤੇ ਪੰਜਾਬੀ ਹੀ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾ ਦੀ ਆਮਦਨ ਵਧਾਉਣ ਦੇ ਨਾਂ ਉਪਰ ਖੇਤੀਬਾੜੀ ਨਾਲ ਸੰਬੰਧਤ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਇਸ ਅੰਦੋਲਨ ਨੇ ਪੰਜਾਬ ਦੇ ਕਿਸਾਨਾ ਦੀਆਂ 31 ਜਥੇਬੰਦੀਆਂ ਵਿਚ ਅਨੇਕਾਂ ਵਖਰੇਵੇਂ ਹੋਣ ਦੇ ਬਾਵਜੂਦ ਜਦੋਂ ਕੇਂਦਰ ਨੇ ਉਨ੍ਹਾਂ ਦੇ ਅਸਤਿਤਵ ਨੂੰ ਹੱਥ ਪਾ ਲਿਆ ਤਾਂ ਇਕ ਮੰਚ ‘ਤੇ ਇਕੱਠੇ ਹੋ ਗਏ। ਇਸ ਤੋਂ ਵੀ ਵੱਡੀ ਗੱਲ ਇਸ ਅੰਦੋਲਨ ਨੇ ਭਾਰਤ ਦੇ ਸਮੁੱਚੇ ਕਿਸਾਨਾ ਨੂੰ ਵੀ ਲਾਮਬੰਦ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿਚ ਹੁਣ ਤੱਕ ਜਿਹੜੀ ਦੋਹਾਂ ਰਾਜਾਂ ਦੇ ਕਿਸਾਨਾ ਦੇ ਹਿਤਾਂ ਦੇ ਟਕਰਾਓ ਕਰਕੇ ਕੁੜੱਤਣ ਵਧਦੀ ਹੀ ਜਾ ਰਹੀ ਸੀ, ਉਹ ਵੀ ਖ਼ਤਮ ਕਰ ਦਿੱਤੀ ਹੈ।
ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜਕੇ ਜਦੋਜਹਿਦ ਕਰ ਰਹੇ ਹਨ। ਇਥੇ ਹੀ ਬਸ ਨਹੀਂ ਹਰਿਆਣਵੀ ਪੰਜਾਬੀ ਕਿਸਾਨਾ ਦੀ ਆਓ ਭਗਤ ਵਿਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹੁਣ ਤੱਕ ਦੇਸ ਵਿਚ ਇਤਨਾ ਵੱਡਾ, ਲੰਮਾ ਅਤੇ ਸ਼ਾਂਤਮਈ ਕੋਈ ਵੀ ਅੰਦੋਲਨ ਨਹੀਂ ਹੋਇਆ। ਇਹ ਅੰਦੋਲਨ ਇਤਿਹਾਸ ਦਾ ਹਿੱਸਾ ਬਣੇਗਾ। ਅੰਦੋਲਨ ਆਮ ਤੌਰ ਤੇ ਹਿੰਸਕ ਹੋ ਜਾਂਦੇ ਹਨ ਪ੍ਰੰਤੂ ਕਿਸਾਨਾ ਦਾ ਇਹ ਅੰਦੋਲਨ ਪੂਰਨ ਸ਼ਾਂਤਮਈ ਢੰਗ ਨਾਲ ਵੱਡਾ ਇਕੱਠ ਹੋਣ ਦੇ ਬਾਵਜੂਦ ਚਲ ਰਿਹਾ ਹੈ। ਭਾਵੇਂ ਕੇਂਦਰੀ ਏਜੰਸੀਆਂ ਨੇ ਇਸ ਅੰਦੋਲਨ ਵਿਚ ਆਪਣੇ ਬੰਦਿਆਂ ਦੀ ਘੁਸਪੈਠ ਕਰਵਾਕੇ ਅਸ਼ਾਂਤ ਕਰਨ ਦੀ ਕੋਸਿਸ਼ ਕੀਤੀ ਹੈ। ਕਿਸਾਨ ਉਨ੍ਹਾਂ ਘੁਸਪੈਠੀਆਂ ਉਪਰ ਵੀ ਹੱਥ ਨਹੀਂ ਚੁਕ ਰਹੇ।
ਉਨ੍ਹਾਂ ਘੁਸਪੈਠੀਆਂ ਨੂੰ ਸ਼ਾਂਤਮਈ ਢੰਗ ਨਾਲ ਪਕੜਕੇ ਪੁਲਿਸ ਦੇ ਸਪੁਰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਹਰ ਅੰਦੋਲਨ ਦੀ ਰਹਿਨੁਮਾਈ ਜਾਂ ਪਿਠਭੂਮੀ ਵਿਚ ਕੋਈ ਨਾ ਕੋਈ ਸਿਆਸੀ ਪਾਰਟੀ ਹੁੰਦੀ ਸੀ। ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਅੰਦੋਲਨ ਵਿਚ ਦਖ਼ਲਅੰਦਾਜ਼ੀ ਨਹੀਂ ਕਰਨ ਦਿੱਤੀ ਜਾ ਰਹੀ। ਇਥੋਂ ਤੱਕ ਕੇ ਸਟੇਜਾਂ ਦੇ ਕੋਲ ਢੁਕਣ ਹੀ ਨਹੀਂ ਦਿੱਤਾ ਜਾਂਦਾ। ਹਾਲਾਂ ਕਿ ਅੰਦੋਲਨ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਕੋਈ ਵੀ ਆਪੋ ਆਪਣੀਆਂ ਪਾਰਟੀਆਂ ਦਾ ਝੰਡਾ ਨਹੀਂ ਲਿਜਾ ਰਹੇ, ਸਿਰਫ ਕਿਸਾਨ ਯੂਨੀਅਨ ਦਾ ਇਕੋ ਇਕ ਝੰਡਾ ਲੈ ਕੇ ਜਾਣ ਦੀ ਪ੍ਰਵਾਨਗੀ ਹੈ। ਅਨੁਸ਼ਾਸਨ ਵੀ ਕਮਾਲ ਦਾ ਹੈ। ਕੋਈ ਹੁਲੜਬਾਜ਼ੀ ਨਹੀਂ।
ਸਗੋਂ ਸ਼ਾਂਤਮਈ ਰਹਿਣ ਦੀਆਂ ਅਪੀਲਾਂ ਸਟੇਜ ਤੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਹਨ। ਭਾਵੇਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਸ ਅੰਦੋਲਨ ਨੂੰ ਵਖਵਾਦੀ ਵੀ ਕਿਹਾ ਹੈ। ਪ੍ਰੰਤੂ ਦੂਜੇ ਰਾਜਾਂ ਦੇ ਕਿਸਾਨ ਕਹਿ ਰਹੇ ਹਨ ਕਿ ਜੇ ਆਪਣੇ ਹੱਕ ਮੰਗਣਾ ਵਖਵਾਦੀ ਹੈ ਤਾਂ ਉਹ ਵੀ ਵੱਖਵਾਦੀ ਹਨ। ਦੇਸ ਵਿਚ ਜਿਤਨੇ ਵੀ ਅੰਦੋਲਨ ਹੁੰਦੇ ਰਹੇ ਹਨ, ਉਨ੍ਹਾਂ ਦੀ ਅਗਵਾਈ ਮਰਦ ਹੀ ਕਰਦੇ ਰਹੇ ਹਨ ਪ੍ਰੰਤੂ ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਇਸਤਰੀਆਂ, ਬੱਚੇ, ਨੌਜਵਾਨ, ਵਿਦਿਆਰਥੀ ਅਤੇ ਬਜ਼ੁਰਗ ਵੀ ਬਰਾਬਰ ਗਿਣਤੀ ਵਿਚ ਸ਼ਾਮਲ ਹਨ। ਪੰਜਾਬ ਦੇ ਨੌਜਵਾਨਾ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਰੱਖਵਾਲੇ ਹਨ।
ਇਹ ਗੱਲ ਤਾਂ ਠੀਕ ਹੈ ਕਿ ਆਮ ਲੋਕਾਂ ਨੂੰ ਆਵਾਜਾਈ ਦੀ ਅੰਦੋਲਨ ਨਾਲ ਥੋੜ੍ਹੀ ਮੁਸ਼ਕਲ ਆ ਰਹੀ ਹੈ ਪ੍ਰੰਤੂ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਆਮ ਲੋਕ ਇਸ ਅੰਦੋਲਨ ਦੇ ਹੱਕ ਵਿਚ ਖੜ੍ਹੇ ਹਨ। ਸਮਾਜ ਦੇ ਹਰ ਵਰਗ ਦੀਆਂ ਸੰਸਥਾਵਾਂ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਇਸ ਤੋਂ ਪਹਿਲਾਂ ਸਿਰਫ ਇਕ ਅੱਧੀ ਸੰਸਥਾ ਕਿਸੇ ਵੀ ਅੰਦੋਲਨ ਦੀ ਸਪੋਰਟ ਤਾਂ ਕਰ ਦਿੰਦੀ ਸੀ ਪ੍ਰੰਤੂ ਉਸ ਵਿਚ ਸ਼ਾਮਲ ਨਹੀਂ ਹੁੰਦੀ ਸੀ। ਇਸ ਅੰਦੋਲਨ ਵਿਚ ਦੇਸ ਅਤੇ ਖਾਸ ਤੌਰ ਤੇ ਪੰਜਾਬ ਦੀ ਕੋਈ ਅਜਿਹੀ ਸੰਸਥਾ ਨਹੀਂ ਜਿਹੜੀ ਸ਼ਾਮਲ ਨਾ ਹੋ ਰਹੀ ਹੋਵੇ। ਮੁੱਖ ਤੌਰ ਤੇ ਕਲਾਕਾਰ, ਡਾਕਟਰ, ਵਕੀਲ, ਸਮਾਜ ਸੇਵੀ ਸੰਸਥਾਵਾਂ, ਪੈਰਾ ਮੈਡੀਕਲ ਸਭਾਵਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੰਸਥਾਵਾਂ, ਸਾਬਕਾ ਨੌਕਰਸ਼ਾਹ, ਸਾਬਕਾ ਫੌਜੀ ਅਧਿਕਾਰੀ, ਸਾਹਿਤਕਾਰ, ਪੱਤਰਕਾਰ, ਵਿਦਿਆਰਥੀ ਜਥੇਬੰਦੀਆਂ, ਨਿਹੰਗ ਸਿੰਘ ਅਤੇ ਵੱਖ ਵੱਖ ਖੇਤਰਾਂ ਦੇ ਮਹੱਤਵਪੂਰਨ ਵਿਅਕਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਿਹੜੇ ਪੁਰਸਕਾਰ ਮਿਲੇ ਹੋਏ ਸਨ, ਉਨ੍ਹਾਂ ਨੂੰ ਵਿਰੋਧ ਕਰਕੇ ਵਾਪਸ ਕਰ ਰਹੇ ਹਨ। ਭਾਰਤ ਦੇ ਇਤਿਹਾਸ ਵਿਚ ਕਿਸੇ ਵੀ ਅੰਦੋਲਨ ਨੂੰ ਇਤਨਾ ਸਮਰਥਨ ਨਹੀਂ ਮਿਲਿਆ ਜਿਤਨਾ ਇਸ ਅੰਦੋਲਨ ਨੂੰ ਮਿਲ ਰਿਹਾ ਹੈ।
ਵਿਦੇਸ਼ਾਂ ਵਿਚ ਜਿਹੜੇ ਪਰਵਾਸੀ ਵਸੇ ਹੋਏ ਹਨ, ਉਹ ਵੀ ਉਥੇ ਕਿਸਾਨਾ ਨਾਲ ਹਮਦਰਦੀ ਪ੍ਰਗਟਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸਾਨ ਅੰਦੋਲਨ ਲਈ ਆਰਥਿਕ ਮਦਦ ਵੀ ਕਰ ਰਹੇ ਹਨ। ਅਮਰੀਕਾ ਵਿਚੋਂ ਕਿਸਾਨਾ ਦੀ ਹੌਸਲਾ ਅਫਜਾਈ ਲਈ ਟੁੱਟ ਭਰਾਵਾਂ ਨੇ 25 ਕਵਿੰਟਲ ਬਦਾਮ ਭੇਜੇ ਦੇ ਕੁਝ ਹੋਰ ਲੋਕਾਂ ਨੇ ਦਸ ਕਵਿੰਟਲ ਬਦਾਮ ਭੇਜੇ ਹਨ। ਵੈਸੇ ਤਾਂ ਕਿਸਾਨ ਆਪੋ ਆਪਣੇ ਜਥਿਆਂ ਲਈ ਲੰਗਰ ਦਾ ਪ੍ਰਬੰਧ ਕਰਕੇ ਗਏ ਹਨ, ਫਿਰ ਵੀ ਪੰਜਾਬ ਅਤੇ ਦੂਜੇ ਰਾਜਾਂ ਵਿਚੋਂ ਲੰਗਰ ਦਾ ਸਾਮਾਨ ਲਗਾਤਾਰ ਪਹੁੰਚ ਰਿਹਾ ਹੈ। ਕਈ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਚਲ ਰਹੇ ਹਨ।
ਚਾਹ ਦੇ ਨਾਲ ਦੁੱਧ, ਖੀਰ, ਜਲੇਬੀਆਂ, ਫਲ, ਕਾਜੂ, ਬਦਾਮ, ਸੌਗੀ, ਲੱਸੀ, ਦਹੀਂ, ਮੱਖਣ, ਗੁੜ ਦੀਆਂ ਪਿੰਨੀਆਂ ਅਤੇ ਹੋਰ ਅਨੇਕ ਕਿਸਮ ਦੇ ਪਕਵਾਨ ਤਿਆਰ ਹੋ ਰਹੇ ਹਨ। ਬਾਹਰਲੇ ਸੂਬਿਆਂ ਵਿਚੋਂ ਕੁਝ ਨੌਜਵਾਨਾ ਨੇ ਆ ਕੇ ਲੰਗਰ ਲਾਇਆ ਹੋਇਆ ਹੈ, ਜਿਸ ਵਿਚ ਚਪਾਤੀਆਂ ਅਤੇ ਚਾਉਲ ਬਣਾਉਣ ਵਾਲੀਆਂ ਮਸ਼ੀਨਾ ਲਿਆਂਦੀਆਂ ਹੋਈਆਂ ਹਨ। ਉਸ ਲੰਗਰ ਵਿਚ ਹਰ ਰੋਜ 25 ਹਜ਼ਾਰ ਕਿਸਾਨ ਲੰਗਰ ਛਕ ਰਹੇ ਹਨ। ਇਹ ਨੌਜਵਾਨ ਕਿਸਾਨਾ ਨੂੰ ਲੰਗਰ ਉਨ੍ਹਾਂ ਦੇ ਧਰਨਿਆਂ ਵਾਲੇ ਥਾਂ ਤੇ ਵੀ ਪਹੁੰਚਾ ਦਿੰਦੇ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਅਗਾਊਂ ਸੂਚਨਾ ਦੇ ਦਿੱਤੀ ਜਾਵੇ ਕਿ ਕਿਤਨਾ ਲੰਗਰ ਲੋੜੀਂਦਾ ਹੈ।
ਇਨ੍ਹਾਂ ਲੰਗਰਾਂ ਦੀ ਇਕ ਵਿਲੱਖਣਤਾ ਇਹ ਵੀ ਹੈ ਕਿ ਕਿਸਾਨਾ ਤੋਂ ਬਿਨਾ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਬਹੁਤ ਸਾਰੇ ਗਰੀਬ ਲੋਕ ਵੀ ਆ ਕੇ ਲੰਗਰ ਛੱਕ ਰਹੇ ਹਨ। ਕਿਸਾਨਾ ਦੀ ਖੁਲ੍ਹਦਿਲੀ ਵੀ ਕਮਾਲ ਦੀ ਹੈ ਕਿ ਉਹ ਉਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਵੀ ਲੰਗਰ ਛਕਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਉਪਰ ਪਾਣੀ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਗੋਲੇ ਸੁਟੇ ਸਨ। ਗੈਸ ਏਜੰਸੀਆਂ ਲੰਗਰ ਤਿਆਰ ਕਰਨ ਲਈ ਗੈਸ ਦੇ ਸਿਲੰਡਰ ਮੁਫਤ ਦੇ ਰਹੀਆਂ ਹਨ। ਕੰਬਲ, ਜਰਸੀਆਂ, ਜੁਰਾਬਾਂ ਅਤੇ ਜੈਕਟਾਂ ਵੰਡੀਆਂ ਜਾ ਰਹੀਆਂ ਹਨ। ਲੰਗਰਾਂ ਵਿਚ ਲੋਕ ਸਵੈ ਇਛਾ ਨਾਲ ਆ ਕੇ ਕੰਮ ਕਰ ਰਹੇ ਹਨ। ਇਕ ਹੋਰ ਕਮਾਲ ਦੀ ਗੱਲ ਹੈ ਕਿ ਸਾਰੇ ਧਰਨਿਆਂ ਵਿਚ ਸਫਾਈ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਹੈ। ਸਫਾਈ ਦਾ ਪ੍ਰਬੰਧ ਨੌਜਵਾਨਾ ਅਤੇ ਬਜ਼ੁਰਗਾਂ ਨੇ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ। ਅਨੁਸ਼ਾਸ਼ਨ ਵੀ ਬਿਹਤਰੀਨ ਹੈ।
ਪ੍ਰਬੰਧਕਾਂ ਨੇ ਹਰ ਕੰਮ ਕਰਨ ਲਈ ਟੀਮਾ ਬਣਾਈਆਂ ਹੋਈਆਂ ਹਨ। ਡਾਕਟਰਾਂ ਦੀਆਂ ਟੀਮਾ ਸਵੈ ਇਛਾ ਨਾਲ ਡਾਕਟਰੀ ਸਹੂਲਤਾਂ ਚੌਵੀ ਘੰਟੇ ਦੇ ਰਹੀਆਂ ਹਨ। ਇਸਤਰੀਆਂ ਦੇ ਇਸ਼ਨਾਨ ਕਰਨ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਹਨ। ਨੇੜੇ ਦੇ ਹੋਟਲ ਮਾਲਕਾਂ ਨੇ ਆਪਣੇ ਹੋਟਲ ਇਸਤਰੀਆਂ ਲਈ ਮੁਫਤ ਵਿਚ ਦੇ ਦਿੱਤੇ ਹਨ। ਹੈ। ਪੰਜਾਬ ਵਿਚੋਂ ਬੱਸਾਂ ਦੇ ਮਾਲਕਾਂ ਨੇ ਹਰ ਰੋਜ਼ ਮੁਫਤ ਬੱਸਾਂ ਜਿਲ੍ਹਾ ਹੈਡ ਕੁਆਟਰਾਂ ਤੋਂ ਦਿੱਲੀ ਜਾਣ ਅਤੇ ਵਾਪਸ ਲਿਆਉਣ ਲਈ ਦੇ ਦਿੱਤੀਆਂ ਹਨ। ਪੈਟਰੌਲ ਪੰਪਾਂ ਦੇ ਮਾਲਕ ਕਿਸਾਨਾ ਦੇ ਟਰੈਕਟਰਾਂ ਵਿਚ ਡੀਜ਼ਲ ਮੁਫ਼ਤ ਪਾ ਰਹੇ ਹਨ। ਕੁਝ ਲੋਕ ਟਰੈਕਟਰਾਂ ਵਿਚ ਮੁਫਤ ਡੀਜ਼ਲ ਪਾ ਰਹੇ ਹਨ। ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ।
ਹੁਣ ਤੱਕ ਕਿਸਾਨਾ ਦੀਆਂ ਮੰਤਰੀਆਂ ਨਾਲ ਪੰਜ ਮੀਟਿੰਗਾਂ ਹੋ ਚੁਕੀਆਂ ਹਨ ਪ੍ਰੰਤੂ ਮੀਟਿੰਗਾਂ ਵਿਚ ਕਿਸਾਨ ਸਰਕਾਰੀ ਚਾਹ ਅਤੇ ਖਾਣਾ ਨਹੀਂ ਖਾ ਰਹੇ। ਉਹ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਹਨ। ਗੋਦੀ ਮੀਡੀਆ ਸਹੀ ਖਬਰਾਂ ਨਾ ਦੇਣ ਕਰਕੇ ਬਦਨਾਮੀ ਖੱਟ ਰਿਹਾ ਹੈ। ਇਸ ਅੰਦੋਲਨ ਨੂੰ ਸਮੁਚੇ ਸੰਸਾਰ ਵਿਚੋਂ ਸਪੋਰਟ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਸਾਨਾ ਦੇ ਮਨੁਖੀ ਅਧਿਕਾਰਾਂ ਦੇ ਹੱਕ ਵਿਚ ਬਿਆਨ ਦਿੱਤਾ ਹੈ। ਇੰਗਲੈਂਡ ਦੇ 36 ਸੰਸਦ ਮੈਂਬਰਾਂ ਨੇ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇੰਗਲੈਂਡ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿਸਾਨਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਪਹੁੰਚ ਕਰਨ ਲਈ ਕਿਹਾ ਹੈ।
ਯੂ ਐਨ ਓ ਦੇ ਪ੍ਰਤੀਨਿਧ ਨੇ ਵੀ ਕਿਹਾ ਹੈ ਕਿ ਕਿਸਾਨਾ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਹੈ। ਕਹਿਣ ਤੋਂ ਭਾਵ ਇਹ ਪਹਿਲਾ ਅਜਿਹਾ ਅੰਦੋਲਨ ਹੈ ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁਲ੍ਹਕੇ ਸਪੋਰਟ ਕਰ ਰਹੇ ਹਨ। ਕੇਂਦਰ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਪਿਛੇ ਅਹੰਕਾਰ ਦੀ ਪ੍ਰਵਿਰਤੀ ਛੁਪੀ ਹੋਈ ਹੈ। ਪੰਜਾਬ ਦਾ ਤਾਂ ਬੱਚਾ ਬੱਚਾ ਇਸ ਅੰਦੋਲਨ ਨਾਲ ਜੁੜਿਆ ਹੋਇਆ ਪੰਜਾਬ ਦੇ ਸਾਰੇ ਅਖਬਾਰ ਇਸ ਅੰਦੋਲਨ ਨੂੰ ਪੂਰੀ ਕਵਰੇਜ ਦੇ ਰਹੇ ਹਨ। ਹੁਣ ਦਿੱਲੀ ਦਾ ਮੀਡੀਆ ਵੀ ਹੌਲੀ ਹੌਲੀ ਸਮਰਥਨ ਕਰਨ ਲਈ ਅੱਗੇ ਆ ਰਿਹਾ ਹੈ। ਤੇਲ ਵੇਖੋ ਤੇ ਤੇਲ ਦੀ ਘਾਰ ਵੇਖੋ ਨਤੀਜਾ ਕੀ ਨਿਕਲਦਾ ਹੈ ਪ੍ਰੰਤੂ ਕਿਸਾਨ ਤਿੰਨੋ ਕਾਨੂੰਨਾ ਨੂੰ ਰੱਦ ਕਰਨ ਤੋਂ ਪਹਿਲਾਂ ਅੰਦੋਲਨ ਖ਼ਤਮ ਨਹੀਂ ਕਰਨਗੇ। ਇਹ ਪੱਥਰ ਤੇ ਲਕੀਰ ਦੀ ਤਰ੍ਹਾਂ ਹੈ।।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.