ਮੌਕੇ ਦੇ ਜ਼ਾਲਮ ਹੁਕਮਰਾਨਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਬਹੁਤ ਮਿਲ ਜਾਂਦੇ ਹਨ ਕਿਉਂਕਿ ਵਿਰੋਧ ਕਰਨ ਨਾਲੋਂ ਇਹ ਕੰਮ ਸੌਖਾ ਅਤੇ ਫੌਰੀ ਲਾਭ ਵਾਲਾ ਹੁੰਦਾ ਹੈ। ਸਾਰਾ ਇਤਿਹਾਸ ਫਰੋਲ ਦੇਈਏ ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਈ ਦਲੇਰੀ ਦੀ ਮਿਸਾਲ ਕਿਤੇ ਨਹੀਂ ਮਿਲਦੀ।ਤੈਮੂਰ ਦੀ ਛੇਵੀਂ ਪੀੜ੍ਹੀ ਵਿੱਚ ਹੋਏ ਤਾਕਤਵਰ ਬਾਦਸ਼ਾਹ ਬਾਬਰ ਨੇ 1504 ਵਿੱਚ ਕਾਬਲ ਉੱਪਰ ਕਬਜ਼ਾ ਕਰਨ ਉਪਰੰਤ ਹਿੰਦੁਸਤਾਨ ਉੱਪਰ ਹਮਲੇ ਸ਼ੁਰੂ ਕਰ ਦਿੱਤੇ ਅਤੇ ਉਸ ਵੇਲੇ ਦੇ ਪਠਾਣ ਹਾਕਮ ਜੋ ਦਾਰੂ ਪੀਣ ਅਤੇ ਰੰਗਰਲੀਆਂ ਮਨਾਉਣ ਵਿੱਚ ਮਸ਼ਰੂਫ ਸਨ, ਬਾਬਰ ਦਾ ਮੁਕਾਬਲਾ ਨਾ ਕਰ ਪਾਏ ਅਤੇ ਇਸ ਹਾਲਤ ਵਿੱਚ ਬਾਬਰ ਦੇ ਸਿਪਾਹੀਆਂ ਨੇ ਐਮਨਾਬਾਦ ਅਤੇ ਉਸਦੇ ਨਾਲ ਲਗਦੇ ਇਲਾਕਿਆਂ ਵਿੱਚ ਖੂਬ ਕਤਲੋਗਾਰਦ ਮਚਾਈ, ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਅਤੇ ਧੀਆਂ ਭੈਣਾਂ ਦੀ ਬੇਪੱਤੀ ਕੀਤੀ। ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਐਮਨਾਬਾਦ ਦੇ ਇਲਾਕੇ ਵਿੱਚ ਘੁੰਮ ਰਹੇ ਸਨ। ਜੇ ਉਹ ਚਾਹੁੰਦੇ ਤਾਂ ਬਾਬਰ ਦੇ ਹਮਲੇ ਦੀ ਖਬਰ ਸੁਣ ਕੇ ਉੱਥੋਂ ਖਿਸਕ ਸਕਦੇ ਸਨ। ਪਰ ਉਹਨਾਂ ਨੇ ਆਮ ਪਰਜਾ ਦੇ ਨਾਲ ਗਿਰਫਤਾਰੀ ਦਿੱਤੀ ਅਤੇ ਆਪਣੀ ਬਾਣੀ ਰਾਹੀਂ ਉਸ ਮੌਕੇ ਦੇ ਸਭ ਤੋਂ ਤਾਕਤਵਰ ਮਨੁੱਖ ਨੂੰ ਬੇਬਾਕੀ ਨਾਲ ਲਲਕਾਰਿਆ ਅਤੇ ਪ੍ਰਮਾਤਮਾ ਨੂੰ ਵੀ ਉਲ੍ਹਾਮਾ ਦਿੱਤਾ।
ਖੁਰਾਸਾਨਾ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ।।
ਆਪੈ ਦੋਸੁ ਨਾ ਦੇਈ ਕਰਤਾ, ਜਮ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ।।
ਉਹਨਾਂ ਬਾਬਰ ਨੂੰ ਪੂਰਾ ਠੋਕ ਕੇ ਉਸ ਦੁਆਰਾ ਕੀਤੇ ਜਾ ਰਹੇ ਕੁਕਰਮਾਂ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਉਹ ਕਮਜੋਰ, ਔਰਤਾਂ ਅਤੇ ਅਸਮਰੱਥ ਲੋਕਾਂ ਉੱਪਰ ਅੱਤਿਆਚਾਰ ਕਰ ਰਿਹਾ ਹੈ। ਗੁਰੂ ਨਾਨਕ ਦਾ ਕਹਿਣਾ ਸੀ ਕਿ ਜੇਕਰ ਤਕੜਾ ਤਕੜੇ ਨੂੰ ਮਾਰੇ ਤਾਂ ਮੈਨੂੰ ਕੋਈ ਅਫਸੋਸ ਨਹੀਂ, ਪਰ ਜੇਕਰ ਕੋਈ ਸ਼ੇਰ ਗਊਆਂ ਦੇ ਵੱਗ ਉੱਪਰ ਹਮਲਾ ਕਰਦਾ ਹੈ ਤਾਂ ਫਿਰ ਉੱਥੇ ਗੁੱਜਰ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਵੱਗ ਦੀ ਰੱਖਿਆ ਕਰੇ।
ਜੇਕਰ ਮੌਜੂਦਾ ਸੰਦਰਭ ਵਿੱਚ ਦੇਖੀਏ ਤਾਂ ਇੰਝ ਜਾਪਦਾ ਹੈ ਕਿ ਗੁਰੂ ਨਾਨਕ ਦੀ ਧਰਤੀ ਦੇ ਵਸਨੀਕ, ਉਸਦੇ ਵਾਰਿਸ ਅੱਜ ਫੇਰ ਆਪਣੇ ਬਾਬੇ ਵਾਂਗ ਉਦਾਸੀ ਉੱਪਰ ਨਿੱਕਲੇ ਹੋਏ ਹਨ ਅਤੇ ਕਿਸੇ ਦੀ ਵੀ ਗੱਲ ਨਾ ਸੁਣਨ ਵਾਲੀ ਮੌਜੂਦਾ ਹਾਕਮ ਜਮਾਤ ਨੂੰ ਆਪਣੀ ਗੱਲ ਸੁਣਾਉਣ ਲਈ ਤਲੀ ਉੱਪਰ ਸ਼ੀਸ਼ ਟਿਕਾ ਕੇ ਆਪਣੇ ਬਾਬੇ ਵਾਂਗ ਹੀ ਨਿੱਕਲੇ ਹੋਏ ਹਨ।
ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕੁੱਝ ਸਰਕਾਰੀ ਅਤੇ ਸਨਮਾਨ ਪ੍ਰਾਪਤ ਕੌਲੀ ਚੱਟ ਕਲਾਕਾਰਾਂ, ਲੇਖਕਾਂ ਅਤੇ ਕਵੀਆਂ ਨੂੰ ਛੱਡ ਸਮੁੱਚੇ ਲੇਖਕ ਸਾਹਿਤਕਾਰ ਬਾਬੇ ਦੇ ਵਾਰਿਸ ਬਣ ਬੈਠੇ ਹਨ। ਰਾਜ ਕਾਕੜਾ, ਸੁਰਜੀਤ ਗੱਗ, ਕੰਵਰ ਗਰੇਵਾਲ, ਗੁਰਮੀਤ ਬਾਵਾ, ਬੱਬੂ ਮਾਨ, ਹਰਭਜਨ ਮਾਨ ਆਦਿ ਬਾਬੇ ਨਾਨਕ ਦੀਆਂ ਪਾਈਆਂ ਲੀਹਾਂ ਉੱਪਰ ਚੱਲਣ ਦੀ ਕੋਸ਼ਿਸ ਕਰਦਿਆਂ ਲਿਖ ਗਾ ਰਹੇ ਹਨ।
ਹਜ਼ਾਰਾਂ ਟਰੈਕਟਰਾਂ ‘ਤੇ ਸਵਾਰ ਪੰਜਾਬ ਦੇ ਤਕਰੀਬਨ 5 ਲੱਖ ਕਿਸਾਨ, ਉਹਨਾਂ ਦੀ ਹਮਾਇਤ ਵਿੱਚ ਕਲਾਕਾਰ, ਸਾਹਿਤਕਾਰ ਅਤੇ ਸਮਾਜ ਦੇ ਹੋਰ ਵਰਗ ਹਾਕਮਾਂ ਦੁਆਰਾ ਲਾਏ ਬੈਰੀਕੇਡਾਂ, ਰੋਕਾਂ ਅਤੇ ਜਲਤੋਪਾਂ ਨੂੰ ਮਿੱਧਦੇ ਹੋਏ ਇੰਝ ਲੱਗ ਰਹੇ ਸਨ ਜਿਵੇਂ ਗੁਰੂ ਨਾਨਕ ਦੇ ਵਾਰਿਸ ਕਿਸੇ ਨਵੀਂ ਮੁਹਿੰਮ ‘ਤੇ ਨਿੱਕਲੇ ਹੋਣ ਅਤੇ ਗੁਰੂ ਨਾਨਕ ਵਾਂਗ ਹੀ ਕਿਸੇ ਅਗਿਆਨਤਾ ਦੇ ਹਨ੍ਹੇਰੇ ‘ਚ ਘਿਰੇ ਮਨੁੱਖ ਦੇ ਵਹਿਮ ਕੱਢਣ ਚੱਲੇ ਹੋਣ।
ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਹਾਕਮ ਜਿਸਨੇ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਪੂੰਜੀਪਤੀਆਂ ਦਾ ਹੱਥਠੋਕਾ ਬਣ ਕੇ ਹਰ ਇੱਕ ਸਰਕਾਰੀ ਮਹਿਕਮੇ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਅਤੇ ਆਪਣੇ ਮੁੱਠੀ ਭਰ ਕਾਰਪੋਰੇਟ ਯਾਰਾਂ ਨੂੰ ਲਾਭ ਪਹੁੰਚਾਉਣ ਲਈ ਨਿੱਜੀ ਕਰਨ ਦੇ ਰਾਹ 'ਤੇ ਤੁਰਿਆ ਹੋਇਆ। ਚਾਹੇ ਭਾਰਤ ਪੈਟਰੋਲੀਅਮ ਹੋਵੇ, ਭਾਰਤ ਸੰਚਾਰ ਨਿਗਮ ਲਿਮਟਡ ਹੋਵੇ, ਕੋਲੇ ਦੀਆਂ ਖਾਨਾਂ ਹੋਣ, ਹਵਾਈ ਅੱਡੇ ਹੋਣ ਜਾਂ ਸਰਕਾਰੀ ਬੈਂਕਾਂ ਹੋਣ। ਪਰ ਹੁਣ ਇਸਦਾ ਪੰਗਾ ਬਾਬੇ ਦੇ ਹਲਵਾਹ ਪੁੱਤਰਾਂ ਨਾਲ ਪੈ ਗਿਆ। ਇਸ ਨੇ ਸੋਚਿਆ ਕਿ ਇਹਨਾਂ ਦੇ ਖੇਤ ਜ਼ਮੀਨਾਂ ਖੋਹ ਕੇ ਵੀ ਮੈਂ ਆਪਣੇ ਯਾਰਾਂ ਨੂੰ ਖੁਸ਼ ਕਰ ਦੇਵਾਂ।
ਪਰ ਜਦੋਂ ਕਿਸਾਨਾਂ ਨੂੰ ਬੰਦੇ ਬਹਾਦਰ ਦੁਆਰਾ ਦਿੱਤੀਆਂ ਜ਼ਮੀਨਾਂ ਖੁੁੱਸਦੀਆਂ ਨਜਰ ਆਈਆਂ ਤਾਂ ਉਹ ਵਾਹੁਣ ਬੀਜਣ ਵਾਲੇ ਟਰੈਕਟਰਾਂ ਤੇ ਸਵਾਰ ਹੋ ਕੇ ਕੇਂਦਰੀ ਹਕੂਮਤ ਦੇ ਨੱਕ ਵਿੱਚ ਦਮ ਕਰਨ ਲਈ ਰਾਜਧਾਨੀ ਅੱਪੜ ਗਏ ਤੇ ਪੰਜ ਦਿਨਾਂ ਤੋਂ ਦਿੱਲੀ ਦਾ ਸਾਹ ਘੁੱਟੀ ਬੈਠੇ ਹਨ।ਜੋ ਦਿੱਲੀ ਪਹਿਲਾਂ ਗੱਲ ਕਰਨ ਨੂੰ ਜਾਂ ਸੁਣਨ ਨੂੰ ਤਿਆਰ ਨਹੀਂ ਸੀ ਹੁਣ ਉਹ ਨਾਨਕ ਦੇ ਵਾਰਿਸਾਂ ਨੂੰ ਬਿਨਾਂ ਸ਼ਰਤ ਗੱਲ ਕਰਨ ਦੇ ਸੁਨੇਹੇ ਘੱਤ ਰਹੀ ਹੈ। ਗੁਰੂ ਨਾਨਕ ਦਾ ਫਲਸਫਾ ਰਹਿੰਦੀ ਦੁਨੀਆਂ ਤੱਕ ਉਸਦੇ ਵਾਰਿਸਾਂ ਨੂੰ ਅੱਤ ਅਤੇ ਜ਼ੁਲਮ ਖਿਲ਼ਾਫ ਖੜ੍ਹਾ ਕਰਦਾ ਰਹੇਗਾ ਅਤੇ ਮੌਜੂਦਾ ਕਿਸਾਨਾਂ ਦੁਆਰਾ ਕੀਤੀ ‘ਦਿੱਲੀ ਉਦਾਸੀ’ ਅਤੇ ਘੇਰਾਬੰਦੀ ਵੀ ਆਉਣ ਵਾਲੇ ਸਮੇਂ ਵਿੱਚ ਨਸਲਾਂ ਦਾ ਪ੍ਰੇਰਨਾਸਰੋਤ ਬਣਦੀ ਰਹੇਗੀ।
-
ਮਨਿੰਦਰਜੀਤ ਸਿੱਧੂ, ਲੇਖਕ ਤੇ ਪੱਤਰਕਾਰ, ਐੱਮ.ਏ.(ਜਰਨਲਜ਼ਿਮ)
maninderjeet123@gmail.com
9872193876
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.