ਇਤਿਹਾਸ ਗਵਾਹ ਹੈ ਕਿ ਕਈ ਵਾਰ ਇਕ ਪਲ ਦੀਆਂ ਗਲਤੀਆਂ ਸਦੀਆਂ ਤਕ ਭੁਗਤਣੀਆਂ ਪੈਂਦੀਆਂ ਹਨ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਅਮਿਤ ਸ਼ਾਹ, ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਜੁੰਡਲੀ ਇਹ ਪਲ ਪਲ ਦੀਆਂ ਗ਼ਲਤੀਆਂ ਕਿਸਾਨ ਅੰਦੋਲਨ ਵਿਚ ਕਰ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਇਸ ਦੇ ਸਿੱਟੇ ਬਹੁਤ ਭਿਆਨਕ ਹੋ ਸਕਦੇ ਹਨ ਇਸ ਤੋਂ ਪਹਿਲਾਂ ਮਰਹੂਮ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਇਕ ਗਲਤੀ ਕੀਤੀ ਸੀ ਜਿਸ ਦਾ ਖਮਿਆਜ਼ਾ ਉਸ ਨੇ ਖੁਦ ਵੀ ਭੁਗਤਿਆ ਅਤੇ ਸਿੱਖ ਕੌਮ ਤੇ ਜਵਾਨੀ ਦਾ ਵੀ ਉਸ ਗਲਤੀ ਵਿਚ ਵੱਡਾ ਘਾਣ ਹੋਇਆ।
ਗੱਲ ਕਰਨ ਲੱਗੇ ਉਸ ਵੇਲੇ ਦੀ ਜਦੋਂ ਮੁਲਕ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਦਾ ਸਿੱਖ ਕਤਲੇਆਮ ਕਦੇ ਵੀ ਸਿੱਖ ਕੌਮ ਦੇ ਜ਼ਹਿਨ 'ਚੋਂ ਬਾਹਰ ਨਹੀਂ ਜਾ ਸਕਦਾ। ਕਿਉਂਕਿ ਅਸਲ ਵਿਚ ਓਹ ਇਕ ਕਤਲੇਆਮ ਨਹੀਂ ਸਿੱਖ ਕੌਮ ਦੀ ਨਸਲਕੁਸ਼ੀ ਦਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਮੁਲਕ ਦੀ ਸੱਤਾ ਤੇ ਕਾਬਜ਼ ਫਿਰਕੂ ਹਿੰਦੂਵਾਦੀ ਸੋਚ ਨੇ ਇਸ ਕਤਲੇਆਮ ਦੀ ਵਿਊਂਤਬੰਦੀ 1975 ਵਿੱਚ ਲੱਗੀ ਐਮਰਜੈਂਸੀ ਤੋਂ ਬਾਅਦ ਵੀ ਇੰਦਰਾਂ ਗਾਂਧੀ ਨੇ ਘੜ ਲਈ ਸੀ। ਕਿਉਂਕਿ 1975 ਦੀ ਐਮਰਜੈਂਸੀ ਵਿਰੁੱਧ ਅੰਦੋਲਨ ਵੀ ਪੰਜਾਬ ਵਿੱਚੋਂ ਹੀ ਸ਼ੁਰੂ ਹੋਇਆ ਸੀ।
ਅਖੀਰ ਪੂਰੇ ਦੇਸ਼ ਵਿੱਚ ਇਹ ਅੰਦੋਲਨ ਫੈਲ ਗਿਆ। ਐਮਰਜੈਂਸੀ ਵਿਰੁੱਧ ਫੈਲੇ ਅੰਦੋਲਨ ਨੂੰ ਕਾਮਯਾਬੀ ਇਹ ਮਿਲੀ ਕਿ ਮੁਲਕ ਜਨਤਾ ਪਾਰਟੀ ਦੀ ਸਰਕਾਰ ਬਦਲਵੇਂ ਰੂਪ ਵਿੱਚ ਹੋਂਦ ਵਿੱਚ ਆਈ। ਇੰਦਰਾ ਗਾਂਧੀ ਦੇ ਤਾਨਾਸ਼ਾਹੀ ਰਾਜ ਦੀ ਸਮਾਪਤੀ ਹੋਈ ਜਿਸ ਕਰਕੇ ਇੰਦਰਾ ਗਾਂਧੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ। ਜਿਸ ਕਰਕੇ ਇੰਦਰਾ ਗਾਂਧੀ ਦੇ ਦਿਮਾਗ ਵਿੱਚ ਵਿੱਚ ਗੁੱਸਾ ਇਸ ਕਦਰ ਤੱਕ ਭਰਿਆ ਕਿ ਉਹ ਪੂਰੀ ਸਿੱਖ ਕੌਮ ਨੂੰ ਅਜਿਹਾ ਸਬਕ ਸਿਖਾਉਣ ਤੇ ਤੁਲੀ ਹੋਈ ਸੀ।
1980 ਵਿੱਚ ਉਸਦੀ ਸੱਤਾ ਵਾਪਸੀ ਤੋਂ ਬਾਅਦ 1984 ਦਾ ਬਲਿਊ ਸਟਾਰ ਅਪਰੇਸ਼ਨ (ਸਿੱਖਾਂ ਦਾ ਮੱਕਾ ਦਰਬਾਰ ਸਾਹਿਬ ਤੇ ਹਮਲਾ )ਫਿਰ ਨਵੰਬਰ 84 ਦਾ ਸਿੱਖ ਕਤਲੇਆਮ ਫਿਰ 1984 ਤੋਂ 1992 ਤੱਕ ਪੰਜਾਬ ਦੀ ਨੌਜੁਆਨੀ ਦਾ ਘਾਣ, ਸਿੱਖ ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਅੱਤਵਾਦੀ ਦੱਸ ਕੇ ਮਾਰਨਾ, ਜਨਰਲ ਵੈਦਿਆ, ਇੰਦਰਾਂ ਗਾਂਧੀ ਦੇ ਕਾਤਲਾਂ ਨੂੰ ਤਾਂ ਫਾਂਸੀ ਪਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਮੈਂਬਰ ਪਾਰਲੀਮੈਂਟ ਅਤੇ ਮੰਤਰੀਆਂ ਦੇ ਅਹੁਦਿਆਂ ਦੀਆਂ ਕੁਰਸੀਆਂ, ਇਸ ਤੋਂ ਵੱਡੀ ਬੇ-ਇਨਸਾਫੀ ਕਿਸੇ ਕੌਮ ਨਾਲ ਜਾਂ ਪੰਜਾਬੀਆਂ ਨਾਲ ਹੋਰ ਕੀ ਹੋ ਸਕਦੀ ਹੈ।
1984 ਵਿਚ ਹਰਿਮੰਦਰ ਸਾਹਿਬ ਵਿਖੇ ਅੱਤਵਾਦੀ-ਵੱਖਵਾਦੀ ਆ ਗਏ ਤਾਂ ਅਟੈਕ ਹੋ ਗਿਆ। ਫੇਰ ਦੋ ਸਿੱਖ ਯੋਧਿਆਂ ਨੇ ਇੰਦਰਾਂ ਗਾਂਧੀ ਮਾਰ ਦਿੱਤੀ ਤਾਂ ਵੱਖ-ਵੱਖ ਰਾਜਾਂ ਵਿਚ ਦਿਨ-ਦਿਹਾੜੇ ਹਜ਼ਾਰਾਂ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ ।ਦੇਸ਼ ਦੀਆਂ ਅਦਾਲਤਾਂ ਨੇ ਵੀ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਚਲੋ ਮੰਨ ਲਈਏ ਸਿੱਖ ਕਿਤੇ ਨਾ ਕਿਤੇ ਕਸੂਰਵਾਰ ਸੀ।
ਪਰ 1982 ਦੀਆਂ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਦੂਸਰੀ ਵਾਰ ਮਿਲੀ ਤਾਂ ਬੜਾ ਮਾਣ ਸੀ ਦੇਸ਼ ਵਾਸੀਆਂ ਨੂੰ ਖਾਸ ਕਰਕੇ ਸਿੱਖ ਖਿਡਾਰੀਆਂ ਨੂੰ ਜਿੰਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਤਿਰੰਗਾ ਆਪਣੀਆਂ ਪ੍ਰਾਪਤੀਆਂ ਨਾਲ ਦੁਨੀਆਂ ਵਿੱਚ ਰੋਸ਼ਨ ਕੀਤਾ। ਉਹਨਾਂ ਸਿੱਖ ਖਿਡਾਰੀਆਂ ਨੂੰ ਇਕ ਵੱਡੀ ਆਸ ਸੀ ਕਿ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਮੌਕੇ ਉਹਨਾਂ ਨੂੰ ਸਮੇਂ ਦੀ ਸਰਕਾਰ ਇਕ ਵੱਡਾ ਮਾਣ ਸਤਿਕਾਰ ਦੇਵੇਗੀ ਕਿਉਂਕਿ 1947 ਤੋਂ 1982 ਤੱਕ ਆਜ਼ਾਦ ਭਾਰਤ ਦੀ ਹਾਕੀ ਟੀਮ ਨੇ ਉਲੰਪਿਕ ਖੇਡਾਂ ਵਿੱਚ ਪੰਜ ਵਾਰ ਸੋਨ ਤਗਮਾ, ਇਕ ਵਾਰ ਚਾਂਦੀ ਦਾ, 2 ਵਾਰ ਕਾਂਸੀ ਦਾ ਤਗਮਾ ਜਿੱਤਿਆ ।ਇਸੇ ਤਰ੍ਹਾਂ ਭਾਰਤੀ ਫੁੱਟਬਾਲ ਟੀਮ ਨੇ ਏਸ਼ੀਅਨ ਖੇਡਾਂ ਵਿਚ ਦੋ ਵਾਰ ਸੋਨ ਤਗਮਾ, ਇਕ ਵਾਰ ਕਾਂਸੀ ਦਾ ਤਗਮਾ, ਉਲੰਪੀਅਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਖੇਡਾਂ ਦੀ ਦੁਨੀਆਂ ਵਿੱਚ ਭਾਰਤ ਨੂੰ ਵੱਡਾ ਨਾਮਣਾ ਦਿੱਤਾ ਅਤੇ ਹੋਰ ਬਹੁਤ ਸਾਰੇ ਸਿੱਖ ਖਿਡਾਰੀ ਹਨ ਜਿਨ੍ਹਾਂ ਨੇ ਵੱਖ ਵੱਖ ਟੂਰਨਾਮੈਂਟਾਂ ਵਿੱਚ ਦੇਸ਼ ਦਾ ਤਿਰੰਗਾ ਦੁਨੀਆ ਵਿਚ ਲਹਿਰਾਇਆ ਹੁਣ ਇਹਨਾਂ ਖਿਡਾਰੀਆਂ ਦੀ ਵਾਰੀ ਖੇਡਣ ਦੀ ਨਹੀਂ ਸੀ ਸਗੋਂ ਸਰਕਾਰਾਂ ਵੱਲੋਂ ਸਨਮਾਨ ਕਰਨ ਦੀ ਸੀ।
ਸਨਮਾਨ ਕਰਨਾ ਤਾਂ ਰਹੀ ਦੂਰ ਦੀ ਗੱਲ। ਏਸ਼ੀਅਨ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਏਸ਼ੀਅਨ ਖੇਡਾਂ ਦਾ ਘਿਰਾਓ ਕਰਨਗੇ ਜਿਉਂ ਹੀ 19 ਨਵੰਬਰ 1982 ਤੋਂ ਏਸ਼ੀਅਨ ਖੇਡਾਂ ਦੀ ਸ਼ੁਰੂਆਤ ਹੋਈ ਤਾਂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਜਾ ਰਹੇ ਸਿੱਖ ਖਿਡਾਰੀਆਂ ਅਤੇ ਆਮ ਸਿੱਖਾਂ ਨੂੰ ਹਰਿਆਣਾ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਭਜਨ ਲਾਲ ਦੀ ਕਾਂਗਰਸ ਸਰਕਾਰ ਨੇ ਨਾਕੇ ਲਾ ਕੇ ਅੰਬਾਲੇ ਤੋਂ ਹੀ ਸਿੱਖਾਂ ਨੂੰ ਵਾਪਸ ਪੰਜਾਬ ਮੋੜਣਾ ਤਾਂ ਸ਼ੁਰੂ ਕਰ ਹੀ ਦਿੱਤਾ। ਇੱਥੋਂ ਤੱਕ ਕੇ ਵੱਡੇ-ਵੱਡੇ ਅਹੁਦਿਆਂ ਤੇ ਬਿਰਜਮਾਨ ਸਿੱਖ ਖਿਡਾਰੀਆਂ ਅਤੇ ਸਿੱਖ ਅਫਸਰਾਂ ਨੂੰ ਹੱਦੋਂ ਵੱਧ ਜ਼ਲੀਲ ਵੀ ਕੀਤਾ।
ਉਸ ਵੇਲੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਤੁਸੀਂ ਆਜ਼ਾਦ ਭਾਰਤ ਦੇ ਗੁਲਾਮ ਵਾਸੀ ਹੋ ਜੋ ਸਲੂਕ ਉਸ ਵੇਲੇ ਭਜਨ ਲਾਲ ਨੇ ਇੰਦਰਾਂ ਗਾਂਧੀ ਦੇ ਨਿਰਦੇਸ਼ਾਂ ਤੇ ਸਿੱਖਾਂ ਨਾਲ ਕੀਤਾ ਉਹੋ ਜਿਹਾ ਸਲੂਕ ਤਾਂ ਕਿਸੇ ਦੇਸ਼ ਧਰੋਹੀ ਨਾਲ ਵੀ ਨਹੀਂ ਕੀਤਾ ਜਾਂਦਾ। ਅੱਜ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨੂੰ ਚਾਲੇ ਪਾਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੰਦਰਾ ਗਾਂਧੀ ਅਤੇ ਉਸ ਵੇਲੇ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਵਾਲੀ ਭੂਮਿਕਾ ਨੂੰ ਦੁਹਰਾਉਂਦਿਆਂ ਤਾਨਾਸ਼ਾਹੀ ,ਗੁਲਾਮੀ ਅਤੇ ਬੇਗ਼ਾਨਗੀ ਦਾ ਅਹਿਸਾਸ ਕਰਵਾਇਆ।
ਉਸ ਵੇਲੇ ਪਾਣੀ ਦੀਆਂ ਬੁਛਾੜਾਂ ਤੋਂ ਇਲਾਵਾ ਚਾਰ ਸਿੱਖ ਵੀ ਗੋਲੀਆਂ ਨਾਲ ਭੁੰਨ ਦਿੱਤੇ ਸਨ ਹੁਣ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਅਤੇ ਮੌਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਕਿਸਾਨਾਂ ਤੇ ਅੱਤਵਾਦੀਆਂ ਅਤੇ ਖਾਲਿਸਤਾਨੀਆਂ ਦੇ ਆਰੋਪ ਮੋਦੀ ਮੀਡੀਆ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਨਾ ਹੀ ਉਸ ਵੇਲੇ ਸਿੱਖ ਅਤਿਵਾਦੀ ਜਾਂ ਵੱਖਵਾਦੀ ਸਨ ਨਾ ਹੀ ਅੱਜ ਦੇ ਕਿਸਾਨ ਅਤਿਵਾਦੀ ਜਾਂ ਖਾਲਿਸਤਾਨੀ ਹਨ ਪਰ ਇਹ ਦਿੱਲੀ ਤਖ਼ਤ ਤੇ ਭਾਵੇਂ ਬੈਠਾ ਹੋਵੇ ਮੁਗਲ ,ਭਾਵੇਂ ਬੈਠਾ ਹੋਵੇ ਅੰਗਰੇਜ਼ ,ਚਾਹੇ ਬੈਠਾ ਹੋਵੇ ਹਿੰਦੂਤਵ ਨੂੰ ਬੜਾਵਾ ਦੇਣ ਵਾਲਾ ਕੋਈ ਨੇਤਾ ਉਸ ਨੂੰ ਪੰਜਾਬ ਹਮੇਸ਼ਾਂ ਹੀ ਆਪਣਾ ਦੁਸ਼ਮਨ ਜਾਪਦਾ ਹੈ ਮੁਗਲਾਂ ਅਤੇ ਅੰਗਰੇਜ਼ਾਂ ਨੇ ਤਾਂ ਪੰਜਾਬ ਨੂੰ ਜਿਸਮਾਨੀ ਤੌਰ ਤੇ ਖ਼ਤਮ ਕਰਨ ਦੀ ਵਾਹ ਲਾਈ ਪਰ ਹਿੰਦੂਤਵ ਦੇ ਨੇਤਾ ਪੰਜਾਬ ਨੂੰ ਅਧਿਆਤਮਕ ਅਤੇ ਆਰਥਿਕ ਤੌਰ ਤੇ ਖ਼ਤਮ ਕਰਨ ਤੇ ਤੁਲੇ ਹੋਏ ਹਨ,ਯੋਜਨਾ ਤਹਿਤ ਸਮਾਜਿਕ ਵੰਡੀਆਂ ਪਾ ਰਹੇ ਹਨ ਉਨ੍ਹਾਂ ਨੂੰ ਵੱਡਾ ਭੁਲੇਖਾ ਹੈ ਕਿ ਪੰਜਾਬ ਦੀ ਚੰਗੀ ਜਵਾਨੀ ਤਾਂ ਵਿਦੇਸ਼ਾਂ ਵਿੱਚ ਚਲੇ ਗਈ ਹੈ ਬਾਕੀ ਦੀ ਰਹਿੰਦੀ ਖੂੰਹਦੀ ਨਸ਼ਿਆਂ ਨੇ ਖਾ ਲਈ ਹੈ ਇਸ ਕਰਕੇ ਪੰਜਾਬ ਦੀ ਫ਼ਸਲ ਤੇ ਨਸਲ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਖਤਮ ਕਰਕੇ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਸਰਮਾਏਦਾਰ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇ ਇਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਆਪਣੇ ਆਪ ਖ਼ਤਮ ਹੋ ਜਾਵੇਗੀ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ "ਪੰਜਾਬ ਵਸਦਾ ਗੁਰੂਆਂ ਦੇ ਨਾਮ ਤੇ ਹੈ ਇਹ ਪਦਵੀਆਂ ਜਗੀਰਦਾਰੀ ਸਰਮਾਏਦਾਰੀ ਮੰਗਣ ਵਾਲੇ ਨਹੀਂ ਇਹ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਾਰਿਸ ਹਨ ।
ਅਸਲੀਅਤ ਇਹ ਸੀ ਕਿ ਦੇਸ਼ ਦੀ ਆਜ਼ਾਦੀ ਲਈ 93% ਪ੍ਰਤੀਸ਼ਤ ਕੁਰਬਾਨੀਆਂ ਦੇਣ ਅਤੇ ਹਿੰਦੂ ਧਰਮ ਨੂੰ ਸ਼ਹੀਦੀਆਂ ਦੇ ਕੇ ਬਚਾਉਣ ਵਾਲੀ ਪੂਰੀ ਸਿੱਖ ਕੌਮ ਫਿਰਕੂ ਹਿੰਦੂ-ਵਾਦੀ ਸਰਕਾਰ ਅਤੇ ਮੀਡੀਆ ਲਈ ਬਗਾਨੀ ਬਣੀ ਹੋਈ ਹੈ ਪਹਿਲਾਂ ਵੀ ਬਿਗਾਨੀ ਸੀ ਅੱਜ ਵੀ ਬਿਗਾਨੀ ਹੈ ਅਤੇ ਅੱਗੇ ਵੀ ਬਿਗਾਨੀ ਰਹੇਗੀ ਕਿਉਂਕਿ ਜਿਹੜਾ ਵੀ ਕੋਈ ਸਿੱਖ ਜਾਂ ਕੋਈ ਪੰਜਾਬੀ ਜਾਂ ਕੋਈ ਕਿਸਾਨ ਇੱਥੇ ਆਪਣੇ ਹੱਕ, ਸੱਚ ਜਾਂ ਇਨਸਾਫ਼ ਦੀ ਗੱਲ ਕਰੇਗਾ ਜਾਂ ਕੋਈ ਗੁਰੂਆਂ ਦੇ ਦਿੱਤੇ ਸਿੱਖ ਸਿੱਖੀ ਸਿਧਾਂਤਾ ਤੇ ਖੜ੍ਹਣ ਦੀ ਗੱਲ ਕਰੇਗਾ।
ਉਸ ਨੂੰ ਇਹ ਵਿਤਕਰਾ ਤੇ ਜ਼ਲਾਲਤ ਤਾਂ ਝੱਲਣੀ ਹੀ ਪਵੇਗੀ। ਜੋ ਹਿੰਦੂ ਸਾਮਰਾਜੀਆਂ ਦੀ ਚਾਪਲੂਸੀ ਕਰੇਗਾ ਉਸਨੂੰ ਉਹ ਬੁਰਕੀ ਪਾ ਕੇ ਆਪਣੀ ਬੋਲੀ ਬੁਲਾਉਣਗੇ ਇਹ ਪਿਛਲਾ ਇਤਿਹਾਸ ਦੱਸਦਾ ਹੈ।ਕਿ ਜੋ ਦਿੱਲੀ ਤਖ਼ਤ ਤੋਂ ਹੱਕ ਅਤੇ ਇਨਸਾਫ਼ ਲੈਣ ਲਈ ਟਕਰਾਏ ਨੇ ਉਹੀ ਇਤਿਹਾਸ ਦਾ ਪਾਤਰ ਬਣੇ ਨੇ ਜੋ ਲਾਲਸਾ ਖ਼ਾਤਰ ਚਾਕਰ ਬਣੇ ਉਹ ਕੁਝ ਸਮਾਂ ਅਹੁਦੇਦਾਰੀਆਂ ਅਤੇ ਪਦਵੀਆਂ ਤਾਂ ਜਰੂਰ ਮਾਣਗੇ ਪਰ ਇਤਿਹਾਸ ਵਿਚ ਇਕ ਕਲੰਕੀ ਵਜੋਂ ਹੀ ਜਾਣੇ ਜਾਂਦੇ ਹਨ ।ਪੰਜਾਬ ਅੱਜ ਵੀ ਜਿਹੜੇ ਹਾਲਾਤਾਂ ਵਿੱਚ ਮਰਜ਼ੀ ਹੈ ਕੀ ਬੱਚਾ, ਕੀ ਜਵਾਨ, ਕੀ ਬਜ਼ੁਰਗ ਮਾਂ ਬਾਪ ,ਅੱਜ ਵੀ ਦਿੱਲੀ ਤਖ਼ਤ ਨਾਲ ਕਿਸਾਨ ਅੰਦੋਲਨ ਵਿਚ ਮੱਥਾ ਲਾਉਣ ਨੂੰ ਤਿਆਰ ਬੈਠੇ ਹਨ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਇਤਿਹਾਸ ਨੇ ਪਲਟਣਾ ਹੈ ਪ੍ਰਮਾਤਮਾ ਕਿਸਾਨੀ ਲੀਡਰਾਂ ਨੂੰ ਸੁਮੱਤ ਦੇਵੇ , ਰਾਜਨੀਤਕ ਧਿਰਾਂ ਤੋਂ ਦੂਰੀ ਦੇਵੇ ,ਜ਼ਮੀਰ ਤੇ ਖੜ੍ਹਨ ਦਾ ਬਲ ਦੇਵੇ, ਕਿਸਾਨ ਅੰਦੋਲਨਦੀ ਜਿੱਤ ਯਕੀਨੀ ਹੋਵੇਗੀ । ਗੁਰੁ ਭਲੀ ਕਰੇ , ਕਿਸਾਨਾਂ ਦਾ ਰੱਬ ਰਾਖਾ।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.