ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ 27 ਨਵੰਬਰ ਨੂੰ ਹੋਣ ਜਾ ਰਹੀ ਹੈ। ਤਿੰਨ ਵਰ੍ਹੇ ਪਹਿਲਾਂ 29 ਨਵੰਬਰ 2017 ਨੂੰ ਜਦ ਅਕਾਲੀ ਹਾਈ ਕਮਾਨ ਵੱਲੋਂ ਪੰਥਪ੍ਰਸਤੀ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ’ਤੇ ਭਰੋਸਾ ਪ੍ਰਗਟ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਨ ਨੇ ਉਸ ਦੀ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਵਜੋਂ ਚੋਣ ਕਰਦਿਆਂ ਉਸ ਅੱਗੇ ਚੁਣੌਤੀਆਂ ਭਰਪੂਰ ਜਟਿਲ ਟਾਸਕ ਰੱਖਿਆ ਗਿਆ।
ਉਸ ਵਕਤ ਆਮ ਅਤੇ ਖ਼ਾਸ ਦੇ ਮਨ ’ਚ ਇਹ ਸ਼ੰਕਾ ਉਤਪੰਨ ਹੋਣਾ ਕੁਦਰਤੀ ਸੀ ਕਿ ਭਾਈ ਲੌਂਗੋਵਾਲ ਵਰਗਾ ਇਕ ਸਾਊ ਤੇ ਸ਼ਰੀਫ਼ ਬੰਦਾ ਉਨ੍ਹਾਂ ਵੱਡੀਆਂ ਚੁਣੌਤੀਆਂ ਅਤੇ ਹਾਲਾਤਾਂ ਦਾ ਸਾਹਮਣਾ ਕਿਵੇਂ ਕਰੇਗਾ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਤਕਾਲੀ ਸਿੰਘ ਸਾਹਿਬਾਨ ਵੱਲੋਂ ਪੰਥ ਦੋਖੀ ਅਖੌਤੀ ਸਾਧ ਨੂੰ ਮੁਆਫ਼ੀ ਦੇਣ ਅਤੇ ਫਿਰ ਵਾਪਸ ਲੈਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਥਾਂ ਥਾਂ ਹੋ ਰਹੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਸਿੱਖ ਮਨਾਂ ’ਚ ਉੱਠੀ ਵਿਆਪਕ ਰੋਸ ਵਜੋਂ ਪੈਦਾ ਹੋਏ ਸਨ। ਕਿਉਂਕਿ ਭਾਈ ਲੌਂਗੋਵਾਲ 4 ਵਾਰ ਵਿਧਾਇਕ, ਕੈਬਨਿਟ ਮੰਤਰੀ ਅਤੇ ਦੋ ਵਾਰ ਚੇਅਰਮੈਨੀ ਹੰਢਾ ਚੁੱਕੇ ਹੋਣ ਦੇ ਬਾਵਜੂਦ ਵੀ ਆਪ ਨੂੰ ਮੋਹਰਲੀ ਕਤਾਰ ਦੇ ਕੱਦਾਵਰ ਆਗੂਆਂ ਵਿਚ ਸ਼ੁਮਾਰ ਨਹੀਂ ਸੀ ਮੰਨਿਆ ਗਿਆ। ਅਜਿਹੇ ’ਚ ਤਿੰਨ ਸਾਲ ਤੋਂ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸਿਆਸੀ ਕਾਰਜਸ਼ੈਲੀ ਦਾ ਲੇਖਾ-ਜੋਖਾ ਕਰਨਾ ਬਣਦਾ ਹੈ ਕਿ ਉਹ ਪੰਥ ਦੀਆਂ ਆਸਾਂ ਉਮੀਦਾਂ ’ਤੇ ਕਿੰਨਾ ਕੁ ਖਰਾ ਉੱਤਰਿਆ ?
ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਦੁਸ਼ਵਾਰ ਪ੍ਰਸਥਿਤੀਆਂ ਨੂੰ ਕਬੂਲ ਕਰਨ ਵਾਲੇ ਭਾਈ ਲੌਂਗੋਵਾਲ ਦਾ ਜਨਮ 18 ਅਗਸਤ 1959 ਨੂੰ ਹੋਇਆ। ਆਪ ਦਾ ਬਚਪਨ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਛਤਰ-ਛਾਇਆ ’ਚ ਬੀਤਿਆ। ਸੰਤ ਲੌਂਗੋਵਾਲ ਦੇ ਸਾਥ ਦਾ ਨਾ ਕੇਵਲ ਉਨ੍ਹਾਂ ਨਿੱਘ ਮਾਣਿਆ ਸਗੋਂ ਬਤੌਰ ਇਕ ਸਹਾਇਕ ਵਜੋਂ ਵਿਚਰਦਿਆਂ ਰਾਜਨੀਤੀ ਦਾ ਗੂੜ੍ਹ ਗਿਆਨ ਹਾਸਲ ਕਰਨ ਦੇ ਨਾਲ ਨਾਲ ਹਲੀਮੀ ਅਤੇ ਸਹਿਜ ਦੇ ਗੁਣਾਂ ਨੂੰ ਵੀ ਗ੍ਰਹਿਣ ਕੀਤਾ । ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਜਥੇ ਤੋ ਅੰਮ੍ਰਿਤਪਾਨ ਕਰਨ ਵਾਲੇ ਭਾਈ ਲੌਂਗੋਵਾਲ ਨੇ ਅੰਮ੍ਰਿਤ ਸੰਚਾਰ ਦੇ ਕਈ ਮੌਕਿਆਂ ’ਤੇ ਪੰਜ ਪਿਆਰਿਆਂ ’ਚ ਵੀ ਸੇਵਾ ਨਿਭਾਈ।
ਭਾਈ ਲੌਂਗੋਵਾਲ ਦਾ ਸਿਆਸੀ ਸਫ਼ਰ 1985 ਵਿਚ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਸਕਰੀਨਿੰਗ ਕਮੇਟੀ ਵਲੋਂ ਆਪ ਨੂੰ ਸੰਤ ਲੌਂਗੋਵਾਲ ਦਾ ਜਾਨਸ਼ੀਨ ਮੰਨਦਿਆਂ ਹਲਕਾ ਧਨੌਲਾ ਤੋਂ ਦਿੱਤੀ ਗਈ ਪਾਰਟੀ ਟਿਕਟ ਅਤੇ ਪਹਿਲੀ ਜਿੱਤ ਨਾਲ ਸ਼ੁਰੂ ਹੋਇਆ, 1986 ਵਿਚ ਮਾਰਕਫੈੱਡ ਦੇ ਚੇਅਰਮੈਨ, 1997 ’ਚ ਮੁੜ ਧਨੌਲਾ ਤੋਂ ਵਿਧਾਇਕ ਬਣੇ ਤੇ ਮੰਤਰੀ ਰਹੇ। 2002 ’ਚ ਫਿਰ ਧਨੌਲਾ ਅਤੇ 2015 ਵਿਚ ਧੂਰੀ ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਵਜੋਂ ਲੋਕਾਂ ਦੀ ਸੇਵਾ ਕੀਤੀ।
ਅੱਜ ਰਾਜਨੀਤੀ ਵਪਾਰਿਕ ਧੰਦਾ ਬਣ ਚੁੱਕੀ ਹੈ, ਜਿਸ ਦਾ ਮਨੋਰਥ ਸਤਾ ਪ੍ਰਾਪਤੀ ਅਤੇ ਸੁਖ ਭੋਗਣਾ ਹੈ। ਪਰ ਭਾਈ ਲੌਂਗੋਵਾਲ ਨੇ ਰਾਜਨੀਤੀ ਦੇ ਖੇਤਰ ਵਿਚ ਸਵੱਛ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਿਆਂ ਕਦੀ ਨਿਜ ਜਾਂ ਪਰਿਵਾਰ ਲਈ ਲੋਭ ਨੂੰ ਆਪਣੇ ’ਤੇ ਭਾਰੂ ਨਹੀਂ ਹੋਣ ਦਿੱਤਾ। ਪੰਥ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਉਣ ਸਮੇਂ ਉਨ੍ਹਾਂ ਦੇ ਕਦਮ ਕਦੀ ਡਗਮਗਾਏ ਨਹੀਂ। ਅਕਾਲੀ ਦਲ ਨੂੰ ਜਦ ਵੀ ਕਦੀ ਸੰਕਟ ਦਾ ਸਾਹਮਣਾ ਕਰਨਾ ਪਿਆ ਭਾਈ ਲੌਂਗੋਵਾਲ ਬਿਨਾ ਕਿਸੇ ਲਾਲਚ ਪੂਰੀ ਵਫ਼ਾਦਾਰੀ ਨਾਲ ਪਾਰਟੀ ਨਾਲ ਖੜੇ ਰਹੇ। ਜਿਸ ਕਾਰਨ ਆਪ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਕਰੀਬੀ ਅਤੇ ਭਰੋਸੇਮੰਦ ਆਗੂਆਂ ’ਚ ਸ਼ੁਮਾਰ ਹਨ।
ਥੋੜ੍ਹੀਆਂ ਹੀ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਆਪਣੇ ਸਮਕਾਲੀ ਸਮਾਜ ਵਿਚ ਆਪਣੀ ਖ਼ਾਸ ਪਹਿਚਾਣ ਹੋ ਨਿੱਬੜਦੀਆਂ ਹਨ, ਅੱਜ ਭਾਈ ਲੌਂਗੋਵਾਲ ਦੀ ਸ਼ਖ਼ਸੀਅਤ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਰਿਹਾ। ਸਿਆਸੀ ਅਹੁਦੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਰੁਤਬੇ ਅੱਗੇ ਤੁੱਛ ਹਨ। ਜਿਸ ਮੁਕਾਮ ’ਤੇ ਭਾਈ ਲੌਂਗੋਵਾਲ ਨੇ ਬਸੇਰਾ ਕਰ ਲਿਆ ਹੋਇਆ ਹੈ ਉਹ ਆਪਣੇ ਆਪ ਨੂੰ ਇਕ ਸਧਾਰਨ ਸਿਆਸੀ ਕਾਰਕੁਨ ਤੋਂ ਇਕ ਸੂਝਵਾਨ ਸਿਆਸਤਦਾਨ, ਅਜ਼ੀਮ ਸ਼ਖ਼ਸੀਅਤ, ਤੀਖਣ ਬੁੱਧੀ ਅਤੇ ਸੁਯੋਗ ਅਗਵਾਈ ਦੇਣ ਵਾਲੇ ਇਕ ਕੱਦਾਵਰ ਆਗੂ ਵਜੋਂ ਪ੍ਰਮਾਣਿਤ ਕਰਦਾ ਹੈ। ਤਿੰਨ ਅਰਸੇ ਲਈ ਸ਼੍ਰੋਮਣੀ ਕਮੇਟੀ ਵਰਗੀ ਵੱਕਾਰੀ ਸੰਸਥਾ ਦਾ ਨਿਰਵਿਵਾਦ ਪ੍ਰਧਾਨ ਬਣੇ ਰਹਿਣਾ ਉਸ ਦੀ ਸ਼ਖ਼ਸੀਅਤ ਦੀ ਪ੍ਰਸੰਗਿਕਤਾ, ਲੋਕਪ੍ਰਿਅਤਾ, ਕਾਰਜਸ਼ੈਲੀ ਦੀ ਮੌਲਿਕਤਾ, ਵਿਚਾਰਧਾਰਕ ਉਚਮਤਾ ਅਤੇ ਰਾਜਨੀਤਿਕ ਧਰਾਤਲ ਦੀ ਉੱਤਮ ਸਮਝ ਨੂੰ ਦਰਸਾਉਂਦਾ ਹੈ।
ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਈ, ਜਿਸ ਦੀ ਪ੍ਰਾਪਤੀ ਲਈ ਕੌਮ ਨੇ ਬੜਾ ਲੰਮਾ ਸਮਾਂ ਪੁਰ ਅਮਨ ਸੰਘਰਸ਼ ਕੀਤਾ। ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ। ਇਹ ਸਟੇਟ ਅੰਦਰ ਸਟੇਟ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਭਰ ’ਚ ਵੱਸ ਰਹੇ ਸਿੱਖਾਂ ਦੀ ਤਰਜਮਾਨ ਜਾਂ ਪ੍ਰਤੀਨਿਧ ਸੰਸਥਾ ਹੈ। ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਅਕਾਂਖਿਆਵਾਂ ਦੀ ਪੂਰਤੀ ਇਸ ਦਾ ਸਰੋਕਾਰ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਰਾਜਨੀਤੀ ਦੇ ਸੰਗਠਿਤ ਸ਼ਕਤੀ ਦਾ ਅਧਾਰ ਮੰਨਦਿਆਂ ਭਾਰਤੀ ਕੇਂਦਰੀ ਹਕੂਮਤਾਂ ਅਤੇ ਕਾਂਗਰਸ ਦੀ ਸੂਬਾ ਸਰਕਾਰਾਂ ਨੇ ਇਸ ਸੰਸਥਾ ਦੇ ਅਕਸ ਅਤੇ ਵੱਕਾਰ ਨੂੰ ਢਾਹ ਲਾਉਣ ਦਾ ਕੋਈ ਵੀ ਅਵਸਰ ਹੱਥੋਂ ਨਹੀਂ ਜਾਣ ਦਿੱਤਾ। ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਦਵੀ ਉੱਪਰ ਸੁਸ਼ੋਭਿਤ ਹੋਣ ਵਾਲੇ ਆਗੂਆਂ ਨੂੰ ਭਰਪੂਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਦਾ ਰਿਹਾ। ਬੇਸ਼ੱਕ ਇਨ੍ਹਾਂ ਚੁਣੌਤੀਆਂ ਭਰਪੂਰ ਰਾਹ ’ਚ ਭਾਈ ਲੌਂਗੋਵਾਲ ਨੇ ਬੁੱਧੀ ਯੋਗਤਾ ਨਾਲ ਇਕ ਗਤੀਸ਼ੀਲ, ਦਿਆਨਤਦਾਰ ਅਤੇ ਅਣਥੱਕ ਪੰਥਕ ਕਾਰਕੁਨ ਵਜੋਂ ਆਪਣੇ ਸ਼ਾਖ਼ ਨੂੰ ਸਥਾਪਿਤ ਕਰ ਵਿਖਾਇਆ ਹੈ।
ਭਾਈ ਲੌਂਗੋਵਾਲ ਪੰਥਕ ਏਕਤਾ ਦੇ ਹਮੇਸ਼ਾਂ ਮੁੱਦਈ ਰਿਹਾ, ਆਪ ਨੂੰ ਇਹ ਪਕਾ ਵਿਸ਼ਵਾਸ ਰਿਹਾ ਕਿ ਪੰਥਕ ਏਕੇ ਨਾਲ ਹੀ ਪੰਥ ਰਾਜਸੀ ਤੌਰ ’ਤੇ ਬਲਵਾਨ ਹੋ ਸਕਦਾ ਹੈ। ਇਸ ਮਨੋਰਥ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਉਹ ਸੰਪਰਦਾਵਾਂ, ਸੰਤ ਸਮਾਜ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਫੈਡਰੇਸ਼ਨ ਸਮੇਤ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈਣ ਦੇ ਯਤਨਾਂ ’ਚ ਸਫਲ ਰਿਹਾ। ਗੁਫ਼ਤਾਰ ’ਚ ਮਿਠ ਬੋਲੜਾ ਭਾਈ ਲੌਂਗੋਵਾਲ ਸ਼੍ਰੋਮਣੀ ਕਮੇਟੀ ’ਚ ਪਾਰਦਰਸ਼ੀ ਯਕੀਨੀ ਬਣਾਉਣ ’ਚ ਯਤਨਸ਼ੀਲ ਰਿਹਾ ਅਤੇ ਗੁਰਦੁਆਰਾ ਪ੍ਰਬੰਧ ਦੀਆਂ ਪੇਚੀਦਗੀਆਂ ਨੂੰ ਵੀ ਭਲੀ ਭਾਂਤ ਸਮਝਣ ਕਾਰਨ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਚੱਲਣ ’ਚ ਯਕੀਨ ਰੱਖਦਾ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਬੇਵਜ੍ਹਾ ਦਖ਼ਲ ਦੇਣ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਸਿਆਸਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਹਦੂਦ ਅੰਦਰ ਪੰਥ ਵਿਰੋਧੀ ਸਿਆਸੀ ਆਕਾਵਾਂ ਦੀ ਸ਼ਹਿ ’ਤੇ ਧਰਨਾ ਦੇਈ ਬੈਠੇ ਤੱਤਾਂ ਨੂੰ ਖਦੇੜਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਜਾਨ ਜੋਖ਼ਮ ’ਚ ਪਾਉਣਾ ਉਨ੍ਹਾਂ ਦਾ ਭਾਈ ਲੌਂਗੋਵਾਲ ਦੀ ਲੀਡਰਸ਼ਿਪ ਪ੍ਰਤੀ ਭਰੋਸੇ ਦਾ ਲਿਖਾਇਕ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਘੱਟ ਪਾਏ ਜਾਣ ਵਰਗੇ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਸੰਵੇਦਨਸ਼ੀਲ ਮਾਮਲਿਆਂ ’ਚ ਕਸੂਰਵਾਰ ਪਾਏ ਗਏ ਵਿਅਕਤੀਆਂ ਖਿਲਾਫ ਦ੍ਰਿੜ੍ਹਤਾ ਸਹਿਤ ਕਾਰਵਾਈ ਕਰਦਿਆਂ ਦੂਰ ਅੰਦੇਸ਼ੀ ਅਤੇ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਰਿਹਾਇਸ਼ ਮੂਹਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲੈ ਕੇ ਦਿੱਤਾ ਗਿਆ ਸਫਲ ਧਰਨਾ ਆਪ ਨੂੰ ਕੂਟ-ਨੀਤੀਵਾਨ ਸਾਬਤ ਕਰਦਾ ਹੈ। ਪੰਥ ਦੀ ਤਾਕਤ ਨੂੰ ਖੋਰਾ ਲਾਉਣ ਦੀ ਸਦਾ ਤਾਕ ’ਚ ਪੰਥਕ ਹੋਣ ਦਾ ਭਰਮ ਪਾਲੀ ਬੈਠੇ ਸਿਆਸੀ ਵਿਰੋਧੀਆਂ ਵੱਲੋਂ ਆਪ ਦੇ ਸਿਆਸੀ ਕੱਦ ਨੂੰ ਨੀਵਾਂ ਕਰਨ ਜਾਂ ਅਕਸ ਖ਼ਰਾਬ ਕਰਨ ਪ੍ਰਤੀ ਨਿਰੰਤਰ ਸਾਜ਼ਿਸ਼ਾਂ ਦੇ ਬਾਵਜੂਦ ਆਪ ਸਦਾ ਅਡੋਲ ਰਿਹਾ।
ਵਿਰੋਧੀਆਂ ਵੱਲੋਂ ਈਰਖਾ ਵੱਸ ਬੋਲ ਕੁਬੋਲ ਦੇ ਮਾਰੇ ਗਏ ਪੱਥਰਾਂ ਨੂੰ ਵੀ ਰੁੱਖਾਂ ਵਰਗਾ ਜੇਰਾ ਰੱਖਦਿਆਂ ਸਹਿਜ ਨਾਲ ਸਹਿਣ ਦਾ ਹੌਸਲਾ ਦਿਖਾਇਆ ਤਾਂ ਲੋੜ ਪੈਣ ’ਤੇ ਉਨ੍ਹਾਂ ਦਾ ਬਾ-ਦਲੀਲ ਮੂੰਹ ਤੋੜਵਾਂ ਜਵਾਬ ਵੀ ਦਿੱਤਾ। ਕਮੇਟੀ ਪ੍ਰਸ਼ਾਸਨ ਵਿਚ ਸਿਹਤਮੰਦ ਰਵਾਇਤਾਂ ਦਾ ਪਸਾਰਾ ਕਰਨ ਕਾਰਨ ਵਿਰੋਧੀਆਂ ਨੂੰ ਚਾਹ ਕੇ ਵੀ ਭਾਈ ਲੌਂਗੋਵਾਲ ਦੀ ਆਲੋਚਨਾ ਕਰਨ ਮੁੱਦਾ ਨਹੀਂ ਮਿਲ ਰਿਹਾ ਹੁੰਦਾ ਅਤੇ ਇਨ੍ਹਾਂ ਕੋਲ ਇੱਕੋ ਹੀ ਬੋਲ ਕਿ ’’ਸ਼੍ਰੋਮਣੀ ਕਮੇਟੀ ’ਤੇ ਨਰੈਣੂ ਮਹੰਤ ਕਾਬਜ਼ ਹਨ’’ ਜਦ ਕਿ ਸ਼੍ਰੋਮਣੀ ਕਮੇਟੀ ਦੇ ਵਿਚ ਬਹੁਤੇ ਮੁਲਾਜ਼ਮ ਅਤੇ ਅਧਿਕਾਰੀ ਉਹ ਲੋਕ ਹਨ ਜਿਨ੍ਹਾਂ ਦਾ ਪਿਛੋਕੜ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸੰਗਤ ਵੱਲੋਂ ਵੋਟਾਂ ਰਾਹੀ ਚੁਣ ਕੇ ਅੱਗੇ ਆਏ ਹਨ। ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਦੀ ਤਾਂਘ ਰੱਖਣ ਵਾਲੀਆਂ ਧਿਰਾਂ ਨੂੰ ਇਸ ਪੰਥਕ ਸੰਸਥਾ ਦੀ ਸੇਵਾ ਸੰਭਾਲ ਦੀ ਪ੍ਰਬਲ ਇੱਛਾ ਹੈ ਤਾਂ ਨੇੜ ਭਵਿੱਖ ’ਚ ਸ਼੍ਰੋਮਣੀ ਕਮੇਟੀ ਚੋਣਾਂ ਆ ਰਹੀਆਂ ਹਨ, ਆਪਣੇ ਹੱਕ ’ਚ ਸੰਗਤ ਦਾ ਫ਼ਤਵਾ ਹਾਸਲ ਕਰਦਿਆਂ ਨਿਜ਼ਾਮ ਸੰਭਾਲਣ ’ਚ ਕੀ ਦਿੱਕਤ ਹੈ?
ਭਾਈ ਲੌਂਗੋਵਾਲ ਨੇ ਧਰਮ ਅਤੇ ਰਾਜਨੀਤੀ ਦੇ ਖੇਤਰ ਵਿਚ ਕਈ ਉਤਰਾਅ ਚੜ੍ਹਾਅ ਦੇਖਿਆ ਹੈ। ਨਿੱਤਨੇਮੀ ਇਹ ਗੁਰਸਿੱਖ ਵਿਚਾਰਧਾਰਕ ਤੌਰ ’ਤੇ ਪਰਪੱਕ ਅਤੇ ਅਸੂਲ ਪ੍ਰਸਤ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਅਟੁੱਟ ਵਿਸ਼ਵਾਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਦਾ ਸਮਰਪਿਤ ਰਿਹਾ। ਸਿੰਘ ਸਾਹਿਬਾਨ ਦੇ ਰੁਤਬੇ ਅਤੇ ਸਤਿਕਾਰ ਨੂੰ ਕਾਇਮ ਰੱਖਦਿਆਂ ਉਨ੍ਹਾਂ ਦੇ ਹਰ ਆਦੇਸ਼ ਨੂੰ ਇਲਾਹੀ ਸਮਝ ਕੇ ਸਿੱਜਦਾ ਕੀਤਾ। ਵੋਟਾਂ ਮੰਗਣ ਲਈ ਅਖੌਤੀ ਸਾਧ ਦੇ ਡੇਰੇ ਨਾ ਜਾ ਕੇ ਵੀ ਉਨ੍ਹਾਂ ਸਿੰਘ ਸਾਹਿਬਾਨ ਦੇ ਹੁਕਮ ਅੱਗੇ ਸਿਰ ਝੁਕਾਇਆ ਅਤੇ ਤਨਖ਼ਾਹ ਲਵਾਈ। ਇਸੇ ਤਰਾਂ ਪਾਵਨ ਸਰੂਪਾਂ ਦੇ ਮਾਮਲੇ ’ਚ ਵੀ ਆਪ ਹੀ ਆਪਣੀ ਪੂਰੀ ਟੀਮ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ ਨੂੰ ਸਨਮਾਨ ਦਿੰਦਿਆਂ ਮੀਰੀ ਪੀਰੀ ਦੇ ਅਲੌਕਿਕ ਸਿਧਾਂਤ ਪ੍ਰਤੀ ਨਤਮਸਤਕ ਹੁੰਦਿਆਂ ਪਹਿਰਾ ਦਿੱਤਾ ।
ਭਾਈ ਲੌਂਗੋਵਾਲ ਨੇ ਰਾਜਨੀਤੀ ਨੂੰ ਧਰਮ ਅਤੇ ਪੰਥ ਦੀ ਪ੍ਰਗਤੀ ਦੀ ਪੌੜੀ ਵਜੋਂ ਤਸੱਵਰ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਵਿਚ ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਧੂਮ ਧਾਮ ਨਾਲ ਸਫਲਤਾ ਪੂਰਵਕ ਮਨਾਉਂਦਿਆਂ ਅਮਿੱਟ ਯਾਦਾਂ ਸੰਗਤਾਂ ਦੇ ਝੋਲੀ ’ਚ ਪਾਈਆਂ। ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਸਦਕਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਨਗਰ-ਕੀਰਤਨ ਨੂੰ ਆਰੰਭ ਕਰਨ ’ਚ ਕਾਮਯਾਬੀ ਹਾਸਲ ਕਰਦਿਆਂ ਇਸ ਨੂੰ ਭਾਰਤ ਦੇ ਕੋਣੇ ਕੋਣੇ ਲਿਜਾ ਕੇ ਸੰਗਤਾਂ ਨੂੰ ਗੁਰੂਘਰ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ।
ਗੁਰਦੁਆਰਾ ਕੋਹੜੀ ਵਾਲਾ ਘਾਟ ਜ਼ਿਲ੍ਹਾ ਲਖੀਮਪੁਰ ਯੂਪੀ ਤੋਂ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤਾਂ ਸਭ ਧਰਮਾਂ ਦੇ ਲੋਕਾਂ ਨੇ ਇਸ ’ਚ ਹਿੱਸਾ ਲਿਆ। ਹਾਲ ਹੀ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ ਅਤੇ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਪੂਰੇ ਖ਼ਾਲਸਾਈ ਜਾਹੋਂ ਜਲਾਲ ਨਾਲ ਮਨਾਇਆ ਗਿਆ। ਸਥਾਪਨਾ ਦਿਵਸ ਪੂਰਾ ਵਰ੍ਹਾ ਮਨਾਉਣ ਅਤੇ ਕੁਝ ਮਹੀਨੇ ਬਾਅਦ ਆ ਰਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀ ਤੋਂ ਇਲਾਵਾ ਗੁ: ਨਨਕਾਣਾ ਸਾਹਿਬ ਅਤੇ ਗੁ: ਤਰਨ ਤਾਰਨ ਸਾਹਿਬ ਦੇ ਸ਼ਹੀਦੀ ਸਾਕੇ ਦੀਆਂ ਸ਼ਤਾਬਦੀਆਂ ਦੀਆਂ ਤਿਆਰੀਆਂ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਆਪ ਵਿੱਦਿਆ ’ਚ ਪੋਸਟ ਗ੍ਰੈਜੂਏਟ ਹੋਣ ਕਾਰਨ ਸਮਾਜ ਨੂੰ ਸੇਧ ਦੇਣ ਵਾਲੇ ਵਿਦਵਾਨ ਅਤੇ ਬੁੱਧੀਜੀਵੀਆਂ ਦਾ ਸਦਾ ਕਦਰਦਾਨ ਰਿਹਾ।
ਉਨ੍ਹਾਂ ਤੋਂ ਕੌਮ ਨੂੰ ਦਰਪੇਸ਼ ਮਸਲਿਆਂ, ਚੁਣੌਤੀਆਂ, ਸਮਾਜਿਕ, ਧਾਰਮਿਕ ਅਤੇ ਆਰਥਿਕ ਮੁੱਦਿਆਂ ਪ੍ਰਤੀ ਸਦਾ ਸੇਧ ਲਈ। ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਆਪ ਦੇ ਕਾਰਜ ਕਾਲ ਵਿਚ ਧਰਮ ਪ੍ਰਚਾਰ ਪ੍ਰਸਾਰ, ਸਿਹਤ ਸਹੂਲਤਾਂ, ਕੈਂਸਰ ਪੀੜਤਾਂ ਦਾ ਇਲਾਜ, ਵਿੱਦਿਆ ਦਾ ਪਸਾਰ, ਖ਼ਾਲਸਾਈ ਖੇਡਾਂ ਨੂੰ ਉਤਸ਼ਾਹਿਤ ਕਰਨਾ, ਸਿੱਖ ਰੈਫਰੰਸ ਲਾਇਬਰੇਰੀ ਨੂੰ ਨਵੀਨ ਦਿੱਖ ਪ੍ਰਦਾਨ ਕਰਨੀ, ਸਿੱਖ ਇਤਿਹਾਸ ਖੋਜ ਅਤੇ ਛਪਾਈ ਦਾ ਕਾਰਜ, ਸਮਾਜ ਭਲਾਈ ਕਾਰਜ, ਹੜ੍ਹ ਅਤੇ ਭੁਚਾਲ ਪੀੜਤਾਂ ਦੀ ਮਦਦ, ਕਰੋਨਾ ਦੀ ਮਹਾਂਮਾਰੀ ਦੌਰਾਨ ਗੁਰੂਘਰ ਤੋਂ ਲੰਗਰ ਤੇ ਹੋਰ ਪ੍ਰਬੰਧ ਦਾ ਜ਼ਿੰਮਾ ਲੈਣਾ, ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਰਿਹਾਇਸ਼ੀ ਸਰਾਂ ਦੀ ਉਸਾਰੀ, ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਅਨੰਦ ਮੈਰਿਜ ਐਕਟ ਨੂੰ ਲਾਗੂ ਕਰਾਉਣ, ਕਰਤਾਰਪੁਰ ਲਾਂਘਾ ਮੁੜ ਖੁਲ੍ਹਵਾਉਣ, ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਤੇ ਜੰਮੂ-ਕਸ਼ਮੀਰ ਵਿਚ ਪੰਜਾਬੀ ਬੋਲੀ ਦੇ ਹੱਕ ’ਚ ਅਤੇ ਸਿੱਖਾਂ ਨੂੰ ਘੱਟ ਗਿਣਤੀ ਵਾਲੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਯਤਨਸ਼ੀਲ ਦੇਖਿਆ ਗਿਆ ਹੈ।
ਵਿਲੱਖਣ ਪੰਥਕ ਹੋਂਦ ਨੂੰ ਬਰਕਰਾਰ ਰੱਖਣਾ ਆਪ ਦਾ ਲਕਸ਼ ਰਿਹਾ ਤਾਂ ਸਿੱਖ ਧਰਮ ਦੇ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਅਤੇ ਗੁਰਧਾਮਾਂ ਦਾ ਪਾਰਦਰਸ਼ੀ ਸੁਚੱਜੇ ਪ੍ਰਬੰਧ ਲਈ ਨਵੀਂ ਰੂਪ ਰੇਖਾ ਉਲੀਕਣ ਤੋਂ ਇਲਾਵਾ ਪੰਥ ਦੀਆਂ ਖਾਹਿਸ਼ਾਂ ਤੇ ਉਮੰਗਾਂ ਅਤੇ ਨੌਜਵਾਨ ਪੀੜੀ ਲਈ 21 ਵੀਂ ਸਦੀ ਦੇ ਸਰੋਕਾਰਾਂ ਦੀ ਪੂਰਤੀ ਲਈ ਜੀਵਨ ਸ਼ੈਲੀ ਤੇ ਕਦਰਾਂ ਕੀਮਤਾਂ ਨੂੰ ਗੁਰਬਾਣੀ ਦੀ ਰੌਸ਼ਨੀ ’ਚ ਪ੍ਰੇਰਿਤ ਕਰਨ ਪ੍ਰਤੀ ਆਪੇ ਨਾਲ ਚਿੰਤਨ ਮੰਥਨ ਕਰਦਾ ਦੇਖਿਆ ਗਿਆ।
ਬੇਸ਼ੱਕ ਭਾਈ ਲੌਂਗੋਵਾਲ ਪੰਥ ਦੀਆਂ ਆਸਾਂ ਉਮੀਦਾਂ ’ਤੇ ਨਾ ਕੇਵਲ ਖਰਾ ਉੱਤਰਿਆ ਸਗੋਂ ਪੰਥਕ ਸੇਵਾ ਅਤੇ ਰਾਜਸੀ ਪਿੜ ਵਿਚ ਮਲਾਂ ਮਾਰਦਿਆਂ ਆਪਣੀ ਕਾਬਲੀਅਤ ਨੂੰ ਵੀ ਸਿੱਧ ਕੀਤਾ। ਸੰਤ ਲੌਂਗੋਵਾਲ ਦੀ ਕਾਰ ਦਾ ਸਟੇਅਰਿੰਗ ਸੰਭਾਲਣ ਵਾਲੇ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵਰਗੀ ਵੱਕਾਰੀ ਸੰਸਥਾ ਦੇ ਸਟੇਅਰਿੰਗ ਨੂੰ ਵੀ ਸੰਭਾਲਣ ਦਾ ਔਖਾ ਇਮਤਿਹਾਨ ਪਾਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਆਪਣੀ ਪਛਾਣ ਅਤੇ ਵਿਲੱਖਣਤਾ ਨੂੰ ਸਥਾਪਿਤ ਕਰਨ ਵਾਲੇ ਭਾਈ ਲੌਂਗੋਵਾਲ ਦਾ ਸਿਆਸੀ ਕੱਦ ਨਿਰੰਤਰ ਵਧ ਰਿਹਾ ਹੈ। ਨਿਰਸੰਦੇਹ ਸ਼੍ਰੋਮਣੀ ਕਮੇਟੀ ਭਾਈ ਲੌਂਗੋਵਾਲ ਦੇ ਹੱਥਾਂ ’ਚ ਸੁਰੱਖਿਅਤ ਹੈ। ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਦੇ ਉੱਜਵਲ ਭਵਿੱਖ ਲਈ ਭਾਈ ਲੌਂਗੋਵਾਲ ਦੇ ਹੱਥਾਂ ਨੂੰ ਹੋਰ ਮਜ਼ਬੂਤੀ ਦੇਣ ਦੀ ਲੋੜ ਹੈ।
-
ਪ੍ਰੋ: ਸਰਚਾਂਦ ਸਿੰਘ, ਸਾਬਕਾ ਫੈਡਰੇਸ਼ਨ ਆਗੂ
sarchand2014@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.