ਅੰਮਾ ਜੀ ਅਮਰ ਕੌਰ ਪੂਰੇ 101 ਸਾਲ ਜੀਵੇ। ਪੂਰੀ ਸ਼ਾਨ ਨਾਲ। ਦੀਵਾਲੀ ਵਾਲੇ ਦਿਨ ਸਵੇਰੇ ਚੰਗੇ ਭਲੇ ਉੱਠੇ। ਚਾਹ ਦਾ ਪਿਆਲਾ ਪੀ ਕੇ ਮਗਰੋਂ ਇਸ਼ਨਾਨ ਕੀਤਾ ਤੇ ਸਵੇਰੇ 11 ਕੁ ਵਜੇ ਪੱਕੀ ਫ਼ਤਹਿ ਬੁਲਾ ਗਏ।
ਉਹ ਧਮੋਟ( ਲੁਧਿਆਣਾ )ਚ ਜਨਮੇ ਤੇ ਕਿਲ੍ਹਾ ਰਾਏਪੁਰ ਵਿਆਹੇ ਹੋਏ ਸਨ।
ਸਾਡੇ ਕਿਲ੍ਹਾ ਰਾਏਪੁਰ ਵਾਲੇ ਬਾਪੂ ਜੀ ਦੇ ਚਾਚੀ ਜੀ ਲੱਗਦੇ ਸਨ। ਉਂਝ ਭਾਵੇਂ ਹਾਣ ਪਰਵਾਨ ਸਨ।
1978 ਚ ਮੇਰਾ ਵਿਆਹ ਹੋਇਆ ਤੇ ਉਸ ਤੋਂ ਬਾਦ ਜਦ ਵੀ ਮਿਲੇ, ਸੱਜਰੇ ਉਤਸ਼ਾਹ ਨਾਲ। ਲੰਮੀ ਹੇਕ ਦੇ ਗੀਤਾਂ ਦੀ ਖਾਣ ਸਨ ਉਹ। ਭਰਪੂਰ ਖ਼ਜ਼ਾਨਾ। ਕਈ ਗੀਤ ਉਨ੍ਹਾਂ ਮੈਨੂੰ ਗਾ ਗਾ ਕੇ ਨੋਟ ਕਰਵਾਏ। ਉਨ੍ਹਾਂ ਨੂੰ ਜਦ ਵੀ ਪਤਾ ਲੱਗਦਾ ਕਿ ਮੈਂ ਕਿਲ੍ਹਾ ਰਾਏਪੁਰ ਆਇਆ ਹੋਇਆਂ ਤਾਂ ਉਹ ਆਪਣੇ ਸਾਹਮਣੇ ਘਰੋਂ ਆ ਜਾਂਦੇ। ਕਈ ਵਾਰ ਭੈਣ ਰਣਜੀਤ ਕੌਰ ਦੇ ਘਰ ਗੀਤਾਂ ਦੇ ਗਲੋਟੇ ਲਾਹੁੰਦੀ। ਉਨ੍ਹਾਂ ਨੂੰ ਮਿਲਣਾ ਹਰ ਵਾਰ ਚੰਗਾ ਲੱਗਦਾ।
ਉਨ੍ਹਾਂ ਦੀ ਨੂੰਹ ਤੇ ਸਾਡੀ ਚਾਚੀ ਕੁਲਵੰਤ ਤੇ ਪੁੱਤ ਪੋਤਰੇ ਪੋਤਰੀ ਸਭ ਸੇਵਾ ਚ ਹਾਜ਼ਰ ਰਹਿੰਦੇ। ਆਪਣੇ ਭਤੀਜਿਆਂ ਭਾਣਜਿਆਂ ਤੇ ਬੜਾ ਫ਼ਖ਼ਰ ਕਰਦੇ।
ਮੇਰੀ 8 ਨਵੰਬਰ 1993 ਨੂੰ ਵਿੱਛੜੀ ਜੀਵਨ ਸਾਥਣ ਨਿਰਪਜੀਤ ਦੀਆਂ ਗੱਲਾਂ ਕਰਦੇ ਕਰਦੇ ਮਨ ਭਰ ਲੈਂਦੇ। ਉਨ੍ਹਾਂ ਕਈ ਗੀਤ ਨਿਰਪਜੀਤ ਨੂੰ ਬਚਪਨ ਤੋਂ ਹੀ ਚੇਤੇ ਕਰਵਾਏ ਹੋਏ ਸਨ। ਬੜੀ ਵਜਦ ਚ ਆ ਕੇ ਦੋਵੇਂ ਜਣੀਆਂ ਗਾਉਂਦੀਆਂ। ਮੇਰੇ ਪੁੱਤਰ ਪੁਨੀਤ ਦੀ ਪਹਿਲੀ ਲੋਹੜੀ ਵੇਲੇ ਉਨ੍ਹਾਂ ਬਹੁਤ ਗੀਤ ਗਾਏ ਲੰਮੀ ਹੇਕ ਵਾਲੇ ਸ਼ਗਨਾਂ ਮੱਤੇ।
ਉਨ੍ਹਾਂ ਦਾ ਵੱਡਾ ਪੁੱਤਰ ਹਰਜੀਤ ਸਿੰਘ ਗਰੇਵਾਲ ਆਪਣੇ ਬੇਟੇ ਕੋਲ ਟੋਰੰਟੋ (ਕੈਨੇਡਾ)ਗਿਆ ਹੋਇਆ ਸੀ। ਫੋਨ ਕਰਵਾਇਆ ਕਿ ਪੁੱਤਰ ਆ ਜਾ। ਚਾਰ ਦਿਨ ਇਕੱਠੇ ਕੱਟ ਲਈਏ। ਉਹ 10 ਨਵੰਬਰ ਨੂੰ ਪਹੁੰਚੇ ਤੇ ਅੰਮਾ ਜੀ 14 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਪੂਰੇ ਚੌਥੇ ਦਿਨ।
ਚਾਚਾ ਜੀ ਹਰਜੀਤ ਨੇ ਦੱਸਿਆ ਕਿ ਸਰੀਰ ਤਿਆਗਣ ਤੋਂ ਇੱਕ ਦਿਨ ਪਹਿਲਾਂ ਅੰਮਾ ਜੀ ਥਾਲੀ ਤੇ ਚਮਚਾ ਵਜਾ ਕੇ ਘਰੇ ਕਮਰੇ ਚ ਬੈਠਿਆਂ ਹੀ ਗੁਆਂਢ ਹੋਏ ਬੂਟਾ ਸਿੰਘ ਦੇ ਪੁੱਤਰ ਦੇ ਵਿਆਹ ਦੀਆਂ ਘੋੜੀਆਂ ਗਾ ਰਹੇ ਸਨ।
ਉਹ ਦੂਸਰਿਆਂ ਦਾ ਚਾਅ ਲੈਣਾ ਜਾਣਦੇ ਸਨ। ਇਸ ਪੀੜ੍ਹੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਸਵੈ ਤੋਂ ਪਰੇ ਕਿਵੇਂ ਜਾਇਆ ਜਾਂਦਾ ਹੈ, ਇਹ ਜੀਅ ਉਸ ਦਾ ਸੰਪੂਰਨ ਪ੍ਰਕਾਸ਼ ਸਨ।
ਅੰਮਾ ਜੀ ਅਮਰ ਕੌਰ ਦੇ ਜਾਣ ਤੇ ਮੇਰੇ ਵਾਸਤੇ ਇੱਕ ਯੁਗ ਦਾ ਖ਼ਾਤਮਾ ਹੈ। 101 ਬਹਾਰਾਂ, ਪੱਤਝੜਾਂ ਮਾਨਣਾ ਭਲਾ ਕਿੰਨਿਆਂ ਕੁ ਨੂੰ ਨਸੀਬ ਹੁੰਦਾ ਹੈ।
ਭਾਗਾਂ ਵਾਲੀ ਮਾਂ ਦੇ ਜਾਣ ਤੇ ਮੈਂ ਵਿਗੋਚਾ ਤਾਂ ਮਹਿਸੂਸ ਕਰ ਰਿਹਾਂ ਪਰ ਤਸੱਲੀ ਨਾਲ ਜੀਣ ਵਾਲੀ ਮਾਂ ਨੂੰ ਵਿਸਾਰਨਾ ਸੰਭਵ ਨਹੀਂ ਹੈ।
ਗੁਰਭਜਨ ਗਿੱਲ
20.11.2020
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.