ਨੀ ਮੈਂ ਪੱਗ ਥੱਲੇ ਆ ਕੇ ਮਰ ਗਈ,
ਕਿਸੇ ਨੇ ਮੇਰੀ ਕੂਕ ਨਾ ਸੁਣੀ।
ਅਜੇ ਦੂਰ ਤੱਕ ਨਹੀਂ ਪਿਆ ਦਿਸਦਾ ,
ਜਿਨੂੰ ਏਸ ਹੱਥ ਲਾਵਣਾ।
ਅਸੀਂ ਹੱਥਾਂ ਚ ਪਾਜ਼ੇਬਾਂ ਪਾਈਆਂ ,
ਉਂਗਲਾਂ ਤੇ ਟੁਰਨਾ ਪਿਆ।
ਸਾਡੇ ਪੁੱਠਿਆਂ ਹੱਥਾਂ ਤੇ ਮਹਿੰਦੀ
ਸਿੱਧੀਆਂ ਤੇ ਲੀਕਾਂ ਵੱਜੀਆਂ।
ਤੇਰੇ ਆਉਣ ਤੇ ਮੇਲਾ ਫੱਬਣਾ, ਮੁੰਡਿਆ ਕਣਕ ਰੰਗਿਆ।
ਸਾਡਾ ਸਫ਼ਰ ਲੰਮੇਰਾ ਹੋਇਆ, ਲੱਤਾਂ ਵਿੱਚ ਪੈ ਗਏ ਸਰੀਏ।
ਜਿਹੜਾ ਕਿਸੇ ਨੂੰ ਸੁਣਾ ਵੀ ਨਾ ਸਕੀਏ ,
ਦੁੱਖ ਪੜ ਦੁੱਖ ਹੁੰਦਾ ਏ।
ਜੀਭਾਂ ਵੱਢੀਆਂ ਹੋਠ ਨੇ ਸੀਤੇ , ਨੱਕ ਵਿੱਚ ਸਾਹ ਫਸਿਆ।
ਨਹੀਂ ਪੁੱਜੀਆਂ ਕਿਸੇ ਤੋਂ ਚੂੜੀਆਂ ,
ਮੈਂ ਐਵੇਂ ਤੇ ਨਹੀਂ ਬਾਹਵਾਂ ਟੁੰਗੀਆਂ।
ਅਸੀਂ ਉਹਦੇ ਅੱਗੇ ਹੱਥ ਪੈਰ ਜੋੜਤੇ ,
ਹਾਰੇ ਦਾ ਨਿਆਂ ਕੀ ਹੁੰਦਾ।
ਜੇ ਤੂੰ ਹੁਣ ਵੀ ਨਾ ਏਧਰ ਤੱਕਿਆ
ਮੈਂ ਤੇਰੇ ਨਾਲ ਨਹੀਉਂ ਬੋਲਣਾ।
ਜਦੋਂ ਚੰਡੀਆਂ ਨੂੰ ਛਾਲੇ ਪੈਗੇ ,
ਅੱਖੀਆਂ ਚੋਂ ਧੂੰਆਂ ਨਿਕਲੇ।
ਬੁੱਲ੍ਹਾ , ਵਾਰਿਸ , ਫ਼ਰੀਦ ਪੜ੍ਹਾਉ
ਧਮਾਕਿਆਂ ਤੋਂ ਜਾਨ ਛੁਟ ਜਾਏ।
ਜਦੋਂ ਕੀੜੀਆਂ ਦੇ ਆਟੇ ਡੁੱਲ੍ਹ ਗਏ,
ਡਿੱਗਿਆਂ ਨੂੰ ਉੱਠਣਾ ਪਿਆ।
ਮਾਏ ! ਚੁੰਨੀ ਦੀਆਂ ਵੱਟੀਆਂ ਵਟਾ ਦੇ ,
ਇਹ ਦੀਵਾ ਸਾਰੀ ਰਾਤ ਜਗਣਾ।
ਅਸੀਂ ਮੰਨਿਆ ਇਹ ਦੁਨੀਆ ਏ ਫ਼ਾਨੀ , ਸਾਹ ਹੁਣ ਕਿੱਥੇ ਸੁਟੀਏ?
ਘੁੰਢ ਅੱਖੀਆਂ ਚ ਰੱਖਿਆ ਲੁਕਾ ਕੇ ,
ਖ਼ੌਰੇ ਕਿਵੇਂ ਚੁੱਕਿਆ ਗਿਆ।
ਅੱਗੇ ਵਧ ਕੇ ਪਿਛਾਂਹ ਨਾ ਜਦ ਹੋਏ ,
ਪੈਰਾਂ ਨੇ ਜ਼ਮੀਨ ਛੱਡਤੀ।
ਨੀ ਮੈਂ ਅੱਕ ਦਾ ਦੰਦਾਸਾ ਮਲ਼ ਕੇ ,
ਖੇੜਿਆਂ ਦੇ ਘਰ ਵੱਸ ਪਈ।
ਮਾਏ! ਵਾਰ ਮੇਰੇ ਤੋਂ ਮਰਚਾਂ
ਬਨੇਰੇ ਉੱਤੇ ਕਾਂ ਬੋਲਿਆ।
ਅਸੀਂ ਆਪ ਤਮਾਸ਼ਾ ਬਣ ਗਏ ,
ਤਮਾਸ਼ੇ ਨਹੀਂ ਸਾਂ ਵੇਖ ਸਕਦੇ।
ਜੰਝ ਵਿਹੜੇ ਵਿੱਚ ਆਣ ਖਲੋਤੀ , ਪਟੋਲਿਆਂ ਚ ਲੁਕਦੀ ਫਿਰਾਂ।
ਅਸਾਂ ਪੂਰਾ ਸਾਲ ਹੰਡਾਈਆਂ,
ਮਿਲਣ ਦੀਆਂ ਦੋ ਘੜੀਆਂ।
ਨੀ ਮੈਂ ਭੱਖੜੇ ਦਾ ਸੂਟ ਸਿੰਵਾਇਆ,
ਸ਼ਰੀਕੜੇ ਦੀ ਅੱਖ ਪਾਟ ਗਈ।
ਦੋ ਬੇੜੀਆਂ ਚ ਪੈਰ ਜਿੰਨ੍ਹਾਂ ਰੱਖਿਆ ,
ਸਾਡੇ ਕੋਲੋਂ ਰਾਹ ਪੁੱਛਦੇ।
ਅਸਾਂ ਬੱਦਲਾਂ ਦੇ ਲੇਫ਼ ਭਰਾਏ ,
ਪੋਹ ਵਿੱਚ ਸਾਉਣ ਜੰਮਣਾ।
ਅਜੇ ਦਾਲ ਗਲੀ ਨਹੀਂ ਤੇਰੀ ,
ਸਾਡੇ ਵਾਲੇ ਰੋੜ ਗਲ਼ ਗਏ।
ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫੇਰਦੇ ,
ਅੱਜ ਮੇਰੀ ਗੁੱਤ ਵੱਢ ਗਏ।
ਸਾਡੇ ਕੰਨਾਂ ‘ਚ ਕਰਾਈਆਂ ਮੋਰੀਆਂ , ਅਕਲਾਂ ਨੂੰ ਰਾਹ ਭੁਲ ਗਏ।
ਅਸੀਂ ਅਪਣੀ ਬਾਲ ਕੇ ਸੇਕੀ ,
ਦੂਰ ਤੱਕ ਧੂਣੀ ਧੁਖ਼ਦੀ।
ਤੇਰਾ ਗੱਡ ਜਿੱਡਾ ਲਾਹਮਾ ਮਿਲਿਆ
ਤੂੰ ਸਾਡਾ ਕੀ ਲੱਗਨੈਂ।
ਉਹਦੇ ਖ਼ਤ ਦੀ ਬਣਾ ਕੇ ਫੂਕਣੀ ,
ਮੈਂ ਸੱਭੇ ਤਸਵੀਰਾਂ ਫੂਕੀਆਂ।
ਉਹਨੂੰ ਰੱਬ ਦੇ ਹਵਾਲੇ ਕੀਤਾ ,
ਜਿੰਨ੍ਹੇ ਵੀ ਸਾਡਾ ਦਿਲ ਤੋੜਿਆ।
ਉਹਦਾ ਭੰਗੜੇ ਚ ਮੁੜ੍ਹਕਾ ਚੋਇਆ ,
ਧਰਤੀ ਨੂੰ ਭਾਗ ਲੱਗ ਗਏ।
ਆਟਾ ਗੁੰਨਦੀ ਨੇ ਹੌਕਾ ਭਰਿਆ,
ਕਨਾਲੀ ਦੀਆਂ ਕੰਧਾਂ ਉੱਚੀਆਂ।
ਨੀ ਮੈਂ ਚੁੱਪ ਦੀ ਬਣਾ ਕੇ ਬੇੜੀ ,
ਅੱਧ ਵਿੱਚਕਾਰ ਡੁੱਬ ਗਈ।
ਇੱਟਾਂ ਥੱਪਦੀ ਦੇ ਪੋਟੇ ਘਸ ਗਏ ,
ਨੀਹਾਂ ਵਿੱਚ ਚੰਨ ਤਰਦਾ।
ਸਾਨੂੰ ਚੁੱਪ ਦੇ ਤਵੀਤ ਦੀ ਗੁੜ੍ਹਤੀ ,
ਅੱਖਾਂ ਉੱਤੇ ਲਾਲ ਪੱਟੀਆਂ
ਨੀ ਮੈਂ ਸੁਫ਼ਨੇ ‘ ਚ ਸੁਫ਼ਨਾ ਤੱ ਤੱਕਿਆ , ਹਕੀਕਤਾਂ ਤੋਂ ਦੂਰ ਹੋ ਗਈ
ਨੱਥ ਪਾ ਕੇ ਬੁੱਲਾਂ ਨੂੰ ਸੀਤਾ,
ਵਿੱਚੇ ਵਿੱਚ ਧੁਖ਼ਦੀ ਫਿਰਾਂ।
ਮੇਰੇ ਹੱਥ ਵਿੱਚ ਰਹਿ ਗਈ ਪੂਣੀ ,
ਚਰਖ਼ੇ ਨੇ ਸਾਹ ਕੱਤ ਲਏ।
ਸਾਨੂੰ ਪੁੱਠੀਆਂ ਮਿਸਾਲਾਂ ਦੇਂਦੇ
ਕੁਕੜੀ ਦੀ ਬਾਂਗ ਨਹੀਂ ਰਵਾਂ।
ਅੱਖ ਬਾਲ ਕੇ ਚਾਨਣ ਕੀਤਾ ,
ਮੱਥਿਆਂ ਦੇ ਲੇਖ ਦਿਸ ਪਏ।
ਸਾਡੇ ਚਾਰ ਚੁਫ਼ੇਰੇ ਕਿਬਲੇ ,
ਕਿਹੜੇ ਪਾਸੇ ਮੂੰਹ ਕਰੀਏ।
ਮੇਰੀ ਜਿੰਦ ਪੱਤਰਾਂ ਦੀ ਢੇਰੀ,
ਚਿਣਗਾਂ ਦਾ ਮੀਂਹ ਵਰ੍ਹਦਾ।
ਸੋਹਣੀ ਡੁੱਬ ਕੇ ਝਨਾਂ ਵਿੱਚ ਮਰ ਗਈ , ਘੜਿਆਂ ਚ ਘਾਹ ਉੱਗ ਪਏ।
ਦਿਲ ਸੀਨੇ ਵਿੱਚ ਦੋ ਦੋ ਹੱਥ ਪਿੱਟਿਆ
ਨੀ ਅੱਖੇ ਤੇਰਾ ਕੱਖ ਨਾ ਰਵ੍ਹੇ।
ਤੇਰੇ ਹਾਸਿਆਂ ਦੇ ਲਾਰੇ ਕਦੋਂ ਮੁੱਕਣੇ ,
ਬੁੱਲੀਆਂ ਜੰਗਾਲ ਖਾ ਗਿਆ।
ਸਾਡਾ ਜੰਮਣਾ ਮਰਨ ਤੋਂ ਔਖਾ ,
ਕੁੱਖ ਵਿਚ ਚਾ ਮੁੱਕ ਗਏ।
ਮੈਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖੇਂ ,
ਮੈਨੂੰ ਵੀ ਜੇ ਸ਼ੱਕ ਪੈ ਪੈ ਗਿਆ।
ਸਾਡਾ ਉਮਰਾਂ ਦਾ ਲੱਥਿਆ ਥਕੇਵਾਂ,
ਤੇਰੇ ਨਾਲ ਗੱਲ ਕਰਕੇ।
ਅਸਾਂ ਕਿਸ਼ਤਾਂ ਤੇ ਮੌਤ ਖ਼ਰੀਦੀ,
ਤੇਰੇ ਨਾਲ ਦਿਲ ਜੋੜ ਕੇ।
ਜਿਹੜੇ ਦਿਨ ਦਾ ਮੈਂ ਤੇਰਾ ਬੂਹਾ ਤੱਕਿਆ, ਜ਼ਿੰਦਗੀ ਦੀ ਰਾਤ ਮੁੱਕ ਗਈ
ਸਾਡੀ ਕਬਰ ਬਣੀ ਮਜਬੂਰੀ ,
ਹਾਸਿਆਂ ਦੇ ਫੁੱਲ ਕੇਰ ਜਾ।
ਤੇਰਾ ਹਿਜਰ ਸਲਾਮਤ ਅੜਿਆ,
ਸਾਡੇ ਵੱਲ ਸਰ੍ਹੋਂ ਖਿੜ ਪਈ।
ਉਹਨੂੰ ਜੱਗ ਤੋਂ ਲੁਕਾ ਕੇ ਰੱਖਿਆ ,
ਫ਼ੇਰ ਵੀ ਨਾ ਤੋੜ ਚੜ੍ਹੀਆਂ।
ਦਿਲ ਸੀਨੇ ਵਿੱਚ ਮਾਰਦਾ ਏ ਛਾਲਾਂ ,
ਅੱਖਾਂ ਪਈਆਂ ਪਾਉਣ ਪਰਦੇ।
ਤੈਨੂੰ ਕਿੱਸਰਾਂ ਯਕੀਨ ਦਿਵਾਵਾਂ
ਤੇਰੇ ਜਿਹਾ ਹੋਰ ਕੋਈ ਨਾ।
ਦਿਲ ਰੋਣ ਦੇ ਬਹਾਨੇ ਲੱਭਦਾ ,
ਤੂੰ ਇਕ ਵਾਰੀ ਨਾਂਹ ਕਰਦੇ।
ਕਿਸੇ ਅੱਖ ਦਾ ਇਸ਼ਾਰਾ ਕੀਤਾ ,
ਮੈਂ ਖਿੜ ਕੇ ਗੁਲਾਬ ਹੋ ਗਈ।
ਕੰਧਾਂ ਲੈਂਦੀਆਂ ਨੇ ਕੰਨ ਵਿੱਚ ਉਂਗਲਾਂ , ਕੀਹਦੇ ਨਾਲ ਗੱਲ ਕਰੀਏ?
ਮੈਨੂੰ ਪਤਾ ਏ ਮੈਂ ਕਿਹੜੇ ਪਾਸੇ ਜਾਵਣਾ
ਤੂੰ ਮੇਰਾ ਰਾਹ ਛੱਡ ਦੇ
ਮੱਟ ਨੀਂਦਰਾਂ ਦੇ ਭਰ ਭਰ ਪੀਤੇ, ਅੱਖਾਂ ਨੂੰ ਖ਼ੁਮਾਰੀ ਚੜ੍ਹ ਗਈ।
ਵੇ ਤੂੰ ਸਾਹਮਣੇ ਕਿਉਂ ਨਹੀਂ ਆਉਂਦਾ,
ਤੈਥੋਂ ਕੀਹਨੇ ਘੁੰਡ ਕੱਢਣਾ।
ਮੈਂ ਮਰ ਗਈ ਮੇਰੇ ਸਿਰੇ ਚੜ੍ਹ ਕੇ,
ਹਰ ਪਾਸੇ ਤੂੰ ਦਿਸਨੈਂ।
ਗੱਲਾਂ ਤਖ਼ਤ ਹਜ਼ਾਰੇ ਛਿੜੀਆਂ,
ਖੇੜਿਆਂ ਨੂੰ ਹੀਰ ਲੈ ਗਈ
ਕੋਈ ਪਿਆਰ ਕਰੇ ਤੇ ਚੋਰੀ ,
ਲੜਾਈਆਂ ਸਰੇਆਮ ਹੁੰਦੀਆਂ।
ਤੇਰੇ ਸ਼ਮਲੇ ਦਾ ਬੇੜਾ ਤਰਿਆ ,
ਚੁੰਨੀਆਂ ਦੇ ਰੰਗ ਉੱਡ ਗਏ।
ਸਿਰ ਚੁੱਕ ਕੇ ਧਮਾਲਾਂ ਪਾਈਏ ,
ਝੁਕਿਆ ਨੂੰ ਕੌਣ ਪੁੱਛਦਾ।
ਧੀ ਲੇਖਾਂ ਦੇ ਹਵਾਲੇ ਕਰਕੇ ,
ਪੁੱਤਰਾਂ ਤੇ ਮਾਣ ਬਾਬਲਾ।
ਅਜੇ ਅੱਖ ਨਹੀਂ ਸੀ ਦੁਨੀਆਂ ਤੇ ਖੋਲ੍ਹੀ, ਮਾਪਿਆਂ ਦੇ ਸਿਰ ਝੁਕ ਗਏ।
ਆ ਚੁੱਕ ਕੇ ਛਤੀਰ ਵਖਾਈਏ ,
ਨੀ ਜ਼ਾਤ ਦੀਏ ਕੋਹੜ ਕਿਰਲੀਏ।
-
ਤਾਹਿਰਾ ਸਰਾ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.