ਦਿਨ ਰੁਦਨ ਚੱਲ ਰਹੇ ਨੇ। ਉਦਾਸ ਰੁੱਤਾਂ ਆਈਆਂ ਰੁਦਨ ਕਰਨ ਦੀਆਂ ਤੇ ਰੁਦਨ ਸੁਣਨ ਦੀਆਂ। ਰੋਸ ਹੈ ਮਨਾਂ ਵਿਚ। ਜੋਸ਼ ਵੀ ਹੈ। ਖਿੱਝ ਵੀ ਹੈ ਤੇ ਕੜਵਾਹਟ ਵੀ। ਕਿਹੋ ਜਿਹਾ ਸਮਾਂ ਹੈ ਏਹ? ਹਰੇਕ ਸੰਵੇਦਨਸ਼ੀਲ ਮਨ ਵਾਲਾ ਵਿਅਕਤੀ ਕਿਸੇ ਨੂੰ ਪੁੱਛ ਰਿਹਾ ਹੈ ਪਰ ਦੱਸ ਕੋਈ ਨਹੀਂ ਰਿਹਾ ਓਸਨੂੰ, ਕਿਹੋ ਜਿਹੇ ਦਿਨ ਆ ਗਏ ਹਨ ਤੇ ਏਹ ਦਿਨ ਵਾਪਸ ਕਦ ਪਰਤਣਗੇ! ਹਵਾ ਵਿਚ ਲਟਕ ਰਿਹਾ ਹੈ ਇਹ ਸਵਾਲ।
ਦੇਸ ਦਾ ਕਿਸਾਨ ਰੁਦਨ ਕਰ ਰਿਹਾ ਹੈ। ਸੜਕਾਂ ਉਤੇ ਪਿੱਟ ਰਿਹਾ ਹੈ। ਚੰਘਾੜ ਰਿਹਾ ਹੈ ਇੱਕ ਦੂਜੇ ਦੇ ਹੰਝੂ ਪੂੰਝ ਰਿਹਾ ਹੈ। ਕਿਸਾਨ ਕਹਿੰਦਾ ਹੈ ਕਿ ਉਹ ਪੂਰੇ ਮੁਲਕ ਦਾ ਢਿੱਡ ਭਰਦਾ ਹੈ ਪਰ ਓੁਹਦਾ ਢਿੱਡ ਕੌਣ ਭਰੇ? ਉਹ ਹਰ ਇੱਕ ਦੀ ਸੁਣਦਾ ਹੈ ਪਰ ਓਹਦੀ ਕੌਣ ਸੁਣੇ? ਛੇ ਦਹਾਕੇ ਪਹਿਲਾਂ ਗਾ ਗਿਆ ਸੀ ਸਾਡਾ ਉਸਤਾਦ ਯਮਲਾ ਜੱਟ, ਉਹਦਾ ਗਾਇਆ ਸੱਚਾ ਸਿੱਧ ਹੋ ਗਿਆ ਹੈ, ਕੁਝ ਕੁ ਬੋਲ ਤੁਸੀਂ ਵੀ ਸੁਣ ਲਓ:
ਜੱਟਾ ਜੀਵਨ ਜੋਗਿਆ, ਕਿਉਂ ਬਣ ਬੈਠਾ ਅਨਜਾਣ
ਅੱਜ ਜੱਟਾ ਵੇਲਾ ਆ ਗਿਆ, ਤੂੰ ਆਪਣਾ ਫਰਜ਼ ਪਛਾਣ
ਤੇਰੀ ਹੱਲ ਤੇ ਪੰਜਾਲੀ ਹੀਰਿਆ, ਪੂਰੇ ਦੇਸ਼ ਦਾ ਰੱਖਿਆ ਮਾਣ
ਜਿਹਨੂੰ ਧਰਤੀ ਦਾ ਰੱਬ ਆਖਦੇ, ਤੂੰ ਉਹ ਜੱਟਾ ਇਨਸਾਨ
ਕਿੰਨਾ ਸੱਚ ਹੈ ਏਸ ਗੀਤ ਦੇ ਬੋਲਾਂ ਵਿਚ। ਜੱਟ ਦੇ ਹਲ ਤੇ ਪੰਜਾਲੀ ਨੇ ਮੁਲਕ ਦਾ ਹਮੇਸ਼ਾ ਮਾਣ ਰੱਖਿਆ ਹੈ ਤੇ ਉਹ ਧਰਤੀ ਉਤੇ ਵੱਸਣ ਵਾਲਾ ਰੱਬ ਹੈ। ਪਤਾ ਨਹੀਂ ਉਹ ਕਿਉਂ ਅਨਜਾਣ ਜਿਹਾ ਬਣ ਬੈਠਾ ਹੈ ਜਾਂ ਫਿਰ ਓਸ ਨੂੰ ਅਨਜਾਣ ਬਣਾ ਦਿੱਤਾ ਗਿਆ ਹੈ ਸਭ ਕਾਸੇ ਤੋਂ!
ਕਿਰਸਾਨ ਦੀ ਕਥਾ ਲੰਮੇਰੀ ਹੈ। ਗਮਾਂ ਨੇ ਘੇਰੀ ਹੈ। ਇਸ ਗਮ ਭਰੀ ਕਥਾ ਦੇ ਨਾਲ ਨਾਲ ਕੁਝ ਹੋਰ ਉਦਾਸ ਕਥਾਵਾਂ ਵੀ ਤੁਰ ਰਹੀਆਂ ਨੇ। ‘ਮੇਰਾ ਡਾਇਰੀਨਾਮਾ’ ਲਿਖਦਿਆਂ ਮੈਂ ਬੇਹੱਦ ਉਦਾਸ ਹਾਂ। ਪਿਛਲੇ ਦਿਨੀ ਕੁਝ ਖਬਰਾਂ ਬਹੁਤਾਤ ਰੂਪ ਵਿਚ ਅਜਿਹੀਆਂ ਪੜ੍ਹਨ ਨੂੰ ਮਿਲੀਆਂ ਨੇ, ਜਿੰਨਾਂ ਤੋਂ ਪੜ੍ਹ ਕੇ ਬੜੀ ਸੌਖੀ ਤਰਾਂ ਪਤਾ ਲੱਗਦਾ ਜਾਂਦਾ ਹੈ ਕਿ ਇਨਸਾਨ ਦਿਨੋ-ਦਿਨ ਨੂੰ ਹੈਵਾਨ ਦੇ ਰੂਪ ਵਿਚ ਤਬਦੀਲ ਹੋਈ ਜਾ ਰਿਹਾ ਹੈ। ਪੁੱਤ ਮਾਪਿਆਂ ਨੂੰ ਮਾਰੀ ਜਾ ਰਹੇ ਨੇ। ਖਬਰ ਪੜ੍ਹ ਕੇ ਦਿਲ ਢੱਠ ਜਾਂਦਾ ਹੈ ਕਿ ਨਸ਼ੇੜੀ ਪੁੱਤ ਨੇ ਮਾਂ ਤਲਵਾਰ ਨਾਲ ਵੱਢੀ। ਮਾਂ ਕੋਲ ਪੈਸੇ ਨਹੀਂ ਸਨ ਕਿ ਉਹ ਪੁੱਤ ਨੂੰ ਨਸ਼ਾ ਕਰਨ ਵਾਸਤੇ ਪੈਸੇ ਦਿੰਦੀ, ਮਾਂ ਵਿਚਾਰੀ ਤਾਂ ਲੋਕਾਂ ਦੇ ਘਰ ਗੋਹਾ ਕੂੜਾ ਕਰਦੀ ਤੇ ਪੇਟ ਪਾਲਦੀ ਸੀ, ਪੁੱਤ ਦਾ ਵੀ ਤੇ ਆਪਣਾ ਵੀ। ਹੁਣ ਮੈਂ ਅਜਿਹੀਆਂ ਖਬਰਾਂ ਪੜ੍ਹਨਾ ਛੱਡਣ ਲੱਗ ਪਿਆ ਕਿਉਂਕਿ ਡਿਪਰੈਸ਼ਨ ਕਈ ਕਈ ਦਿਨ ਨਹੀਂ ਜਾਂਦਾ। ਦਵਾਈ ਖਾਣੀ ਪੈਂਦੀ ਹੈ।
ਐ ਪਿਆਰੇ ਪੰਜਾਬ, ਤੈਂ ਕਦੇ ਸੋਚਿਆ ਸੀ ਕਿ ਤੇਰੇ ਪੁੱਤ ਏਨੇ ਜਾਲਿਮ ਬਣ ਜਾਣਗੇ? ਤੇਰੇ ਪੁੱਤ ਕੇਹੜੇ ਔਝੜੇ ਰਾਹੇ ਪੈ ਗਏ ਨੇ ਪੰਜਾਬ ਪਿਆਰੇ! ਕੁਝ ਖਬਰਾਂ ਤਾਂ ਅਜਿਹੀਆਂ ਸਨ, ਜਿੱਥੇ ਸਾਰੇ ਦੇ ਸਾਰੇ ਟੱਬਰ ਨੇ ਆਤਮ ਹੱਤਿਆ ਕੀਤੀ। ਕਿਸੇ ਸਾਰਾ ਟੱਬਰ ਹੀ ਮਾਰ ਮੁਕਾਇਆ ਤੇ ਆਪ ਵੀ ਮਰ ਗਿਆ, ਕਿਉਂਕਿ ਦੇਰ ਤੋਂ ਸਿਰ ਕਰਜ਼ਾ ਭਾਰੀ ਸੀ ਤੇ ਹੋਰ ਹੋਰ ਭਾਰੀ ਹੋਈ ਜਾ ਰਿਹਾ ਸੀ ਕਰਜਾ। ਇੱਕ ਟੀ ਵੀ ਚੈਨਲ ਉਤੇ ਇੱਕ ਕਿਸਾਨ ਬਾਪ ਰੋ ਰਿਹਾ ਸੀ ਕਿ ਤੀਹ ਲੱਖ ਦਾ ਕਰਜਾ ਚੁੱਕਿਆ ਸੀ ਤੇ ਮੁੰਡਾ ਕੈਨੇਡਾ ਭੇਜਿਆ ਸੀ ਪੜ੍ਹਨ ਵਾਸਤੇ। ਹੁਣ ਬਕਸੇ ਵਿਚ ਲਾਸ਼ ਆ ਰਹੀ ਹੈ, ਆਤਮ ਹੱਤਿਆ ਕਰ ਗਿਆ ਉਥੇ। ਇਕੋ ਇੱਕ ਹੀ ਮੁੰਡਾ ਸੀ। ਉਏ ਪੁੱਤਰਾ ਕਰਜਾ ਕੌਣ ਲਾਹੂ? ਸਾਨੂੰ ਕੌਣ ਸੰਭਾਲੂ? ਇਹਨਾਂ ਸਵਾਲਾਂ ਦੇ ਕਿਸੇ ਕੋਲ ਜੁਆਬ ਨਹੀਂ ਸਨ?
ਸੱਚ ਮੁੱਚ ਹੀ ਰੁਦਨ ਦੀ ਰੁੱਤ ਹੈ। ਹਰ ਕੋਈ ਰੁਦਨ ਕਰਦਾ ਹੀ ਦਿਸ ਰਿਹਾ ਜਾਪਦਾ ਹੈ, ਚਾਹੇ ਕੋਈ ਰੁਦਨ ਦਾ ਵਿਖਾਵਾ ਨਾ ਕਰੇ ਪਰ ਅੰਦਰੋ ਅੰਦਰੀਂ ਰੁਦਨ ਹੋ ਰਿਹਾ ਹੈ। ਹੇ ਰੱਬਾ ਖੈਰ ਕਰ...ਰੁਦਨ ਦੀ ਰੁੱਤ ਲੰਘ ਜਾਵੇ!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+919417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.