ਮੱਥੇ ਦੀਆਂ ਤਿਊੜੀਆਂ
ਸਿਆੜ ਬਣੀਆਂ ਨੇ।
ਹਲ਼ ਵਾਹਕਾਂ ਨੇ
ਦੁਸ਼ਮਣ ਦੀ ਨਿਸ਼ਾਨਦੇਹੀ ਕਰਕੇ
ਦਰਦਾਂ ਦੀ ਵਾਹੀ ਜੋਤੀ ਕੀਤੀ ਹੈ।
ਇਸ ਧਰਤੀ ਨੇ ਬਹੁਤ ਕੁਝ ਵੇਖਿਆ ਹੈ।
ਨਹਿਰਾਂ ਚੋਂ ਡੱਕੇ ਮੋਘੇ ਖੋਲ੍ਹੇ ਨੇ ਬਾਬਿਆਂ।
ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ
ਮਾਲਵੇ ‘ਚ ਬਿਸਵੇਦਾਰਾਂ ਨੂੰ
ਭਜਾਇਆ ਸੀ ਮੁਜਾਰਿਆਂ ਕਿਸ਼ਨਗੜ੍ਹੋਂ
ਦਬੱਲਿਆ ਪਿੰਡ ਪਿੰਡ ਮੰਡੀ ਮੰਡੀ।
ਸਫ਼ੈਦਪੋਸ਼ਾਂ ਨੂੰ ਸੁਰਖ਼ਪੋਸ਼ਾਂ ਪਾਈਆਂ ਭਾਜੜਾਂ
ਇਤਿਹਾਸ ਨੇ ਵੇਖਿਆ।
ਕੈਰੋਂਸ਼ਾਹੀ ਦਾ ਟਾਕਰਾ ਕਰਦੇ
ਖ਼ੁਸ਼ ਹੈਸੀਅਤੀ ਟੈਕਸ ਨੂੰ ਵੰਗਾਰਦੇ
ਅੱਜ ਵੀ ਚੇਤਿਆਂ ਚ ਜਾਗਦੇ।
ਚਾਚਾ ਚੋਰ ਭਤੀਜਾ ਡਾਕੂ
ਸੱਥਾਂ ‘ਚ ਗਾਉਂਦੇ ਜਾਂਬਾਜ਼।
ਬੋਹਲਾਂ ਦੀ ਰਾਖੀ ਜਾਣਦੇ ਹਨ।
ਤੰਗਲੀਆਂ ਸਲੰਘਾਂ ਵਾਲੇ।
ਸਰਕਾਰਾਂ ਨਾਲ ਲੜੇ ਹਰ ਵਾਰ।
ਪਰ ਇਹ ਤੱਕਿਆ ਪਹਿਲੀ ਵਾਰ
ਵੱਖਰਾ ਸੂਰਜ
ਨਵੀਆਂ ਕਿਰਨਾਂ ਸਮੇਤ ਚੜ੍ਹਿਆ।
ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ।
ਕਾਰਪੋਰੇਟ ਘਰਾਣਿਆਂ ਦੇ
ਕੰਪਨੀ ਸ਼ਾਹਾਂ ਨੂੰ
ਰਾਵਣ ਦੇ ਨਾਲ ਫੂਕਿਆ ਹੈ।
ਦੁਸਹਿਰੇ ਦੇ ਅਰਥ ਬਦਲੇ ਹਨ।
ਵਕਤ ਦੀ ਹਿੱਕ ਤੇ
ਦਰਦਮੰਦਾਂ ਦੀਆਂ ਆਹਾਂ ਨੇ
ਨਵੀਂ ਅਮਿਟ ਇਬਾਰਤ ਲਿਖੀ ਹੈ।
ਸਾਨੂੰ ਨਚਾਉਣ ਵਾਲੇ ਖ਼ੁਦ ਨੱਚੇ ਨੇ
ਹਕੀਕਤਾਂ ਦੇ ਦੁਆਰ।
ਬੇਸ਼ਰਮ ਹਾਸਿਆਂ ਚ ਘਿਰ ਗਏ ਹਨ
ਤਿੰਨ ਮੂੰਹੇ ਸ਼ੇਰ ਲੁਕਦੇ ਫਿਰਦੇ ਨੇ।
ਤਖ਼ਤਿਆਂ ਵਾਲੇ ਤਖ਼ਤ ਵੰਗਾਰਦੇ।
ਕਦੇ ਕਦੇ ਇਸ ਤਰ੍ਹਾਂ ਹੁੰਦਾ ਹੈ
ਕਿ ਬਿੱਲਾ ਆਪ ਹੀ ਪੈਰ ਧਰ ਕੇ
ਆਪਣੇ ਆਪ
ਫਸ ਜਾਵੇ ਬਲ਼ਦੇ ਤੰਦੂਰ ਵਿੱਚ।
ਕਾੜ੍ਹਨੀ ‘ਚੋਂ
ਦੁੱਧ ਪੀਂਦਾ ਕੁੱਤਾ ਧੌਣ ਫਸਾ ਬਹੇ।
ਚੋਰ ਪਾੜ ਤੇ ਹੀ ਫੜਿਆ ਜਾਵੇ।
ਗਿੱਦੜ-ਕੁੱਟ ਖਾਂਦਾ
ਫਸਿਆ ਫਸਿਆ ਬੇਸ਼ਰਮੀ ‘ਚ
ਕੁਝ ਨਾ ਕਹਿਣ ਜੋਗਾ ਰਹੇ।
ਪਹਿਲੀ ਵਾਰ ਹੋਇਆ ਹੈ
ਕਿ ਖੇਤ ਅੱਗੇ ਅੱਗੇ ਤੁਰ ਰਹੇ ਨੇ
ਕੁਰਸੀਆਂ ਮਗਰ ਮਗਰ ਤੁਰਦੀਆਂ
ਬਿਨ ਬੁਲਾਏ ਬਾਰਾਤੀਆਂ ਵਾਂਗ।
ਸਾਨੂੰ ਵੀ ਲੈ ਚੱਲੋ ਯਾਰ ਕਹਿੰਦੀਆਂ।
ਮਨੂ ਸਿਮ੍ਰਤੀ ਤੋਂ ਬਾਅਦ
ਨਵੇਂ ਅਛੂਤ ਐਲਾਨੇ ਹਨ
ਵਕਤਨਾਮੇ ਦੀ ਅਣਲਿਖੀ ਕਿਤਾਬ ਵਿੱਚ।
ਪਹਿਲੀ ਵਾਰ
ਤੂੰਬੀਆਂ ਢੱਡਾਂ ਸਾਰੰਗੀਆਂ ਨੇ
ਪੀੜ ਪਰੁੱਚੀਆਂ ਤਰਜ਼ਾਂ ਕੱਢੀਆਂ ਨੇ
ਵਕਤ ਨੇ ਹੇਕਾਂ ਨੂੰ ਸ਼ੀਸ਼ਾ ਵਿਖਾਇਆ ਹੈ।
ਮੁੱਕੇ ਵੰਗਾਰ ਬਣੇ ਹਨ
ਚੀਕਾਂ ਕੂਕ ਵਿੱਚ ਬਦਲੀਆਂ ਹਨ
ਲੇਰ ਨੂੰ ਆਵਾਜ਼ ਲੱਭੀ ਹੈ।
ਮੁਕਤੀ ਨੂੰ ਸਿਰਨਾਵੇਂ ਦੀ ਦੱਸ ਪਈ ਹੈ।
ਅੰਦਰ ਦੀਆਂ ਪੱਕੀਆਂ
ਬਾਹਰ ਆਈਆਂ ਹਨ
ਸਾਜ਼ਸ਼ਾਂ,ਗੋਂਦਾਂ, ਚਾਲਾਂ, ਕੁਚਾਲਾਂ
ਕੰਨਿਆ ਕੁਮਾਰੀ ਤੋਂ ਕਸ਼ਮੀਰ ਤੀਰ
ਭਾਰਤ ਇੱਕ ਹੋਇਆ ਹੈ
ਲੁੱਟ ਤੰਤਰ ਦੇ ਖ਼ਿਲਾਫ਼
ਕਿਤਾਬਾਂ ਤੋਂ ਬਹੁਤ ਪਹਿਲਾਂ
ਵਕਤ ਬੋਲਿਆ ਹੈ।
ਨਾਗਪੁਰੀ ਸੰਤਰਿਆਂ ਦਾ ਰੰਗ
ਫੱਕ ਹੋਇਆ ਹੈ ਲੋਕ ਦਰਬਾਰੇ
ਮੰਡੀਆਂ ‘ਚ ਦਾਣੇ ਤੜਫ਼ੇ ਹਨ।
ਆੜ੍ਹਤੀਆਂ ਨੇ ਹਾਉਕਾ ਭਰਿਆ ਹੈ।
ਪੱਲੇਦਾਰਾਂ ਨੇ ਕਮਰਕੱਸਾ ਕੀਤਾ ਹੈ।
ਸੜਕਾਂ, ਰੇਲਵੇ ਟਰੈਕ ਨੇ
ਬਾਬੇ ਪੋਤਰੇ
ਦਾਦੀਆਂ ਪੋਤਰੀਆਂ
ਜ਼ਿੰਦਾਬਾਦ ਦੀ ਜੂਨ ਪਈਆਂ ਵੇਖੀਆਂ ਨੇ।
ਪਹਿਲੀ ਵਾਰ
ਬੰਦ ਬੂਹਿਆਂ ਦੇ ਅੰਦਰ
ਲੱਗੇ ਸ਼ੀਸ਼ਿਆਂ ਨੇ ਦੱਸਿਆ ਹੈ
ਅੰਦਰਲਾ ਕਿਰਦਾਰ
ਕਿ ਕੁਰਸੀਆਂ ਨੇ
ਨਾਚ ਨਚਾਇਆ ਨਹੀਂ
ਝਾਂਜਰਾਂ ਬੰਨ੍ਹ ਖ਼ੁਦ ਨੱਚਿਆ ਹੈ।
ਕਾਠ ਦੀ ਪੁਤਲੀ ਨੂੰ ਨਚਾਉਂਦੀਆ
ਤਣਾਵਾਂ ਮਗਰਲੇ ਹੱਥ ਨੰਗੇ ਹੋਏ ਨੇ।
ਝੋਨੇ ਦੇ ਵੱਢ ਵਿੱਚ
ਕਣਕ ਜੰਮਣੋਂ ਇਨਕਾਰੀ ਹੈ।
ਸਹਿਮ ਗਿਆ ਹੈ ਬੰਬੀਆਂ ਦਾ ਪਾਣੀ
ਕਿੱਲੇ ਬੱਧੀਆਂ ਮਹੀਂਆਂ ਗਾਈਂਆਂ
ਦੁੱਧੋਂ ਭੱਜ ਗਈਆਂ ਨੇ।
ਦੁੱਧ ਪੀਣੀ ਬਿੱਲੀ
ਥੈਲਿਓਂ ਬਾਹਰ ਆਈ ਹੈ।
ਹਾਲ਼ੀ ਪਾਲ਼ੀ ਅਰਥ ਸ਼ਾਸਤਰ ਪੜ੍ਹੇ ਹਨ
ਬਿਨਾ ਸਕੂਲਾਂ ਕਾਲਜਾਂ ਦੀਆਂ
ਜਮਾਤਾਂ ‘ਚ ਗਏ ਪਟਾਕਦੇ ਹਨ
ਫਰਨ ਫਰਨ ਅਰਥਾਉਂਦੇ ਹਨ
ਸੱਤਾ ਦੀ ਵਿਆਕਰਣ।
ਫ਼ਿਕਰੇ ਜੁੜਨ ਨਾ ਜੁੜਨ
ਅਰਥ ਕਤਾਰੋ ਕਤਾਰ ਖੜ੍ਹੇ ਹਨ।
ਪਹਿਲੀ ਵਾਰ ਅਰਥਾਂ ਨੇ ਸ਼ਬਦਾਂ ਨੂੰ
ਕਟਹਿਰੇ ਚ ਖੜ੍ਹਾ ਕਰ ਲਾਜਵਾਬ ਕੀਤੈ।
ਅੰਬਰ ਨੇ ਤਾਰਿਆਂ ਦੀ ਛਾਵੇਂ
ਮੁੱਦਤ ਬਾਅਦ ਵੇਖੇ ਨੇ
ਪੁੱਤਰ ਧੀਆਂ
ਲੋਹ ਲੰਗਰ ਪਕਾਉਂਦੇ ਵਰਤਾਉਂਦੇ।
ਸੂਰਜ ਤੇ ਚੰਦਰਮਾ ਇੱਕੋ ਜੇਹਿਆ
ਬੇਰਹਿਮ ਤਾਰਾ ਮੰਡਲ ਨੇੜਿਉਂ ਤੱਕਿਆ ਹੈ।
ਕੰਬਲ ਦੀ ਠੰਢ ਵਾਲੇ ਮਹੀਨੇ
ਅੰਦਰ ਅੱਗ ਮੱਚਦੀ ਹੈ।
ਮੁੜ੍ਹਕੇ ਨਾਲ ਭਿੱਜਿਆ ਹੈ
ਪੂਰਾ ਤਨ ਬਦਨ।
ਝੰਡੇ ਅੱਗੇ ਝੰਡੀਆਂ ਮਜਰਿਮ ਬਣੀਆਂ ਹਨ।
ਚੌਂਕੀਦਾਰਾਂ ਨੂੰ ਸਵਾਲਾਂ ਨੇ ਵਿੰਨ੍ਹਿਆ ਹੈ
ਬਿਨ ਤੀਰ ਤਲਵਾਰੋਂ।
ਗੋਦੀ ਬੈਠੇ ਲਾਡਲੇ ਅੱਖਰ
ਬੇਯਕੀਨੇ ਹੋਏ ਨੇ ਚੁਰਸਤਿਆਂ ‘ਚ।
ਸੁਆਲਾਂ ਦਾ ਕੱਦ
ਵਧ ਗਿਆ ਹੈ ਜਵਾਬਾਂ ਨਾਲੋਂ।
ਪਹਿਲੀ ਵਾਰ
ਤੱਥ ਸਿਰ ਚੜ੍ਹ ਬੋਲੇ ਹਨ ਬੇਬਾਕ ਹੋ ਕੇ।
ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ
ਪਗੜੀ ਸੰਭਾਲੀ ਹੈ
ਸਿਆੜਾਂ ਦੀ ਸਲਾਮਤੀ ਲਈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.