ਪੰਜਾਬੀਆਂ ਨੂੰ ਇਹ ਖ਼ਾਸ ਕਰਕੇ ਸਿੱਖਾਂ ਨੂੰ ਹਾਕੀ ਖੇਡਣ ਦੀ ਚਿਣਗ ਅੰਗਰੇਜ਼ ਫੌਜੀਆਂ ਤੋਂ ਲੱਗੀ ।ਪੰਜਾਬੀਆਂ ਦਾ ਹਮੇਸ਼ਾ ਹੀ ਭਾਰਤੀ ਹਾਕੀ ਟੀਮ ਵਿੱਚ ਦਬਦਬਾ ਰਿਹਾ ਪਰ ਹਿੰਦ ਦੇ ਹੁਕਮਰਾਨਾਂ ਨੂੰ ਇਹ ਦਬਦਬਾ ਹਮੇਸ਼ਾ ਹੀ ਚੁੱਬਦਾ ਰਿਹਾ ਹੈ, ਇਸੇ ਕਰਕੇ ਕਈ ਵਾਰ ਸਿੱਖ ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ਦੀ ਚੋਣ ਮੌਕੇ ਬੇਇਨਸਾਫ਼ੀ ਦਾ ਸ਼ਿਕਾਰ ਹੋਣਾ ਪਿਆ ।ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਮੈਂ ਇਹ ਤਾਂ ਨਹੀਂ ਆਖਾਂਗਾ ਕਿ ਸਿੱਖ ਕੌਮ ਦੀ ਕੱਟੜ ਦੁਸ਼ਮਣ ਸੀ ਕਿਉਂਕਿ ਉਸ ਨੇ ਕਈ ਸਿੱਖ ਚਿਹਰਿਆਂ ਨੂੰ ਦੇਸ਼ ਦਾ ਰਾਸ਼ਟਰਪਤੀ ਵੀ ਬਣਾਇਆ ,ਗ੍ਰਹਿ ਮੰਤਰੀ ਵੀ ਬਣਾਇਆ ,ਮੁੱਖ ਮੰਤਰੀ ਵੀ ਬਣਾਇਆ ਕਈਆਂ ਨੂੰ ਹੋਰ ਵੀ ਵੱਡੇ ਵੱਡੇ ਅਹੁਦੇ ਤੇ ਪਦਵੀਆਂ ਦਿੱਤੇ। ਇਹ ਅਹੁਦੇ ਉਨ੍ਹਾਂ ਨੂੰ ਮਿਲੇ ਜਿਹੜੇ ਉਸ ਦੀ ਚਾਪਲੂਸੀ ਕਰਦੇ ਸਨ।
ਅਸਲ ਵਿਚ 1971 ਦੀ ਭਾਰਤ ਪਾਕਿਸਤਾਨ ਦੀ ਜੰਗ ਜਿੱਤਣ ਤੋਂ ਬਾਅਦ ਉਸ ਔਰਤ ਵਿੱਚ ਇੰਨਾ ਹੰਕਾਰ ਅਤੇ ਘਮੰਡ ਆ ਗਿਆ ਸੀ ਕਿ ਓਹ ਹਰ ਇੱਕ ਨੂੰ ਆਪਣੀ ਅਧੀਨਗੀ ਮਨਾਉਣਾ ਚਾਹੁੰਦੀ ਸੀ । ਇਸੇ ਘਮੰਡ ਵਿੱਚ ਉਸ ਨੇ 1975 ਵਿੱਚ ਐਮਰਜੈਂਸੀ ਲਗਾਈ ਅਤੇ ਫਿਰ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ।
ਗੱਲ ਸਾਲ 2006 ਅਪ੍ਰੈਲ ਮਹੀਨੇ ਦੀ ਆਂ ਜਦੋਂ ਪੰਜਾਬ ਪੁਲਿਸ ਅਤੇ ਬੀ ਐਸ ਐਫ ਦੇ ਸਾਬਕਾ ਮੁਖੀ ਅਸ਼ਵਨੀ ਕੁਮਾਰ ਨੇ ਨਵੀਂ ਦਿੱਲੀ ਵਿਖੇ 10 ਸਿੱਖ ਓਲੰਪੀਅਨ ਖਿਡਾਰੀਆਂ ਦੇ ਇੱਕ ਸਨਮਾਨ ਸਮਰੋਹ ਵਿੱਚ ਬੋਲਦਿਆਂ ਇੰਦਰਾ ਗਾਂਧੀ ਦੇ ਹੰਕਾਰ ਦਾ ਇਕ ਹੋਰ ਚਿੱਠਾ ਖੋਲ੍ਹਿਆ । ਸਵ: ਸ੍ਰੀ ਅਸ਼ਵਨੀ ਕੁਮਾਰ ਜੋ ਪੁਲਿਸ ਮੁਖੀ ਹੋਣ ਦੇ ਨਾਲ ਨਾਲ 1954 ਤੋਂ 1974 ਤੱਕ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਉਹ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦੇ ਦੱਸਦੇ ਹਨ ਕਿ 1974 ਵਿੱਚ ਜਦੋਂ ਮੈਂ ਬਾਰਡਰ ਸਕਿਓਰਟੀ ਫੋਰਸ ਵਿੱਚ ਇੰਸਪੈਕਟਰ ਜਨਰਲ ਸੀ ਮੈਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਫੋਨ ਆਇਆ ਕਿ ਸ੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਮੈਂ ਗੁਲਮਰਗ ਨੇੜੇ ਕਸ਼ਮੀਰ ਦੀਆਂ ਕੁਝ ਸਰਹੱਦੀ ਚੌਕੀਆਂ ਦਾ ਮੁਆਇਨਾ ਕਰ ਰਿਹਾ ਸੀ ਮੈਂ ਪ੍ਰਧਾਨ ਮੰਤਰੀ ਦੇ ਮਿਲੇ ਸੁਨੇਹੇ ਤੋਂ ਇਕਦਮ ਹੈਰਾਨ ਸੀ ਕਿ ਅਜਿਹੀ ਕਿਹੜੀ ਬਿਪਤਾ ਜੋ ਮੈਨੂੰ ਤੁਰੰਤ ਬੁਲਾਇਆ ਹੈ।
ਇਕ ਹੈਲੀਕਾਪਟਰ ਨੇ ਮੈਨੂੰ ਗੁਲਮਰਗ ਤੋਂ ਸ੍ਰੀਨਗਰ ਪੁੰਹਚਾਇਆ ਫੇਰ ਮੈਂ ਇੰਡੀਅਨ ਏਅਰਲਾਈਨਜ਼ ਦੀ ਉਡਾਣ ਰਾਹੀਂ ਨਵੀਂ ਦਿੱਲੀ ਪੁੰਹਚਿਆਂ। ਮੈਂ ਆਪਣੇ ਸੰਮਨ ਦੇ ਕਾਰਨ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਸੀ। ਦੁਆ ਸਲਾਮ ਹੋਣ ਤੋਂ ਬਾਅਦ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਮੈਂ ਤੁਹਾਨੂੰ ਇੱਥੇ ਬਲਾਓੁਣ ਦਾ ਇਕੋ ਕਾਰਨ ਦੱਸ ਰਹੀ ਹਾਂ ਕਿ ਸਿੱਖਿਆ ਮੰਤਰੀ ਐਸ ਨੂਰੁਲ ਹਸਨ ਨੇ ਹਾਲ ਹੀ ਵਿੱਚ ਮੈਨੂੰ ਦੱਸਿਆ ਕਿ ਤੁਸੀਂ ਬਹੁਤ ਸਾਰੇ ਸਿੱਖ ਹਾਕੀ ਖਿਡਾਰੀਆਂ ਨੂੰ ਹੀ ਭਾਰਤੀ ਟੀਮ ਵਿੱਚ ਰੱਖਦੇ ਹੋ ਬਾਕੀਆਂ ਨੂੰ ਕਿਓੁ ਨਹੀਂ ? ਪਰ ਮੈਂ ਉੱਥੇ ਸਿੱਖਾਂ ਦੇ ਹਾਕੀ ਹੁਨਰ ਨਾਲ ਬੇਇਨਸਾਫੀ ਨਹੀਂ ਕਰ ਸਕਦਾ ਸੀ। ਮੈਂ ਚੁੱਪ ਰਿਹਾ ਪਰ ਮੈਂ ਪ੍ਰੇਸ਼ਾਨ ਬਹੁਤ ਸੀ ਮੈਂ ਸਟ ਹਾਊਸ ਵਾਪਸ ਆਇਆ ਅਤੇ ਇੰਡੀਆ ਹਾਕੀ ਫੈਡਰੇਸ਼ਨ (ਆਈ ਐਚ ਐਫ) ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਲਿਖ ਕੇ ਤੁਰੰਤ ਭਾਰਤੀ ਓੁਲਪਿੰਕ ਐਸ਼ੋਸ਼ੀਏਸ਼ਨ ਦੇ ਤਤਕਾਲੀ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੂੰ ਭੇਜਿਆ ਹਾਲਾਂਕਿ ਮੇਰੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਅਸਤੀਫਾ ਨਾ ਦੇਣ ਦੀ ਸਲਾਹ ਦਿੱਤੀ ਪਰ ਮੈਂ ਆਪਣੇ ਫੈਸਲੇ ਤੇ ਦ੍ਰਿੜ ਸੀ ਮੈਂ ਆਪਣੇ ਸਿੱਖ ਖਿਡਾਰੀਆਂ ਦੇ ਹਾਕੀ ਹੁਨਰ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੀ।
ਭਾਰਤੀ ਹਾਕੀ ਵਿੱਚ ਸਿੱਖਾਂ ਦਾ ਯੋਗਦਾਨ ਹਮੇਸਾਂ ਹੀ ਬਹੁਤ ਵੱਡਾ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ। ਉਨ੍ਹਾਂ ਸਿੱਖ ਹਾਕੀ ਖਿਡਾਰੀਆਂ ਦੀ ਖੇਡ ਪ੍ਰਤੀ ਲਗਨ, ਵਚਨਬੱਧਤਾ, ਸੁਹਿਰਦਤਾ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਉਨ੍ਹਾਂ ਆਖਿਆ ਸਿੱਖਾਂ ਦਾ ਹਾਕੀ ਯੋਗਦਾਨ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਦੂਸਰੇ ਮੁਲਕ ਕੀਨੀਆ, ਮਲੇਸ਼ੀਆ, ਇੰਗਲੈਂਡ ਯੂਗਾਂਡਾ, ਕਨੇਡਾ, ਅਮਰੀਕਾ ਆਦਿ ਮੁਲਕਾਂ ਵਿੱਚ ਵੀ ਹੈ ਜਿੱਥੇ ਅੱਜ ਵੀ ਸਿੱਖ ਉੱਥੇ ਦੀਆਂ ਕੌਮੀ ਹਾਕੀ ਟੀਮਾਂ ਦਾ ਹਿੱਸਾ ਬਣਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਬਾਰਸੀਲੋਨਾ ਓਲੰਪਿਕ 1992 ਦੌਰਾਨ ਮੈਂ ਐੱਫਆਈਐੱਚ ਦੇ ਉਸ ਵੇਲੇ ਦੇ ਪ੍ਰਧਾਨ ਏਟੀਐੱਨ ਗਲੀਚਿਚ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਕੁਝ ਸਾਬਕਾ ਭਾਰਤੀ ਖਿਡਾਰੀ ਖ਼ਾਸ ਕਰਕੇ ਸਿੱਖ ਖਿਡਾਰੀਆਂ ਦੀ ਤੰਦਰੁਸਤੀ ਬਾਰੇ ਪੁੱਛਿਆ ਜਿਨ੍ਹਾਂ ਨਾਲ ਉਸ ਨੇ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਸਨ ਐਫਆਈਐਚ ਦੇ ਪ੍ਰਧਾਨ ਨੇ ਉਚੇਚੇ ਤੌਰ ਤੇ ਪ੍ਰਿਥੀਪਾਲ ਸਿੰਘ ,ਬਲਵੀਰ ਸਿੰਘ ਧਰਮ ਸਿੰਘ ਗੁਰਦੇਵ ਸਿੰਘ ਅਤੇ ਹੋਰ ਸਿੱਖ ਖਿਡਾਰੀਆਂ ਨੂੰ ਯਾਦ ਕੀਤਾ।
ਜਦੋਂ ਮੈਂ ਉਨ੍ਹਾਂ ਨੂੰ ਪਨੈਲਟੀ ਕਰਨ ਦੇ ਕਿੰਗ ਪ੍ਰਿਥੀਪਾਲ ਸਿੰਘ ਦੀ 1983 ਵਿੱਚ ਹੋਈ ਹੱਤਿਆ ਬਾਰੇ ਦੱਸਿਆ ਤਾ ਓਹ ਬਹੁਤ ਦੁਖੀ ਹੋਏ ਭਰੇ ਮਨ ਨਾਲ ਓਹਨਾਂ ਕਿਹਾ ਉਹ ਇੱਕ ਬਹੁਤ ਹੀ ਮਹਾਨ ਖਿਡਾਰੀ ਸੀ ਮੇਰੀ ਉਸ ਨੂੰ ਇਹੀ ਸ਼ਰਧਾਂਜਲੀ ਹੈ। ਸਿੱਖਾਂ ਦੀ ਵਿਸ਼ਵ ਹਾਕੀ ਵਿੱਚ ਐਨੀ ਧਾਂਕ ਹੈ। ਬ੍ਰਿਟਿਸ਼ ਸਾਮਰਾਜ ਮੌਕੇ ਵੀ ਸਿੱਖ ਫੌਜੀ ਜਦੋਂ ਦੁਨੀਆਂ ਦੇ ਕਿਸੇ ਮੁਲਕ ਵਿੱਚ ਵੀ ਜਾਂਦੇ ਸਨ ਤਾਂ ਉਹ ਆਪਣੀ ਹਾਕੀ ਸਟਿੱਕ ਨਾਲ ਲੈਕੇ ਜਾਂਦੇ ਸਨ। ਬੇਸ਼ਕ ਦੇਸ਼ ਦੇ ਹੁਕਮਰਾਨ ਸਿੱਖਾਂ ਦੀ ਦੇਸ਼ ਪ੍ਰਤੀ ਦੇਣ ਨੂੰ ਅਣਗੌਲਿਆ ਕਰਨ ਪਰ ਮੈਂ ਉਨ੍ਹਾਂ ਦੀ ਕਾਬਲੀਅਤ ਅਤੇ ਹਾਕੀ ਪ੍ਰਤੀ ਦੇਣ ਨੂੰ ਦਿਲੋਂ ਸਲੂਟ ਕਰਦਾ ਹਾਂ।ਸ੍ਰੀ ਅਸ਼ਵਨੀ ਕੁਮਾਰ ਦੇ ਭਾਸ਼ਣ ਦਾ ਦੂਸਰਾ ਹਿੱਸਾ ਇਹ ਸੀ ਕਿ ਕਿਵੇਂ ਉਸ ਨੇ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ 1984 ਵਿੱਚ ਦਿੱਲੀ ਵਿੱਚ ਇੰਦਰਾ ਗਾਂਧੀ ਦੇ ਕਤਲ ਵੇਲੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ ।
ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਤੋਂ ਬਾਅਦ ਵਾਕਿਆ ਹੀ ਭਾਰਤੀ ਹਾਕੀ ਵਿੱਚ ਸਿੱਖ ਖਿਡਾਰੀਆਂ ਨਾਲ ਬੇਇਨਸਾਫ਼ੀ ਦਾ ਦੌਰ ਸ਼ੁਰੂ ਹੋਇਆ। 1978 ਵਿਸ਼ਵ ਕੱਪ ਹਾਕੀ ਵੇਲੇ ਜਦੋਂ ਭਾਰਤੀ ਹਾਕੀ ਦੇ ਉੱਚ ਅਧਿਕਾਰੀਆਂ ਨੇ ਸਿੱਖ ਖਿਡਾਰੀਆਂ ਅਤੇ ਸਿੱਖਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲੀ ਤਾਂ ਉਸ ਵੇਲੇ ਦੇ ਨਾਮੀ ਖਿਡਾਰੀ ਸੁਰਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਅਤੇ ਵਰਿੰਦਰ ਸਿੰਘ ਕੋਚਿੰਗ ਕੈਂਪ ਵਿਚ ਵਿਚਾਲੇ ਛੱਡ ਕੇ ਟੀਮ ਤੋਂ ਬਾਹਰ ਆ ਗਏ ਸਨ ਫਿਰ ਜੋ 1978 ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਦਾ ਹਸ਼ਰ ਹੋਇਆ ਉਸ ਦਾ ਦੁਨੀਆਂ ਨੂੰ ਪਤਾ ਹੀ ਹੈ ਉਸ ਵਕਤ ਦੁਨੀਆਂ ਦਾ ਚੈਂਪੀਅਨ ਮੁਲਕ 6ਵੇਂ ਨੰਬਰ ਤੇ ਆਇਆ। ਉਸ ਤੋਂ ਬਾਅਦ 1982 ਏਸ਼ੀਅਨ ਖੇਡਾਂ ਮੌਕੇ ਵੀ ਕਪਤਾਨ ਫੁੱਲ ਬੈਕ ਸੁਰਜੀਤ ਸਿੰਘ ਰੰਧਾਵਾ ਅਤੇ ਸੁਰਿੰਦਰ ਸਿੰਘ ਸੋਢੀ ਨੂੰ ਐਨ ਮੌਕੇ ਤੇ ਹੀ ਟੀਮ ਤੋਂ ਬਾਹਰ ਕੀਤਾ ਅਤੇ ਹੋਰ ਸਿੱਖ ਸੀਨੀਅਰ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਤੇ ਸੱਦਣਾ ਵਾਜਬ ਹੀ ਨਹੀਂ ਸਮਝਿਆ ,ਫਿਰ ਪਾਕਿਸਤਾਨੀ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਜੋ ਭਾਰਤੀ ਹਾਕੀ ਟੀਮ ਨੂੰ 7-1 ਗੋਲਾ ਦੀ ਧੂੜ ਚਟਾਈ ਸੀ ਉਹ ਸਦਮਾ ਅਜੇ ਵੀ ਦੇਸ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਨੂੰ ਭੁੱਲਿਆ ਨਹੀਂ ਹੈ।
ਅਸਲ ਵਿੱਚ ਬੀਬੀ ਇੰਦਰਾ ਨੇ ਚੋਲਾ ਤਾ ਧਰਮ ਨਿਰਪੱਖਤਾ ਦਾ ਪਾਇਆ ਸੀ ਪਰ ਰਾਜਨੀਤੀ ਮਜ਼ਬਾਂ ਦੇ ਅਧਾਰ ਤੇ ਕਰਦੀ ਸੀ। ਜਿਹੜੇ ਉਸ ਦੇ ਤਲਵੇ ਚੱਟਦੇ ਸਨ ਚਾਪਲੂਸੀ ਕਰਦੇ ਸਨ ਉਹ ਭਾਵੇਂ ਸਿੱਖ ਹੋਣ ਜਾਂ ਹਿੰਦੂ ਹੋਣ ਉਸ ਨੂੰ ਚੰਗੇ ਲੱਗਦੇ ਸਨ ਪਰ ਇਤਿਹਾਸ ਹਮੇਸਾ "ਟਕਰਾਉਣ ਵਾਲਿਆਂ ਦਾ ਬਣਦਾ ,ਨਾ ਕਿ ਤਲਵੇ ਚੱਟਣ ਵਾਲਿਆਂ ਦਾ " ਜੋ ਇੰਦਰਾ ਗਾਂਧੀ ਨਾਲ ਆਪਣੀ ਅਣਖ ਖਾਤਰ ਟਕਰਾਏ ਨੇ ਉਹ ਅੱਜ ਵੀ ਸਿੱਖ ਇਤਿਹਾਸ ਦੇ ਪਾਤਰ ਹਨ। ਇਸੇ ਕਰਕੇ ਜਦੋਂ ਵੀ 20ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹਿਆ ਜਾਵੇਗਾ ਬੀਬੀ ਇੰਦਰਾ ਹੋਰਾਂ ਦਾ ਨਾਮ ਅਬਦਾਲੀ ,ਮੱਸੇ ਰੰਘੜ ਹੋਰਾਂ ਵਾਲੀ ਕਤਾਰ ਵਿੱਚ ਹੀ ਆਵੇਗਾ ਕਿਉਂਕਿ ਬੀਬਾ ਸਿੱਖ ਕੌਮ ਨਾਲ ਨਾ ਭੁੱਲਣ ਵਾਲੇ ਭਾਣੇ ਕਈ ਵਰਤਾ ਗਈ ਹੈ। ਬਾਕੀ ਰਹੀ ਗੱਲ ਸਿੱਖਾਂ ਦੀ ਇਨ੍ਹਾਂ ਦੀ ਭਲੀ ਕਰੂ ਕਰਤਾਰ" ਰੱਬ ਰਾਖਾ"
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.