ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਕੰਡੇ ਤੇ ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੁਸੈਨੀਵਾਲਾ ਅਤੇ ਇਸਦੇ ਨਾਲ ਭਗੋਲਿਕ ਤੌਰ ਤੇ ਸੁਰੱਖਿਆ ਪੱਖੋਂ ਬੇਹੱਦ ਮਹੱਤਵਪੂਰਣ 14 ਪਿੰਡਾਂ ਤੱਕ ਪਹੁੰਚਣ ਲਈ ਇਕ ਮਾਤਰ ਰਸਤਾ ਸਤਲੁਜ ਦਰਿਆ ਤੇ ਬਣਿਆ ਪੁੱਲ ਹੀ ਹੈ। ਸਤਲੁਜ ਤੇ ਬਣੇ ਮੌਜੂਦਾ ਪੁਲ ਦੇ ਨਜ਼ਦੀਕ ਹੀ ਦਰਿਆ ਵਿੱਚ ਪੁਰਾਣੇ ਪੁੱਲ ਦੇ ਬਹੁਤ ਮਜ਼ਬੂਤ ਪਿੱਲਰ ਮੌਜੂਦ ਹਨ ਜੋ ਵਿਰਾਸਤੀ ਪੁਲ ਦੀਆਂ ਸਿਰਫ ਨਿਸ਼ਾਨੀਆਂ ਮਾਤਰ ਹੀ ਰਹਿ ਗਈਆਂ ਹਨ । ਹੁਸੈਨੀਵਾਲਾ ਹੈੱਡਵਰਕਸ ਤੇ ਮੌਜੂਦਾ ਪੁਲ ਦੇ ਨਾਲ ਦਰਿਆ ਵਿੱਚ ਖੜ੍ਹੇ ਪਿੱਲਰ , ਹਰ ਇੱਕ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਦੀਆਂ ਹਨ । ਪਰੰਤੂ ਬਹੁਤ ਘੱਟ ਲੋਕ ਇਨ੍ਹਾਂ ਪਿੱਲਰਾਂ ਉੱਪਰ ਉਸ ਸਮੇਂ ਬਨੇ "ਕੇਸਰ ਈ ਹਿੰਦ ਪੁਲ" ਦੇ ਗੌਰਵਮਈ ਇਤਿਹਾਸ ਤੋਂ ਜਾਣੂ ਹਨ ।
ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਤੁਰੰਤ ਬਾਅਦ ਅੰਗਰੇਜ਼ਾਂ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਵਪਾਰਕ ਮਹੱਤਤਾ ਨੂੰ ਦੇਖਦੇ ਹੋਏ, ਸਤਲੁਜ ਦਰਿਆ ਉੱਪਰ ਇੱਕ ਵਿਲੱਖਣ ਕਿਸਮ ਦੇ ਪੁਲ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ।
ਇਸ ਪੁਲ ਦਾ ਨਿਰਮਾਣ ਅੰਗਰੇਜ਼ ਸਰਕਾਰ ਨੇ 1885 ਵਿੱਚ ਸ਼ੁਰੂ ਕਰਵਾਇਆ ਅਤੇ 02 ਸਾਲ ਦੇ ਸਮੇਂ ਵਿੱਚ ਸਤਲੁਜ ਦਰਿਆ ਵਿੱਚ 27 ਪਿੱਲਰਾਂ ਦਾ ਨਿਰਮਾਣ ਕਰਕੇ ਬਣਾਇਆ । ਇਹ ਪੁਲ ਭਾਰਤ ਵਿੱਚ ਬਣਿਆ ਵਿਲੱਖਣ ਕਿਸਮ ਦਾ ਦੋਹਰਾ ਪੁਲ ਸੀ, ਜਿਸ ਦੇ ਹੇਠਲੇ ਹਿੱਸੇ ਦੀ ਚੌੜਾਈ 15 ਫੁੱਟ ਸੀ ,ਜਿਸ ਵਿੱਚ ਰੇਲ ਗੱਡੀ ਚੱਲਦੀ ਸੀ ਅਤੇ ਉੱਪਰਲੀ ਪਾਸੇ ਸੜਕੀ ਆਵਾਜਾਈ ਚੱਲਦੀ ਸੀ ਜੋ ਕਿ 18 ਫੁੱਟ ਚੌੜੀ ਸੀ । ਇਸ ਪੁਲ ਦੀ ਕੁੱਲ ਲੰਬਾਈ 4239 ਫੁੱਟ ਸੀ । ਇਸ ਪੁੱਲ ਦਾ ਨਿਰਮਾਣ ਅੰਗਰੇਜ਼ ਇੰਜੀਨੀਅਰ ਇਨ ਚੀਫ ਰਾਬਰਟ ਟਰੈਫੁਸਿਸ ਮਾਲਟ ਨੇ ਕਰਵਾਇਆ ਅਤੇ 03 ਸਾਲ ਵਿੱਚ ਇਸ ਦੇ ਨਿਰਮਾਣ ਦਾ ਟੀਚਾ ਰੱਖਿਆ ਗਿਆ ਸੀ। ਜਦਕਿ ਸਤਲੁਜ ਦਰਿਆ ਦੇ ਤੇਜ਼ ਵਹਾਅ ਅਤੇ ਮੁਸ਼ਕਲ ਹਲਾਤਾਂ ਦੇ ਬਾਵਜੂਦ ਇਸ ਬੇਹੱਦ ਖੂਬਸੂਰਤ ਪੁਲ ਦਾ ਨਿਰਮਾਣ 02 ਸਾਲ ਵਿੱਚ ਮੁਕੰਮਲ ਕਰਕੇ 02 ਮਾਰਚ 1887 ਨੂੰ ਆਮ ਲੋਕਾ ਲਈ ਖੋਲ ਦਿੱਤਾ ਗਿਆ । ਜਿਸ ਲਈ ਚੀਫ ਇੰਜੀਨੀਅਰ ਦਾ ਉਸ ਸਮੇਂ ਅੰਗਰੇਜ਼ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੀ । ਇਸ ਪੁਲ ਨੂੰ ਦੇਖਣ ਲਈ ਲੋਕ ਦੂਰ ਦੁਰਾਡੇ ਤੋਂ ਆਉਂਦੇ ਸਨ । ਸਤਲੁਜ ਦਰਿਆ ਦੇ ਤੇਜ਼ ਵਹਾਅ ਦੀਆਂ ਮਧੁਰ ਆਵਾਜ਼ਾਂ ਅਤੇ ਦੋਹਰੇ ਪੁਲ ਦਾ ਮਨਮੋਹਕ ਦ੍ਰਿਸ਼ ਖਿੱਚ ਦਾ ਕੇਂਦਰ ਹੋਇਆ ਕਰਦੇ ਸਨ ।ਇਸ ਪੁਲ ਦੇ ਬਨਣ ਤੋ ਬਾਅਦ ਇਸ ਇਲਾਕੇ ਨੇ ਵਪਾਰਕ ਪੱਖ ਤੋ ਬੇਹੱਦ ਤਰੱਕੀ ਕੀਤੀ । ਇਸ ਨਾਲ ਮੋਜੂਦਾ ਪਾਕਿਸਤਾਨ ਵਾਲੇ ਪਾਸੇ ਤੋ ਗੰਡਾ ਸਿੰਘ (ਕਸੂਰ) ਅਤੇ ਹੁਸੈਨੀ ਵਾਲਾ(ਫਿਰੋਜ਼ਪੁਰ ) ਵਿਚਕਾਰ ਅੰਗੁਰ,ਅਨਾਰ ,ਡਰਾਈ ਫਰੂਟ,ਚਮੜੇ ਦੇ ਵਪਾਰ ਤੋ ਇਲਾਵਾ ਹੀਰਿਆਂ ਦਾ ਲੈਣ ਦੇਨ ਵੱਡੀ ਮਾਤਰਾ ਵਿੱਚ ਹੁੰਦਾ ਸੀ । ਇਥੋਂ ਦੇ ਵਪਾਰ ਦੀ ਪ੍ਰਸਿੱਧੀ ਉਤਰ ਭਾਰਤ ਤੋ ਲੈ ਕੇ ਅਫਗਾਨਿਸਤਾਨ ਤੱਕ ਸੀ।
ਹੁਸੈਨੀਵਾਲਾ ਹੈਡਵਰਕਸ ਬਨਣ ਉਪਰੰਤ 1927 ਈਸਵੀ ਵਿੱਚ ਇਸ ਪੁਲ ਦੀ ਥਾਂ ਤੇ ਨਵੇਂ ਪੁਲ ਦੀ ਵਰਤੋਂ ਹੋਣ ਲੱਗੀ ਅਤੇ ਇਤਿਹਾਸਕ ਪੁਲ ਨੂੰ ਤੋੜ ਦਿੱਤਾ ਗਿਆ । ਇਸ ਦੇ ਮਜ਼ਬੂਤ ਗਾਡਰ ਅਤੇ ਹੋਰ ਸਮਾਨ ਨੂੰ ਜੇਹਲਮ ਦਰਿਆ ਉਪਰ ਸਰਗੋਧਾ ਤੇ ਖੁਸ਼ਾਬ ਸਟੇਸ਼ਨ( ਪਾਕਿਸਤਾਨ ਸਥਿਤ ) ਨੂੰ ਮਿਲਾਉਣ ਲਈ ਨਵੇ ਪੁਲ ਦਾ ਨਿਰਮਾਣ ਕਰਨ ਲਈ ਵਰਤਿਆ ਗਿਆ ।
ਇਸ ਪੁਲ ਦਾ ਇੱਕ ਹਿੱਸਾ ਹਿੰਦ ਪਾਕਿ ਵੰਡ ਤੋਂ ਪਹਿਲਾਂ ਹੁਸੈਨੀਵਾਲਾ ਪਿੰਡ ਦੀ ਸਿੰਚਾਈ ਵਿਭਾਗ ਦੀ ਪ੍ਰਸਿੱਧ ਹੁਸੈਨੀਵਾਲਾ ਵਰਕਸ਼ਾਪ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਤੋਂ ਸ਼ੁਰੂ ਹੋ ਕੇ , ਇਹ ਪੁੱਲ ਮੌਜੂਦਾ ਰੂਪ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਸਮਾਰਕ ਦੇ ਨਜ਼ਦੀਕ ਬਣੀ ਇਤਿਹਾਸਕ ਇਮਾਰਤ ਤੇ ਖਤਮ ਹੁੰਦਾ ਸੀ । ਉਸ ਸਮੇਂ ਇਹ ਪੁਲ ਸੁਰੱਖਿਆ ਦੇ ਪੱਖੋਂ ਬੇਹੱਦ ਮਹੱਤਵਪੂਰਨ ਸੀ। ਇਸ ਲਈ ਪੁਲ ਦੇ ਦੋਵੇਂ ਪਾਸੇ ਬਣੀਆਂ ਵਿਸ਼ਾਲ ਇਮਾਰਤਾਂ ਦੀ ਸੁਰੱਖਿਆ ਲਈ 24 ਘੰਟੇ ਸੁਰੱਖਿਆ ਸਟਾਫ਼ ਹਾਜ਼ਰ ਰਹਿੰਦਾ ਸੀ ।
ਰਾਤ ਸਮੇਂ ਦੋਹਾਂ ਪਾਸੇ ਗੇਟ ਬੰਦ ਕਰ ਦਿੱਤੇ ਜਾਂਦੇ ਸਨ । ਸ਼ਹੀਦੀ ਸਮਾਰਕ ਦੇ ਨਜ਼ਦੀਕ ਇਸ ਪੁਲ ਦੀ ਇਮਾਰਤ ਉਪਰ 1971 ਦੀ ਹਿੰਦ ਪਾਕਿ ਜੰਗ ਦੌਰਾਨ ਲੱਗੀਆਂ ਗੋਲੀਆਂ,ਰਾਕਟ ਤੇ ਬੰਬਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ । ਇਸ ਸਥਾਨ ਤੇ ਪਹੁੰਚਦੇ ਸੈਲਾਨੀ ਅੱਜ ਵੀ ਇਸ ਇਮਾਰਤ ਨੂੰ ਹੀ ਰੇਲਵੇ ਸਟੇਸ਼ਨ ਸਮਝਦੇ ਹਨ । ਜਦ ਕਿ ਹੁਸੈਨੀਵਾਲਾ ਰੇਲਵੇ ਸਟੇਸ਼ਨ ਇਸ ਪੁਲ ਦੇ ਦੂਸਰੇ ਪਾਸੇ ਬਣੀ ਇਮਾਰਤ ਦੇ ਬਿਲਕੁਲ ਨਜ਼ਦੀਕ ਸਥਿਤ ਸੀ । ਉਸ ਸਮੇਂ ਸਿੰਚਾਈ ਵਿਭਾਗ ਦੀ ਵਰਕਸ਼ਾਪ ਵਿਚ 500 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਬਹੁ ਗਿਣਤੀ ਲਾਹੌਰ ਤੇ ਕਸੂਰ (ਪਾਕਿਸਤਾਨ) ਤੋਂ ਰੇਲ ਗੱਡੀ ਰਾਹੀਂ ਇਥੇ ਰੋਜ਼ਾਨਾ ਆਉਂਦੇ ਸਨ। ਹੁਣ ਇਸ ਸਟੇਸ਼ਨ ਦੀ ਪੁਰਾਣੀ ਇਮਾਰਤ ਦੀ ਹੋਂਦ ਖ਼ਤਮ ਹੋ ਚੁੱਕੀ ਹੈ ਅਤੇ ਨਾਲ ਲੱਗਦੀ ਜ਼ਮੀਨ ਤੇ ਖੇਤੀ ਕੀਤੀ ਜਾ ਰਹੀ ਹੈ । ਪੁਲ ਦੇ ਦੋਵੇਂ ਪਾਸੇ ਬਣੀਆਂ ਵਿਸ਼ਾਲ ਇਤਿਹਾਸਕ੬ ਇਮਾਰਤਾਂ ਦੀ ਹਾਲਤ ਬੇਹੱਦ ਤਰਸਯੋਗ ਹੋ ਚੁੱਕੀ ਹੈ, ਦੀਵਾਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ । ਜੇ ਇਨ੍ਹਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਇਸ ਦੀਆਂ ਉੱਚੀਆਂ ਦੀਵਾਰਾਂ ਕਿਸੇ ਵੀ ਸਮੇਂ ਗਿਰ ਸਕਦੀਆਂ ਹਨ ।ਆਪਣੇ ਸਮੇਂ ਦੇ ਸੁਨਹਿਰੀ ਯੁੱਗ ਵਿਚੋਂ ਲੰਘੇ ਖਿੱਚ ਦਾ ਕੇਂਦਰ ਰਹੇ ,ਇਸ ਪੁਲ ਦੇ ਮਜ਼ਬੂਤ 27 ਪਿੱਲਰ ਹੀ ਮੌਜੂਦਾ ਦੌਰ ਵਿੱਚ ਬਚੇ ਹਨ , ਬਾਕੀ ਸਭ ਨਾਮੋ ਨਿਸ਼ਾਨ ਮਿਟ ਚੁਕਿਆ ਹੈ।
ਆਜ਼ਾਦੀ ਤੋਂ ਪਹਿਲਾਂ ਪ੍ਰਸਿੱਧ ਹੁਸੈਨੀਵਾਲਾ ਵਰਕਸ਼ਾਪ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ । ਸਿੰਚਾਈ ਵਿਭਾਗ ਦਾ ਸਤਲੁਜ ਦਰਿਆ ਤੇ ਕੰਡੇ ਰਮਣੀਕ ਸਥਾਨ ਤੇ ਕੁਝ ਸਮਾਂ ਪਹਿਲਾਂ ਤੱਕ ਇਕ ਗੈਸਟ ਹਾਊਸ ਵੀ ਬਹੁਤ ਚੰਗੀ ਹਾਲਤ ਵਿੱਚ ਸੀ ,ਪ੍ਰੰਤੂ ਹੁਣ ਉਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ।
ਹਿੰਦ ਪਾਕ ਬਟਵਾਰੇ ਤੋਂ ਪਹਿਲਾਂ ਵਪਾਰ ਦਾ ਮੁੱਖ ਕੇਂਦਰ ਰਿਹਾ ਇਹ ਰੂਟ ,ਅੱਜ ਬੰਦ ਹੋ ਚੁੱਕਿਆ ਹੈ। 1971ਦੀ ਹਿੰਦ- ਪਾਕਿ ਜੰਗ ਤੋਂ ਬਾਅਦ ਇਸ ਰੂਟ ਨੂੰ ਪੂਰੀ ਤਰ੍ਹਾਂ ਹੀ ਬੰਦ ਕਰ ਦੇਣ ਨਾਲ ਇਸ ਇਲਾਕੇ ਦੀ ਤਰੱਕੀ ਵੀ ਰੁਕ ਗਈ । ਕਿਸੇ ਸਮੇਂ ਦੇਸ਼ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਗਿਣਿਆ ਜਾਣ ਵਾਲਾ ਫਿਰੋਜ਼ਪੁਰ ਜ਼ਿਲ੍ਹਾ ,ਅੱਜ ਦੇਸ਼ ਤੇ ਸਭ ਤੋ ਪਿਛੜੇ 100 ਜ਼ਿਲਿਆਂ ਵਿਚ ਸ਼ੁਮਾਰ ਹੈ ।ਸਰਹੱਦੀ ਖੇਤਰ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਦੀ ਆਰਥਿਕ ਸਥਿਤੀ ਵੀ ਬੇਹੱਦ ਤਰਸਯੋਗ ਹੈ।
ਬਟਵਾਰੇ ਤੋਂ ਬਾਅਦ ਅਨੇਕਾਂ ਵਾਰ ਫਿਰੋਜ਼ਪੁਰ ਵਾਸੀਆਂ ਨੇ ਹੁਸੈਨੀਵਾਲਾ ਬਾਰਡਰ ਖੋਲ੍ਹਣ ਦੀ ਮੰਗ ਉਠਾਈ , ਤਾ ਜੋ ਇਸ ਇਲਾਕੇ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ,ਲੇਕਿਨ ਦੋਹਾਂ ਦੇਸ਼ਾਂ ਵਿਚ ਸਬੰਧ ਸਾਜ਼ਗਾਰ ਨਾ ਹੋਣ ਕਾਰਨ ਇਹ ਮੰਗ ਪੂਰੀ ਨਾ ਹੋ ਸਕੀ ।
ਇਸ ਸਥਾਨ ਨੂੰ ਜੇ ਇੱਕ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇ ਤਾਂ ਸੈਲਾਨੀਆਂ ਦੀ ਖਿੱਚ ਦਾ ਬਹੁਤ ਵੱਡਾ ਕੇਂਦਰ ਬਣ ਸਕਦਾ ਹੈ। ਹਰ ਸਾਲ 23 ਮਾਰਚ ਨੂੰ ਸ਼ਹੀਦੀ ਦਿਹਾੜੇ ਮੌਕੇ ਹੋਏ ਰਾਸ਼ਟਰੀ ਅਤੇ ਰਾਜ ਪੱਧਰੀ ਸਮਾਗਮਾਂ ਦੌਰਾਨ ਨੇਤਾਵਾਂ ਵੱਲੋਂ ਇਸ ਸਥਾਨ ਤੇ ਵਿਕਾਸ ਦੇ ਵੱਡੇ ਵੱਡੇ ਐਲਾਨ ਤਾਂ ਜ਼ਰੂਰ ਹੋਏ । ਪ੍ਰੰਤੂ ਹਕੀਕਤ ਵਿੱਚ ਬਦਲਿਆ ਨਜ਼ਰ ਨਹੀਂ ਆਏ ।
ਡਾ. ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਪ੍ਰਧਾਨ ਐਗਰੀਡ ਫਾਉਂਡੇਸ਼ਨ ਪੰਜਾਬ (ਸਿਖਿਆ ਅਤੇ ਵਾਤਾਵਰਣ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ)
ਧਵਨ ਕਲੋਨੀ
ਫਿਰੋਜ਼ਪੁਰ ।
-
ਡਾ. ਸਤਿੰਦਰ ਸਿੰਘ, ਪ੍ਰਧਾਨ ਐਗਰੀਡ ਫਾਉਂਡੇਸ਼ਨ ਪੰਜਾਬ (ਸਿਖਿਆ ਅਤੇ ਵਾਤਾਵਰਣ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ)
********
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.