ਜਦੋਂ ਕਿਸੇ ਸਾਂਝੇ ਪਰਿਵਾਰ ਵਿੱਚ ਬਿਖੇੜੇ ਖੜ੍ਹੇ ਹੁੰਦੇ ਹਨ ਤਾਂ ਉਸ ਪਰਿਵਾਰ ਨੂੰ ਖਿਲਾਰਨ ਲਈ ਪਰਿਵਾਰ ਤੋਂ ਬਿਨਾਂ ਕੋਈ ਬਾਹਰਲੀ ਤਾਕਤ ਵੀ ਲੱਗੀ ਹੁੰਦੀ ਹੈ। ਜਦੋਂ ਅਸੀਂ ਖੁਦ ਕਿਸੇ ਅੱਗੇ ਵਿਰਲ ਬਣਾ ਕੇ ਪੇਸ਼ ਕਰਦੇ ਹਾਂ ਤਾਂ ਲੋਕ ਉਸ ਵਿਰਲ ਨੂੰ ਗੰਧਾਲੇ, ਸੱਬਲਾਂ ਪਾ ਕੇ ਭਰਿਆੜ ਕਾਰਨ ਤਕ ਆਪਣਾ ਯੋਗਦਾਨ ਪਾ ਜਾਂਦੇ ਹਨ। ਹੁਣ ਤੱਕ ਦੇ ਹੋਏ ਲੋਕ ਸੰਘਰਸ਼ਾਂ 'ਤੇ ਨਜ਼ਰ ਮਾਰ ਕੇ ਵੇਖ ਲਓ, ਸਫਲ ਜਾਂ ਅਸਫਲ ਹੋਏ ਸੰਘਰਸ਼ਾਂ ਵਿੱਚੋਂ ਸੈਂਕੜੇ ਉਦਾਹਰਨਾਂ ਅਜਿਹੀਆਂ ਮਿਲ ਜਾਣਗੀਆਂ ਕਿ ਉਨ੍ਹਾਂ ਸੰਘਰਸ਼ਾਂ ਨੂੰ ਫੇਲ੍ਹ ਕਰਨ ਲਈ ਜਾਂ ਲੀਹੋਂ ਲਾਹੁਣ ਲਈ ਕਿਵੇ ਸਰਕਾਰੀ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ।
ਅਜੋਕਾ ਕਿਸਾਨੀ ਸੰਘਰਸ਼ ਅੱਜ ਪੂਰੇ ਦੇਸ਼ ਦਾ ਧਿਆਨ ਖਿੱਚ ਰਿਹਾ ਹੈ। ਸ਼ੋਸ਼ਲ ਮੀਡੀਆ ਕ੍ਰਾਂਤੀ ਦਾ ਇਹ ਫਾਇਦਾ ਹੋਇਆ ਕਿ ਜਿੱਥੇ ਪਹਿਲੇ ਸੰਘਰਸ਼ਾਂ ਦੌਰਾਨ ਚਿੱਟੀਆਂ ਦਾਹੜੀਆਂ ਵਾਲੇ ਬਜ਼ੁਰਗ ਹੀ ਧਿਆਨ ਖਿੱਚਦੇ ਸਨ, ਹੁਣ ਇਸ ਸੰਘਰਸ਼ ਦੌਰਾਨ ਨੌਜਵਾਨ ਤਬਕਾ ਤੇ ਘਰੇਲੂ ਸੁਆਣੀਆਂ ਦੀ ਰੋਸ ਪ੍ਰਦਰਸ਼ਨਾਂ ਵਿੱਚ ਬਹੁਤਾਤ ਇਸ ਗੱਲ ਦੀ ਗਵਾਹ ਹੈ ਕਿ ਹਰ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਕਿਸਾਨੀ ਦੇ ਹੱਕਾਂ 'ਤੇ ਡਾਕਾ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰੇਗਾ।
ਪੰਜਾਬ ਦੀ ਗੱਲ ਕਰੀਏ ਤਾਂ ਅਜੋਕੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਸਮੂਹ ਸਿਆਸੀ ਧਿਰਾਂ ਇਸ ਕਿਸਾਨੀ ਸੰਘਰਸ਼ ਵਿੱਚੋਂ 2022 ਦੀਆਂ ਚੋਣਾਂ ਦਾ ਪਿੜ ਸੁੰਘਦੀਆਂ ਨਜ਼ਰ ਆ ਰਹੀਆਂ ਹਨ। ਦੂਜੇ ਪਾਸੇ ਪੰਜਾਬ ਦੀਆਂ ਲਗਪਗ ਸਾਰੀਆਂ ਡੱਡਾਂ ਦੀ ਪੰਸੇਰ ਵਾਂਗ ਹੁਣ ਤੱਕ ਖਿੱਲਰੀਆਂ ਰਹੀਆਂ ਕਿਸਾਨ ਜਥੇਬੰਦੀਆਂ ਇਕ ਤੱਕੜੀ ਦੇ ਪੱਲੜੇ ਵਿੱਚ ਇਕੱਠੀਆਂ ਹੋਈਆਂ ਪ੍ਰਤੀਤ ਹੋ ਰਹੀਆਂ ਹਨ। ਕਿਸਾਨ ਧਿਰਾਂ ਦਾ ਹੋਇਆ ਇਹ ਏਕਾ ਸਕੂਨ ਭਰਿਆ ਹੈ, ਪਰ ਜੇਕਰ ਕੋਈ ਜੁਗਾੜਲਾਊ ਜਥੇਬੰਦੀ ਆਪਣੇ ਪੱਧਰ 'ਤੇ ਪਿੱਠ ਦਿਖਾਉਂਦੀ ਹੈ ਜਾਂ ਆਪਣੇ ਵਿੰਗੇ ਉੱਲੂ ਨੂੰ ਇਸ ਸੰਘਰਸ਼ ਸਿਰੋਂ ਸਿੱਧਾ ਕਰਨ ਦਾ ਝੂਠਾ ਸੁਪਨਾ ਦੇਖਦੀ ਵੀ ਹੈ ਤਾਂ ਸ਼ਰੇਆਮ ਜਨਤਕ ਪਿੜ ਵਿੱਚ ਆਪਣੇ ਆਪ ਨੰਗੀ ਹੋ ਜਾਵੇਗੀ।
ਹਾਲ ਦੀ ਘੜੀ ਕਿਸਾਨੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਲੜੀ ਜਾ ਰਹੀ ਲੜਾਈ ਅਤੇ ਸ਼ੰਭੂ ਮੋਰਚਾ ਪੰਜਾਬ ਹਿਤੈਸ਼ੀ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਕਰ ਰਿਹਾ ਹੈ। ਜਦੋਂ ਇਕ ਪਾਸੇ ਸਰਕਾਰ ਆਪਣਾ ਜਿੱਦੀ ਰਵੱਈਆ ਤਿਆਗਣ ਨਾਲੋਂ ਪੰਜਾਬ ਦੀ ਹਿੱਕ 'ਤੇ ਦੀਵਾ ਬਾਲਣ ਦੇ ਰੌਅ ਵਿੱਚ ਹੈ ਤਾਂ ਵੇਲਾ ਵੱਖੋ ਵੱਖ ਮੋਰਚੇ ਨਹੀਂ, ਸਗੋਂ ਸਾਂਝੇ ਕਿਸਾਨੀ ਮੁੱਦੇ 'ਤੇ ਸ਼ੇਧਤ ਹੋ ਕੇ ਸੰਘਰਸ਼ ਕਰਨ ਦੀ ਮੰਗ ਕਰਦਾ ਹੈ। ਸੰਘਰਸ਼ਾਂ ਨੂੰ ਲੀਹੋਂ ਲਾਹੁਣ ਲਈ ਸਰਕਾਰੀ ਪੱਧਰ 'ਤੇ ਬਹੁਤ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ ਹਨ ਅਤੇ ਸਰਕਾਰ ਦੀ ਅੱਖ ਵਿੱਚ ਕਣ ਵਾਂਗ ਰੜਕ ਰਹੇ ਇਸ ਸੰਘਰਸ਼ ਨੂੰ ਖੱਖਰ ਭੱਖਰ ਕਰਨ ਲਈ ਵੀ ਸਰਕਾਰ ਕੋਈ ਚਾਲ ਨਾ ਚੱਲੇ, ਇਹ ਹੋ ਹੀ ਨਹੀਂ ਸਕਦਾ।
ਇਹ ਵੀ ਕੰਧ 'ਤੇ ਲਿਖਿਆ ਸੱਚ ਹੈ ਕਿ ਇਸ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਪੰਜਾਬੀ ਬੋਲਦੇ ਸ਼ਾਤਿਰ ਚਿਹਰੇ ਹੀ ਮੋਹਰਿਆਂ ਦੇ ਤੌਰ 'ਤੇ ਵਰਤੇ ਜਾਣਗੇ। ਜਿੱਥੇ ਵਫ਼ਾਦਾਰੀਆਂ ਇਤਿਹਾਸ ਦਾ ਹਿੱਸਾ ਬਣਨਗੀਆਂ ਉੱਥੇ ਦਾਗੇਬਾਜਾਂ ਦੇ ਨਾਮ ਵੀ ਇਤਿਹਾਸ ਦੀ ਹਿੱਕ 'ਤੇ ਉੱਕਰੇ ਜਾਣਗੇ। ਸੋ ਪੰਜਾਬ ਦਾ ਅੰਨ ਪਾਣੀ ਖਾ ਕੇ ਬੋਲਣ ਜੋਗਰੇ ਹੋਏ, ਆਗੂ ਅਖਵਾਉਣ ਜੋਗਰੇ ਹੋਏ ਹਰ ਸਖ਼ਸ ਦੀ ਮਰਜ਼ੀ ਹੈ ਕਿ ਉਸ ਨੇ ਆਪਣਾ ਨਾਮ ਪੰਜਾਬ ਦੇ ਪੁੱਤਾਂ 'ਚ ਦਰਜ ਕਰਵਾਉਣਾ ਹੈ ਜਾਂ ਅੰਨ ਖਾ ਕੇ ਹਰਾਮ ਕਾਰਨ ਵਾਲਿਆਂ 'ਚ। ਸਮਾਂ ਇੱਕਜੁੱਟਤਾ ਤੇ ਵਫ਼ਾਦਾਰੀਆਂ ਦੀ ਮੰਗ ਕਰਦਾ ਹੈ। ਜੇ ਅਸੀਂ ਵਾਕਿਆ ਹੀ ਪੰਜਾਬ ਦੀ ਹੋਂਦ, ਪੰਜਾਬ ਦੀ ਕਿਰਸਾਨੀ, ਪੰਜਾਬ ਦੇ ਉੱਜਲੇ ਭਵਿੱਖ ਤੇ ਪੰਜਾਬ ਦੀ ਅਣਖ ਆਬਰੂ ਲਈ ਸੰਘਰਸ਼ ਕਰਨ ਦੇ ਰਾਹ 'ਤੇ ਹਾਂ ਤਾਂ ਸਭ ਤੋਂ ਪਹਿਲਾਂ ਵੱਖੋ ਵੱਖਰੀਆਂ ਡਫ਼ਲੀਆਂ ਤੇ ਵੱਖੋ ਵੱਖਰੇ ਰਾਗ ਅਲਾਪਣ ਦੀ ਹੋੜ ਤੋਂ ਸੰਕੋਚ ਕਰਨ ਦੀ ਲੋੜ ਹੈ।
-
ਵਰਿੰਦਰ ਸਿੰਘ ਖੁਰਮੀ, ਲੇਖਕ
vkvkhurmi0@gmail.com
+91 9779339121
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.