ਵੈਨਕੂਵਰ 'ਚ ਪੰਜਾਬੀ ਮਾਰਕੀਟ ਦਾ ਗੁਰਮੁਖੀ 'ਚ ਲਿਖਿਆ ਨਾਂਅ।
ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ। 24 ਅਕਤੂਬਰ ਨੂੰ ਸੂਬਾਈ ਪੱਧਰ ਦੀ ਸਰਕਾਰ ਚੁਣਨ ਵਾਸਤੇ ਬੀਸੀ ਦੇ ਕੈਨੇਡੀਅਨ ਨਾਗਰਿਕ ਵੋਟਾਂ ਪਾ ਰਹੇ ਹਨ। ਹਰੇਕ ਚੌਕ 'ਚ ਦਰਜਨਾਂ ਸਾਈਨ ਬੋਰਡ ਲੱਗੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਪੰਜਾਬ ਤੋਂ ਆਏ ਇਕ ਮਿੱਤਰ ਨੇ ਬੀਤੇ ਦਿਨ ਸਕਾਟ ਰੋਡ, ਸਰੀ 'ਤੇ ਜਾਂਦਿਆਂ ਹੈਰਾਨੀ ਨਾਲ ਪੁੱਛਿਆ ਕਿ ਵਧੇਰੇ ਸਾਈਨ ਬੋਰਡਾਂ 'ਤੇ ਉਮੀਦਵਾਰਾਂ ਦੇ ਨਾਂਅ ਗੁਰਮੁਖੀ ਵਿੱਚ ਲਿਖੇ ਹੋਏ ਵੇਖ ਕੇ ਇੰਝ ਜਾਪਦਾ ਹੈ ਕਿ ਇਹ ਸਰੀ, ਵੈਨਕੂਵਰ ਜਾਂ ਐਬਟਸਫੋਰਡ ਆਦਿ ਵਿੱਚ ਨਹੀਂ, ਸਗੋਂ ਲੁਧਿਆਣਾ, ਜਲੰਧਰ ਜਾਂ ਅੰਮ੍ਰਿਤਸਰ ਵਿੱਚ ਵੋਟਾਂ ਪੈ ਰਹੀਆਂ ਹਨ। ਇਹ ਬਿਲਕਲ ਸੱਚ ਹੈ ਕਿ ਬਹੁਤ ਸਾਡੇ ਗ਼ੈਰ-ਪੰਜਾਬੀ ਉਮੀਦਵਾਰਾਂ ਨੇ ਵੀ ਪੰਜਾਬੀ ਜ਼ਬਾਨ ਦਾ ਸਹਾਰਾ ਲੈ ਕੇ ਗੁਰਮੁਖੀ ਵਿੱਚ ਆਪਣੇ ਚੋਣ ਮਨੋਰਥ ਪੱਤਰ ਤਿਆਰ ਕਰਕੇ ਲੋਕਾਂ ਨੂੰ ਵੰਡੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜੇਕਰ ਪੰਜਾਬੀ ਬੋਲਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ, ਕੋਈ ਵਿਅਕਤੀ ਕਾਮਯਾਬੀ ਦਾ ਸੁਪਨਾ ਲੈਂਦਾ ਹੈ ਤਾਂ ਇਹ ਉਸ ਦੀ ਵੱਡੀ ਗ਼ਲਤ-ਫਹਿਮੀ ਹੀ ਕਹੀ ਜਾ ਸਕਦੀ ਹੈ।
ਬ੍ਰਿਟਿਸ਼ ਕੋਲੰਬੀਆ ਵਿਚ ਤਾਂ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਸਰਕਾਰੀ ਮਾਨਤਾ ਮਿਲਣ ਕਰਕੇ ਇਹ ਰੁਤਬਾ ਹੋਰ ਵੀ ਉੱਚਾ ਹੋਇਆ ਹੈ। ਹਾਲਾਂ ਕਿ ਸੰਘਰਸ਼ ਦਾ ਦੌਰ ਜਾਰੀ ਹੈ ਤੇ ਕਈ ਮੰਜ਼ਿਲਾਂ ਅਜੇ ਵੀ ਤਹਿ ਕਰਨੀਆਂ ਹਨ। ਪਰ ਇਹ ਸਚਾਈ ਅੱਜ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਪੰਜਾਂ ਪਾਣੀਆਂ ਦੀ ਧਰਤੀ ਦੇ ਲੋਕ, ਜਿਵੇਂ-ਜਿਵੇਂ ਸੱਤ ਸਮੁੰਦਰਾਂ ਦੇ ਵਿਸ਼ਾਲ ਖੇਤਰ 'ਚ ਫੈਲ ਰਹੇ ਹਨ, ਉਵੇਂ ਹੀ ਉਨ੍ਹਾਂ ਦੀ ਬੋਲੀ ਪੰਜਾਬੀ ਵੀ ਕੌਮਾਂਤਰੀ ਮਾਨਤਾ ਹਾਸਲ ਕਰ ਰਹੀ ਹੈ। ਸਥਾਨ ਤੇ ਸਮੇਂ ਦੇ ਬਦਲਣ ਕਰਕੇ ਪੰਜਾਬੀ ਜ਼ਬਾਨ 'ਤੇ ਵੱਖ-ਵੱਖ ਦੇਸ਼ਾਂ ਦਾ ਵਰ੍ਹਿਆਂ ਤੋਂ ਅਸਰ ਪੈਣ ਕਰਕੇ ਹੋਰਨਾਂ ਬੋਲੀਆਂ ਵਾਂਗ ਚਾਹੇ ਇਸ ਦਾ ਰੂਪ ਕੁਝ ਹੱਦ ਤੱਕ ਵਟਦਾ ਨਜ਼ਰ ਆਉਂਦਾ ਹੈ, ਪਰ ਇਸ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਕੋਈ ਖ਼ਤਰਾ ਨਹੀਂ ਕਿਹਾ ਜਾ ਸਕਦਾ। ਕੈਨੇਡਾ ਰਹਿੰਦੇ ਪੰਜਾਬੀ ਕਈ ਵਾਰ ਅੰਗਰੇਜ਼ੀ ਦਾ ਪੰਜਾਬੀਕਰਨ ਕਰ ਦਿੰਦੇ ਹਨ ਤੇ ਉਨ੍ਹਾਂ ਦੇ ਕੈਨੇਡਾ ਜੰਮੇ-ਪਲੇ ਬੱਚੇ ਪੰਜਾਬੀ ਦਾ ਅੰਗਰੇਜ਼ੀਕਰਨ ਵੀ ਕਰ ਦਿੰਦੇ ਹਨ, ਪਰ ਅਜਿਹਾ ਵਰਤਾਰਾ ਸੁਭਾਵਿਕ ਹੀ ਹੈ।
ਸਰੀ ਤੋਂ ਐੱਮ. ਐੱਲ. ਏ. ਦੀ ਚੋਣ ਲੜ ਰਹੀ ਕੈਨੇਡੀਅਨ ਪੰਜਾਬਣ ਉਮੀਦਵਾਰ ਰਚਨਾ ਸਿੰਘ ਦਾ ਅੰਗਰੇਜ਼ੀ ਦੇ ਨਾਲ-ਨਾਲ ਗੁਰਮੁਖੀ 'ਚ ਤਿਆਰ ਕੀਤਾ ਸਾਈਨ ਬੋਰਡ।
ਮਿਸਾਲ ਵਜੋਂ ਕੈਨੇਡਾ ਤੋਂ ਪੰਜਾਬ ਗਏ ਪੰਜਾਬੀ ਪਰਿਵਾਰਾਂ ਤੋਂ ਆਮ ਹੀ ਅਜਿਹੀ ਭਾਸ਼ਾ ਸੁਣਨ ਨੂੰ ਮਿਲਦੀ ਹੈ ਕਿ ਅਸੀਂ 'ਵੀਕਐਂਡ' ਤੇ 'ਗਰੌਸਰੀ' ਲਈ ਜਾਂਦੇ ਹਾਂ। ਇੰਡੀਆ ਤੋਂ ਵਾਪਸ ਜਾ ਕੇ ਨਵੀਂ 'ਜੌਬ' ਲੱਭਾਂਗੇ ਜਾਂ 'ਪੀਸ-ਵਰਕ' 'ਤੇ ਜਾਵਾਂਗੇ ਅਤੇ ਜਾਂ ਫਿਰ 'ਕਲੀਨ-ਅਪ' ਦਾ 'ਕੰਟਰੈਕਟ' ਲਵਾਂਗੇ। ਪੰਜਾਬੋਂ ਗਏ ਨਵੇਂ 'ਇਮੀਗ੍ਰੈਂਟ' ਨੂੰ 'ਡਰਾਈਵਿੰਗ' ਲਈ 'ਲੈਸਨ' ਲੈਣੇ ਪੈਂਦੇ ਹਨ। ਅਸੀਂ ਸਰੀ 'ਚ 'ਫਰੇਮਿੰਗ ਕੰਪਨੀ' ਖੋਲ੍ਹੀ ਹੈ, 'ਡਰਾਈਵਾਲ', 'ਲੈਂਡਸਕੇਪਿੰਗ', 'ਰੂਫਿੰਗ', 'ਟਰੱਸਾਂ', 'ਪਲੰਮਿੰਗ ਤੇ ਹੀਟਿੰਗ', 'ਸਾਈਡ ਵਾਲ', 'ਸਟੱਕੋ' ਆਦਿ ਦਾ ਕੰਮ ਕਰਦੇ ਹਾਂ। ਬੇਰੀਆਂ 'ਚ 'ਕਾਰਡ ਪੰਚ' ਕਰਵਾਉਣਾ, 'ਫਲੈਟ' ਲਗਾਉਣੇ, 'ਵੀਕਾਂ' ਬਣਾਉਣੀਆਂ, ਠੇਕੇਦਾਰਾਂ ਵੱਲੋਂ 'ਰਾਈਡ' ਦੇਣੀ, 'ਸਟਾਲ' ਲਾਉਣੇ, ਨਵੇਂ 'ਕੰਟਰੈਕਟ ਸਾਈਨ' ਕਰਨੇ, 'ਫੈਂਸ' ਲਾਉਣੀ, 'ਡਿੱਚ' ਪੁੱਟਣੀ, ਨਵੀਂ 'ਲਾਟ', ਤਿਆਰ ਕਰਨੀ ਆਦਿ ਸ਼ਬਦਾਂ ਦੀ ਵਰਤੋਂ, ਕੈਨੇਡੀਅਨ ਪੰਜਾਬੀਆਂ ਵੱਲੋਂ ਸਹਿਜੇ ਹੀ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਪੰਜਾਬੋਂ ਕੈਨੇਡਾ ਗਏ ਅਨਪੜ੍ਹ ਬੇਬੇ-ਬਾਪੂ ਵੀ ਜਦੋਂ ਦੇਸ ਮਿਲਣ ਆਉਂਦੇ ਹਨ ਤਾਂ ਉਹ ਆਲ-ਰਾਈਟ, ਡੋਰਾਂ, ਵਿੰਡੋਆਂ, ਜੌਬਾਂ, ਵੀਕਾਂ, ਰੋਡਾਂ, ਸਟੋਰਾਂ, ਸਰਾਜਾਂ, ਕਿਚਨਾਂ, ਲੰਚ-ਕਿੱਟਾਂ, ਚੇਅਰਾਂ-ਟੇਬਲਾਂ, ਸ਼ੂਆਂ, ਲੈਟਾਂ, ਫਲਾਈਟਾਂ, ਬੇਸਮੈਂਟਾਂ, ਰੈਂਟਾਂ, ਮਨੀ, ਮਾਰਕੀਟਾਂ, ਫਾਇਰ ਪਲੇਸਾਂ, ਥਰਮੋਸਾਂ, ਡਰਿੰਕਾਂ, ਸਲੀਪਾਂ, ਫੈਮਿਲੀਆਂ, ਚੈੱਕਾਂ, ਕੈਸ਼ਾਂ, ਸੰਡਿਆਂ-ਮੰਡਿਆਂ, ਹਸਬੈਂਡਾਂ-ਵੈਫਾਂ, ਸਿਟੀਆਂ, ਕੰਟਰੀਆਂ, ਫੰਨ, ਲੈਕ, ਫਰਿੰਡਾਂ, ਕਜ਼ਨਾਂ ਆਦਿ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀਕਰਨ ਕਰਕੇ ਜਿਵੇਂ ਪੇਸ਼ ਕਰਦੇ ਹਨ, ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਵੱਲੋਂ ਸਹਿਜੇ ਹੀ ਇਹ ਲਫ਼ਜ਼ ਸਥਾਨ ਤੇ ਸਥਿਤੀ ਮੁਤਾਬਿਕ ਪੰਜਾਬੀ ਬੋਲੀ ਦਾ ਹਿੱਸਾ ਬਣਾ ਲਏ ਗਏ ਹਨ।
ਕਈ ਵਾਰ ਪੰਜਾਬ ਵਸਦੇ, ਇਨ੍ਹਾਂ ਬਜ਼ੁਰਗਾਂ ਦੇ ਪੋਤੇ-ਦੋਹਤੇ ਜਾਂ ਭਤੀਜੇ-ਭਾਣਜੇ, ਇਹ ਬੋਲੀ ਸੁਣ ਕੇ ਹੱਸ ਵੀ ਪੈਂਦੇ ਹਨ ਤੇ ਟਿੱਚਰਾਂ ਵੀ ਕਰਦੇ ਹਨ, ਪਰ ਸੱਚ ਇਹ ਹੈ ਕਿ ਕੈਨੇਡਾ ਤੋਂ ਆਏ ਪੰਜਾਬੀ ਬੇਬੇ-ਬਾਪੂ ਜਾਣਬੁਝ ਕੇ ਇੰਜ ਨਹੀਂ ਬੋਲਦੇ, ਬਲਕਿ ਸੁਭਾਵਿਕ ਹੀ ਅਜਿਹਾ ਉਚਾਰਦੇ ਹਨ। ਇਨ੍ਹਾਂ ਵੱਲੋਂ ਪੰਜ ਦਰਿਆਵਾਂ ਦੀ ਜ਼ਬਾਨ ਨੂੰ ਸੱਤ ਸਮੁੰਦਰਾਂ ਦੀ ਸ਼ਬਦਾਵਲੀ ਦੀ ਨਵੀਂ ਘਾੜਤ ਲਈ ਵਰਤ ਕੇ ਪੰਜਾਬੀ ਦਾ ਨਿਰਾਦਰ ਨਹੀਂ ਕੀਤਾ ਜਾਂਦਾ, ਬਲਕਿ ਵਿਸ਼ਾਲਤਾ ਵੱਲ ਲਿਜਾਇਆ ਜਾਂਦਾ ਹੈ। ਇਹ ਰੂਪ ਤਬਦੀਲੀ ਭਾਸ਼ਾ ਦਾ ਵਿਗਾੜ ਨਹੀਂ, ਸਗੋਂ ਘੇਰਾ ਵਿਸ਼ਾਲ ਕੀਤੇ ਜਾਣ ਦਾ ਸਬੂਤ ਹੈ।
ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਅੰਗਰੇਜ਼ੀ ਬੋਲਣ ਵਾਲੇ ਲੋਕ ਪੰਜਾਬੀ ਸ਼ਬਦਾਂ ਜਾਂ ਸੰਕਲਪਾਂ ਨੂੰ ਆਪਣੀ ਪੁੱਠ ਚਾੜ੍ਹਨ ਮਗਰੋਂ ਵੀ ਠੀਕ ਹਨ, ਤਾਂ ਅਸੀਂ ਪੰਜਾਬੀ ਅੰਗਰੇਜ਼ੀ ਦੇ ਸ਼ਬਦਾਂ ਨੂੰ ਇਕ ਤੋਂ ਬਹੁ-ਵਾਚੀ ਬਣਾਉਂਦੇ ਹੋਏ ਗ਼ਲਤ ਕਿਵੇਂ ਹੋਏ। ਅੰਗਰੇਜ਼ੀ ਸ਼ਬਦ ਕੋਸ਼ਾਂ 'ਚ ਅੱਜਕਲ੍ਹ 'ਸਮੋਸਾਜ਼', 'ਸਾਗ', 'ਜਲੇਬੀਜ਼', 'ਚਪਾਤੀਜ਼', 'ਗੁਰਦੁਆਰਾਜ਼', 'ਸਿੱਖਜ਼', 'ਹਿੰਦੂਜ਼', 'ਪੰਜਾਬੀਜ਼' ਆਦਿ ਬਹੁਤ ਸਾਰੇ ਬਹੁਵਚਨ ਜੇਕਰ ਪੰਜਾਬੀ ਦੇ ਸ਼ਬਦਾਂ ਨੂੰ ਆਧਾਰ ਬਣਾ ਕੇ ਅਪਣਾਏ ਜਾ ਸਕਦੇ ਹਨ, ਤਾਂ ਫਿਰ ਸਾਨੂੰ ਵੀ ਅਜਿਹੇ ਕਦਮ, ਭਾਸ਼ਾਈ ਵਿਗਾੜ ਕਰਾਰ ਨਹੀਂ ਦੇਣੇ ਚਾਹੀਦੇ। ਕੈਨੇਡੀਅਨ ਜੰਮਪਲ ਪੰਜਾਬੀ ਬੱਚਿਆਂ ਵੱਲੋਂ ਵੀ ਕਈ ਵਾਰ ਅੰਗਰੇਜ਼ੀ ਦੀ ਪੰਜਾਬੀ ਬਣਾ ਕੇ ਉਚਾਰਨ ਕੀਤਾ ਜਾਂਦਾ ਹੈ, ਜਿਵੇਂ ਕਿ 'ਵਾਂਟ' ਨੂੰ 'ਮੰਗਦਾ', ਕਹਿਣਾ ਬਹੁਤੇ ਬੱਚਿਆਂ ਦੀ ਆਦਤ ਹੈ, ਪਰ ਅਜਿਹੀ ਹਾਲਤ 'ਚ ਪੜ੍ਹੇ-ਲਿਖੇ ਤੇ ਸੁਚੇਤ ਮਾਪੇ ਉਨ੍ਹਾਂ ਨੂੰ ਪਿਆਰ ਨਾਲ ਅੰਗਰੇਜ਼ੀ ਦੇ ਮੁਕਾਬਲਤਨ ਸਹੀ ਪੰਜਾਬੀ ਸ਼ਬਦਾਂ ਦੀ ਚੋਣ ਬਾਰੇ ਜਾਣਕਾਰੀ ਦੇ ਕੇ ਸੋਧ ਵੀ ਕਰਦੇ ਹਨ। ਮਿਸਾਲ ਵਜੋਂ ਕੈਨੇਡੀਅਨ ਪੰਜਾਬੀ ਬੱਚੇ ਵੱਲੋਂ ਜਾਣਾ ਮੰਗਦਾ, ਖਾਣਾ ਮੰਗਦਾ, ਪੜ੍ਹਨਾ ਮੰਗਦਾ, ਖੇਡਣਾ ਮੰਗਦਾ ਆਦਿ ਨੂੰ 'ਚਾਹੁੰਦਾ' ਕਹਿਣਾ ਸਮਝਾਉਂਦੇ ਹੋਏ ਉਚਾਰਨ ਸਹੀ ਕਰਦਿਆਂ ਸੁਚੇਤ ਕਰਕੇ ਭਾਸ਼ਾਈ ਵਿਗਾੜ ਰੋਕਿਆ ਜਾਂਦਾ ਹੈ। ਅੱਜ ਜਦੋਂ ਵਿਦੇਸ਼ਾਂ 'ਚ ਪੰਜਾਬੀ ਸਾਹਿਤ ਦੇ ਸਬੰਧ 'ਚ ਸਾਹਿਤਕ ਕਾਨਫ਼ਰੰਸਾਂ ਰਾਹੀਂ ਵਡਮੁੱਲਾ ਯੋਗਦਾਨ ਪੈ ਰਿਹਾ ਹੈ, ਉਸ ਸਮੇਂ ਸੱਤ ਸਮੁੰਦਰਾਂ ਦੀ ਬੋਲੀ ਬਣਦੀ ਜਾ ਰਹੀ ਪੰਜਾਬੀ ਜ਼ਬਾਨ ਦੀ ਝੋਲੀ 'ਚ, ਬਾਹਰਲੇ ਮੁਲਕਾਂ ਦੇ ਸ਼ਬਦਾਂ ਤੇ ਸੰਕਲਪਾਂ ਦੇ ਸਮੋਣ ਨੂੰ ਵੀ ਪੂਰੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।
ਇਹ ਠੀਕ ਹੈ ਜਿਨ੍ਹਾਂ ਚੀਜ਼ਾਂ, ਸੰਕਲਪਾਂ ਤੇ ਕੰਮਾਂ-ਕਾਰਾਂ ਲਈ ਪੰਜਾਬੀ ਕੋਲ ਢੁਕਵੇਂ ਸ਼ਬਦ ਹਨ, ਪਹਿਲ ਉਨ੍ਹਾਂ ਨੂੰ ਹੀ ਦਿੱਤੀ ਜਾਵੇ, ਪਰ ਜੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਤੇ ਉਥੋਂ ਦਾ ਪੰਜਾਬੀ ਸਾਹਿਤ ਆਪਣੇ ਨਾਲ ਨਵਾਂ ਸ਼ਬਦ-ਕੋਸ਼ ਲਿਆਉਂਦਾ ਹੈ, ਤਾਂ ਉਸ ਨੂੰ ਬਣਦੀ ਥਾਂ ਦਿੱਤੀ ਜਾਵੇ, ਕਿਉਂਕਿ ਅੱਜ ਪੰਜਾਬੀ ਪੰਜ ਪਾਣੀਆਂ ਦੀ ਹੀ ਨਹੀਂ, ਸਗੋਂ ਸੱਤ ਸਮੁੰਦਰਾਂ ਦੀ ਕੌਮਾਂਤਰੀ ਬੋਲੀ ਬਣਦੀ ਜਾ ਰਹੀ ਹੈ।
-
ਡਾ. ਗੁਰਵਿੰਦਰ ਸਿੰਘ, ਲੇਖਕ
singhnewscanada@gmail.com
001 604 825 1550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.