ਪੁਰਾਣੇ ਪ੍ਰਸ਼ਨ ਪੱਤਰ ਵੱਧ ਤੋਂ ਵੱਧ ਹੱਲ ਕਰੋ
ਪ੍ਰੀਖਿਆਵਾਂ ਜ਼ਿੰਦਗੀ ਲਈ ਸਭ ਤੋਂ ਅਹਿਮ ਹਨ, ਜਿਨ੍ਹਾਂ ਦੀ ਤਿਆਰੀ ਲਈ ਦਿਨ-ਰਾਤ ਇੱਕ ਕਰਨਾ ਪੈਂਦਾ ਹੈ। ਪ੍ਰੀਖਿਆਵਾਂ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਸਾਨੂੰ ਬਿਨਾਂ ਕਿਸੇ ਤਣਾਅ ਜਾਂ ਬੋਝ ਤੋਂ ਪੜ੍ਹਨਾ ਚਾਹੀਦਾ ਹੈ। ਦੂਜੀ ਗੱਲ ਹਰ ਵਿਸ਼ੇ ਨੂੰ ਬਿਨਾਂ ਰੱਟਾ ਮਾਰੇ ਸਮਝ ਕੇ ਆਪ ਨੋਟਸ ਤਿਆਰ ਕਰਨੇ ਚਾਹੀਦੇ ਹਨ ਅਤੇ ਪ੍ਰੀਖਿਆਵਾਂ ਤੋਂ ਪਹਿਲਾਂ ਉਨ੍ਹਾਂ ਨੋਟਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪੁਰਾਣੇ ਪ੍ਰਸ਼ਨ-ਪੱੱਤਰ ਵੱਧ ਤੋਂ ਵੱਧ ਹੱਲ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ।
ਮੁਨਾਿਸਬ ਨੀਂਦ ਨਾ ਲੈਣਾ ਗ਼ਲਤ
ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਸਮਝ ਕੇ ਯਾਦ ਕਰਨਾ ਚਾਹੀਦਾ ਹੈ ਅਤੇ ਰੱਟਾ ਨਹੀਂ ਲਾਉਣਾ ਚਾਹੀਦਾ। ਸਗੋਂ ਪੜ੍ਹੀ ਹੋਈ ਸਮੱਗਰੀ ਨੂੰ ਸਮਝ ਕੇ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤੇ ਮਹੱਤਵਪੂਰਨ ਪ੍ਰਸ਼ਨ-ਉੱਤਰਾਂ ਨੂੰ ਇੱਕ ਕਾਪੀ ’ਤੇ ਲਿਖ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰੀਖਿਆਵਾਂ ਸਮੇਂ ਪੜ੍ਹਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਪੜ੍ਹਨ ਲਈ ਸ਼ਾਂਤੀ ਭਰਿਆ ਮਾਹੌਲ ਚੁਣਨਾ ਚਾਹੀਦਾ ਹੈ, ਜਿੱਥੇ ਵਿਦਿਆਰਥੀ ਆਰਾਮਦਾਇਕ ਮਹਿਸੂਸ ਕਰ ਸਕੇ। ਵਿਦਿਆਰਥੀਆਂ ਨੂੰ ਸਵੇਰੇ ਉੱਠ ਪੜ੍ਹਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਮੇਂ ਸਿਰ ਨਾ ਸੌਣਾ ਅਤੇ ਸਹੀ ਢੰਗ ਨਾਲ ਨਾ ਖਾਣਾ-ਪੀਣਾ ਵਿਦਿਆਰਥੀਆਂ ਦੀ ਵੱਡੀ ਗਲਤੀ ਹੁੰਦੀ ਹੈ। ਕਈ ਵਿਦਿਆਰਥੀ ਖਾਣ-ਪੀਣ ਅਤੇ ਲੋੜੀਂਦੀ ਨੀਂਦ ਲੈਣ ਨੂੰ ਸਮਾਂ ਬਰਬਾਦ ਕਰਨਾ ਦੱਸਦੇ ਹਨ ਪਰ ਇਹ ਗ਼ਲਤ ਹੈ। ਵਿਦਿਆਰਥੀਆਂ ਨੂੰ ਆਪਣੇ ਖਾਣੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣ। ਪ੍ਰੀਖਿਆਵਾਂ ਸਮੇਂ ਵੀ 6-7 ਘੰਟੇ ਸੌਣਾ ਜ਼ਰੂਰੀ ਹੈ।
ਸਮੇਂ ਦੇ ਨਾਲ ਚੱਲਣਾ ਜ਼ਰੂਰੀ
ਵਿਦਿਆਰਥੀਆਂ ਨੂੰ ਆਪਣਾ ਧਿਆਨ ਟੀਚੇ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਸਮਾਂ ਘੋੜੇ ਵਾਂਗ ਭੱਜਦਾ ਹੈ। ਜਿਹੜੇ ਵਿਦਿਆਰਥੀ ਸਮੇਂ ਨਾਲ ਗਤੀ ਨਹੀਂ ਮਿਲਾਉਦੇ, ਉਨ੍ਹਾਂ ਦੇ ਹੱਥ ਅਸਫ਼ਲਤਾ ਅਤੇ ਪਛਤਾਵਾ ਹੀ ਲੱਗਦਾ ਹੈ। ਵਿਦਿਆਰਥੀ ਨੂੰ ਹਰ ਵਿਸ਼ਾ ਆਪਣੇ ਦਿਮਾਗ ਵਿੱਚ ਉਤਾਰਨਾ ਚਾਹੀਦਾ ਹੈ। ਪੜ੍ਹਦੇ ਜਾਂ ਯਾਦ ਕਰਦੇ ਸਮੇਂ ਪੰਜ ਮਿੰਟ ਲਈ ਧਿਆਨ ਲਾਓ। ਕੁਝ ਯਾਦ ਨਹੀਂ ਹੁੰਦਾ ਤਾਂ ਠੰਢਾ ਪਾਣੀ ਪੀਓ। ਫਿਰ ਧਿਆਨ ਨੂੰ ਕੇਂਦਰਿਤ ਕਰੋ ਤੇ ਇਕਾਂਤ ਵਾਤਾਵਰਨ ਚੁਣੋ। ਸਵੇਰੇ ਜਲਦੀ ਉਠ ਕੇ ਪੜ੍ਹੋ। ਜੋ ਯਾਦ ਕੀਤਾ ਹੈ, ਉਸ ਨੂੰ ਲਿਖ ਕੇ ਦੇਖੋ। ਵਿਸ਼ੇ ਦੇ ਮੁੱਖ ਵਾਕਾਂ ਨੂੰ ਹੇਠ ਰੇਖਾ ਖਿੱਚੋ। ਹਮੇਸ਼ਾ ਆਤਮ ਵਿਸ਼ਵਾਸ ਵਿੱਚ ਰਹੋ।
ਸਮਾਂ-ਸਾਰਨੀ ਨਿਰਧਾਰਿਤ ਹੋਵੇ
ਵਿਦਿਆਰਥੀ ਜੀਵਨ ਵਿੱਚ ਪ੍ਰੀਖਿਆਵਾਂ ਦੀ ਬਹੁਤ ਮਹੱਤਤਾ ਹੈ, ਕਿਉਂਕਿ ਇਹ ਉਨ੍ਹਾਂ ਲਈ ਪਰਵਾਜ਼ ਤੋਂ ਪਹਿਲਾਂ ਦੀ ਉਡਾਣ ਹੁੰਦੀ ਹੈ। ਜਿਸ ਤਰ੍ਹਾਂ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਸਮੇਂ ਦੀ ਅਹਿਮੀਅਤ ਹੈ, ਉਸੇ ਤਰ੍ਹਾਂ ਪ੍ਰੀਖਿਆਵਾਂ ਲਈ ਵੀ ਸਮਾਂ-ਸਾਰਨੀ ਨਿਰਧਾਰਿਤ ਹੋਣੀ ਜ਼ਰੂਰੀ ਹੈ। ਪ੍ਰੀਖਿਆਵਾਂ ਸਮੇਂ ਖ਼ਾਸ ਤੌਰ ’ਤੇ ਸਵੇਰ ਅਤੇ ਸ਼ਾਮ ਦੇ ਸਮੇਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤੇ ਪੜ੍ਹਨ ਸਮੇਂ ਦੌਰਾਨ ਲਗਾਤਾਰਤਾ ਨਹੀਂ ਹੋਣੀ ਚਾਹੀਦੀ, ਸਗੋਂ 30-40 ਮਿੰਟ ਦੀ ਦੁਹਰਾਈ ਤੋਂ ਮਗਰੋਂ 5 -10 ਮਿੰਟ ਆਰਾਮ ਵੀ ਜ਼ਰੂਰੀ ਹੈ। ਇਸ ਤਰ੍ਹਾਂ ਜਿੱਥੇ ਦਿਮਾਗ ਤਰੋਤਾਜ਼ਾ ਰਹਿੰਦਾ ਹੈ, ਉੱਥੇ ਯਾਦ ਕੀਤੇ ਪ੍ਰਸ਼ਨਾਂ ਦੇ ਉੱਤਰ ਵੀ ਦਿਮਾਗ ਵਿੱਚ ਪੂਰੀ ਤਰ੍ਹਾਂ ਘਰ ਕਰ ਜਾਂਦੇ ਹਨ ਜੋ ਪ੍ਰੀਖਿਆ ਦੌਰਾਨ ਸਫ਼ਲਤਾ ਦਾ ਆਧਾਰ ਬਣਦੇ ਹਨ। ਕਠਿਨ ਤੇ ਸਰਲ ਪ੍ਰਸ਼ਨਾਂ ਨੂੰ ਵੱਖਰਾ ਵੱਖਰਾ ਕਰਕੇ ਯਾਦ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਕਠਿਨ ਪ੍ਰਸ਼ਨਾਂ ਦੀ ਦੁਹਰਾਈ 2 ਜਾਂ 3 ਵਾਰ ਕੀਤੀ ਜਾਣੀ ਚਾਹੀਦੀ ਹੈ, ਉੱਥੇ ਹੀ ਸਰਲ ਪ੍ਰਸ਼ਨਾਂ ਦੀ ਦੁਹਰਾਈ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਦੁਹਰਾਈ ਹੀ ਸਫ਼ਲਤਾ ਹਾਸਲ ਕਰਨ ਦਾ ਉੱਤਮ ਤਰੀਕਾ ਹੈ।
ਸਾਰਾ ਸਾਲ ਤਿਆਰੀ ਕਰਨੀ ਵੱਧ ਫ਼ਾਇਦੇਮੰਦ
ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ? ਇਹ ਸਵਾਲ ਸਾਡੇ ਮਨ ਵਿੱਚ ਪ੍ਰੀਖਿਆਵਾਂ ਨੇੜੇ ਹੀ ਨਹੀਂ ਆਉਣਾ ਚਾਹੀਦਾ, ਸਗੋਂ ਸਾਰਾ ਸਾਲ ਲਗਾਤਾਰ ਹੋਣਾ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਪੜ੍ਹਾਂਗੇ ਤਾਂ ਪੜ੍ਹਾਈ ਬੋਝ ਨਹੀਂ ਬਣੇਗੀ। ਸਮੁੱਚੇ ਸਿਲੇਬਸ ਨੂੰ ਗੌਰ ਨਾਲ ਪੜ੍ਹਨਾ ਚਾਹੀਦਾ ਹੈ ਤੇ ਨੰਬਰਾਂ ਦੀ ਪ੍ਰਤੀਸ਼ਤਤਾ ਦੇ ਚੱਕਰ ਵਿੱਚ ਕੋਈ ਛੋਟਾ ਰਸਤਾ ਨਹੀਂ ਅਪਣਾਉਣਾ ਚਾਹੀਦਾ। ਇਨ੍ਹਾਂ ਦਿਨਾਂ ਵਿੱਚ ਲੋੜ ਤੋਂ ਜ਼ਿਆਦਾ ਸਮਾਂ ਪੜ੍ਹਨ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ।
ਤਿਆਰੀ ਲਈ ਇਕਾਗਰਤਾ ਜ਼ਰੂਰੀ
ਪ੍ਰੀਖਿਆਵਾਂ ਦੀ ਤਿਆਰੀ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ। ਜਦੋਂ ਦਿਮਾਗ ਪੜ੍ਹਾਈ ਵਿੱਚ ਇਕਾਗਰ ਨਾ ਹੋਵੇ ਤਾਂ ਅਸੀ ਰੱਟਾ ਮਾਰਨ ਲੱਗਦੇ ਹਾਂ। ਜੇਕਰ ਪੜ੍ਹਦਿਆਂ ਧਿਆਨ ਨਾ ਲੱਗੇ ਤੇ ਇਕਾਗਰਤਾ ਭੰਗ ਹੋ ਜਾਵੇ ਤਾਂ ਪੰਜ ਮਿੰਟ ਦੀ ਛੁੱਟੀ ਲੈ ਲਵੋ। ਇਸ ਨਾਲ ਦਿਮਾਗ ਨੂੰ ਆਰਾਮ ਮਿਲ ਜਾਂਦਾ ਹੈ। ਦੋਸਤਾਂ ਨਾਲ ਮਿਲ ਕੇ ਕੀਤੀ ਪੜ੍ਹਾਈ ਵੀ ਵਧੀਆ ਰਹਿੰਦੀ ਹੈ। ਇਸ ਤਰ੍ਹਾਂ ਸੁਆਲ-ਜਵਾਬ ਜ਼ਿਆਦਾ ਯਾਦ ਰਹਿੰਦੇ ਹਨ। ਜਿੰਨੀ ਲਗਨ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਜਾਵੇ, ਨਤੀਜਾ ਉਨਾ ਹੀ ਵਧੀਆ ਆਉਂਦਾ ਹੈ।
ਕੁਝ ਖ਼ਾਸ ਗੁਰ ਅਪਣਾਏ ਜਾਣ
ਪ੍ਰੀਖਿਆਵਾਂ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵਿਸ਼ਿਆਂ ਦੀ ਸਮੇਂ ਮੁਤਾਬਕ ਵੰਡ ਕਰ ਲੈਣੀ ਚਾਹੀਦੀ ਹੈ ਤੇ ਸਮਾਂ-ਸਾਰਨੀ ਬਣਾਉਣੀ ਚਾਹੀਦੀ ਹੈ। ਟਾਈਮ ਟੇਬਲ ਵਿੱਚ ਪਹਿਲਾਂ ਔਖੇ ਵਿਸ਼ੇ ਤੇ ਉਸ ਤੋਂ ਅੱਗੇ ਸੌਖੇ ਵਿਸ਼ੇ ਲਿਖਣੇ ਚਾਹੀਦੇ ਹਨ। ਵਿਦਿਆਰਥੀ ਕੋਲ ਹਰੇਕ ਵਿਸ਼ੇ ਦਾ ਸਿਲੇਬਸ ਹੋਣਾ ਚਾਹੀਦਾ ਹੈ ਤੇ ਉਸ ਮੁਤਾਬਕ ਹੀ ਤਿਆਰੀ ਕਰਨੀ ਚਾਹੀਦੀ ਹੈ। ਜੋ ਚੀਜ਼ਾਂ ਔਖੀਆਂ ਲੱਗਦੀਆਂ ਹਨ ਤੇ ਯਾਦ ਨਹੀਂ ਰਹਿੰਦੀਆਂ, ਉਨ੍ਹਾਂ ਨੂੰ ਚਾਰਟ ’ਤੇ ਲਿਖ ਕੇ ਕਮਰੇ ਵਿੱਚ ਲਗਾ ਲੈਣਾ ਚਾਹੀਦਾ ਹੈ। ਅਹਿਮ ਸਾਲਾਂ ਤੇ ਉਨ੍ਹਾਂ ਦੇ ਇਤਿਹਾਸ ਨੂੰ ਯਾਦ ਰੱਖਣ ਲਈ ਤਰਤੀਬਵਾਰ ਲਿਖ ਲੈਣਾ ਚਾਹੀਦਾ ਹੈ। ਪੜ੍ਹਦੇ ਸਮੇਂ ਜਿਹੜੀ ਗੱਲ ਮਹੱਤਵਪੂਰਨ ਲੱਗੇ ਉਸ ਦੇ ਥੱਲੇ ਪੈਨਸਿਲ ਨਾਲ ਰੇਖਾ ਖਿੱਚ ਲੈਣੀ ਚਾਹੀਦੀ ਹੈ। ਅਜਿਹੇ ਕੁਝ ਗੁਰਾਂ ਨਾਲ ਪ੍ਰੀਖਿਆਵਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਆਤਮ-ਵਿਸ਼ਵਾਸ ਬਣਾਈ ਰੱਖੋ
ਵਿਦਿਆਰਥੀ ਜੀਵਨ ਵਿੱਚ ਪ੍ਰੀਖਿਆਵਾਂ ਦੀ ਬਹੁਤ ਮਹੱਤਤਾ ਹੈ। ਇਮਤਿਹਾਨਾਂ ਤੋਂ ਪਹਿਲਾਂ ਕੀਤੀ ਗਈ ਤਿਆਰੀ ਨਤੀਜੇ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਪ੍ਰੀਖਿਆਵਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਆਪਣਾ ਆਤਮ ਵਿਸ਼ਵਾਸ ਬਣਾਈ ਰੱਖਣਾ ਚਾਹੀਦਾ ਹੈ। ਇੱਕ ਸਮਾਂ-ਸਾਰਨੀ ਬਣਾ ਕੇ ਉਸ ਦੇ ਅਨੁਸਾਰ ਸਿਲੇਬਸ ਦੀ ਦੁਹਰਾਈ ਕਰਨੀ ਚਾਹੀਦੀ ਹੈ। ਜ਼ਰੂਰੀ ਗੱਲਾਂ ਜਿਵੇਂ ਫਾਰਮੂਲੇ ਵਗ਼ੈਰਾਂ ਨੂੰ ਅਲੱਗ ਨੋਟ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀ ਇਮਤਿਹਾਨਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਸਕਦੇ ਹਾਂ।
ਸਮੂਹ ’ਚ ਵਿਸ਼ੇ ਬਾਰੇ ਚਰਚਾ ਕਰੋ
ਪ੍ਰੀਖਿਆ ਦੀ ਤਿਆਰੀ ਕਰਨਾ ਵਿਦਿਆਰਥੀ ਲਈ ਸਭ ਤੋਂ ਵੱਡਾ ਕੰਮ ਹੈ, ਕਿਉਂਕਿ ਪ੍ਰੀਖਿਆ ਹੀ ਭਵਿੱਖ ਤੈਅ ਕਰਦੀ ਹੈ। ਇਸ ਲਈ ਆਪਣੇ ਅਧਿਆਪਕ ਨਾਲ ਹਮੇਸ਼ਾ ਤਾਲਮੇਲ ਬਣਾ ਕੇ ਰੱਖੋ ਤੇ ਕੋਈ ਵੀ ਮੁਸ਼ਕਿਲ ਸਵਾਲ ਬੇਝਿਜਕ ਪੁੱਛੋ। ਲੰਬੀ ਪੜ੍ਹਾਈ ਦੀ ਥਾਂ ਛੋਟੇ-ਛੋਟੇ ਵਕਫੇ ਨਾਲ ਪੜ੍ਹੋ। ਮੋਟੀਆਂ ਕਿਤਾਬਾਂ ਦੀ ਜਗ੍ਹਾ ਛੋਟੇ ਨੋਟਸ ਬਣਾਓ। ਜਮਾਤੀਆਂ ਨਾਲ ਸਮੂਹ ਬਣਾ ਕੇ ਵਿਸ਼ੇ ਬਾਰੇ ਚਰਚਾ ਕਰੋ। ਪੜ੍ਹਾਈ ਦੌਰਾਨ ਥਕਾਵਟ ਮਹਿਸੂਸ ਹੋਣ ’ਤੇ ਥੋੜਾ ਆਰਾਮ ਕਰੋ ਤੇ ਆਪਣੇ ਦਿਮਾਗ ਨੂੰ ਹਮੇਸ਼ਾ ਤਣਾਅ ਮੁਕਤ ਰੱਖਣ ਦੀ ਕੋਸ਼ਿਸ਼ ਕਰੋ। ਪੇਪਰਾਂ ਵਿੱਚ ਦੂਜਿਆਂ ਦੀ ਨਕਲ ਕਰਨ ਬਾਰੇ ਕਦੇ ਨਾ ਸੋਚੋ।
ਲਗਨ ਤੇ ਮਿਹਨਤ ਜ਼ਰੂਰੀ
ਅੱਜ-ਕੱਲ੍ਹ ਪੜ੍ਹਾਈ ਦੇ ਮਾਪਦੰਡ ਤੇ ਸਿਸਟਮ ਬਦਲ ਰਿਹਾ ਹੈ, ਜਿਸ ਦਾ ਵਿਦਿਆਰਥੀ ਜੀਵਨ ਉਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਪਰ ਬਦਲਦੇ ਸਿਸਟਮ ਵਿੱਚ ਵੀ ਮੁੱਖ ਗੁਰ ਉਹੀ ਹਨ। ਵਿਦਿਆਰਥੀ ਇਕਾਗਰ ਹੋ ਕੇ ਤਿਆਰੀ ਕਰਨ। ਕਿਸੇ ਵੀ ਵਿਸ਼ੇ ਸਬੰਧੀ ਡਰ ਮਨ ਵਿੱਚ ਨਾ ਰੱਖਿਆ ਜਾਵੇ ਤੇ ਨਾ ਹੀ ਆਪਣੇ ਅੰਦਰ ਨਾਕਾਰਾਤਮਕ ਸੋਚ ਰੱਖੀ ਜਾਵੇ। ਲਗਨ ਤੇ ਮਿਹਨਤ ਤੋਂ ਬਿਨਾਂ ਵੀ ਕੁਝ ਪੱੱਲੇ ਨਹੀਂ ਪੈ ਸਕਦਾ। ਇਸ ਲਈ ਲਗਨ, ਮਿਹਨਤ, ਆਤਮ ਵਿਸ਼ਵਾਸ ਤੇ ਦ੍ਰਿੜ ਇੱਛਾ ਦਾ ਪੱਲਾ ਕਦੇ ਨਾ ਛੱਡੋ।
-
ਵਿਜੈ ਗਰਗ, ਸਾਬਕਾ ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.