ਕੈਨੇਡਾ ਵਿਚਲੇ ਮੇਰੇ ਇਕਾਂਤਵਾਸ ਦੇ 14 ਦਿਨ ਤੇ ਭਾਰਤ ਵਿਚਲਾ ਮੇਰਾ ਪ੍ਰਬੰਧਕ ਤਜ਼ਰਬਾ...ਕੰਵਲਜੀਤ ਸਿੰਘ ਕੰਵਲ ਦੀ ਕਲਮ ਤੋਂ
ਦੁਨੀਆ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ 19 ਨੇ ਸੰਸਾਰ ਭਰ ਵਿੱਚ ਵੱਸਦੇ ਲੋਕਾਂ ਨੂੰ ਜਿੱਥੇ ਹਿਲਾ ਕੇ ਰੱਖ ਦਿੱਤਾਂ ਉੱਥੇ ਜ਼ਿੰਦਗੀ ਜੀਣ ਦੇ ਨਵੇਂ ਫ਼ਲਸਫ਼ੇ ਤੋਂ ਵੀ ਜਾਣੂ ਕਰਵਾਇਆ ਹੈ। ਭਾਵੇਂ ਕਿ ਲੱਖਾਂ ਲੋਕਾਂ ਦੀ ਜਾਨ ਲੈਣ ਵਾਲੀ ਇਸ ਗੈਰ ਕੁਦਰਤੀ ਬਿਮਾਰੀ ਨਾਲ ਜੂਝਣ ਲਈ ਕਿਸੇ ਦਵਾ ਦਾਰੂ ਦਾ ਕੋਈ ਪ੍ਰਬੰਧ ਨਜ਼ਰੀਂ ਨਹੀਂ ਪਿਆ ਪਰ ਸਿਰਫ਼਼ ਤੇ ਸਿਰਫ਼ ਕੁਝ ਪਰਹੇਜ਼ ਅਤੇ ਪ੍ਰਕਾਸ਼ਨ ਹੀ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਨਿਆਈਂ ਹਨ। ਅਗਸਤ ਦੇ ਆਖ਼ਰੀ ਹਫ਼ਤੇ ਮੈਨੂੰ ਕਿਸੇ ਨਿੱਜੀ ਪਰਿਵਾਰਿਕ ਅਤੇ ਕਾਰੋਬਾਰੀ ਸਿਲਸਿਲੇ ਚ ਭਾਰਤ ਜਾਣਾ ਪਿਆ ਅਤੇ ਮੇਰੇ ਲਈ ਇਹਨੀਂ ਦਿਨੀਂ "ਭਾਰਤ ਦਰਸ਼ਨ" ਕਰਨਾ ਦੁਨੀਆ ਦੇ ਕਿਸੇ "ਅੱਠਵੇਂ ਅਜੂਬੇ" ਵੱਲ ਮੂੰਹ ਕਰਨ ਦੇ ਨਿਆਈਂ ਸੀ। ਭਾਰਤ ਵਿਚਲੀਆਂ ਕਰੋਨਾਂ ਬਾਰੇ ਮਿਲ ਰਹੀਆਂ ਮੰਦਭਾਗੀਆਂ ਖ਼ਬਰਾਂ ਕਰਕੇ ਪਰਿਵਾਰਿਕ ਮੈਂਬਰਾਂ ਅਤੇ ਬੱਚਿਆਂ ਵਿਚਲੀ ਬੇਭਰੋਸਗੀ ਇਸ ਫੇਰੀ ਤੇ ਸਵਾਲੀਆਂ ਚਿੰਨ੍ਹ ਲਾਈ ਬੈਠੀ ਸੀ। ਪਰ ਮੁਸੀਬਤਾਂ ਨਾਲ ਮੱਥਾ ਮਾਰਨਾ ਸ਼ਾਇਦ ਮੁੱਢ ਤੋਂ ਹੀ ਮੇਰੇ ਨਸੀਬਾਂ ਦਾ ਹਿੱਸਾ ਹੈ। ਏ2ਜੀ ਟਰੈਵਲ ਦੇ ਅਨਿਲ ਸੰਦੂਜਾ ਜੀ ਵੱਲੋਂ ਜਿੱਥੇ ਮੇਰੀ ਆਉਣ ਜਾਣ ਦੀ ਟਿਕਟ ਦਾ ਪ੍ਰਬੰਧ ਕੀਤਾ ਗਿਆ ਉੱਥੇ ਉਨ੍ਹਾਂ ਵੱਲੋਂ ਮੈਨੂੰ ਇਸ ਸਫ਼ਰ ਨੂੰ ਸ਼ੁਰੂ ਕਰਨ ਲਈ ਲੋੜੀਂਦੀਆਂ ਮੁੱਢਲੀਆਂ ਜ਼ਰੂਰਤਾਂ ਬਾਰੇ ਵੀ ਮੈਨੂੰ ਜਾਗਰੂਕ ਕੀਤਾ ਜਿਨ੍ਹਾਂ ਚ ਜਾਣ ਤੋਂ 96 ਘੰਟੇ ਪਹਿਲਾਂ ਕੋਵਿਡ ਟੈੱਸਟ ਦਾ ਨੈਗੇਟਿਵ ਰਿਜ਼ਲਟ ਹੋਣਾ ਅਤੇ ਇਸ ਰਿਜ਼ਲਟ ਨੂੰ ਭਾਰਤ ਸਰਕਾਰ, ਇੰਡੀਅਨ ਏਅਰ ਪੋਰਟ ਅਥਾਰਿਟੀ ਅਤੇ ਹੋਰ ਜਗ੍ਹਾ ਤੇ ਰਜਿਸਟਰਡ ਕਰਵਾਉਣਾ ਆਦਿ ਸ਼ਾਮਲ ਸੀ।
ਲਫਥਾਂਸਾ ਏਅਰਲਾਈਨਜ਼ ਤੇ ਸ਼ੁਰੂ ਹੋਇਆ ਇਹ ਸ਼ਾਨਦਾਰ ਸਫ਼ਰ ਨਵੀਂ ਦਿੱਲੀ ਜਾ ਕੇ ਮੁੱਕਿਆ ਅਤੇ ਸ਼ੁਰੂ ਹੋਈ ਖੱਜਲ ਖ਼ਰਾਬੀ ਦੀ ਦਾਸਤਾਨ, ਜਿੱਥੇ ਪੇਪਰ ਵਰਕ ਦਾ ਆਪਸੀ ਤਾਲਮੇਲ ਨਾਂ ਹੋਣ ਅਤੇ ਮੌਕੇ ਦੇ ਅਧਿਕਾਰੀਆਂ ਵੱਲੋਂ ਕਿਸੇ ਮੁਸਾਫ਼ਰ ਦੀ ਮਦਦ ਕਰਨ ਦੀ ਬਜਾਏ ਪ੍ਰੇਸ਼ਾਨੀ ਨੂੰ ਚਾਰ ਚੰਨ ਲਾਉਣ ਦੀ ਕਵਾਇਦ ਸ਼ੁਰੂ ਹੁੰਦੀ ਵੇਖੀ ਗਈ ਜਦੋਂ ਕਿ ਮੇਰੇ ਕੋਲ ਸ਼ੁੱਕਰਵਾਰ ਅਤੇ ਫਿਰ ਸੋਮਵਾਰ ਨੂੰ ਕਰਵਾਏ ਕੋਵਿਡ ਟੈਸਟ ਦੇ ਨੈਗੇਟਿਵ ਰਿਜ਼ਲਟ ਮੇਰੇ ਹੱਥ ਚ ਫੜੇ ਸਨ ਅਤੇ ਭਾਰਤ ਸਰਕਾਰ ਦੇ ਸਿਸਟਮ ਚ ਰਜਿਸਟਰਡ ਕਰਨ ਦੀਆਂ ਕਾਪੀਆਂ ਵੀ, ਬੱਸ ਫੇਰ ਕੀ ਸੀ ਇਕ ਕਾਊਂਟਰ ਤੋਂ ਦੂਸਰੇ ਕਾਊਂਟਰ ਤੋਂ ਹੁੰਦਿਆਂ ਗੱਲ ਮੁੱਕੀ ਪੰਜਾਬ ਸਰਕਾਰ ਦੇ ਬਾਹਰ ਲੱਗੇ ਇਕ ਕਾਊਂਟਰ ਤੇ ਜਿੱਥੇ ਇਕ ਫਾਰਮ ਭਰਨ ਤੋਂ ਬਾਅਦ ਤੁਹਾਡਾ ਕੈਨੇਡੀਅਨ ਪਾਸਪੋਰਟ ਜਮ੍ਹਾਂ ਕਰ ਲਿਆ ਜਾਂਦਾ ਹੈ ਅਤੇ ਤੁਹਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਪਾਸਪੋਰਟ ਵਾਪਸ ਮਿਲਣ ਦਾ ਭਰੋਸਾ ਮਿਲ ਜਾਂਦਾ ਹੈ। ਜਦੋਂ ਕਿ ਵਿਦੇਸ਼ ਤੋਂ ਗਏ ਕਿਸੇ ਵਿਅਕਤੀ ਕੋਲ ਭਾਰਤ ਦਾ ਕੋਈ ਵੀ ਫ਼ੋਟੋ ਸ਼ਨਾਖ਼ਤੀ ਪੱਤਰ ਨਹੀਂ ਹੁੰਦਾ ਜੋ ਕਿ ਤੁਹਾਡੀ ਅਗਲੀ ਉਡਾਣ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ ਮੇਰੀ ਅਗਲੀ ਉਡਾਣ ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਦੀ ਸੀ। ਮੇਰੀ ਸਮਝ ਵਿੱਚ ਇਹ ਨਹੀਂ ਸੀ ਆ ਰਿਹਾ ਕਿ ਸਿਸਟਮ ਨੂੰ ਸੈੱਟ ਕਰਨ ਵਾਲੇ ਅਧਿਕਾਰੀਆਂ ਨੇ ਏਨੀ ਵੱਡੀ ਗ਼ਲਤੀ ਕਿਵੇਂ ਕੀਤੀ ਕਿ ਕਿਸੇ ਵਿਦੇਸ਼ੀ ਕੋਲੋਂ ਉਸ ਦੀ ਮੁੱਢਲੀ ਆਈ ਡੀ ਹੀ ਖੋਹ ਲਈ ਜਾਵੇ ਅਤੇ ਉਸ ਤੇ ਇਹ "ਹੁਕਮਨਾਮਾ" ਜਾਰੀ ਕੀਤਾ ਜਾਵੇ ਕਿ ਉਹ ਆਪਣੇ ਜ਼ਿਲ੍ਹੇ ਦੇ ਇਕ ਪੇਂਡੂ ਹੈਲਥ ਸੈਂਟਰ ਚ ਜਾ ਕੇ ਰਿਪੋਰਟ ਕਰੇ ਜਿਵੇਂ ਕਿ ਮੈਨੂੰ ਨਰਾਇਣ ਗੜ੍ਹ (ਛੇਹਰਟਾ) ਸਥਿਤ ਹੈਲਥ ਸੈਂਟਰ ਰਿਪੋਰਟ ਕਰਨ ਲਈ ਕਿਹਾ ਗਿਆ ਸੀ, ਉਸ "ਹੁਕਮਨਾਮਾ ਨੁਮਾ" ਫੁਰ ਮਾਨ ਤੇ ਜਿਸ ਮਹਿਲਾ ਅਧਿਕਾਰੀ ਡਾ:ਪਲਵੀ ਚੌਧਰੀ ਦਾ ਨਾਂ ਅਤੇ ਫ਼ੋਨ ਨੰਬਰ ਦਰਜ ਸੀ ਫ਼ੋਨ ਕਰਨ ਤੇ ਉਸ ਦਾ ਬੋਲ ਬਾਣੀ ਏਨਾ ਘਟੀਆ ਪੱਧਰ ਦਾ ਸੀ ਕਿ ਸ਼ਬਦਾਂ ਚ ਬਿਆਨ ਕਰਨਾ ਵੀ ਔਖਾ ਹੈ। ਜਦੋਂ ਇਸ ਮਹਿਲਾ ਅਧਿਕਾਰੀ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਮਹਿਲਾ ਅਧਿਕਾਰੀ ਇਕ ਆਈ ਏ ਐੱਸ ਅਧਿਕਾਰੀ ਹੈ ਅਤੇ ਉਸ ਦਾ ਪਤੀ ਵੀ ਇਸੇ ਜ਼ਿਲ੍ਹੇ ਚ ਇਕ ਆਈ ਪੀ ਐੱਸ ਅਧਿਕਾਰੀ ਵਜੋਂ ਤਾਇਨਾਤ ਹੈ । ਇਹ ਸਤਰਾਂ ਲਿਖੇ ਜਾਣ ਦਾ ਮਤਲਬ ਕਿਸੇ ਅਧਿਕਾਰੀ ਨੂੰ ਨੀਵਾਂ ਵਿਖਾਉਣਾ ਨਹੀਂ ਸਗੋਂ ਪ੍ਰਬੰਧਕੀ ਢਾਂਚੇ ਚ ਵੱਡੀਆਂ ਤਬਦੀਲੀਆਂ ਦੀ ਲੋੜ ਨੂੰ ਮਹਿਸੂਸ ਕਰਾਉਣਾ ਹੈ ਤਾਂ ਕਿ ਵਿਦੇਸ਼ਾਂ ਤੋਂ ਭਾਰਤ ਦਰਸ਼ਨ ਤੇ ਗਏ ਵਿਦੇਸ਼ੀਆਂ ਚੋਂ ਬੇਭਰੋਸਗੀ ਦੀ ਭਾਵਨਾ ਖ਼ਤਮ ਹੋਵੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੋਂ ਦੋ ਹਫ਼ਤਿਆਂ ਬਾਅਦ ਮੇਰਾ ਕੈਨੇਡੀਅਨ ਪਾਸਪੋਰਟ ਮੈਨੂੰ ਮਿਲ ਗਿਆ। ਇਸ ਫੇਰੀ ਦੌਰਾਨ ਮੈਂ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਵੀ ਗਿਆ ਪਰ ਕਿਤੇ ਵੀ ਸੋਸ਼ਲ ਡਿਸਟੈਂਸ ਜਾਂ ਮਾਸਕ ਪਾਉਣ ਦੀ ਕਵਾਇਦ ਨਜ਼ਰੀਂ ਨਹੀਂ ਪਈ ਸਗੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਐੱਸ ਜੀ ਪੀ ਸੀ ਦੇ ਤਾਇਨਾਤ ਇਕ ਸੇਵਾਦਾਰ ਨੇ ਮੇਰੇ ਮੂੰਹ ਤੇ ਲੱਗੇ ਮਾਸਕ ਨੂੰ ਲਾਹੁਣ ਦਾ ਹੁਕਮ ਚਾੜ੍ਹਿਆ। ਇਸ ਫੇਰੀ ਦੌਰਾਨ ਬਹੁਤਾ ਸਮਾਂ ਮੈਂ ਆਪਣੇ ਘਰ ਹੀ ਗੁਜ਼ਾਰਿਆ ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਮਿਲਣਾ ਸੀ ਉਨ੍ਹਾਂ ਨੂੰ ਆਪਣੇ ਘਰ ਹੀ ਮਿਲਿਆ ਤੇ ਰੱਬ ਰੱਬ ਕਰਕੇ ਇਹ ਸਮਾਂ ਬਿਤਾਇਆ ਅਤੇ ਆਪਣੇ ਲੋੜੀਂਦੇ ਕੰਮਾਂ ਨੂੰ ਘਰ ਬੈਠ ਕੇ ਅੰਜਾਮ ਦਿੱਤਾ। ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਰਮਣੀਕ ਖੇਤਰ ਚ ਸਥਿਤ ਰੌਸ਼ਨ ਕਲਾ ਕੇਂਦਰ ਦੇ ਕਾਰਕੁਨਾਂ ਵੱਲੋਂ ਰੱਖੀ ਗਈ ਇਕ ਮਿਲਣੀ ਇਸ ਫੇਰੀ ਦਾ ਹਾਸਿਲ ਹੋ ਨਿੱਬੜੀ ਜਿੱਥੇ ਕੁਦਰਤੀ ਪੌਣ ਪਹਾੜੀ ਰਸਤਾ,ਤੇ ਖੁੱਲ੍ਹਾ ਡੁੱਲ੍ਹਾ ਵਾਤਾਵਰਣ ਰੂਹ ਨੂੰ ਸਕੂਨ ਦੇਣ ਵਾਲਾ ਸੀ।ਇਸ ਕੁਦਰਤੀ ਨਜ਼ਾਰੇ ਦਾ ਅਨੰਦ ਲੈਣ ਸਮੇਂ ਹੋਰਨਾਂ ਤੋਂ ਇਲਾਵਾ ਮੇਰੇ ਕੁਝ ਖ਼ਾਸ ਮਿੱਤਰ ਜਿਨ੍ਹਾਂ ਚ ਕੁਲਦੀਪ ਸਿੰਘ ਬੇਦੀ, ਜੋਗਿੰਦਰ ਸਿੰਘ ਅਦਲੀਵਾਲ ਅਤੇ ਦਰਸ਼ਨ ਸਿੰਘ ਪੰਨੂ ਵੀ ਸ਼ਾਮਲ ਸਨ।
4 ਅਕਤੂਬਰ ਦੀ ਮੇਰੀ ਵਾਪਸੀ ਸੀ ਪਰ ਉਹ ਫਲਾਈਟ ਕੈਂਸਲ ਹੋ ਗਈ ਫਿਰ 5 ਅਕਤੂਬਰ ਦੀ ਮਿਲੀ ਫਲਾਈਟ ਵੀ ਕੈਂਸਲ ਹੋ ਗਈ ਪਰ ਮਿਸਟਰ ਸੰਦੂਜਾ ਦੀ ਕੜੀ ਮਿਹਨਤ ਸਦਕਾ 6 ਅਕਤੂਬਰ ਨੂੰ ਏਅਰ ਕੈਨੇਡਾ ਦੀ ਸਿੱਧੀ ਫਲਾਈਟ ਰਾਹੀਂ ਕੈਨੇਡਾ ਪੁੱਜੇ ਤੇ ਸ਼ੁਰੂ ਹੋ ਗਿਆ 14 ਦਿਨਾਂ ਇਕਾਂਤਵਾਸ ਦਾ ਸਫ਼ਰ। ਟੋਰਾਂਟੋ ਏਅਰਪੋਰਟ ਤੋਂ ਟੈਕਸੀ ਲੈ ਕੇ ਘਰ ਪੁੱਜਿਆ ਤੈਅ ਪ੍ਰੋਗਰਾਮ ਅਨੁਸਾਰ ਸਿੱਧਾ ਆਪਣੇ ਕਮਰੇ ਚ ਗਿਆ ਜਿੱਥੇ ਮੇਰੀ ਸ੍ਰੀਮਤੀ ਅਤੇ ਬੱਚਿਆਂ ਨੇ ਮੇਰੇ ਆਉਣ ਤੋਂ ਪਹਿਲਾਂ ਮੇਰੇ ਘਰ ਵਿਚਲੇ ਮਾਸਟਰ ਬੈੱਡ ਰੂਮ ਵਿੱਚ ਟੀਵੀ, ਫ਼ਰਿਜ, ਕੰਪਿਊਟਰ ਤੋਂ ਇਲਾਵਾ ਮੇਰੇ ਲਈ ਲੋੜੀਂਦੀ ਹਰ ਸ਼ੈਅ ਦਾ ਪ੍ਰਬੰਧ ਕੀਤਾ ਹੋਇਆ ਸੀ। 14 ਦਿਨ ਦਾ ਇਹ ਇਕਾਂਤਵਾਸ ਸਫ਼ਰ ਵੀ ਜੋ ਮੈਨੂੰ ਪਹਾੜ ਵਰਗਾ ਦਿਖਾਈ ਦੇਂਦਾ ਸੀ ਪਰ ਸ੍ਰੀਮਤੀ ਦੇ ਸੁਚੱਜੇ ਪ੍ਰਬੰਧ ਅਤੇ ਮੇਰੇ ਖਾਣ ਪੀਣ ਦਾ ਹਰ ਪੱਖੋਂ ਖ਼ਿਆਲ ਮੈਨੂੰ 14 ਘੰਟਿਆਂ ਵਰਗਾ ਲੱਗਾ। ਇਸ ਸਮੇਂ ਦੌਰਾਨ ਮੈਨੂੰ ਆਪਣੇ ਆਪ ਬਾਰੇ, ਆਪਣੇ ਪਰਿਵਾਰ ਬਾਰੇ ਆਪਣੇ ਕਾਰੋਬਾਰ ਬਾਰੇ ਅਤੇ ਆਪਣੇ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਸਵੈ ਪੜਚੋਲ ਦਾ ਮੌਕਾ ਮਿਲਿਆ, ਕਈ ਨਵੇਂ ਤਜਰਬਿਆਂ ਤੋਂ ਕੁਝ ਸਿੱਖਣ ਦਾ ਮੌਕਾ ਮਿਲਿਆ, ਇਕੱਲੇ ਪਨ ਨੂੰ ਜੀ ਭਰ ਕੇ ਮਾਣਨ ਅਤੇ ਭਵਿੱਖ ਵਿੱਚ ਕੁਝ ਹੋਰ ਅਗੇਰੇ ਅਤੇ ਹੋਰ ਅਗੇਰੇ ਵਧਣ ਦੀ ਪ੍ਰੇਰਨਾ ਮਿਲੀ। ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮੋਹ ਦੀਆਂ ਤੰਦਾਂ ਨੂੰ ਹੋਰ ਪਕੇਰਾ ਹੁੰਦਾ ਬਹੁਤ ਨੇੜਿਉਂ ਤੱਕਿਆ।ਉਨ੍ਹਾਂ ਨੂੰ ਭਾਰਤ ਵਿਚਲੇ ਮਾਹੌਲ ਵਿੱਚ ਮੈਨੂੰ ਰਹਿੰਦਿਆਂ ਮੇਰੇ ਪ੍ਰਤੀ ਫ਼ਿਕਰਮੰਦ ਹੁੰਦਿਆਂ ਮਹਿਸੂਸ ਕੀਤਾ ਜਿਸ ਨਾਲ ਮੇਰੀ ਪ੍ਰੀਤ ਆਪਣੇ ਪਰਿਵਾਰ ਦੇ ਜੀਆਂ ਪ੍ਰਤੀ ਹੋਰ ਪਕੇਰੀ ਤੇ ਹੋਰ ਪਕੇਰੀ ਹੋਈ !
-
ਕੰਵਲਜੀਤ ਸਿੰਘ ਕੰਵਲ, ਚੀਫ ਐਡੀਟਰ, ਵਤਨੋਂ ਪਾਰ ਪੰਜਾਬੀ ਨਿਊਜ਼
photokanwal@gmail.com
+1(647)893-3600
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.