ਪ੍ਰੋ: ਮੋਹਨ ਸਿੰਘ (20 ਅਕਤੂਬਰ, 1905-3 ਮਈ, 1978) ਲਗਭਗ 72-73 ਵਰ੍ਹੇ ਇਸ ਧਰਤ ਉਪਰ ਇਕ ਜਿਊਂਦੇ-ਜਾਗਦੇ ਇਨਸਾਨ ਦੇ ਰੂਪ ਵਿਚ ਵਿਚਰਦਾ ਰਿਹਾ ਹੈ। ਇਸ ਉਪਰੰਤ ਇਕ ਹੱਡ-ਮਾਸ ਦੇ ਪੁਤਲੇ ਦੇ ਰੂਪ ਵਿਚ ਉਹ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰੰਤੂ 1921-22 ਦੌਰਾਨ ਸ਼ੁਰੂ ਹੋਇਆ ਉਸਦੀ ਕਲ਼ਮ ਦਾ ਸਫ਼ਰ 1978 ਵਿਚ ਰੁਕ ਜਾਣ ਤੋਂ ਬਾਅਦ ਵੀ ਆਪਣੇ ਜਲੌਅ, ਪ੍ਰਭਾਵ, ਪ੍ਰਤਿਭਾ ਅਤੇ ਪ੍ਰਸੰਗਿਕਤਾ ਸਦਕਾ ਅੱਜ ਵੀ ਸਾਡੀ ਅਗਵਾਈ ਕਰਦਾ ਹੋਇਆ ਸਾਡੇ ਅੰਗ-ਸੰਗ ਹੈ। ਇਹ ਉਸਦੀ ਕਲ਼ਮ ਦੀ ਸਮਰੱਥਾ ਹੀ ਹੈ ਜੋ ਉਸਨੂੰ ਇਕ ਯੁਗ-ਕਵੀ ਤੋਂ ਵੀ ਕਿਤੇ ਅੱਗੇ ਜਾ ਕੇ ਇਕ ਯੁਗ-ਸਿਰਜਕ ਕਵੀ ਵਜੋਂ ਸਥਾਪਤ ਕਰਦੀ ਹੈ।
ਪ੍ਰੋ: ਮੋਹਨ ਸਿੰਘ ਜਿਨ੍ਹਾਂ ਸਮਿਆਂ ਵਿਚ ਪੈਦਾ ਹੋਇਆ ਅਤੇ ਜਿਨ੍ਹਾਂ ਹਾਲਾਤਾਂ ਵਿਚ ਉਸਨੇ ਸੁਧ-ਬੁਧ ਸੰਭਾਲੀ, ਉਹ ਬਸਤੀਵਾਦ ਦੀ ਪੁਰਜ਼ੋਰ ਖ਼ਿਲਾਫ਼ਤ ਦਾ ਦੌਰ ਸੀ। ਭਾਰਤ ਦੇ ਨਾਲ-ਨਾਲ ਗੁਆਂਢੀ ਮੁਲਕਾਂ ਅੰਦਰ ਵੀ ਕੌਮੀ ਮੁਕਤੀ ਅੰਦੋਲਨ ਅੰਗੜਾਈਆਂ ਲੈ ਰਹੇ ਸਨ। ਬਾਰ ਦਾ ਕਿਸਾਨ ਵਿਦਰੋਹ, ਗ਼ਦਰ ਲਹਿਰ, ਅਕਾਲੀ, ਬੱਬਰ ਅਕਾਲੀ ਤੇ ਕਿਰਤੀ ਲਹਿਰ, ਜਲ੍ਹਿਆਂਵਾਲਾ ਬਾਗ ਤੇ ਜੈਤੋ ਦੇ ਬਾਗ ਦਾ ਮੋਰਚਾ ਆਦਿ ਅਜਿਹੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਆਮ ਪੰਜਾਬੀਆਂ/ਭਾਰਤੀਆਂ ਦੇ ਨਾਲ-ਨਾਲ ਸਾਡੇ ਕਵੀਆਂ ਨੂੰ ਵੀ ਝੰਜੋੜਿਆ। ਪ੍ਰੋ: ਮੋਹਨ ਸਿੰਘ ਵੀ ਇਹਨਾਂ ਲਹਿਰਾਂ/ਘਟਨਾਵਾਂ ਦਾ ਪ੍ਰਭਾਵ ਕਬੂਲਦਾ ਹੋਇਆ ਆਪਣੀ ਪਹਿਲੀ ਕਵਿਤਾ ‘ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ’ 1921-22 ਵਿਚ ਇਕ ਕਾਨਫ਼ਰੰਸ ਦੇ ਮੌਕੇ ਹੱਖੇ ਗਏ ਕਵੀ ਦਰਬਾਰ ਲਈ ਲਿਖਦਾ ਅਤੇ ਸੁਣਾਉਂਦਾ ਹੈ। ਉਸਦਾ ਅਜਿਹਾ ਜੀਵਨ-ਅਨੁਭਵ ਅਤੇ ਕਾਵਿ-ਅਨੁਭਵ ‘ਗੁਰਦਵਾਰੇ ਦੇ ਧੁੰਦਲੇ ਦੀਵੇ ਦੀ ਲੋਅ ਥੱਲੇ ਸਿਰੀਆਂ ਜੋੜਕੇ’ ਅਖ਼ਬਾਰਾਂ ਪੜ੍ਹਦਿਆਂ ਅਤੇ ਚਰਚਾ ਕਰਦਿਆਂ ਪ੍ਰਾਪਤ ਕੀਤਾ ਅਨੁਭਵ ਹੈ।
1921-22 ਵਿਚ ਜਿੱਥੇ ਪ੍ਰੋ: ਮੋਹਨ ਸਿੰਘ ਦਾ ਜੀਵਨ-ਅਨੁਭਵ ਸਿੱਖੀ ਪ੍ਰਭਾਵ ਤੱਕ ਸੀਮਤ ਸੀ ਅਤੇ ਉਸਦੀ ਕਲ਼ਮ ਦਾ ‘ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ’ ਤੱਕ, ਉੱਥੇ 1978 ਤੱਕ ਉਸਦਾ ਜੀਵਨ-ਅਨੁਭਵ ਕੌਮਾਂਤਰੀਵਾਦ ਤੱਕ ਜਾ ਫੈਲਦਾ ਹੈ ਅਤੇ ਉਸਦੀ ਕਲ਼ਮ ਦਾ ‘ਮੌਲੀ ਮੁੜ ਕੇ ਧਰਤ ਚੀਨ ਦੀ’ ਤੱਕ। ਇਹ ਉਸਦੀ ਨਿਰੰਤਰ ਕ੍ਰਿਆਸ਼ੀਲਤਾ ਅਤੇ ਆਪਣੀ ਸੂਝ ਨੂੰ ਤਿਖੇਰਾ, ਪ੍ਰਚੰਡ ਤੇ ਸਮੇਂ ਦੇ ਹਾਣ ਦੀ ਬਣਾਏ ਜਾਣ ਦੇ ਸੁਚੇਤ ਜਤਨਾਂ ਸਦਕਾ ਹੈ। ਇਹੀ ਉਸਦੀ ਜੀਵਨ-ਜਾਚ ਹੈ। ਅਜਿਹੀ ਜੀਵਨ-ਜਾਚ ਸਦਕਾ ਹੀ ਉਹ ਜਜ਼ਬੇ ਨਾਲੋਂ ਬੁੱਧੀ ਨੂੰ ਪਹਿਲ ਦੇਂਦਾ ਹੋਇਆ ਅਮਲ ਦੇ ਲੰਮੇਰੇ ਪੰਧ ਦਾ ਪਾਂਧੀ ਬਣਦਾ ਹੈ:
ਚੰਨ, ਮੰਗਲ, ਬੁੱਧ, ਬ੍ਰਿਹਸਪਤ ਤੋਂ
ਵੀ ਅੱਗੇ ਜਾਣਾ ਹਿੰਮਤ ਨੇ,
ਧਰਤੀ ਤਾਂ ਇਕ ਪੜਾਅ ਹੀ ਹੈ,
ਰਖ ਦਾਈਆ ਪੰਧ ਲੰਮੇਰੇ ਦਾ।
ਇਸ ਲੰਮੇਰੇ ਪੰਧ ਦਾ ਪਾਂਧੀ ਬਣਦਿਆਂ ਉਸਦੀ ਸੂਝ ਵੀ ਆਮ ਲੋਕਾਈ ਦੀ ਧਿਰ ਬਣਦੀ ਪ੍ਰਤੀਤ ਹੁੰਦੀ ਹੈ:
ਅਮਲ ਦੇ ਨਾਲ ਹੀ ਸਮਿਆਂ ਦੀ ਲਿਟ ਸੰਵਰਦੀ ਹੈ,
ਅਮਲ ਦੇ ਨਾਲ ਹੀ ਧਰਤੀ ’ਤੇ ਰੂਪ ਚੜ੍ਹਦਾ ਹੈ।
ਅਮਲ ਦੇ ਨਾਲ ਹੀ ਤਾਜਾਂ ਤੋਂ ਤ੍ਰੰਡ ਕੇ ਹੀਰੇ,
ਕਿਸਾਨ ਆਪਣੀ ਪੰਜਾਲੀ ਦੇ ਉੱਤੇ ਜੜਦਾ ਹੈ।
ਜਿਨ੍ਹਾਂ ਸਮਿਆਂ ਦੌਰਾਨ ਪ੍ਰੋ: ਮੋਹਨ ਸਿੰਘ ਪੰਜਾਬੀ ਕਾਵਿ-ਖੇਤਰ ਅੰਦਰ ਵਿਚਰਨਾ ਸ਼ੁਰੂ ਕਰ ਰਿਹਾ ਸੀ, ਉਹ ਅਜਿਹਾ ਦੌਰ ਸੀ ਜਿਸ ਦੌਰਾਨ ਗ਼ਦਰ ਲਹਿਰ ਨਾਲ ਸੰਬੰਧਤ ਕੁਝ ਕਵੀਆਂ ਨੂੰ ਛੱਡ ਕੇ ਕੌਮਾਂਤਰੀਵਾਦੀ ਇਨਕਲਾਬੀ ਚੇਤਨਾ ਉਸ ਸਮੇਤ ਹੋਰਨਾ ਕਵੀਆਂ ਦੇ ਕਾਵਿ-ਅਨੁਭਵ ਦਾ ਹਿੱਸਾ ਨਹੀਂ ਸੀ ਬਣੀ। ਇਸ ਉਪਰੰਤ ਪ੍ਰੋ: ਮੋਹਨ ਸਿੰਘ ਧਾਰਮਿਕ ਦੇ ਨਾਲ-ਨਾਲ ਰਾਜਸੀ ਕਵਿਤਾਵਾਂ ਲਿਖਣ ਵੱਲ ਰੁਚਿਤ ਹੁੰਦਾ ਹੈ। ਇਸ ਤੋਂ ਅਗਾਂਹ ਉਹ ਦੇਸ਼-ਪਿਆਰ ਅਤੇ ਰਾਸ਼ਟਰਵਾਦ ਤੱਕ ਦਾ ਸਫ਼ਰ ਤੈਅ ਕਰਦਾ ਹੈ। ਪ੍ਰੋ: ਮੋਹਨ ਸਿੰਘ ਦੀ ਕਵਿਤਾ ਉਸਦੇ ਕੁਝ ਹੋਰਨਾਂ ਸਮਕਾਲੀ ਭਾਰਤੀ ਕਵੀਆਂ ਵਾਂਗ ਰੁਮਾਂਸ ਦੀ ਉਪਜ ਹੈ। ਆਪਣੀ ਰੁਮਾਨੀ ਤਬੀਅਤ ਸਦਕਾ ਪ੍ਰੋ: ਮੋਹਨ ਸਿੰਘ ਦੀ ਵੀ ਵਧੇਰੇ ਕਵਿਤਾ ਇਸ਼ਕ ਦੇ ਆਲ਼ੇ-ਦੁਆਲ਼ੇ ਹੀ ਘੁੰਮਦੀ ਹੈ। ਉਸਦਾ ਇਹ ਇਸ਼ਕ ਅੌਰਤ ਪ੍ਰਤੀ ਵੀ ਹੈ, ਦੇਸ਼ ਪ੍ਰਤੀ ਵੀ ਅਤੇ ਇਨਕਲਾਬ ਪ੍ਰਤੀ ਵੀ।
ਅੌਰਤ ਬਾਰੇ ਕਵਿਤਾ ਲਿਖਦਿਆਂ ਉਹ ਰੁਮਾਨੀ ਹੋਣ ਦੇ ਨਾਲ-ਨਾਲ ਵਧੇਰੇ ਗਹਿਰ-ਗੰਭੀਰ ਅਤੇ ਸੰਜੀਦਾ ਹੁੰਦਾ ਹੈ। ਉਸਦਾ ਅੌਰਤ ਕਾਵਿ-ਪਾਤਰ ਪਿਆਰਿਆ-ਸਤਿਕਾਰਿਆ ਜਾਣ ਵਾਲਾ ਇਕ ਪ੍ਰੇਰਕ ਅਤੇ ਬਹਾਦੁਰ ਪਾਤਰ ਹੈ। ਜਦੋਂ ਉਹ ਇਸ ਧਾਰਣਾ ਦਾ ਪ੍ਰਤਿਪਾਦਨ ਕਰਦਾ ਹੈ ਕਿ, “ਵਿਤਕਰੇ, ਲੁੱਟ-ਖਸੁੱਟ ਤੇ ਗ਼ਲ਼ਤ ਇਖ਼ਲਾਕੀ ਕੀਮਤਾਂ ਉਤੇ ਉੱਸਰੇ ਸਮਾਜ ਵਿਚ ਪਿਆਰ ਮੁਮਕਨ ਹੀ ਨਹੀਂ ਹੈ। ਇਸ ਸਮਾਜ ਵਿਚ ਤੀਂਵੀਂ ਇਕ ਜਾਇਦਾਦ ਬਣ ਕੇ ਰਹਿ ਗਈ ਹੈ। ਇਸ ਲਈ ਸਾਡੇ ਸਾਹਮਣੇ ਅਸਲੀ ਸਵਾਲ ਕਿਸੇ ਇਕ ਅੱਧੇ ਪਿਆਰ ਨੂੰ ਸਫ਼ਲ ਕਰਨਾ ਨਹੀਂ ਸਗੋਂ ਸਾਰੀ ਇਸਤਰੀ ਜਾਤੀ ਨੂੰ ਸੁਤੰਤਰ ਕਰਨਾ ਹੈ।” ਤਾਂ ਔਰਤ ਪ੍ਰਤੀ ਉਸਦਾ ਨਜ਼ਰੀਆ ਹੋਰ ਵੀ ਸਪਸ਼ਟ ਹੋ ਜਾਂਦਾ ਹੈ।
ਜਿਉਂ-ਜਿਉਂ ਪ੍ਰੋ: ਮੋਹਨ ਸਿੰਘ ਦਾ ਜੀਵਨ-ਅਨੁਭਵ ਵਸੀਹ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸਦਾ ਕਾਵਿ-ਅਨੁਭਵ ਵੀ ਵਧੇਰੇ ਗਹਿਰ-ਗੰਭੀਰ ਹੁੰਦਾ ਜਾਂਦਾ ਹੈ। 1917 ਦਾ ਰੂਸੀ ਇਨਕਲਾਬ ਅਤੇ 1936 ਦਾ ਪ੍ਰਗਤੀਵਾਦੀ ਸਾਹਿਤਕ ਅੰਦੋਲਨ ਉਸਦੇ ਜੀਵਨ-ਅਨੁਭਵ ਨੂੰ ਹੋਰ ਵੀ ਵਧੇਰੇ ਵਸੀਹ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ‘ਮੈਂ ਨਹੀਂ ਰਹਿਣਾ ਤੇਰੇ ਗਿਰਾਂ’ ਉਸਦੀ ਇਕ ਅਜਿਹੀ ਜ਼ਿਕਰ-ਯੋਗ ਕਵਿਤਾ ਹੈ ਜਿਸ ਵਿਚੋਂ ਉਸਦੇ ਸਾਮਰਾਜ ਵਿਰੁੱਧ ਖੜ੍ਹਨ, ਡਟਣ ਅਤੇ ਲੜਨ ਵਾਲੀ ਕੌਮੀ/ਕੌਮਾਂਤਰੀ ਸੂਝ ਦੇ ਪ੍ਰਮਾਣ ਮਿਲਣੇ ਸ਼ੁਰੂ ਹੁੰਦੇ ਹਨ। ਉਹ ਅਜਿਹੀ ਥਾਂ ’ਤੇ ਰਹਿਣ ਤੋਂ ਸਪਸ਼ਟ ਇਨਕਾਰੀ ਹੈ ਜਿੱਥੇ:
ਜਿੱਥੇ ਵੀਰ ਵੀਰਾਂ ਨੂੰ ਖਾਂਦੇ,
ਸਿਰੋਂ ਮਾਰ ਧੱੁੱਪੇ ਸੁੱਟ ਜਾਂਦੇ,..
ਜਿੱਥੇ ਕੈਦ ਖਾਨਿਆਂ ਜੇਹਲਾਂ,
ਮੀਲਾਂ ਤੀਕ ਵਲਗਣਾ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ
ਜਿੱਥੇ ਵਤਨ ਪਰਸਤੀ ਤਾਈਂ
ਜ਼ੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸੱਕਣ,
ਦਿਲ ਦੀਆਂ ਘੁੰਡੀਆਂ ਖੋਹਲ ਨਾ ਸੱਕਣ,..
ਤਾਂ ਉਹ ਸਪਸ਼ਟ ਐਲਾਨ ਕਰਦਾ ਹੈ ਕਿ:
ਲੈ ਲੈ ਆਪਣੀ ਨੜੀ ਨਵਾਬੀ,
ਦੇ ਦੇ ਮੈਨੂੰ ਮੇਰੀ ਆਜ਼ਾਦੀ।
ਲੈ ਲੈ ਆਪਣੀ ਘਿਉ ਦੀ ਚੂਰੀ,
ਦੇ ਦੇ ਮੈਨੂੰ ਮੇਰੀ ਸਬੂਰੀ।
ਆਪਣੀ ਇਸ ‘ਆਜ਼ਾਦੀ’ ਅਤੇ ‘ਸਬੂਰੀ’ ਨਾਲ ਉਹ ਅਜਿਹੀ ਦੁਨੀਆਂ ਵਸਾਉਣੀ ਲੋਚਦਾ ਹੈ:
ਮੁੱਕ ਜਾਵਣ ਜਿੱਥੇ ਪਗਡੰਡੀਆਂ,
ਰਹਿਣ ਨਾ ਮੁਲਕਾਂ ਦੀਆਂ ਵੰਡੀਆਂ,
ਦਿੱਸਣ ਨਾ ਜਿੱਥੇ ਹੱਦਾਂ ਪਾੜੇ
ਤੇਰ ਮੇਰ ਦੇ ਖਾਖੋਵਾੜੇ
ਪਹੁੰਚ ਨਾ ਸਕਣ ਜਿੱਥੇ ਚਾਂਘਾਂ,
ਬਾਂਗ ਟੱਲਾਂ ਤੇ ਸੰਖਾਂ ਦੀਆਂ
ਚਾਰੇ ਤਰਫ਼ ਆਜ਼ਾਦੀ ਹੋਵੇ,
ਮੂਲ ਨਾ ਕੋਈ ਮੁਥਾਜੀ ਹੋਵੇ...
‘ਕੋਈ ਆਇਆ ਸਾਡੇ ਵਿਹੜੇ’ ਨਾ ਦੀ ਕਵਿਤਾ ਵਿਚ ਵੀ ਉਹ ਨਵੇਂ ਸਮਾਜਵਾਦੀ ਕੌਮਾਂਤਰੀਵਾਦੀ ਵਿਚਾਰ ਨੂੰ ਹੀ ਜੀ-ਆਇਆਂ ਕਹਿ ਰਿਹਾ ਹੈ।
ਸਾਡੀਆਂ ਕੌਮੀ ਮੁਕਤੀ ਲਹਿਰਾਂ ਨੇ ਜਿਸ ਬੰਦ-ਖ਼ਲਾਸੀ, ਭਾਈਚਾਰਕ ਸਾਂਝ, ਆਰਥਕ-ਸਮਾਜਕ ਬਰਾਬਰੀ ਹੱਕ-ਸੱਚ-ਨਿਆਂ ’ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਵਾਲੀ ਜਿਸ ਆਜ਼ਾਦੀ ਦਾ ਸੁਪਨਾ ਲਿਆ ਸੀ ਅਤੇ 1947 ਵਿਚ ਸਾਡੇ ਮੁਲ਼ਕ ਨੂੰ ਜਿਸ ਤਰ੍ਹਾਂ ਦੀ ਆਜ਼ਾਦੀ ਮਿਲੀ, ਉਸ ਵਿਚ ਮੂਲੋਂ ਹੀ ਵੱਖਰਤਾ ਸੀ। ਏਸੇ ਕਰਕੇ ਹੀ ਹੋਰਨਾਂ ਭਾਰਤੀ/ਪੰਜਾਬੀ ਕਵੀਆਂ ਵਾਂਗ ਪ੍ਰੋ: ਮੋਹਨ ਸਿੰਘ ਵੀ ਆਜ਼ਾਦੀ ਦੇ ਇਸ ਤਿੜਕ ਗਏ ਸੁਪਨੇ ਦੀ ਪੂਰਤੀ ਖ਼ਾਤਰ ਲੋਕਾਈ ਨੂੰ ਸੁਚੇਤ ਕਰਨ ਦੇ ਆਹਰ ਵਿੱਚ ਮੁੜ ਰੁੱਝ ਜਾਂਦਾ ਹੈ:
ਮੁਕਿਆ ਹਨੇਰਾ ਪਰ ਅਜੇ
ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ
ਤਿੜਕੀ ਸਵੇਰ ਹੈ।...
ਝੂਠੇ ਸਮਾਜਵਾਦ ’ਤੇ
ਭੁੱਲਿਓ ਨਾ ਸਾਥੀਓ,
ਜਿਉਂਦਾ ਬਦਲ ਕੇ ਭੇਸ
ਅਜੇ ਤੱਕ ਕੁਬੇਰ ਹੈ।
ਆਜ਼ਾਦੀ ਦੀ ਇਸ ਮੰਜ਼ਲ ’ਤੇ ਪੁੱਜਣ ਲਈ ਜੋ ਰਾਹ ਹੈ ਉਹ ਉਹੀ ਹੈ ਜੋ ਲੈਨਿਨ, ਮਾਓ ਵਰਗੇ ਸਮਾਜਵਾਦੀ/ਸਾਮਵਾਦੀ ਵਿਵਸਥਾ ਦੇ ਪੈਰੋਕਾਰਾਂ ਨੇ ਵਿਖਾਇਆ ਸੀ। ਪ੍ਰੋ: ਮੋਹਨ ਸਿੰਘ ਵੀ ਆਪਣੀ ਪ੍ਰਤਿਬੱਧਤਾ ਏਸੇ ਰਾਹ ਅਤੇ ਇਸੇ ਵਿਚਾਰਧਾਰਾ ਨਾਲ ਹੀ ਜ਼ਾਹਰ ਕਰਦਾ ਹੈ:
ਓ ਭੋਲ਼ੇ ਬਾਦਸ਼ਾਹ
ਲੈਨਿਨ ਮਹਾਨ ਦਾ ਰਾਹ
ਤਾਂ ਰਾਤ ਦਿਨੇ ਪਿਆ ਚਲਦਾ
ਨਿੱਤ ਨਵਾਂ ਕਾਫ਼ਲਾ ਰੱਲ਼ਦਾ।
ਉਸ ਉਤੇ ਅੱਧੀ ਦੁਨੀਆਂ
ਪੈ ਚੁੱਕੀ ਹੈ,
ਤੇ ਅੱਧੀ ਪੈਣ ਵਾਲੀ ਹੈ।
ਨਹੀਂ! ਨਹੀਂ! ਨਹੀਂ!
ਮਾਉ ਦੇ ਵਿਚਾਰਾਂ ਵਿਚ
ਸਦੀਵੀ ਇਨਕਾਲਬ ਲਈ ਹਾਂ ਤਾਂ ਹੈ
ਸਦੀਵੀ ਸੋਗ ਲਈ ਕੋਈ ਥਾਂ ਨਹੀਂ।
ਪਰੰਤੂ ਇਹਨਾਂ ਵਿਚਾਰਾਂ ਦੇ ਲੜ ਲੱਗ ਕੇ ਇਸ ਰਾਹ ਉਪਰ ਤੁਰਨ ਲਈ ਵਿਗਿਆਨਕ ਸਮਾਜਵਾਦੀ ਵਿਚਾਰਧਾਰਾ ਪ੍ਰਤੀ ਸੁਚੇਤਨਾ ਦੇ ਨਾਲ-ਨਾਲ ਅਟੱਲ ਇਨਕਾਬੀ ਨਿਸ਼ਚੇ ਦਾ ਹੋਣਾ ਵੀ ਅਨਿਵਾਰੀ ਹੈ। ਪ੍ਰੋ: ਮੋਹਨ ਸਿੰਘ ਵਿਚਾਰਧਾਰਕ ਧੁੰਧਲਕੇ ਵਿਚੋਂ ਬਾਹਰ ਆ ਵਿਚਾਰਧਾਰਕ ਸਪਸ਼ਟਤਾ ਦੇ ਨਾਲ ਅਟੱਲ ਨਿਸ਼ਚੇ ਅਤੇ ਆਸਥਾ ਉਪਰ ਵੀ ਵਿਸ਼ੇਸ਼ ਜੋਰ ਦੇਂਦਾ ਹੈ:
ਕੁਝ ਅਜ਼ਬ ਇਲਮ ਦੀਆਂ ਜਿੱਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ ਕਿੱਦਾਂ ਨੇ।
ਮੈਂ ਨਿਸ਼ਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ।
ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ।
‘ਕੁੜੀ ਪੋਠੋਹਾਰ ਦੀ’ ਕਵਿਤਾ ਵਿਚ ਵੀ ਕਵੀ ਮਜ਼ਦੂਰ ਜਮਾਤ ਦੀ ਦ੍ਰਿੜ੍ਹਤਾ, ਪ੍ਰਤਿਬੱਧਤਾ ਅਤੇ ਕਿਰਤ-ਸਮਰੱਥਾ ਵਿਚ ਯਕੀਨ ਰੱਖਦਾ ਹੋਇਆ ਇਹ ਉਮੀਦ ਜਤਾਉਂਦਾ ਹੈ ਕਿ ਭਾਰਤੀ ਮੱਧ-ਸ੍ਰੇਣਿਕ ਬੁੱਧੀਜੀਵੀਆਂ ਦੇ ਸੁਪਨਿਆਂ ਨੇ ਇਸ ਮਜ਼ਦੂਰ ਜਮਾਤ ਸੰਗ ਭਾਈਵਾਲੀ ਪਾਕੇ ਹੀ ਪਰਵਾਨ ਚੜ੍ਹਨਾ ਹੈ।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਸਮਾਜਕ ਅਨਿਆਂ ਪ੍ਰਤੀ ਤਾਂ ਸੋਝੀ ਪ੍ਰਦਾਨ ਕਰਦੀ ਹੈ, ਉਹ ਪੁਰਾਣੀਆਂ ਸੰਸਥਾਵਾਂ ਪ੍ਰਤੀ ਵੀ ਸੰਦੇਹ ਦੀ ਨਜ਼ਰ ਅਪਣਾਏ ਜਾਣ ’ਤੇ ਵੀ ਵਿਸ਼ੇਸ਼ ਜੋਰ ਦੇਂਦੀ ਹੈ। ਸੰਸਾਰ-ਅਮਨ ਪ੍ਰਤੀ ਪ੍ਰਤਿਬੱਧਤਾ ਇਸ ਕਵਿਤਾ ਦਾ ਇਕ ਹੋਰ ਮੀਰੀ ਗੁਣ ਹੈ। ਇਹ ਕਵਿਤਾ ਕਰਮ-ਸਿਧਾਂਤ ਨੂੰ ਰੱਦ ਕਰਦੀ ਹੈ। ਧਾਰਮਿਕ ਕਰਮਕਾਂਡ ਦੇ ਭਾਂਡੇ ਨੂੰ ਵੀ ਇਹ ਕਵਿਤਾ ਚੁਰਾਹੇ ਵਿਚ ਭੰਨਣਾ ਲੋਚਦੀ ਹੈ:
ਕਿ ਮੰਦਰ ਤੇ ਮਸੀਤਾਂ ਕੋਠੇ ਹੀ ਹਨ
ਕਿ ਪੁਰਾਨ ਤੇ ਕੁਰਾਨ ਪੋਥੇ ਹੀ ਹਨ
ਕਿ ਸਭਿਤਾ ਦੇ ਦਾਹਵੇ ਥੋਥੇ ਹੀ ਹਨ...
ਭਾਈਚਾਰਕ ਸਾਂਝ ਦਾ ਹੋਕਾ ਦੇਂਦੀ ਇਹ ਕਵਿਤਾ ਊਚ-ਨੀਚ ਦੇ ਸਿਧਾਂਤ ਨੂੰ ਮੂਲੋਂ ਖ਼ਾਰਜ ਕਰਦੀ ਹੈ। ਮਨੁੱਖਤਾ ਦੀ ਸਦੀਵੀ ਸਾਂਝ ਦੀ ਬਾਤ ਪਾਉਂਦੀ ਪ੍ਰੋ: ਮੋਹਨ ਸਿੰਘ ਦੀ ਕਵਿਤਾ ਇਸ ਪਾਸੇ ਸਾਡਾ ਧਿਆਨ ਖਿੱਚਦੀ ਹੈ:
ਸਭ ਦੁਨੀਆਂ ਮਨੁੱਖਾਂ ਦਾ ਘਰ ਹੈ,
ਜੀਅ ਜੰਤ ਸਾਂਝਾ ਟੱਬਰ ਹੈ,
ਰੰਗਾਂ ਵਰਣਾਂ ਦੇ ਸਭ ਝੇੜੇ
ਮਾਨੁੱਖ ਨੇ ਹਨ ਆਪ ਸਹੇੜੇ
ਧਰਮ ਇਕ ਹੈ ਨਾਂ ਹਨ ਵਖਰੇ
ਨਿਰਾ ਭਰਮ ਹਿੱਸੇ ਤੇ ਬਖਰੇ,
ਕੂੜ ਦੇਸ਼ਾਂ ਦੇ ਹੱਕ ਬੰਨੇ
ਪਾਣੀ ਇਕ ਵੱਖੋ ਵੱਖ ਛੰਨੇ-
ਕਿਰਤੀਆਂ, ਕਿਰਸਾਨਾਂ ਅਤੇ ਖ਼ਾਸਕਰ ਨੌਜਵਾਨਾਂ ਨੂੰ ਤੰਗ-ਦਿਲ ਸੋਚਾਂ, ਬੋਦੀਆਂ ਰਸਮਾਂ-ਰੀਤਾਂ, ਵਿਹਾਜ ਗਏ ਮੁੱਲਾਂ ਨੂੰ ਤੱਜਦਿਆਂ, ਆਪਸੀ ਭਾਈਚਾਰੇ, ਸਾਂਝੀਵਾਲਤਾ ਅਤੇ ਵਿਗਿਆਨਕ ਜੀਵਨ ਜਾਚ ਦੇ ਲੜ ਲੱਗਣ ’ਤੇ ਜੋਰ ਦੇਂਦੀ ਪ੍ਰੋ: ਮੋਹਨ ਸਿੰਘ ਦੀ ਕਵਿਤਾ ਸ਼੍ਰੇਣੀ ਸੂਝ ਦੀ ਦ੍ਰਿਸ਼ਟੀ ਤੋਂ ਸਾਮਰਾਜ ਅਤੇ ਯਮਰਾਜ ਦੇ ਇਕੋ-ਜਿਹੇ ਕਿਰਦਾਰ ਨੂੰ ਸਮਝਣ ਲਈ ਸਪਸ਼ਟ ਸੇਧ ਪ੍ਰਦਾਨ ਕਰਦੀ ਹੈ:
ਸਾਮਰਾਜ ਯਮਰਾਜ ਵਿਚਾਲੇ
ਰਹੀ ਨਾ ਕੋਈ ਲਕੀਰ
ਜੈ ਮੀਰ!
ਪ੍ਰੋ: ਮੋਹਨ ਸਿੰਘ ਦੀ ਕਵਿਤਾ ਵਿਸ਼ਵ-ਸਾਮਰਾਜ ਦੇ ਖ਼ਾਤਮੇ ਲਈ ਲੋਕਾਈ ਨੂੰ ਪ੍ਰੇਰਦੀ ਹੈ। ‘ਧਰਤੀ ਦੀ ਜ਼ੁਲਫ਼ ਸੰਵਾਰਨ’ ਦਾ ਹੋਕਾ ਦੇਂਦੀ ਹੈ ਅਤੇ ‘ਰਾਤ ਦੇ ਹਨੇਰੇ’ ਨੂੰ ਦੂਰ ਕਰ ‘ਸੋਨ-ਸਵੇਰ’ ਲਿਆਉਣ ਲਈ ਪ੍ਰੇਰਦੀ ਮੁਕਤੀ ਦਾ ਰਾਹ ਸੁਝਾਉਂਦੀ ਹੈ:
ਮੁੱਕਣ ’ਤੇ ਆਇਆ ਸਾਥੀਓ
ਅੱਜ ਪਹਿਰਾ ਰਾਤ ਦਾ।
ਕਿਰਨਾਂ ਨੇ ਮੱਥਾ ਰੰਗਿਆ,
ਹੈ ਕਾਇਨਾਤ ਦਾ।...
ਨਿਰਵਾਨ ਅਤੇ ਮੋਖ ਦੇ
ਰਾਹਾਂ ’ਤੇ ਹੋ ਖ਼ਵਾਰ,
ਕਿਰਤੀ ਨੇ ਅੰਤ ਲਭ ਲਿਆ
ਰਸਤਾ ਨਜਾਤ ਦਾ।
ਪ੍ਰੋ: ਮੋਹਨ ਸਿੰਘ ਜਦੋਂ ਭਾਈਚਾਰਕ ਸਾਂਝ ਦਾ ਹੋਕਾ ਦੇਂਦਾ ਹੈ ਤਾਂ ਉਹ ਦੇਸ਼-ਹੱਦਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਕੌਮਾਂਤਰੀ ਭਾਈਚਾਰੇ ਦੀ ਬਾਤ ਪਾਉਂਦਾ ਆਪਣੇ ਗੁਆਂਢੀ ਮੁਲ਼ਕ ਨਾਲ ਵੀ ਅਜਿਹਾ ਸੰਵਾਦ ਰਚਾਏ ਜਾਣ ਦੀ ਵਕਾਲਤ ਕਰਦਾ ਹੈ ਜਿਸਦੀ ਚਰਚਾ ਅੱਜ ਵੀ ਲੋਕ-ਮੂੰਹਾਂ ’ਤੇ ਹੈ:
ਅੱਜ ਵੀ ਸਾਡੇ ਵਿਚ ਬੋਲੀ ਤੇ
ਸਭਿਆਚਾਰ ਦੀ ਸਾਂਝ ਬਾਕੀ ਹੈ
ਤੇ ਉਹ ਪੰਜਾਬੀ ਹੀ ਨਹੀਂ
ਜੋ ਇਸ ਤੋਂ ਆਕੀ ਹੈ
ਅਜੇ ਵੀ ਸਤਲੁਜ ਤੇ ਝਨਾਂ ਸਾਡੇ ਹਨ
ਭਗਤ ਸਿੰਘ ਤੇ ਰੰਝੇਟੇ ਦੀਆਂ ਅਮਰ ਨਿਸ਼ਾਨੀਆਂ
ਸ਼ਕਤੀ ਤੇ ਇਸ਼ਕ ਦੇ ਪ੍ਰਤੀਕ।
ਭਲਾ ਉਸ ਮੁਸਲਮਾਨ ਮਾਂ ਨੂੰ
ਕਿਵੇਂ ਭੁਲ ਸਕਦੇ ਹਾਂ
ਜਿਸਨੇ ਆਪਣੇ ਬੱਚੇ ਨੂੰ
ਸਭ ਤੋਂ ਪਹਿਲਾਂ ਪੰਜਾਬੀ ਵਿਚ
ਲੋਰੀ ਦਿੱਤੀ ਸੀ
ਜਾਂ ਫ਼ਰੀਦ ਸ਼ਕਰਗੰਜ ਨੂੰ
ਜਿਸਨੇ ਸਾਡੀ ਬੋਲੀ ਵਿਚ
ਮਿਸ਼ਰੀ ਘੋਲੀ ਸੀ।
ਕਵੀ, ਕਵਿਤਾ, ਕਾਵਿ-ਕਰਮ, ਕਾਵਿ-ਕਲਾ ਆਦਿ ਦੇ ਪ੍ਰਯੋਜਨ ਤੋਂ ਤਾਂ ਪ੍ਰੋ: ਮੋਹਨ ਸਿੰਘ ਸੀ ਹੀ ਭਲੀ-ਭਾਂਤ ਸਪਸ਼ਟ:
ਕਲਾ ਨਾ ਨੱਚਣਾ ਰੱਸੇ ਦੇ ਉੱਤੇ
ਕਲਾ ਨਾ ਨਿਪਟ ਸ਼ਬਦਾਂ ਦੀ ਕਤਾਈ।
ਕਲਾ ਇਕ ਯਾਤਰਾ ਹੈ ਨਿੱਜ ਤੋਂ ਪਰ ਵਲ
ਵਿਸ਼ਾ ਇਸ ਦਾ ਹੈ ਸਾਰੀ ਹੀ ਖ਼ੁਦਾਈ।
ਕਲਾ ਹੈ ਡੁੱਬ ਕੇ ਲਹੂ ਵਿਚ ਲਿਖਣਾ,
ਕਵੀ ਜਿਸ ਜਾਨ ਭਾਰੇ ਵਿਚ ਤਪਾਈ।
ਅੌਰਤਾਂ, ਬੱਚਿਆਂ ਤੇ ਰੁੱਖਾਂ ਪ੍ਰਤੀ ਅਤਿ ਸੰਜੀਦਾ ਅਤੇ ਜ਼ਹੀਨ ਨਜ਼ਰੀਆ, ਸਮਾਜਕ ਅਨਿਆਂ ਦਾ ਵਿਰੋਧ, ਪੁਰਾਣੀਆਂ- ਬੋਦੀਆਂ ਸੰਸਥਾਵਾਂ-ਰੀਤਾਂ ਪ੍ਰਤੀ ਸੰਦੇਹ ਦੀ ਨਜ਼ਰ, ਸ਼੍ਰੇਣੀ ਸੂਝ, ਸ਼੍ਰੇਣੀ ਘੋਲ, ਜਥੇਬੰਦਕ ਏਕਤਾ, ਸੰਸਾਰ ਅਮਨ, ਲੋਕ-ਪਿਆਰ, ਭਾਈਚਾਰਕ ਸਾਂਝ, ਬਰਾਬਰੀ, ਹੱਕ-ਸੱਚ-ਨਿਆਂ, ਨਿੱਜ ਨਾਲੋਂ ਪਰ ਦਾ ਫ਼ਿਕਰ, ਨਿਰੰਤਰਤਾ, ਕਰਮਸ਼ੀਲਤਾ, ਕ੍ਰਿਆਸ਼ੀਲਤਾ, ਸੂਝ/ਚੇਤਨਾ ਵਿਚ ਨਿਰੰਤਰ ਨਿਖਾਰ, ਸੁਪਨਿਆਂ ਦੀ ਪੂਰਤੀ, ਕਿਰਤੀ ਜਮਾਤ ਵਿਚ ਅਟੁੱਟ ਵਿਸ਼ਵਾਸ, ਕਰਮ-ਸਿਧਾਂਤ ਅਤੇ ਧਾਰਮਿਕ ਕਰਮ-ਕਾਂਡ ਦੀ ਨਿਖੇਧੀ, ਕਵੀ, ਕਵੀ-ਕਰਮ, ਕਾਵਿ, ਕਲਾ ਦੇ ਪ੍ਰਯੋਜਨ ਪ੍ਰਤੀ ਸੁਚੇਤਨਾ, ਮਿਥਿਹਾਸ-ਇਤਿਹਾਸ ਦੀ ਵਿਗਿਆਨਕ ਨਜ਼ਰੀਏ ’ਤੋਂ ਪੁਨਰ-ਵਿਆਖਿਆ ਤੇ ਪੁਨਰ-ਸਿਰਜਣਾ ਦੇ ਨਾਲ-ਨਾਲ ਕੌਮਾਂਤਰੀਵਾਦ/ਸਮਾਜਵਾਦ/ਸਾਮਵਾਦ ਦੇ ਇਨਕਲਾਬੀ ਆਸ਼ਿਆਂ ਵਿਚ ਅਟੁੱਟ ਵਿਸ਼ਵਾਸ ਆਦਿ ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੇ ਉਹ ਪ੍ਰਮੁੱਖ ਸਰੋਕਾਰ ਹਨ ਜਿਨ੍ਹਾਂ ਸਦਕਾ ਇਸ ਕਵਿਤਾ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਅੱਜ ਹੀ ਨਹੀਂ ਸਗੋਂ ਇਹਨਾਂ ਸੁਪਨਿਆਂ ਦੀ ਪੂਰਤੀ ਵਾਲੇ ਯੁਗ ਦੀ ਸਿਰਜਣਾ ਤੱਕ ਬਣੀ ਰਹੇਗੀ। ਪ੍ਰੋ: ਮੋਹਨ ਸਿੰਘ ਦੀ ਕਵਿਤਾ ਪਾਸੋਂ ਅਜੋਕੀ ਲੋਕਾਈ ਨੂੰ ਅੱਜ ਵੀ ਓਨੀ ਹੀ ਉਮੀਦ ਹੈ ਜਿੰਨੀ ਪ੍ਰੋ: ਮੋਹਨ ਸਿੰਘ ਨੂੰ ਖ਼ੁਦ ਸੀ:
ਮੇਰੀ ਹਿੱਕ ਵਿਚ ਹੁਣ ਨਾ ਸੌਂਣ ਗੀਤ,
ਪਏ ਦਿਨੇ ਰਾਤ ਚਿਚਲਾਉਣ ਗੀਤ।...
ਇਹ ਸੁੱਤੀ ਚਿਣਗ ਮਘਾਵਣਗੇ,
ਜੰਜੀਰਾਂ ਨੂੰ ਹੱਥ ਪਾਵਣਗੇ,
ਪਏ ਮਸਤੀ ਦੇ ਵਿਚ ਆਉਣ ਗੀਤ।
ਇਹ ਚਾਹਣ ਨਵਾਂ ਯੁਗ ਰਚਣਾ ਹੁਣ,
ਤਲਵਾਰਾਂ ਨਾਲ ਪਲਚਣਾ ਹੁਣ,
ਚੜ੍ਹ ਸੂਲੀਆਂ ਉਤੇ ਨੱਚਣਾ ਹੁਣ,
ਮੇਰੇ ਮਰਨੋਂ ਨਾ ਘਬਰਾਉਣ ਗੀਤ।
ਜਦ ਤੀਕਰ ਯੁਵਕ ਨਾ ਜਾਗਣਗੇ,
ਮੇਰੇ ਗੀਤ ਨਾ ਗਾਉਣ ਤਿਆਗਣਗੇ,
ਦਿਨ ਰਾਤ ਉਨੀਂਦੇ ਝਾਗਣਗੇ,
ਨਾ ਸੌਂਣ ਦੇਣ ਨਾ ਸੌਂਣ ਗੀਤ
ਪਏ ਦਿਨ ਰਾਤ ਚਿਚਲਾਉਣ ਗੀਤ।
-
ਡਾ. ਹਰਵਿੰਦਰ ਸਿੰਘ (ਸਿਰਸਾ), ਐਸੋਸੀਏਟ ਟੀਚਰ, ਜੀ.ਸੀ.ਡਬਲਯੂ, ਸਿਰਸਾ
hssirsa2011@gmail.com
9416253570
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.