ਪੁਲਿਸ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਬਾਰੇ ਆਮ ਲੋਕਾਂ ਵਿਚ ਇਹ ਪ੍ਰਭਾਵ ਜਾਂਦਾ ਹੈ ਕਿ ਉਨ੍ਹਾਂ ਦਾ ਆਮ ਲੋਕਾਂ ਨਾਲ ਵਿਵਹਾਰ ਮਾਨਵੀ ਕਦਰਾਂ ਕੀਮਤਾਂ ਵਾਲਾ ਨਹੀਂ ਹੁੰਦਾ। ਉਹ ਜਦੋਂ ਆਮ ਲੋਕਾਂ ਅਤੇ ਖ਼ਾਸ ਤੌਰ ਤੇ ਕਿਸੇ ਕਥਿਤ ਮੁਜਰਮ ਨਾਲ ਗੱਲਬਾਤ ਕਰਦੇ ਹਨ ਤਾਂ ਕੁਰਖ਼ਤ ਅਤੇ ਗੈਰ ਮਨੁੱਖੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਪ੍ਰੰਤੂ ਜੇਕਰ ਤੁਸੀਂ ਅਮਰਦੀਪ ਸਿੰਘ ਰਾਏ ਜੋ ਕਿ ਵਧੀਕ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਅਹੁਦੇ ਤੇ ਤਾਇਨਾਤ ਹਨ, ਨੂੰ ਮਿਲੋ ਤਾਂ ਤੁਹਾਡਾ ਇਹ ਪ੍ਰਭਾਵ ਮਿੰਟਾਂ ਸਕਿੰਟਾਂ ਵਿਚ ਹੀ ਕਾਫ਼ਰ ਹੋ ਜਾਵੇਗਾ। ਉਹ ਹਰ ਵਿਅਕਤੀ ਨਾਮ ਨਿਮਰਤਾ ਨਾਲ ਗੱਲ ਕਰਦਾ ਹੈ ਅਤੇ ਗੱਲ ਗੱਲ ਤੇ ਜੀ ਜੀ ਕਹਿੰਦਾ ਹੈ। ਜਿਹੜੇ ਲੋਕ ਸ਼ਿਕਾਇਤਾਂ ਲੈ ਕੇ ਉਸ ਕੋਲ ਜਾਂਦੇ ਹਨ, ਉਨ੍ਹਾਂ ਵਿਚੋਂ ਕਈ ਲੋਕ ਤਾਂ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਇਹ ਤਾਂ ਪੁਲਿਸ ਅਧਿਕਾਰੀ ਲੱਗਦਾ ਹੀ ਨਹੀਂ। ਕਈ ਪੁਲਿਸ ਵਾਲੇ ਕਹਿੰਦੇ ਹਨ ਕਿ ਉਹ ਪੁਲਿਸ ਵਿਭਾਗ ਦੇ ਫਿਟ ਹੀ ਨਹੀਂ।
ਉਨ੍ਹਾਂ ਨੂੰ ਡਾਂਗ ਮਾਰ ਵਿਅਕਤੀ ਹੀ ਪੁਲਿਸ ਵਾਲਾ ਲੱਗਦਾ ਹੈ। ਪ੍ਰੰਤੂ ਅਮਰਦੀਪ ਸਿੰਘ ਰਾਏ ਇਮਾਨਦਾਰੀ ਦਾ ਪ੍ਰਤੀਕ ਹੈ ਇਸ ਕਰਕੇ ਫ਼ੈਸਲਾ ਕਰਨ ਲੱਗਿਆਂ ਇਨਸਾਫ਼ ਦੇ ਤਰਾਜ਼ੂ ਨਾਲ ਤੋਲਦਾ ਹੈ। ਜਿਸ ਕਰਕੇ ਆਮ ਲੋਕ ਉਸ ਤੋਂ ਖ਼ੁਸ਼ ਅਤੇ ਖ਼ਾਸ ਲੋਕ ਦੁਖੀ ਹਨ। ਉਨ੍ਹਾਂ ਨੂੰ ਮਿਲੇ ਇਹ ਪ੍ਰਭਾਵ ਕਿਧਰੇ ਵੀ ਨਹੀਂ ਪੈਂਦਾ ਕਿ ਤੁਸੀਂ ਇਤਨੇ ਵੱਡੇ ਅਹੁਦੇ ਵਾਲੇ ਪੁਲਿਸ ਅਧਿਕਾਰੀ ਨੂੰ ਮਿਲ ਰਹੇ ਹੋ। ਉਨ੍ਹਾਂ ਨੇ ਪੁਲਿਸ ਵਿਭਾਗ ਵਿਚ ਆ ਕੇ ਵਿਭਾਗੀ ਕਾਰਗੁਜ਼ਾਰੀ ਵਿਚ ਮਦਦਗਾਰ ਹੋਣ ਵਾਲੇ ਸਾਰੇ ਕੋਰਸਾਂ ਵਿਚ ਹਿੱਸਾ ਹੀ ਨਹੀਂ ਲਿਆ ਸਗੋਂ ਉੱਥੋਂ ਜੋ ਸਿੱਖਿਆ ਪ੍ਰਾਪਤ ਕੀਤੀ, ਉਹਨੂੰ ਅਮਲੀ ਜੀਵਨ ਵਿਚ ਅਪਣਾਇਆ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਇਆ ਹੈ।
ਆਮ ਤੌਰ ਤੇ ਬਹੁਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਅਜਿਹੇ ਕੋਰਸਾਂ ਵਿਚ ਜਾਣ ਦੇ ਇੱਛਕ ਨਹੀਂ ਹੁੰਦੇ ਕਿਉਂਕਿ ਉਹ ਥੋੜ੍ਹੇ ਸਮੇਂ ਲਈ ਵੀ ਮਹੱਤਵਪੂਰਨ ਅਹੁਦਿਆਂ ਦਾ ਅਨੰਦ ਮਾਨਣ ਤੋਂ ਵਿਰਵਾ ਹੋਣਾ ਨਹੀਂ ਚਾਹੁੰਦੇ। ਪ੍ਰੰਤੂ ਅਮਰਦੀਪ ਸਿੰਘ ਰਾਏ ਆਪਣੀ ਵਿਭਾਗੀ ਕਾਰਜਕੁਸ਼ਲਤਾ ਵਧਾਉਣ ਲਈ ਅਜਿਹੇ ਕੋਰਸਾਂ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਹਨ। ਅਜੋਕੇ ਆਧੁਨਿਕਤਾ ਦੇ ਸਮੇਂ ਵਿਚ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਹੈ।ਉਨ੍ਹਾਂ ਸਾਈਬਰ ਕ੍ਰਾਈਮ ਕੋਰਸ ਸੀ ਬੀ ਆਈ ਦੀ ਅਕੈਡਮੀ ਵਿਚ ਕੀਤਾ ਤਾਂ ਜੋ ਸਾਈਬਰ ਕ੍ਰਾਈਮ ਦੇ ਮਸਲਿਆਂ ਨੂੰ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਆਈ ਆਈ ਐਮ ਅਹਿਮਦਾਬਾਦ ਅਤੇ ਸੈਂਟਰ ਫ਼ਾਰ ਗੁੱਡ ਗਵਰਨੈਂਸ ਪੰਚਗਨੀ ਮਹਾਰਾਸ਼ਟਰ, ਸੀ ਬੀ ਆਈ ਅਕੈਡਮੀ ਵਿਚ ਐਂਟੀ ਕੁਰੱਪਸ਼ਨ ਕੋਰਸ ਦਿੱਲੀ ਅਤੇ ਅਕਤੂਬਰ 1998 ਵਿਚ ਇੰਡੀਅਨ ਰੋਡ ਸਾਇੰਸ ਕਾਂਗਰਸ ਵੱਲੋਂ ਵਿਗਿਆਨ ਭਵਨ ਦਿੱਲੀ ਵਿਚ ਕੀਤੇ 'ਅੰਤਰਰਾਸ਼ਟਰੀ ਸੈਮੀਨਾਰ ਔਨ ਟਰੈਫ਼ਿਕ ਮੈਨੇਜਮੈਂਟ' ਦੇ ਕੋਰਸ ਕੀਤੇ, ਜਿਸ ਕਰਕੇ ਆਪਦੀ ਕਾਰਜਕੁਸ਼ਲਤਾ ਵਿਚ ਵਾਧਾ ਹੋਇਆ।
ਉਹ ਸ਼ਰਾਫ਼ਤ, ਨਿਮਰਤਾ, ਨੇਕਨੀਤੀ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਹਨ। ਉਨ੍ਹਾਂ ਨੂੰ ਸਾਊ ਅਧਿਕਾਰੀ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਬੀ ਏ ਅਤੇ ਐਮ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਅਤੇ ਇੰਟਰਨੈਸ਼ਨਲ ਰੀਲੇਸ਼ਨਜ਼ ਦੇ ਵਿਸ਼ੇ ਵਿਚ ਪਾਸ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਨਾਲ ਆਪਸੀ ਸੰਬੰਧਾਂ ਨੂੰ ਬਣਾਉਣ ਤੇ ਬਰਕਰਾਰ ਰੱਖਣ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਨੂੰ ਦਫ਼ਤਰ ਵਿਚ ਹਰ ਕੋਈ ਮਿਲ ਸਕਦਾ ਹੈ, ਇੱਥੋਂ ਤੱਕ ਕਿ ਹਰ ਆਮ ਤੇ ਖ਼ਾਸ ਵਿਅਕਤੀ ਦਾ ਮੋਬਾਈਲ ਦੀ ਸੁਣਦੇ ਹਨ, ਬਸ਼ਰਤੇ ਕਿਸੇ ਮੀਟਿੰਗ ਵਿਚ ਨਾ ਬੈਠੇ ਹੋਣ। 1994 ਵਿਚ ਉਨ੍ਹਾਂ ਦੀ ਆਈ ਪੀ ਐਸ ਵਿਚ ਚੋਣ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ ਅੰਮ੍ਰਿਤਸਰ ਵਿਚ ਹੋਈ। ਅੰਮ੍ਰਿਤਸਰ ਕਿਉਂਕਿ ਸਰਹੱਦੀ ਜ਼ਿਲ੍ਹਾ ਹੈ, ਇਸ ਲਈ ਇਸ ਪੋਸਟਿੰਗ ਦੇ ਤਜਰਬਿਆਂ ਨੇ ਉਨ੍ਹਾਂ ਦੀ ਪੁਲਿਸ ਦੀ ਨੌਕਰੀ ਵਿਚ ਲਾਭ ਪਹੁੰਚਾਇਆ। ਉਨ੍ਹਾਂ ਨੂੰ ਸਾਰੀ ਸਰਵਿਸ ਵਿਚ ਬਹੁਤ ਸਾਰੇ ਮਹੱਤਵਪੂਰਨ ਵੰਗਾਰ ਪੂਰਨ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ। 1996 ਵਿਚ ਜੰਮੂ ਕਸ਼ਮੀਰ ਵਿਚ ਸਤ ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾ ਹੋਈਆਂ। ਉਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਬ ਕਰਵਾਉਣ ਲਈ ਇੰਡੀਆ ਰਿਜ਼ਰਵ ਬਟਾਲੀਅਨ ਦੀ ਡਿਊਟੀ ਲਗਾਈ ਗਈ।
ਉਨ੍ਹਾਂ ਨੇ ਇਸ ਬਟਾਲੀਅਨ ਦੇ ਆਈ ਜੀ ਪੀ ਦੇ ਸਟਾਫ਼ ਅਧਿਕਾਰੀ ਦੇ ਤੌਰ ਤੇ ਕੰਮ ਕਰਦਿਆਂ ਚੋਣ ਕਰਵਾਈ। ਜੰਮੂ ਕਸ਼ਮੀਰ ਦਾ ਸੂਬਾ ਅਸਥਿਰਤਾ ਦੇ ਮਾਹੌਲ ਵਾਲਾ ਸੀ, ਉੱਥੇ ਸ਼ਾਂਤਮਈ ਢੰਗ ਨਾਲ ਚੋਣ ਕਰਵਾਉਣ ਲਈ ਡਿਊਟੀ ਕਰਨੀ ਕੰਡਿਆਂ ਦੀ ਸੇਜ ਦੇ ਬਰਾਬਰ ਸੀ। ਉਹ ਚੋਣ ਕਰਵਾਉਣ ਕਰਕੇ ਉਨ੍ਹਾਂ ਨੂੰ'' ਏ ਕਥੀਆਂ ਸੇਵਾ ਮੈਡਲ'' ਨਾਲ ਸਨਮਾਨਿਤ ਕੀਤਾ ਗਿਆ। ਅਸਲ ਵਿਚ ਅਮਰਦੀਪ ਸਿੰਘ ਰਾਏ ਦਾ ਸੁਭਾਅ ਹੈ ਕਿ ਉਹ ਆਪਣੀ ਹਰ ਡਿਊਟੀ ਤਨਦੇਹੀ ਨਾਲ ਉਸ ਵਿਚ ਖੁੱਭ ਕੇ ਕਰਦੇ ਹਨ। ਉਹ ਜਦੋਂ ਲੁਧਿਆਣਾ ਵਿਖੇ ਐਸ ਪੀ ਸਿਟੀ ਸਨ ਤਾਂ ਇਸਦੇ ਨਾਲ ਹੀ ਟਰੈਫ਼ਿਕ ਦਾ ਕੰਮ ਦਿੱਤਾ ਗਿਆ
। ਲੁਧਿਆਣਾ ਪੰਜਾਬ ਦਾ ਸਭ ਤੋਂ ਸੰਘਣਾ ਤੇ ਵੱਧ ਆਬਾਦੀ ਅਤੇ ਘਰੇਲੂ ਉਦਯੋਗ ਵਾਲਾ ਸ਼ਹਿਰ ਅਤੇ ਵਾਲਾ ਹੈ, ਜਿੱਥੇ ਟਰੈਫ਼ਿਕ ਦੀ ਸਮੱਸਿਆ ਹਮੇਸ਼ਾ ਹੀ ਬਣੀ ਰਹਿੰਦੀ ਸੀ। ਉਨ੍ਹਾਂ ਆਪਣੀ ਕਾਬਲੀਅਤ, ਨਗਰ ਨਿਗਮ ਅਤੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟਰੈਫ਼ਿਕ ਦੇ ਤਾਣੇ ਬਾਣੇ ਨੂੰ ਆਪਣੀ ਤੀਖਣ ਬੁੱਧੀ ਨਾਲ ਅਜਿਹਾ ਬਣਾਇਆ, ਜਿਸ ਨਾਲ ਆਮ ਲੋਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਕਾਫ਼ੀ ਨਿਜਾਤ ਮਿਲੀ। ਇਸ ਸਫਲਤਾ ਤੋਂ ਬਾਅਦ 1999 ਵਿਚ ਖ਼ਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਵਿਖੇ ਵੱਡਾ ਸਮਾਗਮ ਕੀਤਾ ਗਿਆ, ਜਿਸ ਵਿਚ ਦੇਸ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਹੋਰ ਪਤਵੰਤੇ ਵਿਅਕਤੀ, ਸਮੁੱਚੇ ਸੰਸਾਰ ਵਿਚੋਂ ਸਾਰੇ ਧਰਮਾਂ ਦੇ ਮੁਖੀ, ਦੇਸ਼ਾਂ ਂ ਦੇ ਰਾਜਦੂਤ, ਹਾਈ ਕਮਿਸ਼ਨਰ ਅਤੇ ਹੋਰ ਮਹੱਤਵਪੂਰਨ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਸਮਾਗਮਾਂ ਦੇ ਸਮੇਂ ਟਰੈਫ਼ਿਕ ਦੀ ਸਮੱਸਿਆ ਦੇ ਕੰਟਰੋਲ ਲਈ ਆਪਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ। ਖ਼ਾਲਸਾ ਸਾਜਨਾ ਦੇ ਸਾਰੇ ਸਮਾਗਮ ਬਿਨਾ ਕਿਸੇ ਟਰੈਫ਼ਿਕ ਦੀ ਸਮੱਸਿਆ ਦੇ ਨੇਪਰੇ ਚੜ੍ਹ ਗਏ। ਇਸ ਤੋਂ ਆਪਦੀ ਕਾਬਲੀਅਤ ਦਾ ਸਿੱਕਾ ਜੰਮ ਗਿਆ। ਇਸੇ ਤਰ੍ਹਾਂ 1999 ਵਿਚ ਫ਼ਰੀਦਕੋਟ ਵਿਖੇ ਚੋਣ ਹੋ ਰਹੀ ਸੀ, ਜਿਸ ਵਿਚ ਰਾਜ ਦੇ ਮੁੱਖ ਮੰਤਰੀ ਦਾ ਸਪੁੱਤਰ ਚੋਣ ਲੜ ਰਿਹਾ ਸੀ। ਚੋਣ ਕਮਿਸ਼ਨ ਕੋਲ ਪੁਲਿਸ ਵਿਰੁੱਧ ਪੱਖਪਾਤ ਕਰਨ ਦੀਆਂ ਸ਼ਿਕਾਇਤਾਂ ਗਈਆਂ ਤਾਂ ਚੋਣ ਕਮਿਸ਼ਨ ਨੇ ਨਿਰਪੱਖ ਚੋਣ ਕਰਵਾਉਣ ਲਈ ਆਪਦੀ ਚੋਣ ਕਰਕੇ ਐਸ ਐਸ ਪੀ ਫ਼ਰੀਦਕੋਟ ਨਿਯੁਕਤ ਕੀਤਾ ਗਿਆ। ਪੁਲਿਸ ਤੇ ਬਹੁਤ ਵੱਡਾ ਸਿਆਸੀ ਦਬਾਅ ਅਤੇ ਵਿਰੋਧੀ ਪਾਰਟੀਆਂ ਦੀ ਨਿਗਾਹ ਸੀ। ਚੋਣ ਕਮਿਸ਼ਨ ਨੇ ਵੀ ਆਪਣੇ ਨਿਗਰਾਨ ਲਗਾਏ ਹੋਏ ਸਨ।
ਉਨ੍ਹਾਂ ਨਿਰਪੱਖਤਾ ਨਾਲ ਆਪਣੇ ਫ਼ਰਜ਼ ਨਿਭਾਏ, ਜਿਸ ਕਰਕੇ ਆਪਨੂੰ ਸਫਲਤਾ ਮਿਲੀ। ਹਰ ਵੰਗਾਰ ਦਾ ਉਹ ਖਿੜੇ ਮੱਥੇ ਮੁਕਾਬਲਾ ਕਰਕੇ ਸਫਲਤਾ ਪ੍ਰਾਪਤ ਕਰਦੇ ਰਹੇ। 2002 ਵਿਚ ਸੰਗਰੂਰ, 2005 ਵਿਚ ਪਟਿਆਲਾ ਅਤੇ 2007 ਵਿਚ ਲੁਧਿਆਣਾ ਵਿਖੇ ਐਸ ਐਸ ਪੀ ਰਹੇ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿਚ ਅੱਜ ਤੱਕ ਵੀ ਲੋਕ ਆਪ ਦੀ ਕਾਬਲੀਅਤ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਯਾਦ ਕਰਦੇ ਹਨ। ਜਦੋਂ ਉਨ੍ਹਾਂ ਨੂੰਹ ਪਟਿਆਲਾ ਵਿਖੇ ਐਸ ਐਸ ਪੀ ਤਾਇਨਾਤ ਸਨ ਤਾਂ ਪਟਿਆਲਾ ਵਿਖੇ ਇੰਡੋ ਪਾਕ ਖੇਡਾਂ ਕਰਾਈਆਂ ਗਈਆਂ ਸਨ । ਇਨ੍ਹਾਂ ਖੇਡਾਂ ਵਿਚ ਪਾਕਿਸਤਾਨੀ ਖਿਡਾਰੀ ਅਤੇ ਕਈ ਸਿਆਸਤਦਾਨ ਜਿਨ੍ਹਾਂ ਵਿਚ ਪਾਕਿਸਤਾਨ ਵਿਚਲੇ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ ਸਨ। ਇਨ੍ਹਾਂ ਖੇਡਾਂ ਨੂੰ ਵੀ ਸ਼ਾਂਤਮਈ ਨੇਪਰੇ ਚਾੜ੍ਹਨਾ ਵੰਗਾਰ ਭਰਿਆ ਕੰਮ ਸੀ, ਜਿਸ ਵਿਚ ਵੀ ਆਪ ਸਫਲ ਹੋਏ। ਇੱਥੇ ਹੀ ਵਿਸ਼ਵ ਪੰਜਾਬੀ ਕਾਨਫ਼ਰੰਸ ਵੀ ਹੋਈ ਜਿਸ ਵਿਚ ਦੇਸ਼ ਵਿਦੇਸ਼ ਤੋਂ ਲਿਖਾਰੀ ਆਏ ਹੋਏ ਸਨ।
ਉਹ ਆਈ ਜੀ ਹੈੱਡ ਕੁਆਰਟਰ, ਪ੍ਰੋਵਿਜ਼ਨਿੰਗ, ਮਾਡਰਨਾਈਜੇਸ਼ਨ ਆਈ ਜੀ ਵਿਜੀਲੈਂਸ, ਆਈ ਜੀ ਜ਼ੋਨਲ, ਆਈ ਜੀ ਪਟਿਆਲਾ ਰੇਂਜ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦੇ ਰਹੇ। ਆਈ ਜੀ ਪਟਿਆਲਾ ਦੇ ਸਮੇਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਕੈਦ ਹੋਣ ਤੇ ਪੰਚਕੂਲਾ ਤੋਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਣ ਦਾ ਕੰਮ ਬਹੁਤ ਹੀ ਗੁੰਝਲਦਾਰ ਸੀ ਕਿਉਂਕਿ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਸਕਦੀ ਸੀ। ਅਜਿਹੇ ਸੰਜੀਦਾ ਮੌਕੇ ਨੂੰ ਆਪਣੀ ਦੂਰ ਅੰਦੇਸ਼ੀ ਨਾਲ ਸੰਭਾਲਿਆ ਗਿਆ। ਜਦੋਂ ਉਹ ਆਰ ਬੀ ਬਟਾਲੀਅਨ ਜਲੰਧਰ ਅਤੇ ਸਟੇਟ ਆਰਮਡ ਪੁਲੀਸ ਬਟਾਲੀਅਨ ਚੰਡੀਗੜ੍ਹ ਦੇ ਕਮਾਡੈਂਟ ਸਨ ਤਾਂ ਆਪਨੇ ਸਟਾਫ਼ ਨਾਲ ਗੱਲਬਾਤ ਕਰਕੇ ਇਨ੍ਹਾਂ ਯੂਨਿਟਾਂ ਵਿਚ ਮੈਸ ਸਥਾਪਤ ਕਰਨ ਦੀ ਦਿਲਚਸਪੀ ਲਈ ਅਤੇ ਸਫਲ ਹੋਏ। ਕਹਿਣ ਤੋਂ ਭਾਵ ਹੈ ਕਿ ਉਹ ਜਿੱਥੇ ਵੀ ਨਿਯੁਕਤ ਹੋਏ ਉੱਥੇ ਹੀ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ। ਅਮਰਦੀਪ ਸਿੰਘ ਰਾਏ ਇੰਡੀਅਨ ਕਰਿਮੀਨਾਲੋਜੀ ਸੋਸਾਇਟੀ ਦੇ ਵੀ ਮੈਂਬਰ ਹਨ ਅਤੇ ਉਨ੍ਹਾਂ ਦੇ ਸੈਸ਼ਨ ਵਿਚ ਹਿੱਸਾ ਲਿਆ।ਉਹ ਭਾਰਤ ਸਰਕਾਰ ਵਿਚ ਡੈਪੂਟੇਸ਼ਨ ਦੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਆਪਣੇ ਅੰਮ੍ਰਿਤਸਰ ਦਫ਼ਤਰ ਵਿਚ ਸੇਵਾ ਨਿਭਾਈ। ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਕਰਕੇ ਪ੍ਰੈਜ਼ੀਡੈਂਟ ਪੁਲੀਸ ਮੈਡਲ 26 ਜਨਵਰੀ 2010 ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।
ਅਮਰਦੀਪ ਸਿੰਘ ਰਾਏ ਦਾ ਜਨਮ 21 ਮਈ 1968 ਨੂੰ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲਾ ਤਹਿਸੀਲ ਦੇ ਪਿੰਡ ਸ਼ੇਰਵਾਨੀ ਕੋਟ ਵਿਚ ਮਾਤਾ ਸ਼੍ਰੀਮਤੀ ਅੰਮ੍ਰਿਤ ਕੌਰ ਪਿਤਾ ਤਰਲੋਕ ਸਿੰਘ ਰਾਏ ਦੇ ਘਰ ਹੋਇਆ। ਉਨ੍ਹਾਂ ਆਪਣੀ ਮੁੱਢਲੀ ਸਕੂਲੀ ਸਿੱਖਿਆ ਸੇਂਟ ਜਾਰਜ ਕਾਲਜ ਮਸੂਰੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਐਮ ਏ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਬੀਬੀ ਅਨੂ ਘੁੰਮਣ ਨਾਲ ਹੋਇਆ ਅਤੇ ਉਨ੍ਹਾਂ ਦੀ ਧੀ ਲੜਕੀ ਇਨਾਇਤ ਰਾਏ ਐਮ ਏ ਆਨਰਜ਼ ਦਾ ਕੋਰਸ ਯੂਨੀਵਰਸਿਟੀ ਆਫ਼ ਸੇਂਟ ਐਂਡਰਿਊ ਵਿਚ ਸਕਾਟਲੈਂਡ ਵਿਖੇ ਕਰ ਰਹੀ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.