ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਅੱਗ ਨਾ ਲਾਉ ਓ ਭਰਾਉ ...ਗੁਰਭਜਨ ਗਿੱਲ ਦੀ ਕਲਮ ਤੋਂ
ਮੰਨਿਆ ਕਿ ਝੋਨੇ ਦੀ ਪਰਾਲੀ ਨੂੰ ਪੈਲੀ ਚ ਵਾਹ ਕੇ ਗਾਲਣਾ ਸੌਖਾ ਕੰਮ ਨਹੀਂ ਪਰ ਆਪਣੀ ਜ਼ਮੀਨ ਦੇ ਖ਼ੁਰਾਕੀ ਤੱਤ ਤਬਾਹ ਕਰਨਾ ਵੀ ਸਿਆਣਪ ਨਹੀਂ।
ਪਤਾ ਨਹੀਂ ਕਿਸ ਬੰਦੇ ਨੇ ਕਦੇ ਇਸ ਧਰਤੀ ’ਤੇ ਪਹਿਲੀ ਤੀਲੀ ਬਾਲ ਕੇ ਪਰਾਲੀ ਫੂਕਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਵੇਗਾ ਪਰ ਰੋਕਣ ਵਾਲਿਆਂ ’ਚ ਜ਼ਰੂਰ ਵਿਗਿਆਨੀ ਗਿਆਨੀ ਧਿਆਨੀ ਪਿਛਲੇ ਤੀਹ ਬੱਤੀ ਸਾਲ ਤੋਂ ਹਾਅ ਦਾ ਨਾਅਰਾ ਮਾਰ ਰਹੇ ਹਨ। ਸਮਝਾ ਰਹੇ ਹਨ। ਸਾਡੇ ਭਾਈਬੰਦ ਆਖਦੇ ਹਨ ਕਿ ਕਣਕ ਦੀ ਬੀਜਾਈ ਪਛੇਤੀ ਹੋ ਜਾਂਦੀ ਹੈ। ਵੀਰੋ , ਜਿਹੜੇ ਭਰਾਵਾਂ ਨੇ ਕਦੇ ਇੱਕ ਤੀਲਾ ਵੀ ਨਹੀਂ ਸਾੜਿਆ, ਉਨ੍ਹਾਂ ਦਾ ਝਾੜ ਤੁਹਾਥੋਂ ਵੱਧ ਕਿਵੇਂ ਆਉਂਦਾ ਹੈ?
ਅਨੇਕਾਂ ਮਿਸਾਲਾਂ ਨੇ ਅਜਿਹੀਆਂ ਜੋ ਕੱਖ ਪਰਾਲ ਖੇਤਾਂ ਚ ਵਾਹੁੰਦੇ ਹਨ।
ਐਤਕੀਂ ਤਾਂ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। ਕਹਿਰ ਕਰੋਨਾ ਕਾਰਨ ਫੇਫੜਿਆਂ ਦੇ ਰੋਗੀ ਵਧੇ ਹੋਏ ਨੇ ਜਿਨ੍ਹਾਂ ਲਈ ਜ਼ਹਿਰੀਲਾ ਧੂੰਆਂ ਜਾਨ ਲੇਵਾ ਸਾਬਤ ਹੋ ਸਕਦਾ ਹੈ।
ਮੈਨੂੰ ਅਹਿਸਾਸ ਹੈ ਕਿ ਕਿਸਾਨ ਜਥੇਬੰਦੀਆਂ ਪਰਾਲੀ ਨਾ ਸਾੜਨ ਲਈ ਬੋਨਸ ਮੰਗਦੀਆਂ ਹਨ। ਵਾਜਬ ਮੰਗ ਹੈ ਪਰ ਨਾਲ ਹੀ ਆਪਣੇ ਭਾਈਚਾਰੇ ਨੂੰ ਵਿਗਿਆਨਕ ਸੋਝੀ ਦੇਣਾ ਵੀ ਜਥੇਬੰਦੀਆਂ ਦੇ ਏਜੰਡੇ ਚ ਸ਼ਾਮਲ ਕਰਨ ਦੀ ਲੋੜ ਹੈ। ਜਿਸ ਸ਼ਕਤੀ ਨਾਲ ਜਥੇਬੰਦੀਆਂ ਕਿਸਾਨ ਹੱਕਾਂ ਲਈ ਲਾਮਬੰਦੀ ਕਰਦੀਆਂ ਹਨ ਉਵੇਂ ਹੀ ਸਰਗਰਮ ਨਵ ਗਿਆਨ ਵਿਗਿਆਨ ਲਹਿਰ ਵੀ ਚਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਕਿਸਾਨਾਂ ਚੋਂ ਹੀ ਜਿਨ੍ਹਾਂ ਵੀਰਾਂ ਨੇ ਕਦੇ ਪਰਾਲੀ ਨਹੀਂ ਫੂਕੀ, ਉਨ੍ਹਾਂ ਚੋਂ ਸੁਰਜੀਤ ਸਿੰਘ ਸਾਧੂਗੜ੍ਹ(ਫਤਿਹਗੜ੍ਹ ਸਾਹਿਬ) ਤੇ ਮੁਦਕੀ ਤੋਂ ਅਵਤਾਰ ਸਿੰਘ ਤੁੰਗ ਨੂੰ ਤਾਂ ਮੈਂ ਹੀ ਜਾਣਦਾ ਹਾਂ। ਹੋਰ ਜ਼ਿਲ੍ਹਿਆਂ ਚ ਵੀ ਅਜਿਹੇ ਭਰਾ ਹੋਣਗੇ ਜੋ ਪੰਜਾਬ ਖੇਤੀ ਯੂਨੀਵਰਸਿਟੀ ਦੀ ਸਲਾਹ ਮੰਨ ਕੇ ਪਰਾਲੀ ਨਹੀਂ ਸਾੜਦੇ।
ਮੈਂ ਇਸ ਮਸਲੇ ਤੇ ਲੋਕ ਚੇਤਨਾ ਉਭਾਰਨ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏ ਯੂ ਦੀ ਪ੍ਰੇਰਨਾ ਸਦਕਾ ਮੈਂ ਇਹ ਗੀਤ ਲਿਖਿਆ ਹੈ ਜਿਸਨੂੰ ਰਾਮ ਸਿੰਘ ਅਲਬੇਲਾ(ਨਾਰਾਇਣਗੜ੍ਹ) ਨੇੜੇ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਅਮਲੋਹ ਵਾਸੀ ਸੰਗੀਤਕਾਰ ਡੀ ਰਾਜੂ ਦੇ ਸੰਗੀਤ ਵਿੱਚ ਗਾਇਆ ਹੈ।
ਇਸ ਗੀਤ ਦੇ ਬੋਲ ਇੰਜ ਹਨ।
ਮੇਰੀ ਬਾਤ ਸੁਣੋ ਚਿੱਤ ਲਾ ਕੇ, ਖੇਤਾਂ ਦੇ ਸਰਦਾਰੋ, ਬਰਖ਼ੁਰਦਾਰੋ।
ਸਾੜ ਪਰਾਲੀ, ਕਰਕੇ ਧੂੰਆਂ ,ਸਾਹ ਘੁੱਟ ਮਰੋ ਨਾ ਮਾਰੋ, ਪਹਿਰੇਦਾਰੋ।
ਆਪੋ ਆਪਣੇ ਪਿੰਡ ਵਿੱਚ ਬਹਿ ਕੇ ਸਭ ਨੂੰ ਕੋਲ ਬੁਲਾਉਣਾ ਤੇ ਸਮਝਾਉਣਾ।
ਕੀਤੀ ਜੇਕਰ ਲਾਪਰਵਾਹੀ , ਵੇਲਾ ਹੱਥ ਨਹੀਂ ਆਉਣਾ, ਪਊ ਪਛਤਾਉਣਾ।
ਪਹਿਲਾਂ ਈ ਕਹਿਰ ਕਰੋਨਾ ਬੈਠਾ,ਹੱਥ ਅਕਲ ਨੂੰ ਮਾਰੋ,ਨਾ ਕਹਿਰ ਗੁਜ਼ਾਰੋ।
ਸਾੜ ਪਰਾਲੀ, ਧੂੰਆਂ ਕਰਕੇ, ਮੌਤ ਨੂੰ ‘ਵਾਜ਼ ਨਾ ਮਾਰੋ, ਵਕਤ ਵਿਚਾਰੋ।
ਕੁਤਰ ਪਰਾਲੀ ਖੇਤ ‘ਚ ਵਾਹੀਏ, ਸਭਨਾਂ ਨੂੰ ਇਹ ਕਹੀਏ, ਚੁੱਪ ਨਾ ਬਹੀਏ।
ਇੱਕ ਦੂਜੇ ਦੀ ਪੀੜ ਪਛਾਣੀਏ, ਵਾਂਗ ਭਰਾਵਾਂ ਰਹੀਏ, ਕਦੇ ਨਾ ਖਹੀਏ।
ਕੌੜਾ ਧੂੰਆਂ ,ਨਿਰੀ ਬੀਮਾਰੀ,ਬਚਣਾ ਮਨ ਵਿੱਚ ਧਾਰੋ, ਪੁੱਤ ਬਲਕਾਰੋ।
ਕਦੇ ਪਰਾਲੀ ਅੱਗ ਨਾ ਲਾਇਉ, ਸਭ ਨੂੰ ਕਹੋ ਪੁਕਾਰੋ,ਸਿੰਘ ਸਰਦਾਰੋ।
ਮਹਿੰਗੇ ਤੱਤ ਅਗਨੀ ਵਿੱਚ ਸਾੜਨ ਵਾਲੀ ਆਦਤ ਛੱਡੀਏ, ਹਿੰਡ ਨੂੰ ਛੱਡੀਏ।
ਬਣੇ ਮੁਸੀਬਤ ਸਿਰ ਤੇ ਭਾਰੀ, ਜੇ ਸੌਖਾ ਰਾਹ ਕੱਢੀਏ, ਜ਼ਿਦ ਨਾ ਛੱਡੀਏ।
ਧਰਤੀ ਮਾਤ ਨਾਰਾਜ਼ ਨਾ ਹੋਵੇ, ਐਸਾ ਜਗਤ ਉਸਾਰੋ,ਆਗਿਆਕਾਰੋ।
ਜਿਸ ਦੇ ਖੇਤ ‘ਚ ਧੂੰਆਂ ਵੇਖੋ, ਜਾ ਕੇ ਅਰਜ਼ ਗੁਜ਼ਾਰੋ, ਕਸ਼ਟ ਨਿਵਾਰੋ।
ਜੋ ਸਮਝੇ ਨਾ ਭਾਈਬੰਦੀ, ਸੱਦ ਪੰਚਾਇਤ ਬੁਲਾਈਏ, ਬਹਿ ਸਮਝਾਈਏ।
ਵਾਇਰਸ ਨਾਲ ਜੇ ਧੂੰਆਂ ਰਲ਼ ਗਿਆ,ਮੌਤ ਨਾ ਆਪ ਬੁਲਾਈਏ, ਜਾਨ ਬਚਾਈਏ।
ਜੇਕਰ ਜਾਨ, ਜਹਾਨ ਸਲਾਮਤ, ਗਿੱਲ ਦੇ ਸ਼ਬਦ ਵਿਚਾਰੋ, ਚੁੱਪ ਨਾ ਧਾਰੋ।
ਸਾੜ ਪਰਾਲ਼ੀ, ਕਰਕੇ ਧੂੰਆਂ, ਸਾਹ ਘੁੱਟ ਮਰੋ ਨਾ ਮਾਰੋ, ਬਰਖ਼ੁਰਦਾਰੋ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.