ਮੈਂ ਜਦੋਂ ਗੋਦਾਵਰੀ ਕੰਢੇ ਖੜ੍ਹਾ ਸਾਂ,
ਵਗ ਰਿਹਾ ਸੀ ਨੀਰ ਨਿਰਮਲ।
ਤੁਰ ਰਿਹਾ ਇਤਿਹਾਸ,
ਮੇਰੇ ਨਾਲ ਗੱਲਾਂ ਕਰ ਰਿਹਾ ਸੀ।
ਕੰਢੇ ਤੇ ਬੈਠਾ ਬੈਰਾਗੀ
ਆਪ ਅੱਖੀਂ ਵੇਖਿਆ ਜਿਸ,
ਮਿੱਟੀ ਦੇ ਮਾਧੋ ਤੋਂ
ਬੰਦਾ ਬਣ ਗਿਆ ਸੀ।
ਜਿਉਣ ਤੋਂ ਉਪਰਾਮ ਹੋਇਆ ਨਿਮੋਝੂਣਾ,
ਕਿਸ ਤਰ੍ਹਾਂ ਲਲਕਾਰ ਬਣਿਆ?
ਅਰਜ਼ਮੰਦਾ ਇਹੀ ਬੰਦਾ,
ਕਿਸ ਤਰ੍ਹਾਂ ਮੁੱਕੇ ਦੇ ਵਾਂਗੂੰ
ਤਣ ਗਿਆ ਸੀ।
ਵਗ ਰਿਹਾ ਪਾਣੀ
ਕਹਾਣੀ ਕਹਿ ਰਿਹਾ ਸੀ।
ਸੁਣਨ ਵਾਲੇ ਸੁਣਨ ਦੀ ਥਾਂ,
ਲਾਮਡੋਰੀ ਬੰਨ੍ਹ ਆਈ ਜਾ ਰਹੇ ਸਨ।
ਨਾ ਕੋਈ ਹੂੰਗਰ ਹੁੰਗਾਰਾ,
ਬਾਬਿਆਂ ਦੇ ਦਰ ਤੇ
ਸੁੱਖਣਾ ਲਾਹ ਰਹੇ ਸਨ।
ਧਰਤ ਵੀ ਕੁਝ
ਹੌਲੀ-ਹੌਲੀ ਕਹਿ ਰਹੀ ਸੀ।
ਮੈਂ ਗੁਰੂ ਦਸਮੇਸ਼ ਅੱਖੀਂ ਵੇਖਿਆ ਹੈ।
ਚਰਨ ਛੋਹ ਨੂੰ ਮਾਣਿਆ ਹੈ,
ਆਖਰੀ ਵੇਲੇ
ਜੋ ਉਸ ਦੇ ਦਿਲ ਦੇ ਅੰਦਰ ਖਲਬਲੀ ਸੀ,
ਉਸ ਨੂੰ ਪਹਿਚਾਣਿਆ ਹੈ।
ਜਲ ਰਹੀ ਹਾਲੇ ਵੀ
ਦਿਸਦੀ ਹੈ ਜਵਾਲਾ।
ਦੁੱਖ ਹੈ ਕਿ ਵਾਰਿਸਾਂ ਨੂੰ
ਯਾਦ ਹੀ ਨਹੀਂ,
ਕਹਿ ਗਿਆ ਕੀਹ ਜਾਣ ਵਾਲਾ?
ਏਸ ਨਿਰਮਲ ਨੀਰ ਕੰਢੇ ,
ਉਸ ਨੇ ਬੰਦੇ ਨੂੰ ਬੱਸ ਏਨਾ ਕਿਹਾ ਸੀ।
ਨਿਮੋਝੂਣਾ ਤੇ ਉਦਾਸਾ
ਇੱਥੇ ਕਾਹਨੂੰ ਬਹਿ ਰਿਹਾ ਏਂ।
ਮਰਦ ਬਣ, ਤੂੰ ਲਾਹ ਉਦਾਸੀ।
ਤੇਰੇ ਦਿਲ ਵਿੱਚ ਜੋ ਵੀ ਆਉਂਦੈ,
ਦੱਸ ਮੈਨੂੰ,
ਕਿਹੜੀ ਗੱਲੋਂ,
ਜ਼ਿੰਦਗੀ ਦੀ ਲੀਹ ਤੋਂ ਥੱਲੇ
ਲਹਿ ਰਿਹਾ ਏਂ।
ਬੰਦਾ ਗੋਡੇ ਭਾਰ ਹੋ
ਅਰਦਲ ਖੜ੍ਹਾ ਸੀ।
ਹੰਝੂ ਹੰਝੂ ਵਾਰਤਾ ਇਉਂ ਦੱਸ ਰਿਹਾ ਸੀ।
ਮੈਂ ਕਦੇ ਗੁਰੂਦੇਵ ਹੁੰਦਾ ਸਾਂ ਸ਼ਿਕਾਰੀ।
ਬਾਹੂਬਲ ਤੇ ਤੀਰਾਂ ਦੇ
ਹੰਕਾਰ ਮੇਰੀ ਮੱਤ ਮਾਰੀ।
ਜੰਗਲਾਂ ਵਿੱਚ ਖੇਡਦਾ ਸਾਂ
ਮੈਂ ਸ਼ਿਕਾਰ।
ਰਾਤ ਦਿਨ ਸੀ ਮਾਰੋ ਮਾਰ।
ਤੀਰ ਨੂੰ ਚਿੱਲੇ ਚੜ੍ਹਾ ਕੇ,
ਮਾਰਿਆ ਕੱਸ ਕੇ ਨਿਸ਼ਾਨਾ।
ਇੱਕ ਹਿਰਨੀ ਮੈਂ ਸੀ ਮਾਰੀ।
ਅੱਜ ਤੱਕ ਉਸ ਪੀੜ ਵਿੱਚ
ਬਿਹਬਲ ਖੜਾ ਹਾਂ,
ਮਿਰਗਣੀ ਸੀ ਗਰਭਧਾਰੀ।
ਆਖਿਆ ਗੋਬਿੰਦ ਛਾਤੀ ਨਾਲ ਲਾ ਕੇ,
ਜੀਕੂੰ ਵਗਦਾ ਨੀਰ ਨਿਰਮਲ,
ਤੇਰੇ ਅੰਦਰ
ਕਣ ਜੋ ਪਸ਼ਚਾਤਾਪ ਦਾ ਹੈ।
ਤੇਰਾ ਮਨ ਬਰਤਨ
ਮੈਂ ਅੰਦਰੋਂ ਪਰਖਿਆ ਹੈ,
ਏਸ ਵਿੱਚ ਹੁਣ ਵਾਸ ਨੂਰੀ ਜਾਪਦਾ ਹੈ।
ਕਮਰਕੱਸਾ ਕਰਕੇ ਬਣ ਜਾਂ ਖੜਗਧਾਰੀ।
ਨਿਰਭਉ ਨਿਰਵੈਰ ਨੂੰ ਸਾਹੀਂ ਪਰੋ ਲੈ।
ਹੱਕ ਸੱਚ ਇਨਸਾਫ਼ ਦੀ
ਰਖਵਾਲੀ ਤੇਰੀ ਜ਼ਿੰਮੇਵਾਰੀ।
ਨਿਕਲ ਜਾਹ!
ਪਛਤਾਵਿਆਂ ਤੋਂ ਬਹੁਤ ਅੱਗੇ,
ਜ਼ਿੰਦਗੀ
ਉਪਰਾਮਤਾ ਦਾ ਨਾਂ ਨਹੀਂ ਹੈ।
ਭਰਮ ਦੇ ਬਿਰਖਾਂ ਨੂੰ
ਸੱਚੇ ਸਮਝ ਨਾ ਤੂੰ,
ਇਨ੍ਹਾਂ ਦੀ ਧਰਤੀ ਤੇ
ਕਿਧਰੇ ਛਾਂ ਨਹੀਂ ਹੈ!
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.