ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਡਾਇਰੈਕਟਰ ਡਾ ਪਰਮਿੰਦਰ ਸਿੰਘ ਦੇ ਵਿਛੋੜੇ ਦੀ ਖਬਰ ਨੇ ਦਿਲ ਦਿਮਾਗ ਨੂੰ ਸੁੰਨ ਕਰ ਦਿੱਤਾ। ਹੱਥੀਂ ਤੋਰਕੇ ਵੀ ਸੱਚ ਨਹੀਂ ਆ ਰਿਹਾ ਕਿ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਸਖਸ਼ ਹੱਸਦਾ ਖੇਡਦਾ ਇਸ ਤਰ੍ਹਾਂ ਇੱਕ ਦਮ ਅਲਵਿਦਾ ਕਹਿਕੇ ਤੁਰ ਗਿਆ ਪਰ ਬਾਬਾ ਫ਼ਰੀਦ ਦੇ ਕਹਿਣ ਵਾਂਗ ਕੇਲ ਕਰੇਂਦੀ ਜ਼ਿੰਦਗੀ ਨੂੰ ਰੱਬ ਦੇ ਅਚਿੰਤੇ ਬਾਜ਼ ਕਦੋਂ ਪੈ ਜਾਣ ਕੌਣ ਜਾਣਦਾ। ਡਾ ਪਰਮਿੰਦਰ ਸਿੰਘ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕੁਸ਼ਲ ਪ੍ਰਬੰਧਕ ਸਨ ਜਿਹਨਾਂ ਦੀ ਅਗਵਾਈ ਵਿੱਚ ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀ-ਖੇਡਾਂ ਵਿੱਚ ਕਈ ਮੀਲ ਪੱਥਰ ਕਾਇਮ ਕੀਤੇ।ਇਸੇ ਸਮੇਂ ਦੌਰਾਨ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਸਰਬ ਉੱਚ ' ਮੌਲਾਨਾ ਅਬੁਲ ਕਲਾਮ ਅਜ਼ਾਦ ( ਮਾਕਾ ) ਟਰਾਫੀ ' ਕਈ ਦਹਾਕਿਆਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਹਿੱਸੇ ਆਈ ਉਹ ਵੀ ਲਗਾਤਾਰ ਦੋ ਸਾਲ ।ਭਾਰਤ ਸਰਕਾਰ ਵੱਲੋਂ ਇਸੇ ਸਾਲ ਸ਼ੁਰੂ ਕੀਤਾ 'ਖੇਲੋ ਇੰਡੀਆ' ਅੰਤਰ ਯੂਨੀਵਰਸਿਟੀ ਖੇਡ ਮੁਕਾਬਲਾ ਵੀ ਡਾ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਟੀ ਨੇ ਜਿੱਤਿਆ।
ਖੰਨਾ ਕੋਲ ਦੇ ਪਿੰਡ ਕਲਾਲ ਮਾਜ਼ਰਾ ਦਾ ਜੰਮਪਲ ਡਾ ਪਰਮਿੰਦਰ ਸਿੰਘ ਰੂਹਦਾਰ ਬੰਦਾ ਸੀ। ਮੇਰੇ ਲਈ ਪੰਜਾਬ ਯੂਨੀਵਰਸਿਟੀ ਵਿੱਚ ਸਹਿਕਰਮੀ ਦੇ ਨਾਲ ਨਾਲ ਵੱਡੇ ਭਰਾਵਾਂ ਵਰਗਾ ਦੋਸਤ ਸੀ, ਜੀਹਦਾ ਹਰ ਵੇਲੇ ਮੈਨੂੰ ਆਸਰਾ ਸੀ, ਸਹਾਰਾ ਸੀ, ਉਹ ਹਰ ਦੁਖਦੇ ਸੁਖਦੇ ਮੇਰੇ ਨਾਲ ਆ ਖੜ੍ਹਾ ਹੁੰਦਾ ਸੀ। ਯੁਵਕ ਭਲਾਈ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਉਸਦੀ ਦੀ ਰਾਇ ਅਤੇ ਯੋਗਦਾਨ ਵਡਮੁੱਲਾ ਰਿਹਾ। ਅਸੀਂ ਇੱਕ ਦੂਜੇ ਨੂੰ ਜੋ ਕਹਿਣਾ, ਜਦੋਂ ਕਹਿਣਾ ਸਿਰ ਮੱਥੇ ਕਰਦੇ ਸੀ। ਸਾਦਗੀ ਦੇ ਨਾਲ ਨਾਲ ਡਾ ਪਰਮਿੰਦਰ ਸਿੰਘ ਨੂੰ ਦ੍ਰਿੜ੍ਹਤਾ, ਸਮਰਪਣ ਅਤੇ ਸਹਿਜ ਵਰਗੇ ਕੀਮਤੀ ਗੁਣਾਂ ਨੇ ਅਮੀਰੀਪਣ ਬਖਸ਼ਿਆ ਹੋਇਆ ਸੀ ਜਿਸ ਕਰਕੇ ਉਹ ਜ਼ਿੰਦਗੀ ਦੇ ਸ਼ਾਹ ਅਸਵਾਰ ਬਣੇ ਰਹੇ।ਉਹ ਦੁਨਿਆਵੀ ਸਮੀਕਰਨਾਂ ਤੋਂ ਉੱਪਰ ਉੱਠਕੇ ਮਿੱਤਰ ਪਿਆਰਿਆਂ ਨਾਲ ਵਰਤਣ ਵਾਲੇ ਸਾਫ ਦਿਲ ਸਖਸ਼ ਸੀ।
ਮੇਰੇ ਸਮੇਤ ਕਈਆਂ ਲਈ ਉਹ ਰਾਹ ਦਸੇਰਾ ਸੀ। ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀ ਉੱਤੇ ਪਹਿਰਾ ਦੇਣ ਵਿੱਚ ਉਨ੍ਹਾਂ ਦੀ ਨਿਪੁੰਨਤਾ ਬਾਕਮਾਲ ਸੀ। ਕੰਮ ਸਭਿਆਚਾਰ ਦੇ ਅਸੂਲਾਂ ਵਾਲੇ ਡਾ ਪਰਮਿੰਦਰ ਸਿੰਘ ਲਗਨ ਅਤੇ ਮਿਹਨਤ ਵਿਚੋਂ ਉੱਠਕੇ ਇਸ ਮੰਜ਼ਲ 'ਤੇ ਪਹੁੰਚੇ ਹੋਣ ਕਰਕੇ ਜ਼ਮੀਨੀ ਹਕੀਕਤਾਂ ਤੋਂ ਵੀ ਵਾਕਫ ਸਨ ਜਿਸ ਕਰਕੇ ਉਹ ਦੂਜਿਆਂ ਦੀਆਂ ਮਜਬੂਰੀਆਂ ਲਾਚਾਰੀਆਂ ਨੂੰ ਵੀ ਸਮਝਦੇ ਸਨ। ਉਹ ਰੁਤਬਿਆਂ ਅਹੁਦਿਆਂ ਤੋਂ ਮੁਕਤ ਭਾਵਨਾਵਾਂ ਦੀਆਂ ਤੰਦਾਂ ਨਾਲ ਬੱਝੇ ਹੋਏ ਇਨਸਾਨ ਸਨ।ਇੱਕ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਅਧਿਕਾਰੀ ਤੱਕ ਪਹੁੰਚਦਿਆਂ ਉਨ੍ਹਾਂ ਜ਼ਿੰਦਗੀ ਨੂੰ ਪੜ੍ਹਿਆ, ਤਲਖ਼ ਸਮਿਆਂ ਦਾ ਟਾਕਰਾ ਕੀਤਾ ਪਰ ਇਮਾਨਦਾਰੀ ਅਤੇ ਮਿਹਨਤ ਨੂੰ ਹੀ ਆਪਣਾ ਹਥਿਆਰ ਬਣਾ ਕੇ ਰੱਖਿਆ ।
ਉਨ੍ਹਾਂ ਨਾਲ ਗੱਲਾਂ ਕਰਦਿਆਂ ਜੋ ਅਪਣੱਤ ਅਤੇ ਹੱਲਾਸ਼ੇਰੀ ਮਿਲਦੀ ਉਹ ਦੁਨਿਆਵੀ ਪ੍ਰਾਪਤੀਆਂ ਤੋਂ ਕਈ ਗੁਣਾਂ ਕੀਮਤੀ ਹੁੰਦੀ।ਕਈ ਬਾਰ ਜੇ ਉਹ ਖ਼ੁਦ ਕਿਸੇ ਉਲਝਣ ਵਿੱਚ ਹੁੰਦੇ ਜਾਂ ਗੱਲਾਂ ਕਰਦਿਆਂ ਕਦੇ ਉਦਾਸ ਹੋ ਵੀ ਜਾਂਦੇ ਤਾਂ ਕੁਦਰਤ ਅਤੇ ਰੱਬ ਵਿਚਲਾ ਵਿਸ਼ਵਾਸ ਉਨ੍ਹਾਂ ਨੂੰ ਅੰਦਰੋਂ ਧਰਵਾਸ ਦਿੰਦਾ। ਉਹ ਨਾ ਆਪ ਡੋਲਦੇ ਨਾ ਡੋਲਣ ਦਿੰਦੇ। ਮੈਂ ਜਦੋਂ ਕਿਸੇ ਸਮੱਸਿਆ ਕਰਕੇ ਗਮਗੀਣ ਹੋਣਾ ਜਾਂ ਕਿਸੇ ਝਮੇਲੇ ਵਿੱਚ ਹੋਣਾ ਤਾਂ ਉਨ੍ਹਾਂ ਕੋਲ ਚਲੇ ਜਾਣਾ।ਛੋਟੀ ਉਮਰ ਵਿੱਚ ਉਨ੍ਹਾਂ ਕੋਲ ਵੱਡਾ ਤਜ਼ਰਬਾ ਸੀ।ਉਹ ਬੋਲਣ ਵਿੱਚ ਸੰਜਮੀ ਸੀ ਪਰ ਉਹਨਾ ਦੇ ਬੋਲ ਕੀਮਤੀ ਹੁੰਦੇ, ਕਾਹਲੇ ਨਹੀਂ ਸਨ ਹਮੇਸ਼ਾ ਤਹੰਬਲ ਵਿੱਚ ਰਹਿੰਦੇ। ਉਨ੍ਹਾਂ ਦਾ ਧੀਰਜ ਹੀ ਉਨ੍ਹਾਂ ਦੀ ਸ਼ਕਤੀ ਸੀ। 'ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ' ਉਮਰ ਦੇ ਥੋੜ੍ਹੇ ਜਿਹੇ ਸਮੇਂ ਨੂੰ ਸੰਭਲ ਕੇ ਵਰਤਦਿਆਂ ਉਨ੍ਹਾਂਜ਼ਿੰਦਗੀ ਦੇ ਪਲ ਪਲ ਨੂੰ ਇਸ ਤਰਾਂ ਲੇਖੇ ਲਾਇਆ ਕਿ ਵੱਡੀਆਂ ਪ੍ਰਾਪਤੀਆਂ ਦੇ ਨਾਲ ਨਾਲ ਪਰਿਵਾਰਕ ਕਬੀਲਦਾਰੀਆਂ ਛੋਟੀ ਉਮਰੇ ਕਿਓਂਟਲੀਆਂ।ਉਹ ਪਰਿਵਾਰ ਅਤੇ ਨੌਕਰੀ ਦੇ ਇਮਤਿਹਾਨਾਂ ਵਿਚੋਂ ਪਾਸ ਹੁੰਦੇ ਗਏ।
ਉਨ੍ਹਾਂ ਨਾਲ ਵਿਚਰਦਿਆਂ ਮੈਨੂੰ ਹਮੇਸ਼ਾ ਅਹਿਸਾਸ ਹੋਇਆ ਕਿ ਵੱਡੀਆਂ ਪ੍ਰਾਪਤੀਆਂ ਹੋਣ ਦੇ ਵਾਬਜੂਦ ਬੰਦੇ ਦੇ ਪੈਰ ਧਰਤੀ ਉੱਤੇ ਹੀ ਰਹਿਣੇ ਚਾਹੀਦੇ ਹਨ ਤਾਂ ਹੀ ਬੰਦਾ ਵੱਡਾ ਰਹਿੰਦਾ।ਅਸਮਾਨੀ ਉਡਾਰੀ ਭਰਦਿਆਂ ਜੇ ਪੱਬ ਆਪਣੀ ਮਿੱਟੀ ਨਾਲ ਜੁੜੇ ਰਹਿਣ ਤਾਂ ਬੰਦਾ ਅਸਮਾਨ ਵਿੱਚ ਡੋਲਦਾ ਨਹੀਂ।ਇਸੇ ਕਰਕੇ ਉਹ ਕਲਾਲ ਮਾਜ਼ਰੇ ਜਾਣਾ ਨਹੀਂ ਸੀ ਭੁੱਲਦੇ, ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਉਨ੍ਹਾਂਦੇ ਸਾਹਾਂ ਵਿੱਚ ਵਸੀ ਸੀ।ਇੱਕ ਦਿਨ ਮੈਂ ਕਿਹਾ ' ਕੋਈ ਫਲੈਟ ਵਗ਼ੈਰਾ ਖਰੀਦਲੋ ਚੰਡੀਗੜ੍ਹ ਵਿੱਚ'। ਅੱਗੋਂ ਆਖਣ ਲੱਗੇ, 'ਬਾਪੂ ਵਾਲਾ ਘਰ ਈ ਠੀਕ ਆ,ਪਿੰਡ ਰਹਾਂਗੇ ਉਨ੍ਹਾਂ ਦੀ ਮੌਤ ਉਪਰੰਤ ਪੂਰੀ ਤਰਾਂ ਝੰਜੋੜੇ ਗਏ ਉਨ੍ਹਾਂ ਦੇ ਜੀਵਨ ਸਾਥੀ ਸਰਦਾਰਨੀ ਦਿਲਮੋਹਨ ਕੌਰ ,ਬੇਟੇ ਪ੍ਰੋ ਰੌਬਨ ਇੰਦਰਪ੍ਰੀਤ, ਛੋਟੇ ਭਰਾ ਰਵੀ , ਧੀ ਜੈਸਮੀਨ ਅਤੇ ਪਰਿਵਾਰ ਨੇ ਇਸ ਅੱਤ ਦੇ ਦੁਖਦਾਈ ਤਲ਼ਖ ਸਮੇਂ ਵਿੱਚ ਉਨ੍ਹਾਂਦੀ ਰੂਹ ਦੇ ਹਾਣਦਾ ਫੈਸਲਾ ਲਿਆ ਕਿ ਉਨ੍ਹਾਂ ਨੂੰ ਪਿੰਡ ਦੀ ਮਿੱਟੀ ਦੇ ਸਪੁਰਦ ਕਰ ਦਿੱਤਾ, ਮਿੱਟੀ ਦੇ ਪੁੱਤ ਨੂੰ ਬਜ਼ੁਰਗਾਂ ਦੀ ਗੋਦ ਵਿੱਚ ਸਮਾਅ ਦਿੱਤਾ, ਨਹੀਂ ਤਾਂ ਬੁੱਢੇ ਬਾਰੇ ਮਾਸਟਰ ਕੁਲਦੀਪ ਸਿੰਘ ਅਤੇ ਮਾਤਾ ਸਿਮਰਜੀਤ ਕੌਰ ਨੂੰ ਚੰਡੀਗੜ੍ਹ ਜਾਕੇ ਆਪਣੇ ਜਿਗਰ ਦੇ ਟੁਕੜੇ ਲਾਡਲੇ ਪੁੱਤ ਨੂੰ ਤੋਰਨਾ ਇੱਕ ਕਹਿਰ ਉੱਤੇ ਇੱਕ ਹੋਰ ਕਹਿਰ ਵਾਂਗ ਜਾਪਣਾ ਸੀ।
ਡਾ ਪਰਮਿੰਦਰ ਸਿੰਘ ਦੇ ਵਿਛੋੜੇ 'ਤੇ ਸਨੇਹੀਆਂ ਪਿਆਰਿਆਂ ਦੇ ਵਗਦੇ ਹੰਝੂ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਨਿਮਰਤਾ ਅਤੇ ਹਲੀਮੀ ਬੰਦੇ ਨੂੰ ਲੋਕ ਮਨਾਂ ਵਿੱਚ ਵਸਦੇ ਰਹਿਣਯੋਗ ਬਣਾਉਂਦੀ ਆ।ਪੰਜਾਬ ਯੂਨੀਵਰਸਿਟੀ ਦੇ ਨਾਲ ਨਾਲ ਮੈਨੂੰ ਨਿੱਜੀ ਤੌਰ ਤੇ ਉਨ੍ਹਾਂ ਦੇ ਵਿਛੋੜੇ ਦਾ ਵੱਡਾ ਘਾਟਾ ਪਿਆ ਹੈ ਜੋ ਪੂਰਾ ਨਹੀਂ ਹੋ ਸਕਦਾ।ਉੱਨੀ ਅਕਤੂਬਰ ਨੂੰ ਕਲਾਲ ਮਾਜ਼ਰੇ ਦੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੀ ਅੰਤਿਮ ਅਰਦਾਸ ਹੋਵੇਗੀ ਪਰ ਰਾਂਗਲੇ ਸੱਜਣ ਦੀਆਂ ਯਾਦਾਂ ਅਤੇ ਨਸੀਹਤਾਂ ਸਦਾ ਸਾਡੇ ਅੰਗ ਸੰਗ ਰਹਿਣਗੀਆਂ ਕਿਉਂਕਿ ਮੋਹਵੰਤੇ ਸੱਜਣ ਕਦੋਂ ਨਿਕਲਦੇ ਆ ਦਿਲਾਂ ਵਿਚੋਂ।
-
ਨਿਰਮਲ ਜੌੜਾ, ਲੇਖਕ
nirmaljaura@gmail.com
98140 78799
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.