ਬ੍ਰਿਟਿਸ਼ ਕੋਲੰਬੀਆਂ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਹੈ , ਜਿਥੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਕੇ ਕੈਨੇਡਾ ਦੇ ਹੋਰਨਾਂ ਪ੍ਰਾਂਤਾਂ ਲਈ ਵੀ ਚਾਨਣ ਮੁਨਾਰਾ ਬਣਨ ਦਾ ਸਬੂਤ ਦਿੱਤਾ ਗਿਆ ਸੀ। ਇਹ ਵੀ ਮਾਣ ਵਾਲੀ ਗੱਲ ਹੈ ਕਿ ਅਜਿਹੀ ਪਹਿਲ ਕਦਮੀਂ ਬੀਸੀ ਦੇ ਤਤਕਾਲੀ ਸਿੱਖਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਵੱਲੋਂ ਹੀ ਕੀਤੀ ਗਈ ਸੀ, ਜਿੰਨਾਂ ਨੂੰ 'ਕੈਨੇਡਾ ਦੇ ਲਛਮਣ ਸਿੰਘ ਗਿੱਲ' ਕਹਿ ਕੇ ਪੰਜਾਬੀ ਮਾਣ ਦਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ 'ਚ ਪੰਜਾਬੀ ਹਮੇਸ਼ਾ ਪੂਰੀ ਸਰਗਰਮੀ ਨਾਲ, ਨਾ ਸਿਰਫ਼ ਸ਼ਮੂਲੀਅਤ ਹੀ ਕਰਦੇ ਹਨ, ਬਲਕਿ ਵੱਡੀ ਪੱਧਰ 'ਤੇ ਕਾਮਯਾਬ ਵੀ ਹੁੰਦੇ ਹਨ। 24 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਹੋ ਚੁੱਕਿਆ ਹੈ ਅਤੇ ਪ੍ਰੀਮੀਅਰ ਜੌਹਨ ਹੌਰਗਨ ਦੀ ਸਿਫਾਰਸ਼ 'ਤੇ ਲੈਫਟੀਨੈਂਟ ਗਵਰਨਰ ਜੇਨਟ ਆਸਟਿਨ ਵੱਲੋਂ ਮੌਜੂਦਾ ਵਿਧਾਨ ਸਭਾ ਭੰਗ ਕਰਨ ਦਾ ਐਲਾਨ ਕੀਤਾ ਗਿਆ ਹੈ।
ਚਾਹੇ ਪਹਿਲਾਂ ਇਹ ਸੂਬਾਈ ਚੋਣਾਂ, ਅਗਲੇ ਵਰ੍ਹੇ 16 ਅਕਤੂਬਰ ਨੂੰ ਹੋਣੀਆਂ ਸਨ , ਪਰ ਸੱਤਾਧਾਰੀ ਨਿਊ ਡੈਮੋਕਰੈਟਿਕ ਪਾਰਟੀ ਨੇ ਸੂਬੇ 'ਚ ਆਪਣੀ ਚੜ੍ਹਤ ਦਾ ਸਿਆਸੀ ਲਾਹਾ ਲੈਂਦਿਆਂ, ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਵਿਰੋਧੀ ਬੀ.ਸੀ. ਲਿਬਰਲ ਪਾਰਟੀ ਦੇ ਆਗੂ ਡਾ. ਐਂਡਰਿਊ ਵਿਲਕਿਨਸਨ ਅਤੇ ਗਰੀਨ ਪਾਰਟੀ ਨੇਤਾ ਸੋਨੀਆ ਫਰਸਤਨੂੰ ਸਰਕਾਰ ਦੀ ਇਸ ਕਾਰਵਾਈ ਦੀ ਤਿੱਖੀ ਆਲੋਚਨਾ ਕਰ ਰਹੇ ਹਨ, ਪਰ ਮੁੱਖ ਮੰਤਰੀ ਹੌਰਗਨ ਦਾ ਤਰਕ ਹੈ ਕਿ ਘੱਟ ਗਿਣਤੀ ਐਨ.ਡੀ.ਪੀ. ਸਰਕਾਰ, ਗਰੀਨ ਪਾਰਟੀ ਦੇ ਸਹਾਰੇ ਕਾਇਮ ਰਹਿਣੀ ਮੁਸ਼ਕਿਲ ਹੈ ਤੇ ਚੋਣਾਂ ਜ਼ਰੂਰੀ ਹਨ। ਅਜਿਹੇ ਮੌਕੇ ਬ੍ਰਿਟਿਸ਼ ਕੋਲੰਬੀਆਂ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਅਤੇ ਲਿਬਰਲ ਪਾਰਟੀ ਕੋਲ 41-41 ਵਿਧਾਇਕ ਸਨ, ਜਦਕਿ ਗਰੀਨ ਪਾਰਟੀ ਕੋਲ ਤਿੰਨਾ ਸੀਟਾਂ ਸਨ, ਬੀ. ਸੀ. ਲਿਬਰਲ ਐਮ. ਐਲ. ਏ. ਡਾ. ਡੈਰੇਲ ਪਲੱਕਸ ਸਪੀਕਰ ਬਣਨ ਮਗਰੋਂ, ਪਾਰਟੀ ਬੀ. ਸੀ. ਲਿਬਰਲ ਤੋਂ ਵੱਖ ਹੋ ਗਏ ਸਨ।
ਬ੍ਰਿਟਿਸ਼ ਕੋਲੰਬੀਆ ਦੀ 87 ਸੀਟਾਂ ਵਾਲੀ 42ਵੀਂ ਵਿਧਾਨ ਸਭਾ ਕੋਵਿਡ- 19 ਦੇ ਪ੍ਰਭਾਵ 'ਚ ਕਿਵੇਂ ਕਾਇਮ ਹੋਵੇਗੀ, ਲੋਕ ਇਸ ਵਿਸ਼ੇ 'ਤੇ ਵੀ ਚਿੰਤਤ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ' ਚ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਪੰਜਾਬੀ ਭਾਈਚਾਰੇ ਵਿਚੋਂ ਆਪਣੇ ਸਾਰੇ ਜੇਤੂ ਵਿਧਾਇਕਾਂ ਨੂੰ ਮੁੜ ਮੈਦਾਨ ਵਿਚ ਉਤਾਰਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਬੀ.ਸੀ. ਲਿਬਰਲ ਵੱਲੋਂ ਪੰਜਾਬੀਆਂ ਦੇ ਮੁਕਾਬਲੇ ਪੰਜਾਬੀਆਂ ਨੂੰ ਹੀ ਮੈਦਾਨ 'ਚ ਲਿਆਉਣ ਦੀ ਸਿਆਸਤ ਨੇ ਕਈ ਚੋਣ ਅਖਾੜਿਆਂ ਨੂੰ ਦੇਸੀ ਚੋਣਾਂ ਵਰਗਾ ਰੂਪ ਹੀ ਦੇ ਦਿੱਤਾ ਹੈ। ਸਰੀ ਨਿਊਟਨ ਹਲਕੇ ਤੋਂ ਸੂਬੇ ਦੇ ਸਾਬਕਾ ਕਿਰਤ ਮੰਤਰੀ ਅਤੇ ਚਾਰ ਵਾਰ ਐੱਮ ਐੱਲ ਏ ਬਣ ਚੁੱਕੇ ਹੈਰੀ ਹਰਕੰਵਲ ਸਿੰਘ ਬੈਂਸ ਮਜ਼ਬੂਤ ਉਮੀਦਵਾਰਾਂ ਵਜੋਂ ਐਨ. ਡੀ.ਪੀ. ਦੀ ਪ੍ਰਤੀਨਿਧਤਾ ਕਰ ਰਹੇ ਹਨ, ਜਿਨ੍ਹਾਂ ਦੇ ਮੁਕਾਬਲੇ ਲਿਬਰਲ ਪਾਰਟੀ ਨੇ ਪੌਲ ਬੌਪਾਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀ.ਸੀ.ਵਿਧਾਨ ਸਭਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਜਗਰੂਪ ਸਿੰਘ ਬਰਾੜ ਸਰੀ ਫਲੀਟਵੁੱਡ ਤੋਂ ਮੁੜ ਜਿੱਤਣ ਲਈ ਪੱਬਾਂ ਭਾਰ ਹਨ, ਜਿਨ੍ਹਾਂ ਨਾਲ ਚੋਣ ਦੰਗਲ ਵਿੱਚ ਸਕੂਲ ਟਰੱਸਟੀ ਨੌਜਵਾਨ ਗੁਰਪ੍ਰੀਤ ਸਿੰਘ ਗੈਰੀ ਥਿੰਦ ਨੂੰ ਬੀ.ਸੀ. ਲਿਬਰਲ ਨੇ ਉਮੀਦਵਾਰ ਐਲਾਨੀਆ ਹੈ। ਸਭ ਤੋਂ ਰੌਚਿਕ ਸਥਿਤੀ ਸਰੀ ਪੈਨੋਰਮਾ ਹਲਕੇ ਦੀ ਹੈ, ਜਿੱਥੇ ਐਨ.ਡੀ. ਪੀ. ਵੱਲੋਂ ਸਾਬਕਾ ਮੰਤਰੀ ਜਿੰਨੀ ਜੋਗਿੰਦਰੋ ਸਿਮੰਜ਼ ਦਾ ਮੁਕਾਬਲਾ ਬੀ.ਸੀ. ਲਿਬਰਲ ਦੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਕਰਨਗੇ। ਜਿੰਨੀ ਸਿਮਜ਼ ਨੇ ਬੀਤੇ ਸਮੇਂ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਡਾ. ਚੀਮਾ ਵੀ ਕਿਸੇ ਸਮੇਂ ਸੂਬਾਈ ਸਿਆਸਤ 'ਚ ਮੰਤਰੀ ਦਾ ਅਹੁਦਾ ਛੱਡ ਕੇ, ਫੈਡਰਲ ਪੱਧਰ 'ਤੇ ਸਰਗਰਮ ਹੋਏ ਸਨ, ਪਰ ਸਫਲ ਨਾ ਹੋ ਸਕੇ। ਜਿੰਨੀ ਸਿਮਜ਼ ਐਮ ਪੀ ਦੀ ਚੋਣ ਹਾਰਨ ਮਗਰੋਂ, ਸੂਬੇ ਪੱਧਰ ਦੀ ਰਾਜਨੀਤੀ 'ਚ ਪਰਤੇ ਸਨ।
ਐਨ. ਡੀ. ਪੀ. ਦੀ ਪੰਜਾਬਣ ਵਿਧਾਇਕ ਰਚਨਾ ਸਿੰਘ ਨੂੰ ਪਾਰਟੀ ਨੇ ਦੁਬਾਰਾ ਸਰੀ ਗਰੀਨ ਟਿੰਬਰ ਤੋਂ ਉਮੀਦਵਾਰ ਬਣਾਇਆ ਹੈ, ਜਿਸਨੇ ਆਪਣੇ ਹਲਕੇ ਦੇ ਮੁੱਦਿਆਂ ਤੋਂ ਇਲਾਵਾ, ਮਨੁੱਖੀ ਹੱਕਾਂ ਦੇ ਮਸਲੇ, ਭਾਰਤੀ ਸਟੇਟ' ਚ ਸੀ ਏ ਏ ਦੇ ਕਾਨੂੰਨ ਸਮੇਤ, ਫਾਸ਼ੀਵਾਦੀ ਤਾਕਤਾਂ ਦਾ ਵਿਰੋਧ ਕੀਤਾ ਸੀ।ਰਚਨਾ ਸਿੰਘ ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਸਿਰਜਣਾ ਦੀ ਧੀ ਅਤੇ ਨਾਮਵਰ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਹੈ। ਅਹਿਮ ਸੂਤਰਾਂ ਅਨੁਸਾਰ ਵਿਚ ਆਰ.ਐਸ. ਐਸ. ਪੱਖੀ ਲਾਬੀ ਦੇ ਇਸ਼ਾਰੇ 'ਤੇ ਅੰਦਰ -ਖਾਤੇ ਰਚਨਾ ਸਿੰਘ ਖ਼ਿਲਾਫ਼ ਯੋਜਨਾਬੱਧ ਢੰਗ ਨਾਲ਼ ਮੁਹਿੰਮ ਚਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਵਿੱਚ ਕੁਝ ਭਾਜਪਾ ਪੱਖੀ ਹਿੰਦੂ ਆਗੂ, ਕੁਝ ਨਵੀਨਵਾਦੀ ਸਿੱਖ ਨੇਤਾ ਅਤੇ ਦਿੱਲੀ ਤੋਂ ਜਾਗੋ ਪਾਰਟੀ ਨਾਲ ਸਬੰਧਿਤ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਆਗੂ ਦਾ ਨਾਂ ਵੀ ਚਰਚਾ ਵਿੱਚ ਹੈ। ਇਉਂ ਹੀ ਡੈਲਟਾ ਹਲਕੇ ਤੋਂ ਐਨ. ਡੀ. ਪੀ. ਦੇ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਹਾਕੀ ਓਲੰਪੀਅਨ ਰਵੀ ਕਾਹਲੋਂ ਨੂੰ ਪਾਰਟੀ ਨੇ ਮੁੜ ਟਿਕਟ ਦਿੱਤੀ ਹੈ, ਜਿਨ੍ਹਾਂ 2017 ਵਿਚ ਬੀ.ਸੀ. ਵਿਧਾਨ ਸਭਾ ਅੰਦਰ ਸਿੱਖ ਨਸਲਕੁਸ਼ੀ 1984 ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜਾਵਾਂ ਲਈ ਅਤੇ ਕਸ਼ਮੀਰ ਵਿਚ ਧਾਰਾ 370 ਤੋੜਨ ਦੇ ਭਾਰਤ ਸਰਕਾਰ ਦੇ ਫੈਸਲੇ ਖ਼ਿਲਾਫ਼ ਜ਼ੋਰਦਾਰ ਸ਼ਬਦਾਂ ਵਿਚ ਆਵਾਜ਼ ਬੁਲੰਦ ਕੀਤੀ ਸੀ। ਇਸ ਹਲਕੇ ਤੋਂ ਬੀ.ਸੀ. ਲਿਬਰਲ ਨੇ ਨਵਾਂ ਪੰਜਾਬੀ ਚਿਹਰਾ ਜਤਿੰਦਰ ਜੈਟ ਸੁੰਨੜ ਚੋਣਾਂ 'ਚ ਉਤਾਰਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ 'ਚ ਡਿਪਟੀ ਸਪੀਕਰ ਅਤੇ ਚਾਰ ਵਾਰ ਵਿਧਾਇਕ ਬਣ ਚੁੱਕੇ ਰਾਜ ਚੌਹਾਨ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਬਰਨਬੀ ਐਡਮੰਡਜ ਹਲਕੇ ਤੋਂ ਦੁਬਾਰਾ ਮੈਦਾਨ 'ਚ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੀ ਕਾਮਯਾਬੀ ਦਾ ਭਰੋਸਾ ਹੈ।
ਮਨੁੱਖੀ ਅਧਿਕਾਰਾਂ ਦੇ ਅਹਿਮ ਮਸਲਿਆਂ 'ਤੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਉੱਘੇ ਵਕੀਲ ਦਸਤਾਰਧਾਰੀ ਨੌਜਵਾਨ ਅਮਨਦੀਪ ਸਿੰਘ ਰਿਚਮੰਡ- ਕੁਈਨਜ਼ਬਰੋ ਹਲਕੇ ਤੋਂ ਐਨਡੀਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਟੈਲੀਵਿਜ਼ਨ ਐਂਕਰ ਜੈਸ ਜੌਹਲ ਨਾਲ ਹੋਵੇਗਾ।ਐਬਟਸਫੋਰਡ ਵੈਸਟ ਹਲਕੇ ਤੋਂ ਸਕੂਲ ਟਰੱਸਟੀ ਅਤੇ ਉਤਸ਼ਾਹੀ ਨੌਜਵਾਨ ਪ੍ਰੀਤ ਮਹਿੰਦਰ ਸਿੰਘ ਰਾਏ ਨਿਊ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ ਜਦਕਿ ਸਟਾਫ਼ ਨਰਸ ਬੀਬੀ ਹਰਵਿੰਦਰ ਕੌਰ ਸੰਧੂ ਵਰਨਨ-ਮੋਨਾਸੀ ਹਲਕੇ ਤੋਂ ਐਨਡੀਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ।ਵਕੀਲ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗ ਤੋਂ ਐਨਡੀਪੀ ਅਤੇ ਰਿਸ਼ੀ ਸ਼ਰਮਾ ਸੈਨਿਕ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਬਣਾਏ ਗਏ ਹਨ।ਸਰੀ ਗਿਲਫਰਡ ਤੋਂ ਦੇਵ ਹੰਸ, ਸਰੀ ਵਾਲੀ ਹਲਕੇ ਤੋਂ ਸ਼ੌਕਤ ਖਾਨਅਤੇ ਸਰੀ ਗ੍ਰੀਨ ਟਿੰਬਰ ਹਲਕੇ ਤੋਂ ਦਿਲਰਾਜ ਅਟਵਾਲ ਲਿਬਰਲ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਗਏ ਹਨ। ਇਉਂ ਡੇਢ ਦਰਜਨ ਤੋਂ ਵੱਧ ਪੰਜਾਬੀ ਮੂਲ ਦੀ ਸਿਆਸਤਦਾਨ ਬੀਸੀ ਦੀਆਂ ਸੂਬਾਈ ਚੋਣਾਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ।
ਚਾਹੇ ਇਸ ਵਾਰ ਚੋਣਾਂ ''ਚ ਕਰੋਨਾ ਪ੍ਰਭਾਵ ਕਾਰਨ ਵੱਡੇ ਇਕੱਠਾਂ ਅਤੇ ਚੋਣ ਰੈਲੀਆਂ ਦੀ ਸੰਭਾਵਨਾ ਨਹੀਂ ਅਤੇ 'ਪਿਆਕੜਾ' ਲਈ ਵੀ ਪਹਿਲਾਂ ਵਾਂਗ ਮੌਜਾਂ ਦੀ ਆਸ ਨਹੀਂ, ਪਰ ਇਸ ਦੇ ਬਾਵਜੂਦ ਬੀ.ਸੀ. ਦੀਆਂ ਚੋਣਾਂ ਨੂੰ ਐਨ.ਡੀ. ਪੀ.ਦੇ ਸਿਆਸੀ ਦਾਅ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਲਿਬਰਲ ਪਾਰਟੀ ਦੇ ਆਗੂ ਦੀ ਕਮਜ਼ੋਰ ਹਾਲਤ, ਕੋਵਿਡ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ ਦੀ ਸਥਿਤੀ ਸੰਭਾਲਣ'ਚ ਯੋਗਤਾ, ਬੀ.ਸੀ. ਹਿਊਮਨ ਰਾਈਟਸ ਕਮਿਸ਼ਨ ਮੁੜ ਸਥਾਪਤ ਕਰਨਾ, ਟੋਲ ਟੈਕਸ ਹਟਾਉਣ ਦੀ ਕਾਰਵਾਈ ਅਤੇ ਕਿਰਤ ਵੇਤਨ'ਚ ਵਾਧਾ ਆਦਿ ਐਨ.ਡੀ.ਪੀ. ਦੇ ਪੱਖਾਂ'ਚ ਜਾਣ ਵਾਲੇ ਪਹਿਲੂ ਹਨ। ਦੂਜੇ ਪਾਸੇ ਊਬਰ ਦੇ ਮਸਲੇ 'ਤੇ ਅਸਫਲਤਾ, ਟਰੱਕ-ਟਰਾਂਸਪੋਰਟ ਖੇਤਰ'ਚ ਲੋਕਾਂ ਅੰਦਰ ਨਿਰਾਸ਼ਾ, ਖੋਖਿਆਂ 'ਚ ਚਲ ਰਹੇ ਸਕੂਲਾਂ ਲਈ ਇਮਾਰਤਾਂ ਸਥਾਪਤ ਨਾ ਹੋਣਾ, ਐਲਾਨਾਂ ਦੇ ਬਾਵਜੂਦ ਸਰੀ 'ਚ ਹਸਪਤਾਲ ਦੀ ਵਾਅਦਾ ਖਿਲਾਫੀ ਅਤੇ ਅਗਾਊਂ ਚੋਣਾਂ ਦੀ ਮੌਕਾ ਪ੍ਰਸਤੀ ਸਰਕਾਰ ਦੇ ਖ਼ਿਲਾਫ਼ ਭੁਗਤਣ ਵਾਲੇ ਮਸਲੇ ਹਨ।
ਚੋਣ ਪ੍ਰਚਾਰ ਦੌਰਾਨ ਪੰਜਾਬੀ ਵਸੋਂ ਵਾਲੇ ਇਲਾਕਿਆਂ 'ਚ ਉਮੀਦਵਾਰ ਵੱਲੋਂ ਪੰਜਾਬੀ ਵਿਚ ਸਾਈਨ ਬੋਰਡ ਲਗਾਉਣ ਅਤੇ ਪੰਜਾਬੀ 'ਚ ਚੋਣ ਪ੍ਰਚਾਰ ਕਰਨ ਲਈ ਆਸ ਕੀਤੀ ਜਾ ਰਹੀ ਹੈ।ਪਿਛਲੀਆਂ ਚੋਣਾਂ ਦੌਰਾਨ ਵੀ ਪੰਜਾਬੀ ਵੋਟਰਾਂ ਵਾਲੇ ਹਲਕਿਆਂ ਤੋਂ ਚੋਣ ਲੜ ਰਹੇ ਗੈਰ ਪੰਜਾਬੀ, ਕੈਨੇਡੀਅਨ ਉਮੀਦਵਾਰਾਂ ਨੇ ਵੀ ਲੋਕਾਂ ਦੀ ਸਹੂਲਤ ਲਈ ਅੰਗਰੇਜ਼ੀ ਦੇ ਨਾਲ - ਨਾਲ ਪੰਜਾਬੀ ਵਿਚ ਸਾਈਨ ਬੋਰਡ ਲਾ ਕੇ ਸੂਝਬੂਝ ਦਾ ਸਬੂਤ ਦਿੱਤਾ ਸੀ।ਅੱਜ ਜਦੋਂ ਭਾਰਤ 'ਚ ਜੰਮੂ ਕਸ਼ਮੀਰ 'ਚੋ' ਪੰਜਾਬੀ ਦਾ ਸਰਕਾਰੀ ਭਾਸ਼ਾ ਵਜੋਂ ਦਰਜਾ ਖਤਮ ਕਰਨ ਲਈ ਪਾਰਲੀਮੈਂਟ 'ਚ ਬਿੱਲ ਪਾਸ ਕੀਤੇ ਜਾ ਰਹੇ ਹਨ। ਰਾਜਸਥਾਨ ਵਿੱਚ ਵੀ ਪੰਜਾਬੀ ਨਾਲ ਮਤਰੇਈ ਭਾਸ਼ਾ ਵਾਲਾ ਸਲੂਕ ਹੋ ਰਿਹਾ ਹੈ। ਇਥੋਂ ਤਕ ਕਿ ਗੁਆਂਢੀ ਸੂਬੇ ਹਰਿਆਣਾ'ਚੋ'ਵੀ ਪੰਜਾਬੀ ਦਾ ਦੂਜੀ ਭਾਸ਼ਾ ਦਾ ਦਰਜਾ ਖੋਹ ਕੇ, ਪੰਜਾਬੀ ਵਿਰੋਧੀ ਵਰਤਾਰਾ ਜ਼ੋਰਾਂ 'ਤੇ ਹੈ।ਅਜਿਹੇ ਸਮੇਂ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਨੂੰ 'ਦੂਜੀ ਭਾਸ਼ਾ' ਵਜੋਂ ਸਰਕਾਰੀ ਪੱਧਰ ਤੇ ਮਿਲੀ ਮਾਨਤਾ ਮਾਣ ਵਾਲੀ ਗੱਲ ਹੈ ਤੇ ਆਪਣੇ ਹੀ ਦੇਸ਼ 'ਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਡਟਣ ਲਈ ਵੀ ਪ੍ਰੇਰਨਾ ਹੈ। ਅਕਤੂਬਰ 2020 ਦੀਆਂ ਬੀ . ਸੀ. ਵਿਧਾਨ ਸਭਾ 'ਚੋਣਾਂ 'ਚ ਪੰਜਾਬੀ ਭਾਸ਼ਾ ਪ੍ਰਤੀ ਉਤਸ਼ਾਹ, ਸੰਨ 2021 'ਚ ਹੋ ਰਹੀ ਮਰਦਮਸ਼ੁਮਾਰੀ ਮੌਕੇ ਪੰਜਾਬੀਆਂ ਨੂੰ ਕੈਨੇਡਾ ਭਰ 'ਚ ਘਰਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਪੰਜਾਬੀ ਲਿਖਾਉਣ ਲਈ ਵੀ ਪ੍ਰੇਰਿਤ ਕਰੇਗਾ। ਕੈਨੇਡਾ 'ਚ ਪੰਜਾਬੀ ਬੋਲੀ ਦੀ ਤਰੱਕੀ ਦਾ ਸਫ਼ਰ ਨਿਰੰਤਰ ਜਾਰੀ ਹੈ;
ਪੰਜਾਬੀ ਦਾ ਮਰਤਬਾ, ਵਿਚ ਕੈਨੇਡਾ ਖਾਸ।
ਬੋਲੀ ਪੱਖੋਂ ਸਿਰਜਿਆ, ਅਸਾਂ ਨਵਾਂ ਇਤਿਹਾਸ।
-
ਡਾ. ਗੁਰਵਿੰਦਰ ਸਿੰਘ, ਲੇਖਕ
Singhnewscanada@gmail.com
001 - 604 8251550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.