ਉਹ ਸੱਤਵੀਂ 'ਚ ਪੜ੍ਹਦਾ ਸੀ ਜਦ 1987 'ਚ ਉਹ ਲਾਲ ਚੰਦ ਯਮਲਾ ਜੱਟ ਦੇ ਡੇਰੇ ਤੇ 28 ਹਾੜ੍ਹ ਨੂੰ ਪੀਰ ਕਟੋਰੇ ਸ਼ਾਹ ਦੇ ਮੇਲੇ ਵਾਲੇ ਦਿਨ ਯਮਲਾ ਜੱਟ ਦਾ ਸ਼ਾਗਿਰਦ ਬਣਨ ਆਇਆ।
ਉਸ ਦੇ ਬੂਟੀਆਂ ਵਾਲੇ ਝੋਲੇ ਵਿੱਚ ਤੂੰਬੀ ਸੀ ਤੇ ਅੱਖਾਂ 'ਚ ਅਨੋਖੀ ਚਮਕ। ਮਤਾਬੀ ਵਾਂਗ ਬਲਦੀਆਂ ਅੱਖਾਂ ਪਰ ਡੂੰਘੀ ਨੀਝ।
ਸਬੱਬ ਨਾਲ ਮੈਂ, ਜਗਦੇਵ ਸਿੰਘ ਜੱਸੋਵਾਲ ਤੇ ਅਮਰਜੀਤ ਗੁਰਦਾਸਪੁਰੀ ਜੀ ਵੀ ਯਮਲਾ ਜੱਟ ਦੇ ਜਵਾਹਰ ਨਗਰ ਕੈਂਪ ਲੁਧਿਆਣਾ ਵਾਲੇ ਡੇਰੇਚ ਸਾਂ। ਉਸਤਾਦ ਜੀ ਨੇ ਨਿੰਦਰ ਨੂੰ ਸ਼ਾਗਿਰਦ ਥਾਪ ਲਿਆ ਤੇ ਅਸਾਂ ਰਲ ਕੇ ਉਸ ਦਾ ਨਾਮਕਰਣ ਨਰਿੰਦਰ ਯਮਲਾਜੱਟ ਕਰ ਦਿੱਤਾ।
ਹਰ ਸਾਲ ਮੇਲੇ ਤੇ ਆਉਂਦਾ ਆਉਂਦਾ ਜੱਸੋਵਾਲ ਜੀ ਦੇ ਘਰ ਵੀ ਫੇਰਾ ਮਾਰਨ ਲੱਗ ਪਿਆ। ਪਿਆਰ ਪੈ ਗਿਆ ਪਿਉ ਪੁੱਤ ਵਾਲਾ। ਜੱਸੋਵਾਲ ਸਾਹਿਬ ਇਸ ਤੋਂ ਘੱਟ ਨਾਲ ਨਿਵਾਜਦੇ ਹੀ ਨਹੀਂ ਸਨ।
ਯਮਲਾ ਜੱਟ ਦੇ ਅੰਤਿਮ ਸਸਕਾਰ ਤੇ ਫਰੀਦਕੋਟੋਂ ਭਿੱਜਦਾ ਹੋਇਆ ਪੁੱਜਾ। ਸਿਆਲੂ ਦਿਨ ਸਨ। ਅੰਤਿਮ ਸਸਕਾਰ ਤੋਂ ਪਹਿਲਾਂ ਸ਼ਾਗਿਰਦ ਤੇ ਸਨੇਹੀ ਲੋਈਆਂ ਅਰਪਿਤ ਕਰ ਰਹੇ ਸਨ। ਬਾਲ ਨਿੰਦਰ ਵੇਖ ਰਿਹਾ ਸੀ। ਲੋਈ ਤਾਂ ਉਹ ਲੈ ਕੇ ਨਹੀਂ ਸੀ ਆਇਆ। ਉਸ ਬੁੱਕਲ ਵਾਲੀ ਲੋਈ ਉਤਾਰੀ ਤੇ ਨਮ ਨੇਤਰਾਂ ਨਾਲ ਆਪਣੇ ਉਸਤਾਦ ਦੀ ਦੇਹ ਤੇ ਵਿਛਾ ਦਿੱਤੀ।
ਲਾਲ ਚੰਦ ਯਮਲਾ ਜੱਟ ਦੀਆਂ ਯਾਦਾਂ ਲਿਖਣ ਦੀ ਪ੍ਰੇਰਨਾ ਲੈ ਜੱਸੋਵਾਲ ਨੇ ਦੇ ਕੇ ਉਸ ਦਾ ਸਿਰਜਣਾਤਮਕ ਸਫ਼ਰ ਸ਼ੁਰੂ ਕਰਵਾਇਆ। ਫਿਰ ਉਸ ਨੇ ਪਿੰਡ ਪਿੰਡ ਘੁੰਮ ਕੇ ਯਮਲਾ ਜੱਟ ਦੇ ਸ਼ਾਗਿਰਦਾਂ ਦੀ ਯਾਦਾਂ ਆਧਾਰਿਤ ਪੁਸਤਕ ਤਿਆਰ ਕੀਤੀ।
ਯਮਲਾ ਜੱਟ ਦੇ ਧਰਮ ਭਰਾ ਪ੍ਰੋ: ਕਿਰਪਾਲ ਸਿੰਘ ਕਸੇਲ ਕੋਲ ਰਹਿੰਦਿਆਂ ਉਹ ਭਾਸ਼ਾ ਵਿਭਾਗ ਚ ਕੱਚਾ ਕਾਮਾ ਭਰਤੀ ਹੋ ਗਿਆ। ਪੱਕਾ ਨਾ ਹੋਣ ਦਾ ਹੀ ਫ਼ਲ ਹੈ ਕਿ ਉਹ ਅੱਜ ਪੰਜਾਹ ਪੁਸਤਕਾਂ ਦਾ ਲੇਖਕ ਹੈ। ਉਸ ਦੇ ਯਾਦਾਂ ਤੇ ਜੀਵਨੀ ਮੂਲਕ ਦਸਤਾਵੇਜ਼ ਸਭ ਤੋਂ ਵੱਧ ਪੜ੍ਹੇ ਜਾਂਦੇ ਹਨ।
ਮੈਂ ਸਾਂ ਜੱਜ ਦਾ ਅਰਦਲੀ ਉਸ ਦੀ ਪਹਿਲੀ ਜੀਵਨੀ ਮੂਲਕ ਕਿਤਾਬ ਹੈ ਜਿਸ ਤੇ ਫਿਲਮ ਵੀ ਬਣੀ।
ਇੰਗਲੈਂਡ ਕੈਨੇਡਾ ਦੇ ਦੌਰਿਆਂ ਨੇ ਉਸ ਨੂੰ ਵਿਸ਼ਵ ਵਿਆਪੀ ਪਛਾਣ ਤੇ ਸੂਝ ਦਿੱਤੀ ਹੈ।
ਨਿੰਦਰ ਹੁਣ ਆਈ ਏ ਐੱਸ , ਪੀ ਸੀ ਐੱਸ ਅਫਸਰਾਂ ਨੂੰ ਮੈਗਸੀਪਾ ਚ ਸਿਖਲਾਈ ਦਿੰਦਾ ਹੈ। ਰੇਡੀਉ ,ਟੀ ਵੀ ਪ੍ਰੋਗਰਾਮ ਪੇਸ਼ ਕਰਦਾ ਹੈ। ਆਰਟਸ ਕੌਂਸਲ ਦਾ ਲੋਕ ਸੰਪਰਕ ਕਾਰਜ ਕਰਦਾ ਹੈ।
48 ਸਾਲ ਦਾ ਹੋ ਗਿਆ ਹੈ ਪਰ ਨਿੰਦਰ ਹਾਲੇ ਵੀ ਮੇਰੇ ਨਾਲ ਬੱਚਿਆਂ ਵਾਂਗ ਰੁੱਸ ਜਾਂਦਾ ਹੈ।
ਕਹਿੰਦਾ ਹੈ! ਬਾਪੂ! ਮਨਾਉਣ ਵਾਲੇ ਜੱਸੋਵਾਲ ਵਰਗੇ ਬਹੁਤੇ ਮਰ ਗਏ, ਹੁਣ ਸਿਰਫ਼ ਤੇਰੇ ਨਾਲ ਹੀ ਰੁੱਸਦਾ ਹਾਂ। ਬਾਕੀਆਂ ਨਾਲ ਤਾਂ ਓਹ ਗੱਲ ਨਹੀਂ ਬਣੀ।
ਉਸ ਦੀ ਪਾਠਕ ਸੰਖਿਆ ਦਾ ਵਿਸ਼ਾਲ ਘੇਰਾ ਸੱਚਮੁੱਚ ਮਾਣਯੋਗ ਹੈ ਸਾਡੇ ਲਈ।
ਭਾਸ਼ਾ ਵਿਭਾਗ ਚ ਪੱਕਾ ਹੋ ਜਾਂਦਾ ਤਾਂ ਸਾਡੇ ਨਾਲ ਕੱਚੀਆਂ ਯੱਕੜੀਆਂ ਕੌਣ ਮਾਰਦਾ। ਭਾਸ਼ਾ ਵਿਭਾਗ ਵੱਲੋਂ ਪਿੱਛੇ ਜਹੇ ਇਨਾਮ ਮਿਲਦਾ ਮਿਲਦਾ ਰਹਿ ਗਿਆ। ਹੁਣ ਸ਼ਾਇਦ ਵੇਲ ਨੂੰ ਕੱਦੂ ਲੱਗ ਹੀ ਜਾਣ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.