ਸਾਡਾ ਪਿਆਰਾ ਕਵੀਸ਼ਰ ਵੀਰ ਮੁਖਤਿਆਰ ਸਿੰਘ ਜ਼ਫ਼ਰ ਮੱਲੋ ਕੇ (ਜ਼ੀਰਾ) 15 ਅਗਸਤ 1947 ਨੂੰ ਜੰਮਿਆ ਤਾਂ ਜ਼ਰੂਰ ਪਰ ਆਪਣੀ ਹਾਨਣ ਆਜ਼ਾਦੀ ਨੂੰ 73 ਸਾਲਾਂ ਚ ਅੱਜ ਤੀਕ ਨਹੀਂ ਵੇਖ ਸਕਿਆ। ਮਿਲਣਾ ਤਾਂ ਦੂਰ ਰਿਹਾ। ਕਿਰਤੀ ਕਿਸਾਨ ਤੇ ਧਰਤੀ ਪੁੱਤਰ ਹੈ ਮੁਖਤਿਆਰ ਸਿੰਘ। ਸਾਰੀ ਉਮਰ ਟੁੱਟ ਮਰਿਆ ਹੈ ਆਜ਼ਾਦੀ ਦਾ ਨੂਰੀ ਮੁੱਖੜਾ ਵੇਖਣ ਨੂੰ। ਉਸ ਦਾ ਜਨਮ ਸਰਟੀਫੀਕੇਟ ਵੀ ਨਹੀਂ ਬਣਿਆ ਕਿਉਂਕਿ ਨਾਨਕਿਆਂ ਨਾਮ ਦਰਜ ਕਰਾਇਆ ਨਾ ਤੇ ਦਾਦਕਿਆਂ ਸਮਝਿਆ ਹੋ ਗਿਆ ਹੋਊ। ਸੋ ਸਰਕਾਰੀ ਰਿਕਾਰਡ 'ਚ ਉਹ ਜੰਮਿਆ ਹੀ ਨਹੀਂ। ਨਾਨਾ ਜੀ ਨੇ ਸਕੂਲ ਦਾਖਲ ਕਰਵਾਉਣ ਵੇਲੇ ਜ਼ਰੂਰ ਨੋਟ ਕਰਵਾ ਦਿੱਤਾ, ਓਹੀ ਚੱਲਦੈ।
ਆਪਣੀ ਜਵਾਨੀ ਵੇਲੇ ਸ਼ਮਸ਼ੇਰ ਸਿੰਘ ਸੰਧੂ , ਪਾਸ਼ ਤੇ ਮੈਂ ਮੁਖਤਿਆਰ ਸਿੰਘ ਜ਼ਫ਼ਰ ਦਾ ਇਹ ਗੀਤ ਇਕੱਠੇ ਗਾਉਂਦੇ ਹੁੰਦੇ ਸੀ। ਸ਼ਾਇਦ ਅਸ਼ਵਨੀ ਜੇਤਲੀ ਅਸ਼ਕ, ਹਰਵਿੰਦਰ ਮਾਨ ਤੇ ਗੁਰਇਕਬਾਲ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਪੜ੍ਹਦਿਆਂ ਕੱਢੇ ਰਸਾਲੇ ਅਲੰਕਾਰ ਚ ਛਪਿਆ ਸੀ। ਗੀਤ ਇੰਜ ਸੀ
ਮੰਡੀ ਵਿੱਚੋਂ ਆ ਕੇ ਬਾਪੂ
ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਓਂ ਵੇ ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ।
ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।
ਜਾਪਦਾ ਹਿਸਾਬ ਤੇਰਾ ਤੇਲ ਅਤੇ ਖਾਦ ਦਾ ਵੇ ਪੂਰਾ ਨਹੀਂ ਕਣਕ ਵਿੱਚੋਂ ਹੋਇਆ।
ਹਾਉਕਾ ਤੇਰੇ ਬੁੱਲਾਂ ਉੱਤੇ ਆਇਆ ਅੱਖੀਂ ਵੇਖਿਆ ਮੈਂ, ਵੇਖ ਮੈਨੂੰ ਕਾਸਤੋਂ ਲੁਕੋਇਆ।
ਮੇਰੇ ਬਾਬਲਾ ਮੈਂ ,
ਤੇਰੇ ਮਨ ਦੀਆਂ ਜਾਣਦੀ ਹਾਂ,
ਕਾਹਤੋਂ ਰੰਗ ਜਾਏ ਇੱਕ ਆਏ।
ਆਸਾਂ ਲਾ ਕੇ ਤਨ ਤਾਈਂ ਪੋਹ ਮਾਘ ਕੱਕਰਾਂ ‘ਚ ਕਣਕ ਨੂੰ ਪਾਣੀ ਲਾਉਂਦੇ ਠਾਰਿਆ।
ਆਖਦਾ ਸੀ ਧੀਏ ਲੈ ਕੇ ਐਤਕੀਂ ਵਿਛਾਈ ਦੇਊਂ, ਰੀਝ ਪੂਰੀ ਹੋਈ ਨਾ ਵਿਚਾਰਿਆ।
ਖ਼ਸਮਾਂ ਨੂੰ ਖਾਏ ਮੇਰੀ ਬਾਬਲਾ ਵਿਛਾਈ ਪਰ ਤੇਰਾ ਵੀ ਕਿਉਂ ਮੂੰਹ ਕੁਮਲਾਏ।
ਜਾਪਦਾ ਦਿਮਾਗ ਵਿੱਚ ਲਿਮਟਾਂ ਤੇ ਕੱਪੜੇ ਦੇ ਹੋਰ ਨਿੱਕੇ ਮੋਟੇ ਘੁੰਮਦੇ ਉਧਾਰ।
ਸੀਨੇ ‘ਚ ਅਲੇਹ ਦੇ ਕੰਡੇ ਵਾਂਗੂੰ ਚੁਭੀ ਤੇਰੇ ਬਾਪੂ, ਪਿੱਛੋਂ ਪਈ ਸੀ ਆਵਾਜ਼ ਜੋ ਬਾਜ਼ਾਰ।
ਔਖਾ ਸੌਖਾ ਪਾਣੀ ਵਾਂਗੂੰ ਪੀ ਗਿਆ ਤੂੰ ਘੁੱਟੋਬਾਟੀ,
ਬੋਲ ਤੱਤੇ ਠੰਢੇ ਸੇਠ ਨੇ ਸੁਣਾਏ।
ਪੁੱਤ ਜਿਵੇਂ ਧਨੀਆਂ ਦਾ ਪੈਸੇ ਦੇ ਗੁਮਾਨ ਵਿੱਚ, ਲੁੱਟ ਲੈਂਦਾ ਇੱਜਤਾਂ ਕੁਆਰੀਆਂ।
ਓਵੇਂ ਤੇਰੀ ਸੋਨੇ ਜਹੀ ਕਣਕ ਬਾਪੂ ਮੰਡੀ ਵਿੱਚ, ਰਲ਼ ਲੁੱਟੀ ਸੇਠਾਂ ਸਰਕਾਰੀਆਂ।
ਤੇਰੇ ਖੇਤੀਂ ਜੰਮੀ ਵੇ ਕਣਕ ਬਾਪੂ ਭੈਣ ਮੇਰੀ, ਕੌਣ ਸਾਡੀ ਇੱਜ਼ਤ ਬਚਾਏ।
ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।
ਸ਼ਮਸ਼ੇਰ ਨੇ ਤਾਂ ਇਹ ਗੀਤ ਗਾ ਕੇ ਕਈ ਕਾਲਜਾਂ ਦੇ ਕਵਿਤਾ ਮੁਕਾਬਲਿਆਂ ਚ ਟਰਾਫੀਆਂ ਵੀ ਜਿੱਤੀਆਂ। ਇਹ ਗੀਤ ਹੁਣ ਤੀਕ ਸਾਡੇ ਅੰਗ ਸੰਗ ਹੈ। ਸੁਰਿੰਦਰ ਗਿੱਲ ਦੇ ਛੱਟਾ ਚਾਨਣਾਂ ਦਾ ਤੇ ਕਸ਼ਮੀਰ ਕਾਦਰ ਦੇ ਗੀਤ ਜੇ ਸਾਡੀ ਗਲੀ ਆਵੇਂ ਮਿੱਤਰਾ ਵਾਂਗ।
ਪਿੰਡ ਮੱਲੋ ਕੇ ( ਨੇੜੇ ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ ਚ ਵੱਸਦਾ ਕਵੀ ਤੇ ਕਵੀਸ਼ਰ ਹੈ ਮੁਖਤਿਆਰ ਸਿੰਘ ਜ਼ਫ਼ਰ
15 ਅਗਸਤ 1947 ਨੂੰ ਜਨਮਿਆ ਨਾਨਕੇ ਪਿੰਡ ਨਾਥੇ ਵਾਲਾ ਤਹਿਸੀਲ ਬਾਘਾ ਪੁਰਾਣਾ(ਮੋਗਾ) ਵਿੱਚ ਪਿਤਾ ਜੀ ਸ. ਮੇਲਾ ਸਿੰਘ ਗਿੱਲ ਦੇ ਘਰ ਮਾਤਾ ਜੀ ਮਹਿੰਦਰ ਕੌਰ ਦੀ ਕੁਖੋਂ। ਸ਼ਾਇਰੀ ਚ ਉਸਤਾਦ ਸ਼੍ਰੋਮਣੀ ਕਵੀਸ਼ਰ ਸ: ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਤੇ ਸ. ਰਣਜੀਤ ਸਿੰਘ ਸਿੱਧਵਾਂ ਸਨ।
ਉਸ ਦੀਆਂ ਪ੍ਰਕਾਸ਼ਤ ਪੁਸਤਕਾਂ ਹਨ ਸ਼ਹੀਦ ਭਗਤ ਸਿੰਘ,ਗਦਰੀ ਬਾਬਾ ਗਾਂਧਾ ਸਿੰਘ ਕੱਚਰਭੰਨ ,ਗਾਡੀਰਾਹ(ਚਿੱਤੂ ਤੇ ਮਿੱਤੂ ਲੋਕ ਗਾਥਾ)ਦੋ ਉਜਾੜੇ (1947 ਤੇ 1984),ਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ,ਆਜ਼ਾਦੀ ਦੇ ਪਰਵਾਨੇ ਤੇ ਬੋਲ ਖੇਤਾਂ ਦੇ(ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਪ੍ਰਕਾਸ਼ਿਤ)
ਕੁਝ ਅਪ੍ਰਕਾਸ਼ਿਤ ਖਰੜੇ ਹਨ।
ਸੱਚ ਦਾ ਸੂਰਜ : ਗੁਰੂ ਨਾਨਕ,ਮਨੁੱਖਤਾ ਦੇ ਰਹਿਬਰ(ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੀਕ)ਕਾਫ਼ਲਾ ਮੁਰੀਦਾਂ ਦਾ (ਭਾਈ ਤਾਰੂ ਸਿੰਘ,
ਬਾਬਾ ਬੰਦਾ ਸਿੰਘ ਬਹਾਦਰ,ਮੀਰ ਮੰਨੂੰ ਦੀ ਜੇਲ੍ਹ)ਮਹਾਨ ਸੋਚ( ਭਗਤ ਕਬੀਰ, ਰਵੀਦਾਸ ਤੇ ਨਾਮਦੇਵ ਜੀ)ਜ਼ਿੰਦਗੀ ਦੇ ਗੀਤ( ਚੋਣਵੀਂ ਕਵਿਤਾ) ਪੂਰਨ ਭਗਤ,ਕੌਲਾਂ ਭਗਤਣੀ,ਬਾਬਾ ਆਦਮ ਜੀ,ਦੋਖੀ ਸੰਤਾਂ ਦੇ ਹਨ।
ਉਸ ਦੀਆਂ ਰੀਕਾਰਡਡ ਰਚਨਾਵਾਂ ਹਨ। ਰੂਹ ਪੰਜਾਬ ਦੀ (ਕਵੀਸ਼ਰੀ) ਕਲਿਆਣਾਂ ਦੇ ਯੋਧੇ (ਕਵੀਸ਼ਰੀ) ਮਰਦ ਕਾ ਚੇਲਾ :ਬਾਬਾ ਬੰਦਾ ਸਿੰਘ ਬਹਾਦਰ(ਕਵੀਸ਼ਰੀ) ਢਾਡੀ ਰਾਗ ਵਿੱਚ ਸਿੱਖੀ ਸਿਦਕ ਦਾ ਡੇਰਾ,ਗਦਰੀ ਬਾਬੇ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪੇਸ਼) ਧਰਮੀ ਮਾਂ ਪਾਪੀ ਪੁੱਤ
ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਤੋਂ ਅਨੇਕਾਂ ਯਾਦਗਾਰੀ ਪੇਸ਼ਕਾਰੀਆਂ ਕੀਤੀਆਂ ਹਨ। ਉਸ ਦਾ ਫੋਨ ਸੰਪਰਕ: 99145 48429 ਹੈ। ਗੱਲ ਕਰਿਉ, ਉਸ ਨੂੰ ਵੀ ਚੰਗਾ ਲੱਗੇਗਾ।
ਪਿੱਛੋਂ ਸੁੱਝੀ
ਜ਼ਫ਼ਰ ਦੇ ਇਸ ਗੀਤ ਬਾਰੇ ਸ਼ਮਸ਼ੇਰ ਸਿੰਘ ਸੰਧੂ ਦੱਸਦਾ ਹੈ ਕਿ ਪੜ੍ਹਨ ਵੇਲੇ ਕਾਲਜਾਂ ਦੇ ਅੰਤਰ ਕਾਲਿਜ ਕਵਿਤਾ/ਗੀਤ ਮੁਕਾਬਲਿਆਂ ਵਿੱਚ ਮੈਂ ਇਹ ਗੀਤ ਗਾ ਕੇ 10-12 ਵਾਰ ਫਸਟ ਆਇਆ ਤੇ ਟੀਮ ਰੂਪ ਵਿਚ ਅਨੇਕਾਂ ਟਰਾਫ਼ੀਆਂ ਵੀ ਜਿੱਤੀਆਂ । ਦੂਰਦਰਸ਼ਨ ਜਲੰਧਰ ਦੇ ਲਿਸ਼ਕਾਰਾ ਚ ਅਤੇ ਯੂਟਿਊਬ ਤੇ ਵੀ ਮੈਂ ਇਹ ਗੀਤ ਮੁਖਤਿਆਰ ਜ਼ਫ਼ਰ ਦਾ ਬਾਕਾਇਦਾ ਨਾਂ ਲੈ ਕੇ ਸੁਣਾਇਆ ਸੀ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.