ਸਿੱਖ ਕੌਮ ਦੇ ਮਹਾਨ ਯੋਧੇ ਅਤੇ ਕਿਸਾਨੀ ਦੇ ਮੁਕਤੀ ਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸੋਲ੍ਹਾਂ ਅਕਤੂਬਰ ਸੋਲ੍ਹਾਂ ਸੌ ਸੱਤਰ ਨੂੰ ਪੁਣਛ ਰਜ਼ੌਰੀ ਜੰਮੂ ਕਸ਼ਮੀਰ ਵਿੱਚ ਹੋਇਆ। ਰਾਜਪੂਤ ਘਰਾਣੇ ਵਿੱਚ ਪੈਦਾ ਹੋਇਆ ਤੀਰ ਅੰਦਾਜ਼ੀ ਦਾ ਮਾਹਿਰ ਲਛਮਣ ਦੇਵ ਆਪਣੇ ਹੱਥੋਂ ਸ਼ਿਕਾਰ ਹੋਈ ਹਿਰਨੀ ਦੇ ਪੇਟ ਵਿੱਚ ਤੀਰ ਨਾਲ ਮਰੇ ਬਚਿਆਂ ਦੇ ਦਰਦ ਨੂੰ ਦੇਖਕੇ ਬੈਰਾਗ ਦੇ ਰਸਤੇ ਪੈ ਗਿਆ। ਜਾਨਕੀ ਪ੍ਰਸਾਦ ਸਾਧੂ ਨਾਲ ਮੇਲ ਹੋਇਆ ਤਾਂ ਲਛਮਣ ਦੇਵ ਤੋਂ ਮਾਧੋ ਦਾਸ ਬੈਰਾਗੀ ਬਣ ਗਏ।ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨੇ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ।ਬਾਬਾ ਜੀ ਦੇ ਜੀਵਨ, ਸੋਚ, ਹਿੰਮਤ, ਕੁਰਬਾਨੀ ਅਤੇ ਜਜ਼ਬੇ ਨੂੰ ਦੇਖਕੇ ਸਰੀਰ ਦੇ ਲੂੰ ਕੰਢੇ ਖੜੇ ਹੋ ਜਾਂਦੇ ਆ,ਉਹ ਮਨੁੱਖਤਾ ਦੇ ਰਹਿਬਰ ਸਨ।ਬਾਬਾ ਜੀ ਜ਼ਿੰਦਗੀ ਦੇ ਤਿੰਨ ਪੜਾਵਾਂ ਵਿਚੋਂ ਲੰਘੇ।ਪਹਿਲਾ ਪੜਾਅ ਬਚਪਨ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨਾਲ ਹੋਏ ਮਿਲਾਪ ਤੱਕ, ਦੂਸਰਾ ਪੜਾਅ ਗੁਰੂ ਸਾਹਿਬ ਦੇ ਮਿਲਾਪ ਤੋਂ ਲੈ ਕੇ ਸਰਹਿੰਦ ਫ਼ਤਿਹ ਕਰਨ ਤੱਕ ਅਤੇ ਤੀਸਰਾ ਪੜਾਅ ਗੁਰਦਾਸ ਨੰਗਲ ਗੜੀ ਤੋਂ ਸ਼ਹੀਦੀ ਤੱਕ ਦਾ ਹੈ ।
ਇਹ ਰੂਹਾਨੀ ਇਤਫ਼ਾਕ ਸੀ ਕਿ ਰਾਜਸਥਾਨ ਵਿੱਚ ਮਹੰਤ ਜੈਤਰਾਮ ਬੈਰਾਗੀ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਧੋ ਦਾਸ ਬੈਰਾਗੀ ਬਾਰੇ ਪੂਰੀ ਜਾਣਕਾਰੀ ਦਿੱਤੀ।ਗੁਰੂ ਸਾਹਿਬ ਦਾ ਬਾਬਾ ਜੀ ਮਿਲਾਪ ਤਿੰਨ ਸਤੰਬਰ ਸਤਾਰਾਂ ਸੌ ਅੱਠ ਨੂੰ ਹੁੰਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਮਾਧੋ ਦਾਸ ਬੈਰਾਗੀ ਨੂੰ ਸਿੰਘ ਸਜ਼ਾ ਕੇ ਪੰਜਾਬ ਦੇ ਹਾਲਾਤ ਅਤੇ ਜ਼ਬਰ ਜ਼ੁਲਮ ਬਾਰੇ ਜਾਗਰੂਕ ਕਰਕੇ ਥਾਪੜਾ ਦਿੱਤਾ। ਮਨੋਵਿਗਿਆਨਕ ਤੌਰ ਤੇ ਭਗਤੀ ਦੇ ਨਾਲ ਸ਼ਕਤੀ ਦੇ ਸੁਮੇਲ ਦੀ ਲੋੜ ਤੇ ਚਾਨਣਾ ਪਾਕੇ ਪੰਜ ਤੀਰ ਪੰਜ ਸਿੰਘ, ਵੀਹ ਸਾਥੀ ਅਤੇ ਨਗਾਰਾ ਦੇਕੇ ਪੂਰਨ ਵਿਸ਼ਵਾਸ ਨਾਲ ਪੰਜਾਬ ਵੱਲ ਤੋਰਿਆ।ਗੁਰੂ ਸਾਹਿਬ ਨੇ ਬਾਬਾ ਜੀ ਅੰਦਰਲੇ ਜਜ਼ਬੇ ਨੂੰ ਪਹਿਚਾਣ ਲਿਆ ਸੀ ਜਾਣ ਲਿਆ ਸੀ।ਉਸ ਤੋਂ ਅੱਗੇ ਬਾਬਾ ਜੀ ਨੇ ਜੋ ਕੀਤਾ ਇਤਿਹਾਸ ਗਵ੍ਹਾ ਹੈ ਕਿ ਦੋ ਸਾਲ ਤੋਂ ਘੱਟ ਸਮੇਂ ਵਿੱਚ ਸੱਤ ਸੌ ਸਾਲਾਂ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕਰਕੇ ਬਾਬਾ ਜੀ ਨੇ ਗੌਰਵਮਈ ਇਤਿਹਾਸ ਦੀ ਰਚਨਾ ਕੀਤੀ।ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ। ਸਰਹਿੰਦ ਫ਼ਤਿਹ ਕੀਤੀ, ਹੱਲ ਵਾਹਕ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਮਾਲਕ ਬਣਾਇਆ।ਬਾਬਾ ਜੀ ਜਦੋਂ ਪਿੰਡਾਂ ਵਿੱਚ ਜਾਂਦੇ ਤਾਂ ਲੋਕਾਂ ਨੂੰ ਪ੍ਰੇਰਦੇ ਸਨ ਕਿ ਨਾ ਕਿਸੇ ਨੂੰ ਭੈਅ ਦਿਓ ਅਤੇ ਨਾ ਹੀ ਕਿਸੇ ਦਾ ਭੈਅ ਮੰਨੋ।
ਇਸੇ ਤਰ੍ਹਾਂ ਉਹ ਲੋਕਾਂ ਵਿੱਚ ਦਲੇਰੀ ਪੈਦਾ ਕਰਨ ਲਈ ਠੋਕਰ ਵੀ ਮਾਰਦੇ ਕਿ ਜਰਵਾਣਿਆਂ ਨਾਲੋਂ ਤੁਹਾਡੀ ਗਿਣਤੀ ਕਈ ਗੁਣਾਂ ਜ਼ਿਆਦਾ ਹੈ ਫਿਰ ਤੁਸੀਂ ਕਿਉਂ ਉਨ੍ਹਾਂ ਤੋਂ ਭੈਅ ਖਾਂਦੇ ਹੋ , ਇੱਥੇ ਤੁਸੀਂ ਕਸੂਰਵਾਰ ਹੋ।ਇਸ ਤਰ੍ਹਾਂ ਆਮ ਲੋਕਾਂ ਵਿੱਚ ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਲੈਣ ਦੀ ਚਾਹਤ ਅਤੇ ਸ਼ਕਤੀ ਉਪਜੀ । ਉਨ੍ਹਾਂ ਦੀ ਇਸੇ ਸੋਚ ਅਤੇ ਉੱਦਮ ਵਿਚੋਂ ਕਾਮਿਆਂ ਦੇ ਮਾਲਕ ਬਣਨ ਦਾ ਸੁਪਨਾ ਪੂਰਾ ਹੋਇਆ ਅਤੇ ਜਗੀਰਦਾਰੀ ਸਿਸਟਮ ਦਾ ਖਾਤਮਾ ਹੋਇਆ। ਸਰਹਿੰਦ ਫ਼ਤਿਹ ਕਰਨ ਸਮੇਤ ਵੱਖ ਵੱਖ ਲੜਾਈਆਂ ਜਿੱਤਣ ਉਪਰੰਤ ਉਨ੍ਹਾਂਂਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਸਿੱਕਾ ਜਾਰੀ ਕੀਤਾ ਅਤੇ ਮੁਖਲਸਗੜ੍ਹ ( ਲੋਹਗੜ੍ਹ) ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਥਾਪਿਆ।
ਮੁਗਲ ਰਾਜ ਦੇ ਖ਼ਾਤਮੇ ਲਈ ਲੜਾਈਆਂ ਦੌਰਾਨ ਉਹਨਾਂ ਮੁਸੀਬਤਾਂ ਮੁਸ਼ਕਲਾਂ ਦੇ ਬਾਵਜੂਦ ਹਿੰਮਤ ਦਲੇਰੀ ਨਾਲ ਟਾਕਰਾ ਕੀਤਾ। ਆਖਰੀ ਸਮੇਂ ਗੁਰਦਾਸ ਨੰਗਲ ਗੜੀ ਵਿੱਚ ਭੁੱਖੇ ਪਿਆਸੇ ਵੀ ਰਹੇ , ਪੱਤੇ ਖਾਕੇ ਗੁਜ਼ਾਰਾ ਕੀਤਾ ਪਰ ਆਪਣੇ ਸਿਦਕ ਉੱਪਰ ਪਰਪੱਕ ਰਹੇ ਉਹਨਾਂ ਦੀ ਗ੍ਰਿਫ਼ਤਾਰੀ ਉਪਰੰਤ ਸਮੇਂ ਦੇ ਹਾਕਮਾਂ ਸਾਹਮਣੇ ਉਹਨਾਂ ਸਿਰ ਨੀਵਾਂ ਨਹੀਂ ਕੀਤਾ ਸਗੋਂ ਕਿਹਾ ਕਿ ਮੇਰੇ ਨਾਲ ਉਹ ਸਲੂਕ ਕੀਤਾ ਜਾਵੇ ਤਾਂ ਉਹਨਾਂ ਚੜ੍ਹਦੀ ਕਲਾ ਵਿੱਚ ਰਹਿਕੇ ਕਿਹਾ ਕਿ ' ਹਾਥੀ ਤੇ ਪਿੰਜਰੇ 'ਚ ਸਵਾਰ ਹੋਕੇ ਆਏ , ਆਖਿਓ ਜਲਾਦ ਨੂੰ ਤਿਆਰ ਹੋਕੇ ਆਏ'। ਮੌਕੇ ਦੇ ਹਾਕਮਾ ਨੇ ਉਹਨਾਂ ਨਾਲ ਅਣਮਨੁੱਖੀ ਬਿਹਾਰ ਕੀਤਾ, ਤਸੀਹੇ ਦਿੱਤੇ , ਜ਼ਮੂਰਾਂ ਨਾਲ ਉਹਨਾਂ ਦਾ ਮਾਸ ਨੋਚਿਆ ,ਇੱਕ ਅੱਖ ਕੱਢੀ ਗਈ । ਉਹਨਾਂ ਦੇ ਚਾਰ ਸਾਲਾ ਸਪੁੱਤਰ ਅਜੈ ਸਿੰਘ ਨੂੰ ਉਹਨਾਂ ਦੀ ਗੋਦ ਵਿੱਚ ਬਠਾ ਕੇ ਕਿਹਾ ਕਿ ਆਪਣੇ ਪੁੱਤਰ ਨੂੰ ਤੁਸੀਂ ਖ਼ੁਦ ਕਤਲ ਕਰੋ, ਜਦੋਂ ਉਹਨਾਂ ਨਾ ਕੀਤਾ ਤਾਂ ਉਹਨਾਂ ਦੇ ਸਾਹਮਣੇ ਅਜੈ ਸਿੰਘ ਦਾ ਕਲੇਜਾ ਕੱਢਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ। ਬਾਬਾ ਜੀ ਨੇ ਆਖਰੀ ਦਮ ਤੱਕ ਸਿਰੜ ਨੂੰ ਕਾਇਮ ਰੱਖਿਆ ਅਤੇ ਸ਼ਹੀਦੀ ਪਾਈ। ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਦੁੱਤੀ ਹੈ। ਉਹ ਇੱਕੋ ਇੱਕ ਯੋਧੇ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਪੂਰਨ ਵਿਸ਼ਵਾਸ ਨਾਲ ' ਖ਼ਾਲਸਾ ਮੇਰੋ ਰੂਪ ਹੈ ਖ਼ਾਸ , ਖ਼ਾਲਸੇ ਮੇਂ ਹਮ ਕਰੇ ਨਿਵਾਸ' ਦੀ ਭਾਵਨਾ ਨਾਲ ਆਪਣੇ ਹੱਥੀਂ ਜਰਨੈਲ ਥਾਪਿਆ ਸੀ।
ਇਸ ਵਰ੍ਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਸਾਨੂੰ ਸਾਡੇ ਗੁਰੂਆਂ ਪੀਰਾਂ ਫਕੀਰਾਂ ਯੋਧਿਆਂ ਦੇ ਦਿਹਾੜੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵ ਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਸਮਾਂ ਉਹਨਾਂ ਨੂੰ ਭੁੱਲ ਜਾਂਦਾ ਹੈ।ਇਤਿਹਾਸ ਨੂੰ ਜਿਊਂਦਾ ਰੱਖਣ ਲਈ ਯੋਧਿਆਂ ਦੀ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਚਾਹੀਦੀ ਫਾਊਂਡੇਸ਼ਨ ਵੱਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਲੁਧਿਆਣਾ ਨੇੜਲੇ ਪਿੰਡ ਰਕਬਾ ਵਿੱਚ ਬਾਬਾ ਬੰਦਾ ਸਿੰਘ ਭਵਨ ਉਸਾਰਿਆ ਗਿਆ ਹੈ ਜਿੱਥੇ ਦੁਨੀਆਂ ਵਿੱਚ ਮਨੁੱਖਤਾ ਦੀ ਸੇਵਾ ਦਾ ਵਿਸ਼ਵ ਵਿੱਚ ਝੰਡਾ ਬੁਲੰਦ ਕਰਨ ਵਾਲੇ ਸਮਾਜ ਸੇਵਕ ਸ. ਸੁਰਿੰਦਰ ਪਾਲ ਸਿੰਘ ਓਬਰਾਏ ਨੇ 'ਸ਼ਬਦ ਪ੍ਰਕਾਸ਼ ਮਿਊਜ਼ੀਅਮ' ਦੀ ਇਮਾਰਤ ਚਾਲੀ ਲੱਖ ਰੁਪਏ ਨਾਲ ਬਣਵਾਈ ਹੈ ।
ਮੈਂ ਪੰਜਾਬ ਸਰਕਾਰ ਦਾ ਖ਼ਾਸ ਤੌਰ ਤੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦੀ ਹਾਂ ਜਿੰਨਾ ਨੇ ਸਾਡੀ ਬੇਨਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਤੇ ਸੋਲ੍ਹਾਂ ਅਕਤੂਬਰ ਦੀ ਸਰਕਾਰੀ ਛੱਟੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਦਿਨ ਸਰਕਾਰ ਵੱਲੋਂ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੇਰੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬ ਦੀ ਕਿਸੇ ਸਰਕਾਰੀ ਯੂਨੀਵਰਸਿਟੀ ਵਿੱਚ ਬਾਬਾ ਜੀ ਦੇ ਨਾਮ ਤੇ ਚੇਅਰ ਸਥਾਪਤ ਹੋਵੇ ਤਾਂ ਕਿ ਉਹਨਾਂ ਦੇ ਜੀਵਨ ਸੰਘਰਸ਼ ਬਾਰੇ ਹੋਰ ਖੋਜ ਹੋ ਸਕੇ।ਜਿਸ ਰਸਤੇ ਉਹ ਚੱਪੜਚਿੜੀ ਆਏ ਉਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਹੋਵੇ ।ਜੰਮੂ ਕਸ਼ਮੀਰ ( ਜਨਮ ) ਤੋਂ ਲੈ ਕੇ ਦਿੱਲੀ (ਸ਼ਹਾਦਤ) ਤੱਕ ਦਾ ਰਸਤਾ ਬਾਬਾ ਜੀ ਨੂੰ ਸਮਰਪਿਤ ਹੋਵੇ।ਕੇਂਦਰ ਸਰਕਾਰ ਦੇ ਨਾਲ ਨਾਲ ਹਰਿਆਣਾ ,ਜੰਮੂ, ਕਸ਼ਮੀਰ ਦੇ ਪ੍ਰਸ਼ਾਸਨ ਨੂੰ ਵੀ ਬਾਬਾ ਜੀ ਨਾਲ ਸਬੰਧਿਤ ਥਾਵਾਂ ਤੇ ਬਾਬਾ ਜੀ ਨੂੰ ਸਮਰਪਿਤ ਸਮਾਗਮ ਕਰਵਾਏ ਜਾਣ ।
ਆਓ , ਮਨੁੱਖਤਾ ਦੇ ਰਹਿਬਰ ਸਿਦਕੀ ਗੁਰੂ ਦੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਜਦਾ ਕਰੀਏ ਅਤੇ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਸੱਚ ਹੱਕ ਉੱਪਰ ਪਹਿਰਾ ਦੇਈਏ।
-
ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ
mediapanjab@gmail.com
98159 09211
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.