ਆਮ ਤੌਰ 'ਤੇ ਇਹ ਧਾਰਨਾ ਪਾਈ ਜਾਂਦੀ ਹੈ ਕਿ 'ਵਹਿਮ' ਦਾ ਕੋਈ ਇਲਾਜ ਨਹੀਂ ਪਰ ਅੱਜ ਦੇ ਵਿਗਿਆਨਕ ਯੁੱਗ ਵਿਚ ਇਹ ਧਾਰਨਾ ਬਿਲਕੁਲ ਗਲਤ ਹੈ। ਵਹਿਮ, ਭਰਮ, ਭੁਲੇਖੇ, ਸ਼ੰਕੇ ਇਕ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਦੁਨੀਆਂ 'ਤੇ ਦੋ ਤਰ੍ਹਾਂ ਦੇ ਇਨਸਾਨ ਪਾਏ ਜਾਂਦੇ ਹਨ। ਇਕ ਕਮਜ਼ੋਰ ਮਾਨਸਿਕਤਾ ਵਾਲੇ ਅਤੇ ਦੂਜੇ ਤਕੜੇ ਮਨ ਵਾਲੇ। ਇਕ ਅਗਾਂਹਵਧੂ ਦੂਸਰੇ ਪਿਛਾਂਹਖਿੱਚੂ। ਤਕੜੇ ਮਨ ਵਾਲੇ ਲੋਕ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ। ਦੁਚਿੱਤੀ ਜਾਂ ਦੁਬਿਧਾ 'ਚ ਫਸਿਆ ਮਨੁੱਖ ਕਦੇ ਵੀ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕਦਾ ਅਤੇ ਅਜਿਹੇ ਮਨੁੱਖ ਹੀ ਸ਼ਿਕਾਰ ਹੁੰਦੇ ਹਨ ਵਹਿਮ ਦਾ।
ਜਦੋਂ ਸਫ਼ਲਤਾ ਕਿਸੇ ਦੇ ਹੱਥ ਨਹੀਂ ਲੱਗਦੀ ਤਾਂ ਉਸ ਵਿਚ ਹੀਣ ਭਾਵਨਾ ਜਨਮ ਲੈ ਲੈਂਦੀ ਹੈ, ਜੋ ਉਸਦੀ ਮਾਨਸਿਕਤਾ ਨੂੰ ਹੋਰ ਵੀ ਕਮਜ਼ੋਰ ਕਰਦੀ ਹੈ। ਅਜਿਹੇ ਮਨੁੱਖਾਂ ਵਿਚ ਆਮ ਤੌਰ 'ਤੇ ਡਰ ਵਾਲੀ ਸਥਿਤੀ ਹਰ ਵੇਲੇ ਪੈਦਾ ਹੁੰਦੀ ਰਹਿੰਦੀ ਹੈ। ਜ਼ਿੰਦਗੀ ਵਿਚ ਹਾਰਿਆ ਹੋਇਆ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਵਿੱਲ ਪਾਵਰ ਦੀ ਘਾਟ ਕਾਰਨ ਉਸ ਵਿਚ ਅਜਿਹੇ ਡਰ, ਵਹਿਮ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਜਿਵੇਂ ਕਿਸੇ ਨੂੰ ਆਵਾਜ਼ਾਂ ਸੁਣਾਈ ਦੇਣੀਆਂ, ਮੱਖੀਆਂ ਭੀਂ-ਭੀਂ ਕਰਨੀਆਂ ਜਾਂ ਬੀਂਡਾ ਬੋਲਣਾ ਜਾਂ ਜਿਵੇਂ ਜਹਾਜ਼ ਚਲਦਾ ਹੋਵੇ, ਕਿਸੇ ਚੀਜ਼ ਦੇ ਭੁਲੇਖੇ ਪੈਣੇ, ਅਸਲ ਵਿਚ ਉਹ ਚੀਜ਼ ਉੱਥੇ ਮੌਜੂਦ ਨਹੀਂ ਹੁੰਦੀ, ਰੱਸੀ ਨੂੰ ਸੱਪ ਕਹਿਣਾ, ਹਨੇਰੇ ਤੋਂ ਡਰਨਾ ਜਾਂ ਇੰਝ ਮਹਿਸੂਸ ਹੋਣਾ ਜਿਵੇਂ ਉਹ ਦੋ ਜਣੇ ਹਨ ਜਾਂ ਕੋਈ ਉਹਦੇ ਪਿੱਛੇ ਤੁਰਿਆ ਆਉਂਦੈ ਆਦਿ ਚੀਜ਼ ਨੂੰ ਵਾਰ-ਵਾਰ ਟੋਹਣਾ, ਜਿੰਦਰਾ ਲਗਾ ਕੇ ਵਾਰ-ਵਾਰ ਉਹਨੂੰ ਦੇਖਣਾ ਕਿ ਜਿੰਦਰਾ ਲੱਗ ਗਿਆ ਜਾਂ ਨਹੀਂ। ਅੱਜ ਕੱਲ੍ਹ ਸਭ ਤੋਂ ਵੱਡਾ ਵਹਿਮ ਜੋ ਲੋਕਾਂ ਵਿਚ ਪਾਇਆ ਜਾ ਰਿਹਾ ਹੈ, ਉਹ ਹੈ ਕੈਂਸਰ ਦਾ ਡਰ। ਬੇਸ਼ੱਕ ਕਿਸੇ ਦੇ ਪੇਟ ਵਿਚ ਮਾਮੂਲੀ ਜਿਹਾ ਦਰਦ ਕਿਉਂ ਨਾ ਹੁੰਦਾ ਹੋਵੇ ਪਰ ਇਕਦਮ ਉਸ ਦੇ ਮਨ ਵਿਚ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਉਸ ਨੂੰ ਤਾਂ ਕੈਂਸਰ ਹੋ ਗਿਆ। ਇਹ ਵੀ ਇਕ ਕਮਜ਼ੋਰ ਮਨ ਦੀ ਨਿਸ਼ਾਨੀ ਹੈ। ਕਰੋਨਾ ਦੇ ਡਰ ਕਾਰਨ ਵੀ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਵਹਿਮ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ ।
ਬੇਸ਼ੱਕ ਮੈਡੀਕਲ ਸਾਇੰਸ ਨੇ ਇਨ੍ਹਾਂ ਬਿਮਾਰੀਆਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਹੈ ਜਿਵੇਂ ਸਾਇਜੋਫਰੇਨੀਆ, ਕੰਪਲਸਿਵ ਨਿਊਰੋਸਿਸ, ਡੈਲਿਊਜ਼ਨ, ਹੈਲੀਇਉਸ਼ੀਨੇਸ਼ਨ, ਇਲਿਊਜ਼ਨ ਆਦਿ ਪਰ ਲੋੜ ਤਾਂ ਇਹਦੇ ਕਾਰਨ ਨੂੰ ਜਾਣਨ ਦੀ ਹੈ।
ਇਕ ਬੱਚਾ ਜਿਸਦਾ ਬਾਪ ਬਹੁਤ ਸਖ਼ਤ ਸੁਭਾਅ ਦਾ ਹੈ, ਉਹ ਆਪਣੇ ਬੱਚੇ ਨੂੰ ਆਪਣੀ ਆਗਿਆ ਤੋਂ ਬਿਨਾਂ ਖੰਘਣ ਵੀ ਨਹੀਂ ਦਿੰਦਾ। ਬੱਚੇ ਦਾ ਮਨ ਹੋਰ ਬੱਚਿਆਂ ਵਾਂਗ ਉਡਾਰੀਆਂ ਮਾਰਨ ਨੂੰ ਕਰਦਾ ਹੈ ਪਰ ਉਸਦਾ ਬਾਪ ਉਸ ਉਪਰ ਆਪਣਾ 'ਫੋਕਾ ਰੋਅਬ' ਪਾ ਕੇ ਉਸਨੂੰ ਖੇਡਣ ਤੋਂ ਰੋਕਦਾ ਹੈ। ਬੱਚਾ ਆਪਣੇ ਬਾਪ ਮੂਹਰੇ ਬੋਲ ਨਹੀਂ ਸਕਦਾ ਕਿਉਂਕਿ ਉਹ ਪਹਿਲਾਂ ਹੀ ਮਨ ਦਾ ਕਮਜ਼ੋਰ ਹੈ। ਬਹੁਤੇ ਸਿਆਣਾ ਹੋਣਾ ਵੀ ਵਹਿਮ ਦਾ ਕਾਰਨ ਬਣਦਾ ਹੈ।
ਬੇਸ਼ੱਕ ਬੱਚੇ ਦਾ ਬਾਪ ਅੱਗੇੇ ਬੋਲਣਾ ਅਭਾਗਾ ਹੈ ਪਰ ਤਕੜੇ ਮਨ ਵਾਲਾ ਬੱਚਾ ਆਪਣੀ ਜਾਇਜ਼ ਮੰਗ ਲਈ ਬਾਪ ਦਾ ਵਿਰੋਧ ਕਰੇਗਾ। ਅਗਰ ਉਹ ਕਮਜ਼ੋਰ ਮਨ ਦਾ ਹੈ ਤਾਂ ਉਹ ਚੁੱਪ ਕਰਕੇ ਸਹਿਣ ਕਰ ਜਾਏਗਾ ਅਤੇ ਅੰਤ ਨੂੰ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਵਹਿਮਾਂ-ਭਰਮਾਂ ਭੁਲੇਖਿਆਂ ਵਿਚ ਆਪਣੀ ਜ਼ਿੰਦਗੀ ਬਤੀਤ ਕਰੇਗਾ। ਜੋ ਉਡਾਰੀਆਂ ਉਸਦੇ ਬਾਲ ਮਨ ਨੇ ਭਰਨੀਆਂ ਸਨ, ਉਹ ਉਸਦਾ ਸੁਪਨਾ ਬਣ ਕੇ ਰਹਿ ਜਾਣਗੀਆਂ ਅਤੇ ਉਹ ਖ਼ਿਆਲਾਂ ਵਿਚ ਖੋਇਆ ਉਨ੍ਹਾਂ ਗੱਲਾਂ ਦਾ ਚਿੰਤਨ ਕਰੇਗਾ, ਜਿਨ੍ਹਾਂ ਤੋਂ ਉਹ ਵਾਂਝਾ ਰਹਿ ਗਿਆ ਹੈ।
ਇਸ ਤਰ੍ਹਾਂ ਦੇ ਹੋਰ ਵੀ ਕਈ ਕਾਰਨ ਹਨ। ਇਨ੍ਹਾਂ ਸਾਰੇ ਰੋਗਾਂ ਦਾ ਕਾਰਨ 'ਮਨ ਦੇ ਵਲਵਲੇ' ਜੋ ਮਨ 'ਚ ਹੀ ਦਬ ਜਾਂਦੇ ਹਨ, ਕੁਝ ਮਜ਼ਬੂਰੀਵੱਸ ਅਤੇ ਕੁਝ ਹੋਰ ਕਾਰਨਾਂ ਕਰਕੇ ਇਨ੍ਹਾਂ ਮਾਨਸਿਕ ਰੋਗਾਂ ਦੀ ਸ਼ੁਰੂਆਤ ਹੁੰਦੀ ਹੈ। ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਲੋਕ ਸਾਧਾਂ-ਸੰਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਇਨ੍ਹਾਂ ਮਜ਼ਬੂਰ ਲੋਕਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਭੂਤ-ਪ੍ਰੇਤ ਕੁੱਝ ਵੀ ਨਹੀਂ ਹੁੰਦਾ। ਇਹ ਵੀ ਕਮਜ਼ੋਰ ਮਨ ਦੀ ਨਿਸ਼ਾਨੀ ਹੈ। ਫਰਜ਼ ਕਰੋ ਕਿਸੇ ਬੱਚੇ ਨੇ ਜਾਂ ਕਿਸੇ ਵੱਡੇ ਨੇ ਆਪਣੀਆਂ ਅੱਖਾਂ ਸਾਹਮਣੇ ਕਿਸੇ ਦੀ ਦਰਦਨਾਕ ਮੌਤ ਹੁੰਦੀ ਦੇਖੀ ਹੋਵੇ, ਜੋ ਉਸ ਨੂੰ ਜਾਣਦਾ ਵੀ ਹੋਵੇ ਤਾਂ ਉਹ ਮਰਿਆ ਹੋਇਆ ਉਸ ਦੇਖਣ ਵਾਲੇ ਵਿਚ ਭੂਤ ਬਣ ਕੇ ਆ ਸਕਦਾ ਹੈ ਕਿਉਂਕਿ ਦੋਵੇਂ ਵਿਚ ਦੂਜੇ ਨੂੰ ਜਾਣਦੇ ਸਨ। ਆਮ ਤੌਰ 'ਤੇ ਭੂਤ-ਪ੍ਰੇਤ ਉਸੇ ਦੇ ਹੀ ਦਿਸਦੇ ਹਨ, ਜਿਸਨੂੰ ਅਸੀਂ ਜਾਣਦੇ ਹੋਈਏ ਕਿਉਂਕਿ ਉਸ ਦੀਆਂ ਸ਼ਕਲਾਂ, ਆਵਾਜ਼ਾਂ ਸਾਡੇ ਜ਼ਿਹਨ ਵਿਚ ਘੁੰਮਦੀਆਂ ਰਹਿੰਦੀਆਂ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਤਾਂ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ। ਸਾਧ ਸੰਤ ਵੀ ਇਹੀ ਗੱਲ ਕਹਿੰਦੇ ਨਜ਼ਰ ਆਉਣਗੇ ਕਿ ਤੁਹਾਡੇ ਘਰ ਵਿਚ ਜਾਂ ਗੁਆਂਢ ਵਿਚ ਜੀਹਦੀ ਪਿੱਛੇ ਜਿਹੇ ਮੌਤ ਹੋਈ ਸੀ, ਉਹਦਾ ਭੂਤ ਇਹਦੇ ਵਿਚ ਬੋਲਦਾ ਹੈ। ਉਹ ਕਦੇ ਵੀ ਨਹੀਂ ਕਹਿਣਗੇ ਕਿ ਇਹ ਭੂਤ ਕਿਸੇ ਅਣਪਛਾਤੇ ਦਾ ਹੈ।
ਅਜਿਹੇ ਵਹਿਮ-ਭਰਮ ਕਿਸੇ ਵੀ ਮਨੁੱਖ ਵਿਚ ਉਸ ਵੇਲੇ ਜਨਮ ਲੈ ਸਕਦੇ ਹਨ, ਜਦ ਉਹ ਸੱਚੀਂ-ਮੁੱਚੀਂ ਕਿਸੇ ਬਿਮਾਰੀ ਤੋਂ ਪੀੜਤ ਹੋਵੇ। ਫ਼ਰਜ਼ ਕਰੋ ਕਿਸੇ ਆਦਮੀ ਨੂੰ ਟੀ.ਬੀ. ਹੋ ਗਈ। ਉਸ ਇਨਸਾਨ ਦੀ ਸਾਰੀ ਸਰੀਰਕ ਸ਼ਕਤੀ ਤਾਂ ਟੀ.ਬੀ ਨੇ ਕਮਜ਼ੋਰ ਕਰ ਦਿੱਤੀ। ਨਾਲ ਹੀ ਨਾਲ ਉਹ ਮਾਨਸਿਕ ਤੌਰ 'ਤੇ ਵੀ ਕਮਜ਼ੋਰ ਹੋ ਗਿਆ। ਉਸ ਵੇਲੇ ਇਹ ਵਹਿਮ ਉਸ ਇਨਸਾਨ ਵਿਚ ਸੁਭਾਵਿਕ ਉਤਪੰਨ ਹੋ ਜਾਂਦਾ ਹੈ। ਜਦੋਂ ਕਈ ਵਾਰ ਅਸੀਂ ਇਹ ਸੁਣਦੇ ਹਾਂ ਕਿ ਇਸਨੂੰ ਤਾਂ ਕੋਈ ਦਵਾਈ ਲੱਗਦੀ ਹੀ ਨਹੀਂ ਸੀ। ਜਦੋਂ ਦਾ ਫਲਾਨੇ ਸੰਤ ਤੋਂ ਤਵੀਤ ਕਰਵਾਇਆ, ਉਦੋਂ ਦੀ ਦਵਾਈ ਲੱਗ ਗਈ। ਨਾਲੇ ਸੰਤਾਂ ਨੇ ਕਿਹਾ ਸੀ ਕਿ ਕਸਰ ਤਾਂ ਤਵੀਤ ਨੇ ਦੂਰ ਕਰ ਦੇਣੀ ਏ ਪਰ ਇਹਦੀ ਦਵਾਈ ਬੰਦ ਨਹੀਂ ਕਰਨੀ। ਸੋ ਜਿਹੜੇ ਮਰੀਜ਼ ਕਿਸੇ ਭਿਆਨਕ ਰੋਗ ਤੋਂ ਪੀੜਤ ਹੋਣ ਜਿਵੇਂ ਕੈਂਸਰ, ਟੀ.ਬੀ., ਸ਼ੂਗਰ, ਦਿਲ ਦੇ ਰੋਗ। ਇਹਨਾਂ ਬਿਮਾਰੀਆਂ ਦੌਰਾਨ ਇਨਸਾਨ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ। ਮਨ ਅਤੇ ਸਰੀਰ ਇਕ ਦੂਜੇ ਦੇ ਅਨੁਸਾਰ ਚਲਦੇ ਹਨ। ਜੇ ਸਰੀਰ ਬੀਮਾਰ ਤਾਂ ਮਨ ਬੀਮਾਰ, ਜੇ ਮਨ ਬੀਮਾਰ ਤਾਂ ਸਰੀਰ ਹੋਰ ਬੀਮਾਰ, ਸੋ ਲੋੜ ਹੈ ਵਿਚਾਰ ਕਰਨ ਦੀ, ਆਪਣੇ ਮਨ ਨੂੰ ਤਕੜਾ ਕਰਨ ਦੀ। ਚੰਗੀ ਸੋਚ ਰੱਖਣ ਨਾਲ, ਚੰਗੀਆਂ ਕਿਤਾਬਾਂ ਪੜ੍ਹਨ ਨਾਲ, ਰੱਬ ਦਾ ਸਿਮਰਨ ਕਰਨ ਨਾਲ, ਦੂਜਿਆਂ ਦਾ ਭਲਾ ਕਰਨ ਨਾਲ, ਪਿਆਰ ਮੁਹੱਬਤ ਨਾਲ ਮਨ ਤਕੜਾ ਹੋ ਜਾਂਦਾ ਹੈ।
ਸੋ ਵਹਿਮਾਂ-ਭਰਮਾਂ 'ਚ ਫਸੇ ਮਨੁੱਖ ਨੂੰ ਲੋੜ ਹੁੰਦੀ ਹੈ ਮਾਨਸਿਕ ਹੁਲਾਰੇ ਦੀ, ਜੋ ਉਸਦੇ ਦੋਸਤ-ਮਿੱਤਰ, ਸਕੇ-ਸਬੰਧੀ ਦੇ ਸਕਦੇ ਹਨ, ਬਜਾਏ ਕਿ ਸਾਧਾਂ-ਸੰਤਾਂ ਦੇ ਚੱਕਰਾਂ 'ਚ ਪਏ ਤੋਂ। ਹੋਮਿਓਪੈਥੀ ਜਿਸਦੀ ਥਿਊਰੀ ਹੀ ਮਨ 'ਤੇ ਆਧਾਰਿਤ ਹੈ, ਵਿਚ ਅਜਿਹੀਆਂ ਦਵਾਈਆਂ ਹਨ, ਜੋ ਮਨੁੱਖੀ ਮਨ ਨੂੰ ਬਦਲ ਕੇ ਰੱਖ ਦਿੰਦੀਆਂ ਹਨ। ਆਓ, ਆਪਣੇ ਮਨ ਦੇ ਹਨ੍ਹੇਰਿਆਂ ਨੂੰ ਦੂਰ ਕਰੀਏ ਤਾਂ ਕਿ ਮੱਸਿਆ ਦੀ ਕਾਲੀ ਰਾਤ ਵੀ ਪੂਰਨਮਾਸ਼ੀ ਬਣ ਜਾਵੇ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.