ਇਕੱਲੇ ਕਿਸਾਨੀ ਸੰਘਰਸ਼ ਦੀ ਹੀ ਗੱਲ ਨਹੀਂ ਆਪਣੇ ਦੇਸ਼ ਵਿਚ ਹਰ ਮਸਲੇ 'ਤੇ ਡਰਾਮੇ ਕਰਨ ਵਿਚ ਬੜੇ ਪਰਪੱਕ ਹੋ ਗਏ ਹਾਂ ਅਸੀਂ। ਜਿੱਥੇ ਫ਼ੋਟੋਆਂ, ਨਾਮਾਂ, ਚਰਚਾਵਾਂ ਦਾ ਬੋਲਬਾਲਾ ਹੋਵੇ ਉੱਥੇ ਅਸੀਂ ਜ਼ਿਆਦਾ ਇਕੱਠੇ ਹੋ ਕੇ ਹਾ-ਹੱਲਾ ਕਰਦੇ ਹਾਂ, ਛੁਪੇ ਰਹਿਣ ਦੀ ਚਾਹ ਤਾਂ ਸਾਡੇ ਵਿਚੋਂ ਮਨਫੀ ਹੀ ਹੋ ਗਈ ਹੈ। ਖੈਰ ਸਿੱਧੀ ਮੁੱਦੇ ਦੀ ਗੱਲ ਕਰੀਏ। ਮੈਂ ਖੇਤੀ ਬਿੱਲਾਂ ਦੇ ਫ਼ਾਇਦੇ-ਨੁਕਸਾਨਾਂ ਬਾਰੇ ਤਾਂ ਦੋ-ਟੁੱਕ ਕੋਈ ਗੱਲ ਨਹੀਂ ਕਹਿ ਸਕਦਾ ਹਾਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਭਰ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਨੇ ਅੰਦੋਲਨ ਆਰੰਭਿਆ ਹੋਇਆ ਹੈ ਇਹ ਅਸਲ ਅੰਦੋਲਨ ਨਾਲੋਂ ਹੁਣ ਡਰਾਮਾ ਕਿਤੇ ਵਧੇਰੇ ਲੱਗ ਰਿਹਾ। ਕੌਣ ਨਹੀਂ ਜਾਣਦਾ ਕਿ ਮੋਦੀ ਸਾਹਿਬ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਹਨ, ਉਹ ਦਿੱਲੀ ਵਿਚ ਰਹਿੰਦੇ ਹਨ, ਉਨ੍ਹਾਂ ਦਾ ਘਰ ਕਿਥੇ ਕ ਹੈ...ਵਗ਼ੈਰਾ ਵਗ਼ੈਰਾ। ਅੱਜ ਜਦੋਂ ਭਾਜਪਾ ਦੇ ਲੀਡਰ ਵਾਰ ਵਾਰ ਕਹਿ ਰਹੇ ਹਨ ਕਿ ਸਾਡੇ ਨਾਲ਼ ਟੇਬਲ ਟਾਕ ਕਰੋ ਫਿਰ ਕਿਉਂ ਅਸੀਂ ਪੂਰੇ ਪੰਜਾਬ ਵਿਚ ਹੱਲਾ-ਗੁੱਲਾ ਕਰਨ 'ਤੇ ਉੱਤਰੇ ਹੋਏ ਹਾਂ। ਮੋਦੀ ਸਾਹਿਬ ਕੋਈ ਜੰਗਲ 'ਚੋਂ ਭੱਜਿਆ ਹੋਇਆ ਸ਼ੇਰ ਤਾਂ ਨਹੀਂ, ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਹਨ, ਦੇਸ਼ ਦੇ ਲੋਕਾਂ ਦੀ ਗੱਲ ਸੁਣਨੀ ਉਨ੍ਹਾਂ ਦਾ ਫ਼ਰਜ਼ ਬਣਦਾ ਹੈ, ਫਿਰ ਕਿਉਂ ਅਸੀਂ ਸਿੱਧਾ ਉਨ੍ਹਾਂ ਨਾਲ ਮਿਲ ਕੇ ਗੱਲ ਕਰਨ ਦੀ ਬਜਾਏ ਖੱਬੇ ਸੱਜੇ ਭੱਜੇ ਫਿਰਦੇ ਹਾਂ। ਅੱਜ ਉਹ ਲੀਡਰ ਜਿਨ੍ਹਾਂ ਨੇ ਕਦੇ ਕਹੀ ਜਾਂ ਹਲ਼ ਨੂੰ ਹੱਥ ਨਹੀਂ ਲਾ ਕੇ ਵੇਖਿਆ ਹੋਣਾ ਉਹ ਟਰੈਕਟਰ 'ਤੇ ਚੜ੍ਹ ਕੇ ਆਪਣੇ ਆਪ ਦੇ ਅਸਲ ਜੱਟ ਹੋਣ ਦਾ ਜਿਵੇਂ ਸਬੂਤ ਪੇਸ਼ ਕਰ ਰਹੇ ਹਨ, ਜਦੋਂ ਇਹ ਅਣਜਾਣ ਜਿਹੇ ਲੋਕ ਟਰੈਕਟਰ 'ਤੇ ਬੈਠ ਕੇ ਆਉਂਦੇ ਹਨ ਤਾਂ ਮੈਨੂੰ ਤਾਂ ਡਰ ਲੱਗਣ ਲੱਗ ਪੈਂਦਾ ਬਈ ਕਿਤੇ ਕਿਸੇ ਗ਼ਰੀਬ ਦੇ ਉੱਤੇ ਹੀ ਨਾ ਚਾੜ੍ਹ ਦੇਣ। ਸਾਡੇ ਵੱਲੋਂ ਇਸ ਤਰ੍ਹਾਂ ਦੂਰ ਦੂਰ ਹੀ ਲਲਕਾਰੇ ਮਾਰਦੇ ਫਿਰਨਾ ਕੋਈ ਬਹੁਤਾ ਲਾਹੇਵੰਦ ਸੌਦਾ ਨਹੀਂ, ਇਹ ਤਾਂ ਇੰਝ ਲੱਗਦਾ ਜਿਵੇਂ ਕੋਈ ਭਲਵਾਨ ਤੂੜੀ ਵਾਲੇ ਕੋਠੇ 'ਚ ਵੜ ਕੇ ਡੰਡ ਬੈਠਕਾਂ ਮਾਰ ਰਿਹਾ ਹੋਵੇ ਜਦੋਂ ਮੈਦਾਨ 'ਚ ਜਾ ਕੇ ਕੁਸ਼ਤੀ ਲੜਨ ਦਾ ਸਮਾਂ ਆਵੇ ਫਿਰ ਉੱਥੇ ਪਹੁੰਚੇ ਹੀ ਨਾ। ਕਿਸੇ ਪਿੰਡ ਦੇ ਆਮ ਬਜ਼ੁਰਗ ਕਿਸਾਨ ਬਾਰੇ ਤਾਂ ਕਹਿ ਸਕਦੇ ਹਾਂ ਕਿ ਉਹ ਵਿਚਾਰਾ ਸਿੱਧਾ ਕੇਂਦਰੀ ਸਰਕਾਰ ਜਾਂ ਮੋਦੀ ਸਾਹਿਬ ਨਾਲ ਕੀ ਗੱਲ ਕਰੇ, ਪਰ ਜੇ ਦੇਸ਼ ਦੇ ਸਾਂਸਦ, ਮੁੱਖ ਮੰਤਰੀ, ਐਮਐਲਏ ਵੀ ਦਿੱਲੀ ਜਾ ਕੇ ਮਾਣਯੋਗ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਬਜਾਏ ਪੰਜਾਬ ਦੀਆਂ ਗਲੀਆਂ-ਬਜ਼ਾਰਾਂ ਵਿਚ ਜਲੂਸ ਕੱਢਦੇ ਫਿਰਨ ਤਾਂ ਤੇ ਰੱਬ ਹੀ ਰਾਖਾ ਹੈ ਸਾਡੇ ਦੇਸ਼ ਦਾ ਤੇ ਸਾਡੇ ਲੀਡਰਾਂ ਦੀ ਸਿਆਣਪ ਦਾ। ਸਾਡਾ ਗ਼ੁੱਸਾ ਜਾਇਜ਼ ਹੈ ਪਰ ਗ਼ੁੱਸੇ ਹੋਈ ਸੁਆਣੀ ਜੇਕਰ ਇੱਟ ਮਾਰ ਕੇ ਆਪਣੀ ਹੀ ਤੌੜੀ ਭੰਨ ਸੁੱਟੇ ਫਿਰ ਕੱਲ੍ਹ ਨੂੰ ਸਾਗ ਕਿਸ ਭਾਂਡੇ 'ਚ ਬਣਾਵੇਗੀ, ਸ਼ਾਇਦ ਇਹੋ ਜਿਹੀਆਂ ਹਰਕਤਾਂ ਹੀ ਅਸੀਂ ਟਰੈਕਟਰਾਂ ਨੂੰ ਅੱਗਾਂ ਲਾ ਕੇ ਕਰ ਰਹੇ ਹਾਂ, ਮੇਰਾ ਖ਼ਿਆਲ ਹੈ ਜਿਹੜਾ ਬੰਦਾ ਲੱਖਾਂ ਰੁਪਏ ਦਾ ਆਪਣਾ ਟਰੈਕਟਰ ਫ਼ੂਕ ਸਕਦਾ ਹੈ, ਉਹ ਅਸਲੀ ਮੱਧਵਰਗੀ ਕਿਸਾਨ ਨਹੀਂ ਹੋ ਸਕਦਾ, ਕੋਈ ਧਨਾਢ ਹੀ ਹੋਵੇਗਾ। ਟੈਲੀਵਿਜ਼ਨ 'ਤੇ ਚੱਲ ਰਹੇ ਸਾਡੇ ਨਾਪਸੰਦੀ ਦੇ ਕਿਸੇ ਪ੍ਰੋਗਰਾਮ ਤੋਂ ਗ਼ੁੱਸੇ ਹੋ ਕੇ ਆਪਣਾ ਟੈਲੀਵਿਜ਼ਨ ਹੀ ਭੰਨ ਸੁੱਟਣਾ ਸ਼ਾਇਦ ਸਿਆਣਪ ਤਾਂ ਨਹੀਂ। ਨਾਲੇ ਆਪਾਂ ਆਪਣਾ ਸਮਾਨ ਫ਼ੂਕ ਕੇ ਕਿਸੇ ਦਾ ਕੀ ਵਿਗਾੜ ਲਵਾਂਗਾ, ਨੁਕਸਾਨ ਤਾਂ ਸਾਡਾ ਹੀ ਹੁੰਦਾ ਹੈ। ਇਸੇ ਤਰ੍ਹਾਂ ਰੇਲਾਂ ਤੇ ਸੜਕਾਂ ਜਾਮ ਕਰਕੇ ਅਸੀਂ ਕਿਹੜੇ ਲੀਡਰ ਨੂੰ ਨੁਕਸਾਨ ਪਹੁੰਚਾਇਆ, ਕਿਸ ਲੀਡਰ ਦੀ ਧੀ ਜਾਂ ਮੁੰਡਾ ਨੇ ਰੇਲ ਚੜ੍ਹ ਕੇ ਜਗਾਧਰੀ ਜਾਂ ਮਦਰਾਸ ਨੂੰ ਜਾਣਾ ਸੀ, ਉਨ੍ਹਾਂ ਦੇ ਜਹਾਜ਼ ਤਾਂ ਉਸੇ ਤਰ੍ਹਾਂ ਚੱਲਦੇ ਰਹੇ, ਉਨ੍ਹਾਂ ਦਾ ਆਪਾਂ ਕੀ ਕਰ ਲਿਆ।
ਕਲਾਕਾਰ ਵੀਰ, ਖੇਤੀ ਮਾਹਿਰ, ਕਿਸਾਨ ਜਥੇਬੰਦੀਆਂ, ਸਿਆਸੀ ਲੀਡਰ ਸਾਰੇ ਮਿਲ ਕੇ ਇੱਕ 20-50 ਵਿਅਕਤੀਆਂ ਦਾ ਗਰੁੱਪ ਦਿੱਲੀ ਜਾ ਕੇ ਸਰਕਾਰ ਨਾਲ ਬੈਠ ਕੇ ਗੱਲ ਕਰੇ, ਉੱਥੇ ਜਾ ਕੇ ਬੈਠੇ, ਜੇ ਕੋਈ ਮਿਲਣ ਦਾ ਸਮਾਂ ਨਹੀਂ ਦਿੰਦਾ, ਤਾਂ ਪੂਰੀ ਦੁਨੀਆ ਨੂੰ ਮੀਡੀਆ ਰਾਹੀਂ ਖੇਤੀ ਮਾਹਿਰਾਂ ਦੇ ਮੂੰਹੋਂ ਇਨ੍ਹਾਂ ਬਿੱਲਾਂ ਦੇ ਨੁਕਸਾਨਾਂ ਬਾਰੇ ਦੱਸੇ, ਪੂਰੇ ਦੇਸ਼ ਨੂੰ ਜਾਗਰੂਕ ਕਰੇ, ਦਿੱਲੀ ਵਿਚ ਇਹ ਗਰੁੱਪ ਭਾਵੇਂ ਦਸ ਦਿਨ ਬੈਠੇ ਜੇਕਰ ਕੋਈ ਜ਼ਿੰਮੇਵਾਰ ਵਿਅਕਤੀ ਇਹਨਾਂ ਦੀ ਸਾਰ ਨਹੀਂ ਲੈਂਦਾ ਤਾਂ ਇਸ ਵਿਚ ਕਿਸਾਨੀ ਦੀ ਹਾਰ ਨਹੀਂ ਹੋਵੇਗੀ ਸਗੋਂ ਸੱਤਾਧਾਰੀ ਸਿਆਸੀ ਲੋਕਾਂ ਦੀ ਹਾਰ ਹੋਵੇਗੀ, ਤੇ ਅੱਜ ਦੇ ਮੀਡੀਆ ਦੇ ਯੁੱਗ ਵਿਚ ਇੰਨੀ ਜੁਰਅਤ ਕਿਸੇ ਵੀ ਵੱਡੇ ਤੋਂ ਵੱਡੇ ਨੇਤਾ ਵਿਚ ਨਹੀਂ ਕਿ ਉਹ ਕਿਸੇ ਧਿਰ ਦੇ ਜ਼ਿੰਮੇਵਾਰ ਲੋਕਾਂ ਨਾਲ ਗੱਲ ਨਾ ਕਰੇ, ਉਨ੍ਹਾਂ ਦੀ ਕੋਈ ਸਮੱਸਿਆ ਨਾ ਸੁਣੇ। ਪੰਜਾਬ ਦੀਆਂ ਸੜਕਾਂ 'ਤੇ ਟਰੈਕਟਰ ਚਲਾ ਕੇ ਜਾਂ ਜਲੂਸ ਕੱਢ ਕੇ ਨਸ਼ਟ ਕੀਤੀ ਜਾ ਰਹੀ ਸ਼ਕਤੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਪਿੰਡ ਦੇ ਸਰਪੰਚ ਨਾਲ ਗੁੱਸੇ ਹੋਇਆ ਵਿਅਕਤੀ ਸਰਪੰਚ ਦੇ ਘਰ ਤੱਕ ਪਹੁੰਚਣ ਦੀ ਬਜਾਏ, ਆਪਣਾ ਗੁੱਸਾ ਜ਼ਾਹਿਰ ਕਰਨ ਲਈ ਆਪਣੇ ਗੁਆਂਢੀਆਂ ਦੀਆਂ ਮੱਝਾਂ ਦੇ ਸੰਗਲ਼ ਖੋਲ੍ਹ ਖੋਲ੍ਹ ਛੱਡੀ ਜਾਵੇ, ਓ ਭਲੇ ਮਾਣਸੋ ਜੇ ਕਰ ਸਰਪੰਚ ਨਾਲ ਗੁੱਸਾ ਹੈ ਤਾਂ ਜਾਓ ਮਾਰੋ ਸਰਪੰਚ ਦੇ ਢਿੱਡ 'ਚ ਟੱਕਰ, ਆਪਣੀ ਗਲੀ ਦੇ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ। ਪਰ ਪਤਾ ਨਹੀਂ ਕਿਉਂ ਸਾਡੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕਾਂ ਨੂੰ ਵਰਗਲਾ ਕੇ ਚੰਡੀਗੜ੍ਹ ਨੂੰ ਘੇਰਾ ਪਾਉਣ ਵਿਚ ਹੀ ਬਹਾਦਰੀ ਸਮਝਦੀਆਂ ਨੇ, ਤੇ ਉਲਟੇ ਬਾਂਸ ਬਰੇਲੀ ਕੋ ਦੀ ਤਰ੍ਹਾਂ ਦਿੱਲੀ ਦੇ ਵੱਡੇ ਲੀਡਰ ਵੀ ਪੰਜਾਬ ਆ ਕੇ ਜਲਸੇ ਜਲੂਸ ਕੱਢਣ ਦੀ ਤਿਆਰੀ 'ਚ ਨੇ। ਸਮਝ ਨੀਂ ਆਉਂਦੀ ਕਿ ਦੇਸ ਦਾ ਕਿਹੜਾ ਕਾਨੂੰਨ ਇਹ ਆਗਿਆ ਦਿੰਦਾ ਹੈ ਕਿ ਕਿਸੇ ਉੱਚ ਅਧਿਕਾਰੀ ਜਾਂ ਮਾਣਯੋਗ ਗਵਰਨਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਹਜੂਮ ਮਿਲ ਕੇ ਕੋਈ ਮੈਮੋਰੰਡਮ ਦੇ ਸਕਦੈ, ਅਸੀਂ ਅਨਪੜ੍ਹਾਂ ਵਾਂਗੂੰ ਅੱਜ ਵੀ ਇਹੋ ਜ਼ਿੱਦ ਕਰੀ ਜਾ ਰਹੇ ਹਾਂ ਕਿ ਅਸੀਂ ਤਾਂ ਪੂਰੇ ਹਜੂਮ ਨਾਲ ਭਲਾਣੇ ਅਧਿਕਾਰੀ ਨੂੰ ਮਿਲਣਾ, ਭਲਾਣੇ ਸ਼ਹਿਰ ਜਾ ਕੇ ਮਿਲਣਾ, ਜਦਕਿ ਤਕਨੀਕ ਸਾਨੂੰ ਇੰਨਾ ਕੰਮ ਘਰ ਬਹਿ ਕੇ ਇੱਕ ਈਮੇਲ ਰਾਹੀਂ ਕਰਨ ਦਾ ਵਿਕਲਪ ਵੀ ਦਿੰਦੀ ਹੈ। ਅਸੀਂ ਸ਼ੰਭੂ ਬਾਰਡਰ 'ਤੇ ਐਂਵੇਂ ਸਿੰਗ ਫਸਾਈ ਜਾਂਦੇ ਹਾਂ, ਸਿੰਗ ਉਦੋਂ ਫਸਦੇ ਨੇ ਜਦੋਂ ਅਸੀਂ ਆਪਣੀ ਕਾਰਵਾਈ ਦਾ ਲਾਹਾ ਲੈਣ ਲਈ ਲੋਕਾਂ ਦੀ ਭੀੜ ਇਕੱਠੀ ਕਰਕੇ ਸਿਆਸੀ ਡਰਾਮਾ ਕਰਦੇ ਆਂ। ਤੁਸੀਂ ਇਕੱਲੇ ਆਪਣੀ ਗੱਡੀ ਵਿਚ ਦੋ ਚਾਰ ਬੰਦੇ ਜਾਓ ਦਿੱਲੀ, ਇੱਕ ਵਾਰ ਛੱਡ ਭਾਵੇਂ ਦਸ ਵਾਰ ਟੱਪੋ ਸ਼ੰਭੂ ਬਾਰਡਰ ਕੌਣ ਰੋਕਦੈ, ਪਰ ਨਹੀਂ ਅਸੀਂ ਦਿੱਲੀ ਜਾ ਕੇ ਕੋਈ ਮਸਲਾ ਹੱਲ ਥੋੜ੍ਹੀ ਕਰਵਾਉਣਾ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਬਸ ਦੱਸਣਾ ਬਈ ਅਸੀਂ ਵੀ ਤੁਹਾਡੇ ਹਿਤੈਸ਼ੀ ਆਂ, ਅਸੀਂ ਹੀ ਅਸਲ ਹਿਤੈਸ਼ੀ ਆਂ, ਸਾਡੇ ਵਿਚ ਹੀ ਸ਼ਕਤੀ ਆ ਤੁਹਾਡੇ ਦੁੱਖ ਨਿਵਾਰਨ ਦੀ, ਅਸੀਂ ਹੀ ਤੁਹਾਡੇ ਨਾਲ਼ ਆਂ। ਸਾਡੇ ਲੀਡਰ ਐਂਵੇਂ ਹੀ ਡਰਾਮਾ ਕਰੀ ਜਾ ਰਹੇ ਹਨ, ਅਸੀਂ ਆਹ ਕਰਦਾਂਗੇ ਅਸੀਂ ਓਹ ਕਰਦਾਂਗੇ, ਅਸੀਂ ਮਾਣਯੋਗ ਸੁਪਰੀਮ ਕੋਰਟ ਜਾਵਾਂਗੇ, ਅਸੀਂ ਇੱਟ ਨਾਲ ਇੱਟ ਖੜਕਾ ਦਾਂ ਗੇ ਆਦਿ ਉਹ ਭਲੇ ਮਾਣਸੋ ਜਿਹੜੇ ਬੰਦੇ ਨੇ ਕੇਸ ਕਰਨਾ ਸੀ ਉਸ ਨੇ ਤਾਂ ਕਰ ਵੀ ਦਿੱਤਾ ਹੈ, ਤੁਸੀਂ ਸ਼ਾਇਦ ਹਾਲੇ ਕਿਸੇ 'ਜੋਤਸ਼ੀ' ਤੋਂ ਦਿਨ ਕਢਵਾਉਣ ਦੇ ਚੱਕਰ ਵਿਚ ਹੋ।
ਮੇਰਾ ਖਿਆਲ ਹੈ ਪੰਜਾਬ ਦੇ ਪੰਜ ਸਤ ਵੱਡੇ ਨੇਤਾ ਜਿਵੇਂ ਸਤਿਕਾਰਤ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਤੇ ਨਵਜੋਤ ਸਿੰਘ ਸਿੱਧੂ ਇਹ ਚਾਰ ਬੰਦੇ ਹੀ ਬਹੁਤ ਨੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲਈ, ਕੇਂਦਰ ਦੀ ਸਰਕਾਰ ਨਾਲ ਸਹੀ ਗੱਲ ਕਰਨ ਲਈ, ਸਰਕਾਰ ਨੂੰ ਲਾਈਵ ਹੋ ਕੇ ਬਿੱਲ ਬਾਰੇ ਸਪਸ਼ਟੀਕਰਨ ਦੇਣ ਲਈ ਜਾਂ ਆਪਣੇ ਗਿਲੇ ਸ਼ਿਕਵੇ ਕੇਂਦਰ ਨੂੰ ਦੱਸਣ ਲਈ ਕਹਿਣ। ਬੰਦਾ ਤਾਂ ਇੱਕ ਹੀ ਕਾਫੀ ਹੁੰਦਾ, ਮੈਂ ਚਾਰ ਇਸ ਲਈ ਕਿਹਾ ਕਿ ਇਹ ਚਾਰੇ ਇੱਕ ਦੂਜੇ 'ਤੇ ਜ਼ਿਆਦਾ ਚਿੱਕੜ ਸੁੱਟਦੇ ਨੇ, ਬਈ ਫਲਾਣੇ ਨੇ ਆਹ ਗੱਲ ਨੀਂ ਕਹੀ, ਢਿਮਕੇ ਉਦੋਂ ਭੱਜ ਹੀ ਗਿਆ, ਭਲਾਣਾ ਅੰਦਰੋਂ ਐਂ ਆ, ਢਿਮਣਾ ਬਾਹਰੋਂ ਐਂ ਆਂ, ਇਸ ਲਈ ਜਦੋਂ ਇਹ ਚਾਰੇ ਇਕੱਠੇ ਗੱਲ ਕਰਨਗੇ ਤਾਂ ਫਿਰ ਭਲਾਣੇ-ਢਿਮਣੇ ਦੇ ਉਲਾਂਭੇ ਘੱਟ ਦੇਣਗੇ। ਮੈਂ ਉੱਪਰ ਵੀ ਲਿਖਿਆ ਸੀ ਕਿ ਕੁੱਝ ਮੁੱਖ ਵਿਅਕਤੀ ਤੇ ਕਿਸਾਨ ਜਥੇਬੰਦੀਆਂ ਦੇ ਮੁੱਖ ਅਹੁਦੇਦਾਰ ਤੇ ਆਰਥਿਕ ਤੇ ਖੇਤੀ ਮਾਹਿਰ ਦਿੱਲੀ ਸਰਕਾਰ ਨੂੰ ਆਪਣੇ ਸ਼ਿਕਵੇ ਤੱਥਾਂ ਸਹਿਤ ਲਾਈਵ ਹੋ ਕੇ ਦੱਸਣ ਤੇ ਦੂਜੇ ਪਾਸੇ ਨਾਲ ਹੀ ਕੇਂਦਰੀ ਸਰਕਾਰ ਦੀ ਬਿੱਲ ਮਾਹਿਰ ਕਮੇਟੀ ਤੇ ਖ਼ੁਦ ਮੁੱਖ ਮੰਤਰੀ ਸਾਹਿਬ ਤੇ ਹੋਰ ਅਹਿਮ ਮੰਤਰੀ ਲਾਈਵ ਹੋ ਕੇ ਇੱਕੋ ਸਟੇਜ ਤੋਂ ਲੋਕਾਂ ਨੂੰ ਦਲੀਲਾਂ ਸਹਿਤ ਬਿੱਲ ਬਾਰੇ ਸਮਝਾਉਣ, ਜੇ ਪੰਜਾਬ ਦੇ ਮੁੱਖ ਸਿਆਸੀ ਲੀਡਰ ਤੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਸਹਿਮਤ ਹੋਣ ਤਾਂ ਠੀਕ ਹੈ ਨਹੀਂ ਉਹ ਆਪਣੀਆਂ ਦਲੀਲਾਂ ਨਾਲ ਸਮਝਾਉਣ ਉੱਪਰੰਤ ਹੀ ਪੰਜਾਬ ਵਿਚ ਵਾਪਸ ਆਉਣ। ਇਹ ਵੱਡੇ ਲੀਡਰ ਆਪ ਇਕੱਠੇ ਹੋ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਹਿਣ ਕਿ ਅਸੀਂ ਤੁਹਾਡੇ ਮਸਲੇ ਨੂੰ ਹੱਲ ਕਰਨ ਲਈ ਦਿੱਲੀ ਜਾ ਰਹੇ ਹਾਂ ਤੁਸੀਂ ਆਪਣੇ ਘਰਾਂ ਵਿਚ ਬੈਠੇ, ਫ਼ਸਲਾਂ ਸਾਂਭੋ, ਅਸੀਂ ਇੱਕ ਪਾਸਾ ਕਰਕੇ ਹੀ ਮੁੜਾਂਗੇ, ਹਾਂ ਜੇ ਸਾਡੀ ਕਿਸੇ ਨੇ ਨਾ ਸੁਣੀ ਫਿਰ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਆ ਭਾਈ ਜੋ ਕਰਨਾ ਹੋਊ। ਤੇ ਜਦੋਂ ਤੱਕ ਪੰਜਾਬ ਦੇ ਮੁੱਖ ਲੀਡਰ ਅਜਿਹਾ ਨਹੀਂ ਕਰਦੇ ਉਦੋਂ ਤੱਕ ਕਿਸਾਨਾਂ ਨੂੰ ਇਹਨਾਂ ਦੇ ਘਰ ਘੇਰਨ ਦੀ ਲੋੜ ਹੈ, ਇਹ ਕੰਮ ਕਰਵਾਉਣ ਲਈ ਇਹਨੇ ਦੇ ਨੱਕ ਵਿਚ ਦਮ ਕਰਨ ਦੀ ਲੋੜ ਹੈ ਨਾ ਕਿ ਆਮ ਜਨਤਾ ਦੇ ਰਾਹ ਰੋਕਣ ਦੀ।
ਹਾਂ ਜਿੱਥੋਂ ਤੱਕ ਆਮ ਲੋਕਾਂ ਨੂੰ ਬਿੱਲ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਜਾਂ ਲਾਮਬੰਦ ਕਰਨ ਦੀ ਗੱਲ ਹੈ ਇਹ ਕੰਮ ਸਾਡੇ ਕਲਾਕਾਰ ਬਾਖ਼ੂਬੀ ਕਰ ਸਕਦੇ ਹਨ, ਸਾਡੇ ਲੋਕਲ ਕਿਸਾਨ ਲੀਡਰ ਆਪੋ ਆਪਣੇ ਖੇਤਰ ਵਿਚ ਪਿੰਡਾਂ ਵਿਚ ਜਾ ਕੇ, ਲੋਕਾਂ ਦੇ ਰੋਜ਼ਾਨਾ ਕੰਮਾਂ ਵਿਚ ਵਿਘਨ ਪਾਏ ਬਿਨਾਂ, ਇਹ ਕੰਮ ਕਰ ਸਕਦੇ ਹਨ। ਇਹ ਨਾ ਹੋਵੇ ਕਿ ਲੋਕ ਟਰੈਕਟਰਾਂ ਟਰਾਲੀਆਂ ਰਾਹੀਂ ਵੱਡੇ ਇਕੱਠਾ ਵਿਚ ਪਹੁੰਚਣ ਲਈ ਲੱਖਾਂ ਰੁਪਏ ਦਾ ਡੀਜ਼ਲ ਫੂਕਣ ਸਗੋਂ ਲੀਡਰ ਤੇ ਕਲਾਕਾਰ ਖ਼ੁਦ ਪਿੰਡਾਂ ਵਿਚ ਜਾ ਕੇ ਪ੍ਰਚਾਰ ਕਰ ਸਕਦੇ ਹਨ।
ਸਾਡੇ ਦੇਸ਼ ਵਿਚ ਵਿਚ ਹੋਰ ਵੀ ਮਸਲਿਆਂ ਦੇ ਹੱਲ ਲਈ ਭੀੜਾਂ ਇਕੱਠੀਆਂ ਕਰਨ ਨਾਲੋਂ ਸਮਝਦਾਰੀ ਨਾਲ ਕਾਰਵਾਈਆਂ ਕਰਨ ਦੀ ਲੋੜ ਹੈ। ਰੇਲਾਂ, ਸੜਕਾਂ ਰੋਕ ਕੇ, ਕਾਨੂੰਨਾਂ ਨੂੰ ਹੱਥ ਵਿਚ ਲੈ ਕੇ, ਭੰਨਤੋੜ ਕਰਕੇ, ਅੱਗਾਂ ਲਾ ਕੇ ਫੋਕੀ ਸ਼ਕਤੀ ਪ੍ਰਦਰਸ਼ਨ ਦਾ ਕੋਈ ਫ਼ਾਇਦਾ ਨਹੀਂ ਹੋਇਆ ਕਰਦਾ।
ਕਿਸੇ ਵੀ ਆਮ ਸਮਾਜਿਕ ਮਸਲੇ ਨੂੰ ਸਿਆਸੀ ਲੋਕਾਂ ਨੂੰ ਧਾਰਮਿਕ ਰੰਗਤ ਵੀ ਨਹੀਂ ਦੇਣੀ ਚਾਹੀਦੀ। ਇਹ ਕਿਰਸਾਨੀ ਦਾ ਮਸਲਾ ਹੈ, ਕਿਰਸਾਨੀ ਵਿਚ ਇਕੱਲੇ ਸਿੱਖ ਨਹੀਂ ਆਉਂਦੇ, ਇਕੱਲੇ ਜੱਟ ਨਹੀਂ ਇਸ ਵਿਚ ਮਜ਼ਦੂਰ ਵਰਗ ਹੈ, ਆੜ੍ਹਤੀਆ ਵਪਾਰੀ ਵਰਗ ਹੈ, ਤੇ ਇਹ ਮਸਲਾ ਸਿੱਧਾ ਅਸਿੱਧਾ ਹਰ ਨਾਗਰਿਕ ਨਾਲ ਜੁੜਿਆ ਹੋਇਆ ਹੈ। ਫਿਰ ਧਰਮ ਨਾਲ ਕਿਉਂ ਜੋੜਨਾ ਹੋਇਆ।
ਸਾਡੇ ਮੀਡੀਆ ਕਰਮੀਆਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਸਵਾਲਾਂ ਵੱਲ ਵੀ ਧਿਆਨ ਦੇਣ, ਉਨ੍ਹਾਂ ਦਾ ਹਰੇਕ ਕਲਾਕਾਰ ਜਾਂ ਜਲਸੇ ਧਰਨੇ ਤੇ ਪਹੁੰਚੇ ਆਮ ਵਿਅਕਤੀ ਤੋਂ ਪਹਿਲਾ ਸਵਾਲ ਇਹ ਹੁੰਦਾ ਹੈ ਕਿ 'ਤੁਸੀਂ ਜੱਟ ਹੋ?' ਕਮਾਲ ਹੋ ਗਈ ਯਾਰ ਇਹ ਸਵਾਲ ਪਹਿਲਾਂ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਖ਼ੁਦ ਜੱਟ ਹੋ, ਤੁਹਾਡਾ ਅਦਾਰਾ ਸਿਰਫ਼਼ ਜੱਟ ਪੱਤਰਕਾਰਾਂ/ਮੀਡੀਆ ਕਰਮੀਆਂ ਨੂੰ ਹੀ ਇਹ ਕਵਰੇਜ ਕਰਨ ਭੇਜਦਾ ਹੈ। ਤੁਹਾਡੇ ਇਹ ਸਵਾਲ ਗੈਰ ਜੱਟ ਵਿਅਕਤੀ, ਕਲਾਕਾਰ ਨੂੰ ਕੀ ਇਨ੍ਹਾਂ ਸੰਘਰਸ਼ਾਂ/ਇਕੱਠਾਂ ਤੋਂ ਪਰ੍ਹਾਂ ਰੱਖਣ ਦਾ ਕਾਰਨ ਨਹੀਂ ਬਣ ਰਿਹਾ ਹੈ, ਕੀ ਤੁਹਾਡਾ ਇਹ ਸਵਾਲ ਕਿਸੇ ਗੈਰ ਜੱਟ ਕਲਾਕਾਰ ਦੀ ਬੇਇੱਜ਼ਤੀ ਨਹੀਂ ਹੋਵੇਗਾ, ਕੀ ਕਹੇਗਾ ਉਹ ਤੁਹਾਡੇ ਸਵਾਲ 'ਤੇ ਕਿ ਨਹੀਂ ਮੈਂ ਜੱਟ ਨਹੀਂ, ਫਿਰ ਤੁਸੀਂ ਰੌਲਾ ਪਾਵੋਗੇ 'ਵੇਖੋ, ਇੱਕ ਭਲਾਣੇ ਜਾਤੀ ਨਾਲ ਸਬੰਧ ਰੱਖਣ ਵਾਲੇ ਕਲਾਕਾਰ ਨੇ ਵੀ ਕਿਸਾਨ ਸੰਘਰਸ਼ ਵਿਚ ਆ ਕੇ ਹਮਾਇਤ ਕੀਤੀ' ਉਸਦੀ ਮੁਫਤ 'ਚ ਡੌਂਡੀ ਪਿਟ ਦਿਓ ਗੇ। ਕਿਸੇ ਜਾਤੀ ਵਿਸ਼ੇਸ਼ ਨਾਲ਼ ਸਬੰਧਿਤ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਅੱਜ ਦੇ ਜਾਤੀ ਹੰਕਾਰ ਸਮਾਜ ਦੇ ਅਖੌਤੀ ਚੌਧਰੀਆਂ ਦੇ ਦਿਲ ਦਿਮਾਗ਼ ਵਿਚੋਂ ਜਾਤਾਂ ਦਾ ਪਾੜਾ ਨਹੀਂ ਗਿਆ, ਜਿਸ ਨੂੰ ਮੀਡੀਆ ਦੇ 'ਕੀ ਤੁਸੀਂ ਜੱਟ ਹੋ' ਜਿਹੇ ਸਵਾਲ ਹੋਰ ਉਤਸ਼ਾਹਿਤ ਕਰਦੇ ਹਨ। ਸੋ ਅਜਿਹੀ ਘਟੀਆ ਮਾਨਸਿਕਤਾ ਤੋਂ ਬਚੋ, ਕਿਸੇ ਲੋਕ ਪੱਖੀ ਸੰਘਰਸ਼ ਨੂੰ ਸਿਰਫ ਕਿਸੇ ਇੱਕ ਜਾਤੀ ਵਿਸ਼ੇਸ਼ ਦਾ ਸੰਘਰਸ਼ ਨਾ ਬਣਾਓ ਸਗੋਂ ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ ਦੇ ਸਿਧਾਂਤ ਅਨੁਸਾਰ ਜਾਤਾਂ-ਪਾਤਾਂ, ਧਰਮਾਂ-ਮਜ੍ਹਬਾਂ ਤੋਂ ਉਪਰ ਉੱਠ ਉਸ ਹਰ ਘਟਨਾ, ਵਧੀਕੀ,, ਪੱਖਪਾਤ, ਧੱਕੇ ਦੀ ਗੱਲ ਕਰੋ ਜੋ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ, ਚੱਲ ਰਹੇ ਸੰਘਰਸ਼ਾਂ ਵਿਚ ਜੇ ਵਹਿਸ਼ੀ ਦਰਿੰਦਿਆਂ ਦੀ ਕਰੂਰਤਾ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਬੈਠੀ ਤੁਹਾਡੇ ਹਿਸਾਬ ਨਾਲ ਅਖੌਤੀ ਨੀਵੀਂ ਜਾਤੀ ਦੀ 'ਮਨੀਸ਼ਾ' ਲਈ ਭੋਰਾ ਹਾਅ ਦਾ ਨਾਅਰਾ ਮਾਰ ਦਿੱਤਾ ਜਾਂਦਾ ਤਾਂ ਕੀ ਇਸ ਨਾਲ ਬਾਬਾ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਨਰਾਜ਼ ਹੋ ਜਾਂਦੇ? ਸੋਚਣਾ ਜ਼ਰਾ।
02-10-2020
-
ਡਾ. ਬਲਵਿੰਦਰ ਸਿੰਘ ਕਾਲੀਆ, ਲੇਖਕ, ਲੁਧਿਆਣਾ
drbalwinderkalia@gmail.com
99140 09160
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.