ਖ਼ੂਨਦਾਨ ਮਹਾਨ ਦਾਨ ਹੈ, ਇਸ ਤੋਂ ਉੱਤਮ ਕੋਈ ਦਾਨ ਨਹੀਂ । ਇਸ ਦੀ ਇੰਨੀ ਮਹੱਤਤਾ ਸ਼ਾਇਦ ਨਾ ਹੁੰਦੀ ਜੇ ਖ਼ੂਨ ਦਾ ਕੋਈ ਗ਼ੈਰਕੁਦਰਤੀ ਸੋਮਾ ਹੁੰਦਾ ਜਾਂ ਇਸ ਦਾ ਕੋਈ ਬਦਲ ਹੁੰਦਾ। ਅੱਜ ਵਿਗਿਆਨ ਦੀ ਬੇਮਿਸਾਲ ਤਰੱਕੀ ਦੇ ਬਾਵਜੂਦ ਖ਼ੂਨ ਦਾ ਕੇਵਲ ਇੱਕੋ ਇੱਕ ਸੋਮਾ ਮਨੁੱਖੀ ਸਰੀਰ ਹੀ ਹੈ ।ਮੈਡੀਕਲ ਸਾਇੰਸ ਦੇ ਵਿਕਾਸ ਨਾਲ ਖ਼ੂਨ ਦੀ ਮੰਗ ਵਿੱਚ ਬਹੁਤ ਵੱਧ ਦਾ ਹੋਇਆ ਹੈ । ਕਿਉਂਕਿ ਸਰਜਰੀ ਰਾਹੀਂ ਅਨੇਕਾਂ ਭਿਅੰਕਰ ਬਿਮਾਰੀਆਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ, ਇੱਥੋਂ ਤੱਕ ਕਿ ਦਿਲ ਬਦਲਣ ਦੇ ਕਾਮਯਾਬ ਆਪ੍ਰੇਸ਼ਨ ਵੀ ਭਾਰਤ ਵਿੱਚ ਸਫਲਤਾਪੂਰਵਕ ਹੋ ਚੁੱਕੇ ਹਨ , ਕੋਈ ਵੀ ਆਪ੍ਰੇਸ਼ਨ ਹੋਵੇ,ਡੇਗੂ ਵਰਗੀ ਬਿਮਾਰੀ ਵਿੱਚ ਚਾਹੇ ਪਲੇਟਲੈਟਸ ਦੀ ਜ਼ਰੂਰਤ ਹੋਵੇ, ਦੁਰਘਟਨਾ ਜਾਂ ਖ਼ੂਨ ਸੰਬੰਧੀ ਕੋਈ ਬਿਮਾਰੀ ਹੋਵੇ ਤਾਂ ਖ਼ੂਨ ਦੀ ਜ਼ਰੂਰਤ ਪੈਂਦੀ ਹੈ । ਵਿਗਿਆਨ ਦੀ ਤਰੱਕੀ ਕਾਰਨ ਖ਼ੂਨ ਦੀ ਮੰਗ ਤਾਂ ਵਧ ਗਈ ਪਰ ਸੁਰੱਖਿਅਤ ਖ਼ੂਨ ਦੀ ਭਾਰੀ ਕਮੀ ਅੱਜ ਵੀ ਸਾਡੇ ਦੇਸ਼ ਵਿੱਚ ਪਾਈ ਜਾ ਰਹੀ ਹੈ।ਇਸ ਦਾ ਮੁੱਖ ਕਾਰਨ ਲੋਕਾਂ ਵਿੱਚ ਖ਼ੂਨਦਾਨ ਪ੍ਰਤੀ ਪਾਏ ਜਾਂਦੇ ਭਰਮ ਭੁਲੇਖੇ । ਸੁਰੱਖਿਅਤ ਖ਼ੂਨ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਸਵੈ ਇੱਛਿਤ ਇੱਛਾ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਇਸ ਕੰਮ ਲਈ ਜ਼ਰੂਰਤ ਹੈ ਜਾਗ੍ਰਿਤ ਕਰਨ ਦੀ ਇਸੇ ਉਦੇਸ਼ ਨੂੰ ਲੈ ਕੇ 01 ਅਕਤੂਬਰ ਦਾ ਦਿਨ ਰਾਸ਼ਟਰੀ ਪੱਧਰ ਤੇ ਸਵੈ ਇੱਛਿਤ ਖ਼ੂਨਦਾਨ ਦਿਵਸ ਵਜੋਂ ਪੂਰੇ ਦੇਸ਼ ਵਿੱਚ ਖ਼ੂਨ ਦੀ ਲੋੜ ਅਤੇ ਮਹੱਤਤਾ ਨੂੰ ਦਰਸਾਉਣ ਲਈ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਦੀ ਸ਼ੁਰੂਆਤ 1972 ਵਿੱਚ ਹੋਈ ਸੀ ।
ਭਾਰਤ ਦੇਸ਼ ਦੀ 75 % ਆਬਾਦੀ ਅੱਜ ਵੀ ਪਿੰਡਾਂ ਵਿੱਚ ਵੱਸਦੀ ਹੈ , ਜਿੱਥੇ ਅੱਜ ਵੀ ਵਹਿਮਾਂ ਭਰਮਾ ਦਾ ਬੋਲ ਬਾਲਾ ਹੈ। ਦੂਸਰਾ ਅਨਪੜ੍ਹਤਾ ਸਾਡੇ ਦੇਸ਼ ਦੇ ਹਰ ਪੱਖੋਂ ਵਿਕਾਸ ਵਿੱਚ ਰੁਕਾਵਟ ਬਣੀ ਹੋਈ ਹੈ। ਇਸ ਲਈ ਲੋਕਾਂ ਨੂੰ ਖ਼ੂਨਦਾਨ ਪ੍ਰਤੀ ਜਾਗਰੂਕ ਕਰਨ ਲਈ ਜ਼ਰੂਰੀ ਹੈ ਕਿ ਪਿੰਡ ਪਿੰਡ ਚ ਆ ਕੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਨੁੱਕੜ ਮੀਟਿੰਗਾਂ ਕਰਕੇ ਡਾਕਟਰਾਂ ਅਤੇ ਖ਼ੂਨਦਾਨੀਆਂ ਦੇ ਭਾਸ਼ਣ ਕਰਵਾਏ ਜਾਣ । ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਇਸ ਸਮਾਜ ਸੇਵਾ ਦੇ ਮਹਾਨ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਨਸ਼ਾਖੋਰੀ ਵੱਲ ਵੱਧ ਰਹੀ ਜਵਾਨੀ ਨੂੰ ਇਸ ਸਮਾਜ ਸੇਵਾ ਦੇ ਕੰਮ ਵੱਲ ਲਗਾਇਆ ਜਾ ਸਕੇ ।
ਖ਼ੂਨ ਚਿੱਟੇ ਅਤੇ ਲਾਲ ਰੰਗ ਦੇ ਜੀਵਾਣੂਆਂ ਅਤੇ ਪਲੇਟਲੈਟਸ ਦਾ ਇੱਕ ਗਾੜ੍ਹਾ ਤਰਲ ਪਦਾਰਥ ਹੁੰਦਾ ਹੈ । ਲਾਲ ਰੰਗ ਦੇ ਜੀਵਾਣੂ ਜ਼ਿਆਦਾ ਮਾਤਰਾ ਵਿੱਚ ਹੋਣ ਕਾਰਨ ਖ਼ੂਨ ਦਾ ਲਾਲ ਰੰਗ ਪ੍ਰਦਾਨ ਕਰਦੇ ਹਨ। ਇਨ੍ਹਾਂ ਜੀਵਾਣੂਆਂ ਦਾ ਜੀਵਨ ਕਾਲ ਔਸਤਨ 03 ਮਹੀਨੇ ਦਾ ਹੁੰਦਾ ਹੈ। ਇਸ ਤੋਂ ਬਾਅਦ ਨਵੇਂ ਸੈੱਲ ਪੁਰਾਣਿਆਂ ਨੂੰ ਤਬਦੀਲ ਕਰਦੇ ਰਹਿੰਦੇ ਹਨ । ਸਰੀਰ ਵਿੱਚ ਹਰ ਚੌਥੇ ਦਿਨ ਨਵੇਂ ਪਲੇਟਲੈਟਸ ਬਣਦੇ ਰਹਿੰਦੇ ਹਨ । ਇਸ ਲਈ ਕੋਈ ਵੀ ਤੰਦਰੁਸਤ ਇਨਸਾਨ ਜਿਸ ਦੀ ਉਮਰ 18 ਸਾਲ ਤੋਂ 60 ਸਾਲ ਦੇ ਦਰਮਿਆਨ ਹੈ ਅਤੇ ਉਸ ਦਾ ਹੋਮੋਗਲੋਬਿਨ ( ਐਚ ਬੀ ) 12. 5 ਗਰਾਮ ਸਹੀ ਮਾਤਰਾ ਵਿੱਚ ਹੈ ਤਾਂ ਉਹ ਆਸਾਨੀ ਨਾਲ ਬਗੈਰ ਕਿਸੇ ਡਰ ਦੇ ਹਰ 03 ਮਹੀਨੇ ਬਾਅਦ ਆਸਾਨੀ ਨਾਲ ਖ਼ੂਨ ਦਾਨ ਕਰ ਸਕਦਾ ਹੈ । ਅਰਥਾਤ ਇਕ ਤੰਦਰੁਸਤ ਮਨੁੱਖ ਆਪਣੀ ਪੂਰੀ ਜ਼ਿੰਦਗੀ ਵਿੱਚ 168 ਵਾਰ ਖ਼ੂਨਦਾਨ ਕਰ ਸਕਦਾ ਹੈ । ਖ਼ੂਨਦਾਨ ਕਰਨ ਉੱਪਰ ਸਿਰਫ਼ 8 ਤੋ 10 ਮਿੰਟ ਦਾ ਸਮਾ ਲੱਗਦਾ ਹੈ। ਸਾਡੇ ਸਰੀਰ ਵਿੱਚ ਮੌਜੂਦ 5 ਤੋ 6 ਲੀਟਰ ਖ਼ੂਨ
ਵਿਚੋਂ ਸਿਰਫ 250 ਤੋ 350 ਮਿਲੀਲਿਟਰ ਖ਼ੂਨ ਹੀ ਲਿਆ ਜਾਂਦਾ ਹੈ। ਜਿਸ ਦੀ ਕਮੀ ਕੁਦਰਤੀ ਪ੍ਰਕਿਰਿਆ ਰਾਹੀਂ 48 ਘੰਟਿਆਂ ਵਿੱਚ ਆਪਣੇ ਆਪ ਪੂਰੀ ਹੋ ਜਾਂਦੀ ਹੈ । 16 ਵਾਰ ਖ਼ੂਨਦਾਨ ਕਰਨ ਦੇ ਆਪਣੇ ਤਜਰਬੇ ਦੇ ਆਧਾਰ ਉੱਪਰ ਮੈਂ ਕਹਿ ਸਕਦਾ ਹਾਂ ਕਿ ਖ਼ੂਨਦਾਨ ਕਰਨ ਨਾਲ ਨਾ ਤਾਂ ਕਿਸੇ ਕਿਸਮ ਦੀ ਤਕਲੀਫ਼ ਹੁੰਦੀ ਹੈ ਅਤੇ ਨਾ ਹੀ ਕੋਈ ਸਰੀਰਕ ਕਮਜ਼ੋਰੀ ਆਉਂਦੀ ਹੈ ।
ਅੱਜ ਖ਼ੂਨ ਦੀ ਜ਼ਿਆਦਾ ਜ਼ਰੂਰਤ ਨੂੰ ਪੇਸ਼ਾਵਰਾਨਾ ਵਿਅਕਤੀ ਜਾਂ ਕਮਰਸ਼ੀਅਲ ਬਲੱਡ ਬੈਂਕਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ । ਪੇਸ਼ਾਵਰਾਨਾ ਵਿਅਕਤੀ ਪੈਸੇ ਦੀ ਖ਼ਾਤਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਆਪਣਾ ਖ਼ੂਨ ਵੇਚਦੇ ਹਨ । ਜਲਦੀ ਜਲਦੀ ਖ਼ੂਨ ਵੇਚਣ ਅਤੇ ਨਸ਼ੇ ਆਦਿ ਕਰਨ ਕਾਰਨ ਇਨ੍ਹਾਂ ਦਾ ਖ਼ੂਨ ਖ਼ਰੀਦ ਕੇ ਜਦੋਂ ਮਰੀਜ਼ ਨੂੰ ਲਗਾਇਆ ਜਾਂਦਾ ਹੈ ਤਾਂ ਅਕਸਰ ਮਰੀਜ਼ ਦੀ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ । ਕਈ ਵਾਰੀ ਕੋਈ ਹੋਰ ਲਾਇਲਾਜ ਬਿਮਾਰੀ ਲੱਗ ਜਾਂਦੀ ਹੈ । ਇਸ ਲਈ ਮਰੀਜ਼ ਨੂੰ ਸਿਰਫ਼ ਸਵੈ ਇੱਛਿਤ ਤੌਰ ਤੇ ਦਿੱਤਾ ਖ਼ੂਨ ਹੀ ਲਾਹੇਵੰਦ ਹੋ ਸਕਦਾ ਹੈ। ਜਿਸ ਗਰੁੱਪ ਦੇ ਖ਼ੂਨ ਦੀ ਮਰੀਜ਼ ਨੂੰ ਜ਼ਰੂਰਤ ਹੋਵੇ ਉਹ ਹੀ ਲੱਗ ਸਕਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟਾਈਨਰ ਨੇ 1901 ਈ. ਵਿੱਚ ਬਲੱਡ ਗਰੁੱਪਾਂ ਦੀ ਖੋਜ ਕੀਤੀ ਅਤੇ ਉਹ ਖੋਜ ਹੀ ਅੱਜ ਸਰਬ ਵਿਆਪੀ ਹੈ । ਇਸ ਅਨੁਸਾਰ ਖ਼ੂਨ ਨੂੰ ਏ,ਬੀ,ਉ ਅਤੇ ਏ ਬੀ ਚਾਰ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਅੱਗੇ ਇਨ੍ਹਾਂ ਵਿੱਚ ਪੋਜੇਟਿਵ ਅਤੇ ਨੈਗੇਟਿਵ ਹੁੰਦੇ ਹਨ । ਉ ਪੋਜੇਟਿਵ ਗਰੁੱਪ ਦਾ ਖੂਨ ਕਿਸੇ ਵੀ ਵਿਅਕਤੀ ਨੂੰ ਲਗਾਇਆ ਜਾ ਸਕਦਾ ਹੈ ਅਤੇ ਏ ਬੀ ਪੋਜੇਟਿਵ ਗਰੁੱਪ ਦੇ ਵਿਅਕਤੀ ਨੂੰ ਕਿਸੇ ਵੀ ਗਰੁੱਪ ਦਾ ਖੂਨ ਲੱਗ ਸਕਦਾ ਹੈ।
ਖ਼ੂਨਦਾਨ ਕਰਨ ਨਾਲ ਸਾਨੂੰ ਇੱਕਜੁੱਟਤਾ ਅਤੇ ਰਾਸ਼ਟਰੀ ਏਕਤਾ ਦੀ ਪ੍ਰੇਰਨਾ ਵੀ ਮਿਲਦੀ ਹੈ । ਸਾਡੇ ਦੇਸ਼ ਵਿੱਚ ਅਨੇਕਾਂ ਧਰਮ ਅਤੇ ਜਾਤਾਂ ਹਨ, ਪਰ ਪੂਰੇ ਸੰਸਾਰ ਦੇ ਲੋਕਾਂ ਦੀ ਰਗਾਂ ਵਿੱਚ ਵਹਿਣ ਵਾਲੇ ਖੂਨ ਦਾ ਰੰਗ ਇੱਕ ਹੈ ।ਇਸ ਲਈ ਜਦੋਂ ਇੱਕ ਧਰਮ ਅਤੇ ਜਾਤ ਦੇ ਵਿਅਕਤੀ ਦਾ ਦਾਨ ਕੀਤਾ ਖੂਨ ਜਦੋਂ ਦੂਸਰੇ ਧਰਮ ਦੇ ਵਿਅਕਤੀ ਦੀਆਂ ਰਗਾਂ ਵਿੱਚ ਦੌੜਦਾ ਹੈ ਤਾਂ ਇੱਕ ਵੱਖਰੀ ਕਿਸਮ ਦਾ ਪਿਆਰ ਅਤੇ ਸਨੇਹ ਦਾ ਰਿਸ਼ਤਾ ਉਸ ਨਾਲ ਜੁੜ ਜਾਂਦਾ ਹੈ । ਪਰ ਸਾਡੇ ਦੇਸ਼ ਵਿੱਚ ਖ਼ੂਨਦਾਨ ਪ੍ਰਤੀ ਲੋਕਾਂ ਵਿੱਚ ਜਾਗ੍ਰਿਤੀ ਨਾ ਹੋਣ ਕਾਰਨ ਸਿਰਫ 1.5 ਪ੍ਰਤੀਸ਼ਤ ਜਨਸੰਖਿਆ ਖੂਨਦਾਨ ਦੇ ਨੇਕ ਕੰਮ ਵਿੱਚ ਆਪਣਾ ਹਿੱਸਾ ਪਾ ਰਹੀ ਹੈ। ਗਿਣਤੀ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਸਕੂਲ ਸਿੱਖਿਆ ਤੋਂ ਹੀ ਵਿਦਿਆਰਥੀਆਂ ਨੂੰ ਖ਼ੂਨਦਾਨ ਦੀ ਮਹੱਤਤਾ ਬਾਰੇ ਦੱਸਿਆ ਜਾਵੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਐਨ ਸੀ ਸੀ ,ਐਨ ਐਸ ਐਸ ਅਤੇ ਯੁਵਕ ਸੇਵਾਵਾਂ ਕਲੱਬਾਂ ਵੱਲੋਂ ਸਮੇਂ ਸਮੇਂ ਤੇ ਖ਼ੂਨਦਾਨ ਦੀ ਮਹੱਤਤਾ ਸਬੰਧੀ ਸੈਮੀਨਾਰ ਅਤੇ ਖੂਨਦਾਨ ਕੈਂਪ ਲਗਾਏ ਜਾਣੇ ਚਾਹੀਦੇ ਹਨ। ਖੂਨਦਾਨ ਕੈਂਪ ਲਗਾਉਣ ਸਮੇਂ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਇਕੱਠੀ ਮਾਤਰਾ ਵਿੱਚ ਦਿੱਤਾ ਖੂਨ ਜ਼ਰੂਰਤਮੰਦ ਤੱਕ ਸਹੀ ਸਮੇਂ ਵਿੱਚ ਪਹੁੰਚ ਸਕੇ । ਕਈ ਵਾਰ ਬਲੱਡ ਬੈਂਕਾਂ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕੈਂਪਾਂ ਵਿੱਚ ਦਿੱਤਾ ਸੈਂਕੜੇ ਯੂਨਿਟ ਕੀਮਤੀ ਖੂਨ ਖ਼ਰਾਬ ਹੋਣ ਦੀ ਘਟਨਾਵਾਂ ਵੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਇਸ ਲਈ ਜੇ ਖ਼ੂਨਦਾਨ ਕਰਨ ਦੇ ਇੱਛੁਕ ਵਿਅਕਤੀਆਂ ਦੀ ਸੂਚੀ ਬਣਾ ਲਈ ਜਾਵੇ ਅਤੇ ਜ਼ਰੂਰਤ ਪੈਣ ਤੇ ਜਿਸ ਗਰੁੱਪ ਦੀ ਜ਼ਰੂਰਤ ਪਏ ਉਸ ਦਾਨੀ ਸੱਜਣ ਨੂੰ ਬੁਲਾ ਲਿਆ ਜਾਵੇ ਤਾਂ ਇਸ ਨਾਲ ਜਿੱਥੇ ਖ਼ੂਨਦਾਨੀ ਨੂੰ ਆਪਣੀ ਅੱਖਾਂ ਸਾਹਮਣੇ ਮਰੀਜ਼ ਨੂੰ ਖ਼ੂਨ ਦੇ ਕੇ ਖ਼ੁਸ਼ੀ ਹੁੰਦੀ ਹੈ, ਉੱਥੇ ਮਰੀਜ਼ ਦੇ ਰਿਸ਼ਤੇਦਾਰ ਵੀ ਖੂਨ ਦੇਣ ਲਈ ਪ੍ਰੇਰਿਤ ਹੁੰਦੇ ਹਨ ।
ਭਾਰਤ ਦੇਸ਼ ਵਿੱਚ ਪੱਛਮੀ ਬੰਗਾਲ ਅਤੇ ਕੇਰਲ ਪ੍ਰਾਂਤ ਖੂਨਦਾਨ ਦੇ ਖੇਤਰ ਵਿੱਚ ਮੋਹਰੀ ਪ੍ਰਾਂਤ ਹਨ ।ਪੰਜਾਬ ਖ਼ੁਸ਼ਹਾਲ ਸੂਬਾ ਹੋਣ ਦੇ ਬਾਵਜੂਦ (ਬਠਿੰਡਾ ਜ਼ਿਲ੍ਹੇ ਨੂੰ ਛੱਡ ਕੇ) ਅਜੇ ਵੀ ਇਸ ਨੇਕ ਕੰਮ ਵਿੱਚ ਕਾਫ਼ੀ ਪਿੱਛੇ ਹੈ। ਇਸ ਲਈ ਜ਼ਰੂਰਤ ਲੋਕਾਂ ਵਿੱਚ ਪ੍ਰਚਾਰ ਕਰਕੇ, ਮੀਡੀਆ ਦਾ ਸਹਿਯੋਗ ਲੈ ਕੇ ਇੱਕ ਲੋਕ ਲਹਿਰ ਖੜ੍ਹੀ ਕੀਤੀ ਜਾਵੇ ਤਾਂ ਜੋ ਕਿਸੇ ਵੀ ਹਸਪਤਾਲ ਵਿੱਚ ਖੂਨ ਦੀ ਕਮੀ ਨਾ ਆਵੇ ਅਤੇ ਨਾ ਹੀ ਕੋਈ ਪੇਸ਼ਾਵਰਾਨਾ ਲੋਕਾਂ ਦੁਆਰਾ ਵੇਚਿਆ ਖੂਨ ਮਰੀਜ਼ਾ ਨੂੰ ਲੈਣ ਦੀ ਜ਼ਰੂਰਤ ਪਏ।
-
ਡਾ. ਸਤਿੰਦਰ ਸਿੰਘ (ਪੀ ਈ ਐਸ), ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ
dr.satinder.fzr@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.