ਬਿਮਾਰੀਆਂ ਨੂੰ ਸਮਝਣ ਲਈ, ਜੱਦ-ਪੁਸ਼ਤ ਬਾਰੇ ਜਾਣਨਾ ਜ਼ਰੂਰੀ..ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਜਦੋਂ ਵੀ ਕੋਈ ਮਨੁੱਖ ਬਿਮਾਰ ਹੁੰਦਾ ਹੈ ਤਾਂ ਉਹ ਆਪਣੀ ਬਿਮਾਰੀ ਦੇ ਕਾਰਨਾਂ ਦੀ ਖੋਜ ਕਰਦਾ ਹੈ ਜਾਂ ਜਦੋਂ ਬਿਮਾਰ ਮਨੁੱਖ ਕਿਸੇ ਚੰਗੇ ਡਾਕਟਰ ਕੋਲ ਆਪਣੀ ਬਿਮਾਰੀ ਲੈ ਕੇ ਜਾਂਦਾ ਹੈ ਤਾਂ ਡਾਕਟਰ ਜਿੱਥੇ ਹੋਰ ਸੁਆਲ ਪੁੱਛਦਾ ਹੈ, ਉਥੇ ਇਹ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਕੀ ਇਹ ਰੋਗ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਵੀ ਹੈ ਜਾਂ ਇਹ ਬਿਮਾਰੀ ਤੁਹਾਡੇ ਨਾਨਕਿਆਂ-ਦਾਦਕਿਆਂ 'ਚੋਂ ਕਿਸੇ ਇਕ ਨੂੰ ਵੀ ਹੋਵੇ।
ਕਈ ਸਿਆਣੇ ਮਰੀਜ਼ ਤਾਂ ਇਹਨਾਂ ਗੱਲਾਂ ਨੂੰ ਸਮਝ ਲੈਂਦੇ ਹਨ ਪਰ ਕਈ ਵਿਚਾਰੇ ਭੋਲੇ ਜਾਂ ਅਨਪੜ੍ਹ ਇਹੀ ਕਹਿ ਕੇ ਟਾਲਾ ਵੱਟ ਲੈਂਦੇ ਹਨ, ਮੈਂ ਕਿਹੜਾ ਜੀ ਉਹਨਾਂ ਕੋਲ ਰਹਿਨੈ ਜਾਂ ਨਾਨਾ-ਨਾਨੀ, ਦਾਦਾ-ਦਾਦੀ ਕਦੋਂ ਦੇ ਮਰ ਗਏ, ਉਹਨਾਂ ਬਾਰੇ ਤਾਂ ਕੋਈ ਬਹੁਤਾ ਪਤਾ ਨਹੀਂ। ਇਹ ਵੀ ਸੱਚਾਈ ਹੈ ਕਿ ਦਾਦੇ-ਦਾਦੀ ਤੋਂ ਪਿੱਛੇ ਪੜਦਾਦੇ ਜਾਂ ਪੜਦਾਦੇ ਦੇ ਪਿਓ ਬਾਰੇ ਤਾਂ ਕੀ, ਸਾਨੂੰ ਤਾਂ ਉਹਨਾਂ ਵਿਚਾਰਿਆਂ ਦੇ ਨਾਂਅ ਤੱਕ ਵੀ ਯਾਦ ਨਹੀਂ ਰਹਿੰਦੇ ਜੋ ਕਿ ਇਕ 'ਮਤਲਬੀ' ਇਨਸਾਨ ਦੀ ਜਿਉਂਦੀ-ਜਾਗਦੀ ਤਸਵੀਰ ਹੈ ਕਿਉਂਕਿ ਵੱਡ-ਵਡੇਰੇ, ਜਿਨ੍ਹਾਂ ਕਰਕੇ ਅਸੀਂ ਧਰਤੀ 'ਤੇ ਆਏ, ਸਾਨੂੰ ਉਹਨਾਂ ਬਾਰੇ ਜਾਣਨ ਦਾ ਮੌਕਾ ਹੀ ਨਹੀਂ ਜਾਂ ਕਹਿ ਲਵੋ ਕੋਈ ਲੋੜ ਹੀ ਨਹੀਂ ਸਮਝੀ। ਬਹੁਤ ਥੋੜ੍ਹੇ ਲੋਕ ਮਿਲਦੇ ਹਨ, ਜਿਨ੍ਹਾਂ ਨੂੰ ਤਿੰਨ ਪੀੜ੍ਹੀਆਂ ਤੋਂ ਬਾਅਦ ਚੌਥੀ ਪੀੜ੍ਹੀ ਬਾਰੇ ਪਤਾ ਹੋਵੇ ਪਰ ਸਾਇੰਸ ਤਾਂ ਇਹ ਕਹਿੰਦੀ ਹੈ ਸੱਤ-ਸੱਤ ਪੀੜ੍ਹੀਆਂ ਦੇ 'ਜੀਨਜ਼' ਅੱਗੇ ਦੀ ਅੱਗੇ ਤੁਰੇ ਜਾਂਦੇ ਹਨ। ਸੱਤ ਪੀੜ੍ਹੀਆਂ ਬੜੀ ਦੂਰ ਦੀ ਗੱਲ ਹੈ। ਅੱਜ ਕੱਲ੍ਹ ਦੇ ਤਾਂ ਮਾਂ-ਪਿਓ ਨੂੰ ਵੀ ਘਰੋਂ ਕੱਢਣਾ ਲੋਚਦੇ ਹਨ। ਇਹ ਦਾਦੇ-ਦਾਦੀਆਂ ਤਾਂ ਕੀਹਦੇ ਪੁੱਛਣ ਦੇ।
ਮਨੁੱਖ ਜਦੋਂ ਵੀ ਬੀਮਾਰ ਹੁੰਦਾ ਹੈ, ਉਸ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੁੰਦਾ ਹੈ, ਕੋਈ ਮਾਨਸਿਕ ਜਾਂ ਸਰੀਰਕ ਕਾਰਨ। ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਅਸਲ ਕਾਰਨਾਂ ਬਾਰੇ ਅਜੇ ਵੀ ਬਹਿਸ ਜਾਰੀ ਹੈ ਜਾਂ ਮੈਡੀਕਲ ਦੀਆਂ ਕਿਤਾਬਾਂ ਵਿਚ 'ਇਮਊਨ ਸਿਸਟਮ' (ਰੱਖਿਆ ਪ੍ਰਣਾਲੀ) ਨੂੰ ਆਧਾਰ ਬਣਾ ਕੇ ਗੱਲ ਇਥੇ ਮੁਕਾ ਦਿੱਤੀ ਜਾਂਦੀ ਹੈ ਕਿ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਕਰਕੇ ਹੀ ਮਨੁੱਖ ਬੀਮਾਰ ਹੁੰਦਾ ਹੈ ਪਰ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੇ ਵੀ ਕਈ ਕਾਰਨ ਹਨ, ਜਿਨ੍ਹਾਂ ਬਾਰੇ ਅਜੇ ਖੋਜ ਚੱਲ ਰਹੀ ਹੈ। ਹਰ ਬਿਮਾਰੀ ਮਨੁੱਖ ਦੇ ਅੰਦਰ ਪਈ ਹੋਈ ਹੈ। ਬਿਮਾਰੀ ਕੋਈ ਉਪਰੋਂ ਨਹੀਂ ਡਿੱਗਦੀ, ਬਸ ਜਦੋਂ ਮੌਕਾ-ਮੇਲ ਹੁੰਦਾ ਹੈ, ਤਦ ਬਿਮਾਰੀ ਆਪਣੇ ਲੱਛਣਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ।
ਇਸੇ ਕੜੀ ਤਹਿਤ ਬਿਮਾਰੀਆਂ ਨੂੰ ਜਾਣਨ ਲਈ ਜੱਦ-ਪੁਸ਼ਤ ਦਾ ਅਹਿਮ ਯੋਗਦਾਨ ਹੁੰਦਾ ਹੈ। ਜਿਵੇਂਕਿ ਅੱਜ ਦੇ ਯੁੱਗ ਵਿਚ ਸ਼ੂਗਰ, ਥਾਇਰਾਇਡ, ਗਠੀਆ, ਬਲੱਡ ਪ੍ਰੈਸ਼ਰ, ਕੈਂਸਰ ਆਦਿ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਰੱਖਿਆ ਹੈ। ਜਦੋਂ ਵੀ ਕੋਈ ਮਰੀਜ਼ ਭਾਵੇਂ ਉਹ ਕਿਸੇ ਵੀ ਮਰਜ਼ ਤੋਂ ਪੀੜਤ ਹੋਵੇ ਤਾਂ ਡਾਕਟਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਪੀੜਤ ਦੇ ਜੱਦ-ਪੁਸ਼ਤ ਤੱਕ ਜ਼ਰੂਰ ਪੁੱਛ-ਗਿੱਛ ਕਰੇ। ਬੇਸ਼ੱਕ ਜੱਦ-ਪੁਸ਼ਤ ਨੂੰ ਸਮਝ ਕੇ ਬਿਮਾਰੀ ਦਾ ਹੱਲ ਤਾਂ ਬਹੁਤਾ ਨਹੀਂ ਹੋ ਸਕਦਾ ਪਰ ਅਗਾਊਂ ਚੇਤਾਵਨੀ ਜ਼ਰੂਰ ਮਿਲ ਸਕਦੀ ਹੈ। ਮੰਨ ਲਵੋ ਕਿਸੇ ਤੰਦਰੁਸਤ ਮਨੁੱਖ ਦੇ ਪਰਿਵਾਰ ਵਿਚ ਪਿੱਛੇ ਕਿਸੇ ਖ਼ੂਨ ਦੇ ਰਿਸ਼ਤੇ ਵਿਚ ਸ਼ੂਗਰ ਹੈ ਤਾਂ ਉਸ ਤੰਦਰੁਸਤ ਮਨੁੱਖ ਨੂੰ ਪਹਿਲਾਂ ਹੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਸ ਨੂੰ ਵੀ ਸ਼ੂਗਰ ਹੋ ਸਕਦੀ ਹੈ। ਸ਼ੂਗਰ ਤੋਂ ਬਚਣ ਲਈ ਅਗਾਊਂ ਪ੍ਰਹੇਜ਼ ਕਰਨਾ ਜ਼ਰੂਰੀ ਹੈ। ਜੱਦ-ਪੁਸ਼ਤ ਵਿਚ ਗਿਣੇ ਜਾਂਦੇ ਮੁੱਖ ਰਿਸ਼ਤੇ, ਮਾਂ-ਪਿਓ, ਭੈਣ-ਭਰਾ, ਚਾਚਾ-ਤਾਇਆ, ਭੂਆ, ਮਾਸੀਆਂ, ਮਾਮੇ, ਨਾਨਾ-ਨਾਨੀ ਜਾਂ ਉਨ੍ਹਾਂ ਦੇ ਵੱਡੇ-ਵਡੇਰੇ ਹੁੰਦੇ ਹਨ। ਤਾਈ, ਚਾਚੀ, ਫੁੱਫੜ, ਮਾਸੜ, ਮਾਮੀ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ। ਹਾਂ, ਕਈ ਲਾਗ ਦੀਆਂ ਬਿਮਾਰੀਆਂ ਖ਼ੂਨ ਦੇ ਰਿਸ਼ਤੇ ਤੋਂ ਬਿਨਾਂ ਹੋ ਸਕਦੀਆਂ ਹਨ, ਜਿਵੇਂ ਸਕੈਬੀਜ਼ (ਖੁਰਕ), ਟੀ.ਬੀ. ਜਾਂ ਵਾਇਰਲ ਰੋਗ ਆਦਿ ਪਰ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਹੀ ਹਨ।
ਮੈਡੀਕਲ ਸਾਇੰਸ ਕੋਲ ਅਜੇ ਤੱਕ ਅਜਿਹਾ ਹੱਲ ਨਹੀਂ ਲੱਭਿਆ ਜਾ ਸਕਿਆ ਕਿ ਅਜਿਹੇ 'ਜੀਨਜ਼' ਜੋ ਬਿਮਾਰੀ ਨੂੰ ਅੱਗੇ ਲੈ ਕੇ ਜਾਂਦੇ ਹਨ, ਨੂੰ ਸਮਝ ਕੇ ਰੋਕ ਲਿਆ ਜਾਵੇ। ਉਦਾਹਰਣ ਦੇ ਤੌਰ 'ਤੇ ਹੀਮੋਫੀਲੀਆ, ਪੌਲੀ ਸਿਸਟਕ ਓਵਰੀਜ਼, ਪੌਲਸਿਸਟਕ ਕਿਡਨੀ, ਏਡਜ਼, ਹੈਪਾਟਾਈਟਸ-ਸੀ ਵਗੈਰਾ, ਜਿਨ੍ਹਾਂ ਵਿਚੋਂ ਹੀਮੋਫਿਲੀਆ ਨੂੰ ਤਾਂ ਆਮ ਲੋਕ ਮਾਮੇ-ਭਾਣਜੇ ਦੀ ਬਿਮਾਰੀ ਵੀ ਆਖ ਦਿੰਦੇ ਹਨ ਕਿਉਂਕਿ ਇਹ ਜੀਨਜ਼ ਮੁੰਡਿਆਂ ਵਿਚ ਹੀ ਪਾਇਆ ਜਾਂਦਾ ਹੈ। ਪੌਲੀਸਿਸਟਕ ਕਿਡਨੀ ਜ਼ਰੂਰੀ ਨਹੀਂ ਕਿ ਪਰਿਵਾਰ ਦੇ ਸਾਰੇ ਜੀਆਂ ਨੂੰ ਹੀ ਹੋਵੇ ਪਰ ਇਹ ਦੇਖਿਆ ਗਿਆ ਹੈ ਜੇਕਰ ਮਾਂ ਜਾਂ ਪਿਓ 'ਚੋਂ ਕਿਸੇ ਇਕ ਨੂੰ ਇਹ ਬਿਮਾਰੀ ਹੈ ਤਾਂ ਉਹ ਅੱਗੇ ਜ਼ਰੂਰ ਜਾਂਦੀ ਹੈ, ਜਿਸ ਦਾ ਅੰਤ ਗੁਰਦੇ ਫੇਲ੍ਹ ਹੋ ਕੇ ਹੁੰਦਾ ਹੈ।
ਇਸੇ ਤਰ੍ਹਾਂ ਏਡਜ਼ ਅਤੇ ਹੈਪਾਟਾਇਟਸ-ਸੀ ਬਾਰੇ ਤਾਂ ਸਭ ਜਾਣਦੇ ਹੀ ਹਨ। ਇਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਜੇਕਰ ਮਾਂ ਜਾਂ ਪਿਓ ਨੂੰ ਏਡਜ਼ ਜਾਂ ਹੈਪਾਟਾਇਟਸ ਬੱਚਿਆਂ ਦੇ ਜਨਮ ਤੋਂ ਬਾਅਦ ਹੋਈ ਤਾਂ ਬੱਚਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ ਪਰ ਜੇਕਰ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਜਾਂ ਬਾਪ ਏਡਜ਼ ਦਾ ਸ਼ਿਕਾਰ ਹੋ ਗਿਆ ਤਾਂ ਬੱਚਿਆਂ ਵਿਚ ਉਹ ਜੀਨਜ਼ ਚਲੇ ਜਾਣਗੇ। ਇਹ ਤਾਂ ਹਨ ਜਾਨਲੇਵਾ ਬਿਮਾਰੀਆਂ।
ਬਾਕੀ ਸਾਰੀਆਂ ਬਿਮਾਰੀਆਂ ਜਿਵੇਂ ਫੁਲਵਹਿਰੀ, ਪਾਗਲਪਣ, ਡਿਪਰੈਸ਼ਨ, ਪਿੱਤੇ ਜਾਂ ਗੁਰਦੇ ਦੀ ਪਥਰੀ, ਰਸੌਲੀਆਂ, ਮੋਟਾਪਾ, ਸੋਕੜਾ, ਸਾਰੀਆਂ ਐਲਰਜ਼ੀਆਂ ਕੀ-ਕੀ ਲਿਖੀਏ, ਸਾਰੀਆਂ ਬਿਮਾਰੀਆਂ, ਸਾਰੀਆਂ ਆਦਤਾਂ ਜਿਵੇਂਕਿ ਸ਼ਰਾਬ ਪੀਣ ਦੀ ਆਦਤ, ਝੂਠ ਬੋਲਣ ਦੀ ਆਦਤ ਜਾਂ ਚੰਗੀਆਂ-ਮਾੜੀਆਂ ਆਦਤਾਂ ਮਨੁੱਖ ਨੂੰ ਜੱਦ ਵਿਚੋਂ ਹੀ ਮਿਲਦੀਆਂ ਹਨ। ਸੋ ਆਪਣੀਆਂ ਨਸਲਾਂ ਨੂੰ ਸੁਧਾਰਨ ਲਈ ਚੰਗੇ ਬਣੀਏ, ਸਾਡੀਆਂ ਰਗਾਂ ਵਿਚ ਸ਼ਹੀਦਾਂ ਦਾ ਖ਼ੂਨ ਦੌੜ ਰਿਹਾ ਹੈ ਪਰ ਪਤਾ ਨਹੀਂ ਕਿਉਂ ਅਸੀਂ ਪੈਸੇ ਦੇ ਪੁੱਤ ਬਣ ਕੇ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਵਿਚ ਗ੍ਰਸਤ ਹੋਏ ਪਏ ਹਾਂ। ਆਓ, ਆਪਣੇ ਆਪ ਨੂੰ ਬਦਲੀਏ ਤਾਂ ਕਿ ਚੰਗਾ ਅਤੇ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿਥੇ ਜੱਦ-ਪੁਸ਼ਤ ਦਾ ਪਤਾ ਨਹੀਂ ਲੱਗਦਾ ਕਿਉਂਕਿ ਸਾਡੇ ਸਮਾਜ ਵਿਚ ਵਧ ਰਹੇ ਨਾਜਾਇਜ਼ ਸੰਬੰਧ ਜਿਥੇ ਇੱਜ਼ਤ ਲਈ ਖ਼ਤਰਾ ਬਣ ਰਹੇ ਹਨ, ਉਥੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਮੈਂ ਆਪਣੇ ਅਤੇ ਆਪਣੇ ਮਿੱਤਰ ਸਾਥੀਆਂ ਦੀ ਸਹਾਇਤਾ ਨਾਲ ਇਹ ਖੋਜ ਕਰ ਚੁੱਕਿਆ ਹਾਂ ਕਿ ਪਿਛਲੇ ਸੱਤ ਸਾਲਾਂ ਦੌਰਾਨ 150-200 ਕੇਸ ਅਜਿਹੇ ਮਿਲੇ ਹਨ, ਜੋ ਆਪਣੇ ਪਿਓ ਦੀ ਔਲਾਦ ਨਹੀਂ, ਸਗੋਂ ਨਾਜਾਇਜ਼ ਸੰਬੰਧਾਂ ਨਾਲ ਪੈਦਾ ਹੋਏ ਹਨ। ਜਦੋਂ ਉਨ੍ਹਾਂ ਦੀ ਜੱਦ-ਪੁਸ਼ਤ ਬਾਰੇ ਪੁੱਛੀਦਾ ਹੈ ਤਾਂ ਮਰੀਜ਼ ਚੁੱਪ ਹੋ ਜਾਂਦਾ ਹੈ ਅਤੇ ਦੱਸਣਾ ਤਾਂ ਪੈਂਦਾ ਹੈ, ਡਾਕਟਰ ਤੋਂ ਕਾਹਦਾ ਓਹਲਾ, ਕਹਿੰਦੇ-ਕਹਿੰਦੇ ਮਰੀਜ਼ ਆਪਣੀ ਗੱਲ ਦੱਸਦਾ ਹੈ। ਬਹੁਤੇ ਕੇਸਾਂ ਵਿਚ ਇਹ ਪਾਇਆ ਗਿਆ ਕਿ ਘਰਵਾਲਾ ਨਾਮਰਦ ਸੀ ਜਾਂ ਉਸਦੇ ਵੀਰਜ ਵਿਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਸੀ ਪਰ ਨੁਕਸ ਕੁੜੀ ਵਿਚ ਕੱਢਿਆ ਜਾ ਰਿਹਾ ਸੀ। ਇਸੇ ਕਰਕੇ ਕਈਆਂ ਨੇ 'ਅੱਕ ਚੱਬਿਆ' ਜਾਂ ਦੂਸਰਾ ਕਾਰਨ ਜਿਹੜਾ ਪਾਇਆ ਗਿਆ, ਉਹ ਵਿਆਹ ਤੋਂ ਪਹਿਲਾਂ ਬਣੇ ਸੰਬੰਧ ਸਨ, ਜਿਨ੍ਹਾਂ ਵਿਚ ਆਪਣੇ ਮਹਿਬੂਬ ਨੂੰ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਸਥਾਪਿਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਗਿਆ। ਇਸਤੋਂ ਇਲਾਵਾ ਇਕ ਮਾਨਤਾ ਪ੍ਰਾਪਤ ਤਕਨੀਕ (ਆਈ ਵੀ ਐਫ) ਜੋ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਹੁੰਦੀ ਹੈ, ਉਸਨੂੰ ਨਾਜਾਇਜ਼ ਔਲਾਦ ਤਾਂ ਨਹੀਂ ਕਿਹਾ ਜਾ ਸਕਦਾ ਪਰ ਕਿਸੇ ਹੋਰ ਆਦਮੀ ਦਾ ਵੀਰਜ ਲੈ ਕੇ ਔਰਤ ਦੀ ਬੱਚੇਦਾਨੀ ਵਿਚ ਧਰਿਆ ਜਾਂਦਾ ਹੈ। ਬੇਸ਼ੱਕ ਉਸ ਸਾਰੇ ਬਾਰੇ ਪੂਰਾ ਓਹਲਾ ਰੱਖਿਆ ਜਾਂਦਾ ਹੈ ਪਰ ਇਸ ਤਕਨੀਕ ਨੂੰ ਕਰਨ ਵਾਲੇ ਡਾਕਟਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਆਦਮੀ ਦਾ ਵੀਰਜ, ਔਰਤ ਦੇ ਗਰਭ ਵਿਚ ਰੱਖਿਆ ਜਾ ਰਿਹਾ ਹੈ, ਉਸ ਦੀ ਜੱਦ-ਪੁਸ਼ਤ ਬਾਰੇ ਜ਼ਰੂਰ ਜਾਣ ਲਿਆ ਜਾਵੇ, ਇਹ ਨਾ ਹੋਵੇ ਕਿ ਇੰਨੀ ਮਾਨਸਿਕ ਪੀੜਾ ਸਹਿ ਕੇ ਲਿਆ ਬੱਚਾ ਬੀਮਾਰ ਹੀ ਪੈਦਾ ਹੋਵੇ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.