ਪੰਜਾਬ ਦੇ ਅਮੀਰ ਸੱਭਿਆਚਾਰ ਦੇ ਸਦਕੇ ਸੰਸਾਰ ਵਿੱਚ ਪੰਜਾਬੀਆ ਦੀ ਵੱਖਰੀ ਪਹਿਚਾਣ ਹੈ । ਇਹਨਾਂ ਦੇ ਹਰ ਰੰਗ ਨੂੰ ਦੂਸਰੇ ਰਾਜਾ ਤੇ ਦੇਸ਼ਾਂ ਦੇ ਵਸਨੀਕ ਬੜੇ ਚਾਂਵਾ ਨਾਲ ਮਾਣਦੇ ਤੇ ਸਤਿਕਾਰ ਦਿੰਦੇ ਹਨ । ਵਿਰਸੇ ਵਿੱਚ ਮਿਲੇ ਸੰਸਕਾਰਾਂ ਕਾਰਨ ਮਿਹਨਤੀ ਸੁਭਾਅ ,ਖਾਣ-ਪੀਣ,ਰਿਹਣ-ਸਹਿਣ ਤੇ ਸਜਣ-ਫੱਬਣ ਦੀ ਸੌਂਕੀਨਾ ਦਾ ਦੁਨੀਆਂ ਵਿੱਚ ਕੋਈ ਸਾਨੀ ਨਹੀ । ਇਸ ਸਭ ਕੁਝ ਦੇ ਨਾਲ ਬੇਅੰਤ ਕੁਰਬਾਨੀਆਂ ਤੋਂ ਬਾਅਦ ਗੁਰੂਆਂ ਵਲੋਂ ਬਖਸ਼ੀ ਅਲੌਕਿਕ ਸੌਗਾਤ " ਦਸਤਾਰ " ਇਹਨਾਂ ਦੀ ਸਾਨ ਤੇ ਸਵੈਮਾਨ ਨੂੰ ਹੋਰ ਵਧਾ ਦਿੰਦੀ ਹੈ । ਜਿਸ ਨੂੰ ਦੁਨੀਆਂ ਵਿਚ ਵੱਖ-2 ਨਾਵਾਂ ਨਾਲ ਜਿਵੇਂ ਫਰੈਂਚ ਵਿੱਚ ਟਰਬਨ ਜਾਂ ਟਲਬੈਂਡ,ਲਤੀਨੀ ਵਿੱਚ ਮਈਟਰ ,ਤੁਰਕੀ ਵਿੱਚ ਸਾਰਿਕ ,ਰੋਮਾਨੀ ਵਿਚ ਟੁਲੀਪਨ ਅਤੇ ਜਰਮਨ ਜਾਂ ਇੰਗਲਿਸ ਵਿੱਚ ਟਰਬਨ ਤੇ ਠੇਠ ਪੰਜਾਬੀ ਵਿੱਚ ਪੱਗ ਜਾ ਦਸਤਾਰ ਕਿਹਾ ਜਾਦਾ ਹੈ । ਇਹ ਇਕੱਲਾ ਸਿਰ ਢਕਣ ਦਾ ਕੱਪੜਾ ਨਹੀਂ । ਸਗੋਂ ਖਾਸ ਵਸਤਰ ਹੈ ਜਿਸਦੀ ਸੰਭਾਲ ਤੇ ਸਜਾਉਣ ਸਮੇਂ ਪੂਰਨ ਧਿਆਨ ਰੱਖਿਆ ਜਾਦਾ ਹੈ । ਕੁਲ ਜਹਾਨ ਦਾ ਇਤਿਹਾਸ ਗਵਾਹ ਹੈ । ਕਿ ਜਦ ਵੀ ਪੱਗ ਵੱਲ ਉਂਗਲ ਉਠੀ ਤਾਂ ਪੰਜਾਬੀ ਕੌਮ ਨੇ ਏਕਤਾ ਨਾਲ ਉਸਦਾ ਮੂੰਹ ਤੋੜਵਾ ਜਵਾਬ ਦਿੱਤਾ । ਮਸਾਲ ਵਜੋਂ ਫਰਵਰੀ 2016 ਵਿਚ ਫਰਾਂਸ ਸਰਕਾਰ ਨੇ ਜਨਤਕ ਥਾਵਾਂ ਤੇ ਦਸਤਾਰ ਸਜਾਕੇ ਜਾਣ ਦੀ ਮਨਾਹੀ ਕੀਤੀ । ਪਰ ਸਥਾਨਕ ਅਤੇ ਦੁਨੀਆ ਭਰ ਤੋਂ ਪੰਜਾਬੀਆਂ ਦੇ ਰੋਅ ਅੱਗੇ ਝੁਕਦੀ ਸਰਕਾਰ ਨੂੰ ਸਿੱਖਾ ਦੇ ਧਾਰਮਿਕ ਚਿੰਨਾਂ ਦੀ ਆਜ਼ਾਦੀ ਸਬੰਧੀ ਕਨੂੰਨ ਬਣਾਉਣੇ ਪਏ । ਇਸੇ ਤਰ੍ਹਾਂ ਯੂਐਸਏ ਏਅਰਫੋਰਸ ਵਿੱਚ ਹਰਪ੍ਰੀਤਇੰਦਰ ਸਿਘ ਬਾਜਵਾ ਫਸਟ ਕਲਾਸ ਏਅਰਮੈਨ ਭਰਤੀ ਹੋਏ । ਪਰ ਅਮਰੀਕੀ ਕਨੂੰਨ ਅਨੁਸਾਰ ਸਾਬਤ ਸਬੂਤ ਸਿੱਖ ਨੂੰ ਨੌਕਰੀ ਕਰਨ ਦੀ ਮਨਾਹੀ ਜਾਂ ਧਰਮ ਤਿਆਗ ਕੇ ਨੌਕਰੀ ਦੀ ਸਰਤ ਸੀ । ਸਾਲ ਭਰ ਚੱਲੇ ਲੰਮੇ ਕਨੂੰਨੀ ਸੰਘਰਸ ਜਿੱਤਣ ਤੋਂ ਬਾਅਦ 2018 ਨੂੰ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਦਸਤਾਰ,ਕੇਸ਼ ਤੇ ਦਾੜੀ ਸੰਪੂਰਨ ਸਿੱਖ ਸੇਵਾਵਾ ਨਿਭਾ ਰਿਹਾ ਹੈ । ਇਥੋਂ ਤੱਕ ਅਮਰੀਕਿਨ ਸਿਵਲ ਲਿਬਰਟੀਜ ਯੂਨੀਅਨ ਨੇ ਪੱਗ ਨੂੰ ਸਿੱਖਾਂ ਦੇ ਸਿਰ ਦਾ ਤਾਜ ਆਖ ਪ੍ਰਸੰਸਾ ਕੀਤੀ ।
ਪੰਜਾਬੀ ਕੌਮ ਦਾ ਦਸਤਾਰ ਪ੍ਰਤੀ ਮੋਹ ਆਪ ਮੁਹਾਰੇ ਝਲਕਦਾ ਹੈ । ਜਦੋ ਹੋਸ ਸੰਭਾਲਣ ਤੋਂ ਬਾਅਦ ਬੱਚਾ ਦਸਤਾਰ ਸਾਂਭਣ ਤੇ ਸਜਾਉਣ ਲਾਇਕ ਹੋ ਜਾਵੇ ਤਾ ਬਕਾਇਦਾ "ਦਸਤਾਰ ਬੰਦੀ" ਦਾ ਸਮਾਗਮ ਰੱਖ ਖੁਸੀ ਮਨਾਈ ਜਾਦੀ ਹੈ । ਘਰ ਪ੍ਰਕਾਸ਼ ਕਰਵਾ ਕੇ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਉਪਰੰਤ ਜਾ ਗੁਰਦੁਵਾਰੇ ਮੱਥੇ ਟੇਕ ਕੇ ਇਸ ਰਸਮ ਨੂੰ ਪੂਰੀ ਕਰ ਨਾਨਕੇ ਪਹਿਲੀ ਪੱਗ ਬੱਚੇ ਨੂੰ ਭੇਂਟ ਕਰਦੇ ਹਨ । ਦਸਤਾਰ ਸਜਾਉਣ ਵਾਲਾ ਕਦੇ ਨੰਗੇ ਸਿਰ ਘਰੋਂ ਬਾਹਰ ਨਹੀਂ ਜਾਂਦਾ । ਸਗੋਂ ਪਰਨੇ ਜਾ ਕੇਸ਼ਕੀ ਨਾਲ ਹਮੇਸਾ ਸਿਰ ਢੱਕ ਕੇ ਰੱਖਦਾ ਹੈ । ਪੁਰਾਣੇ ਸਮੇਂ ਵਿੱਚ ਬਜ਼ੁਰਗ ਭਾਵੇ ਮੁੰਡਾ ਜਾਂ ਕੁੜੀ ਦਾ ਨੰਗੇ ਸਿਰ ਘਰੋਂ ਬਾਹਰ ਜਾਣਾ ਚੰਗਾ ਨਹੀਂ ਮੰਨਦੇ ਸਨ । ਅਜੋਕੇ ਦੌਰ ਵਿੱਚ ਨੌਜਵਾਨ ਕਲੱਬ ਤੇ ਸਿੱਖ ਸੰਸਥਾਵਾ ਸੋਹਣੀ ਪੱਗ ਬੰਨਣ ਦੇ ਮੁਕਾਬਲੇ ਕਰਵਾਉਂਦੇ ਹਨ ਤਾਂ ਜੋ ਨਵੀ ਪੀੜੀ ਇਸ ਪ੍ਰਤੀ ਅਕਰਸ਼ਿਤ ਹੋ ਜਾਵੇ । ਇਹਨਾਂ ਮੁਕਾਬਲਿਆ ਦੀ ਨੀਂਹ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਟਾਂ ਸਾਹਿਬ ਤੋਂ ਸ਼ੁਰੂ ਕੀਤੀ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਹ ਮੁਕਾਬਲੇ ਹੁੰਦੇ ਰਹੇ । ਸੋਹਣੀ ਦਸਤਾਰ ਵਾਲੇ ਨੂੰ ਇਨਾਮ ਵੀ ਦਿੱਤੇ ਜਾਦੇ ਸਨ । ਅੱਜ ਇਹਨਾਂ ਮੁਕਬਲਿਆਂ ਦਾ ਘੇਰਾ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ । ਉਂਝ ਪੰਜਾਬੀ ਗਾਇਕੀ ਦੇ ਬੋਲ ਤੇ ਫਿਲਮਾਂਕਣ ਅੱਤ ਦਰਜੇ ਦੇ ਨੀਵੇਂ ਹਨ । ਪਰ ਦਸਤਾਰ ਦੇ ਸਦਕੇ ਕਈ ਗਾਇਕ ਫਿਲਮੀ ਦੁਨੀਆ ਤੇ ਵਿਦੇਸਾ ਵਿੱਚ ਅਖਾੜੇ ਲਗਾ ਚੰਗਾ ਨਾਅ ਅਤੇ ਡਾਲਰ ਕਮਾ ਰਹੇ ਹਨ।
ਸਿੱਖਾਂ ਵਾਂਗ ਮੁਸਲਮਾਨਾਂ ਵਿੱਚ ਵੀ ਪੱਗ ਸਜਾਉਣ ਦੀ ਰਵਾਇਤ ਹੈ ਹੁਣ ਵੀ ਕਈ ਮੋਲਵੀ, ਪੱਕੇ ਨਮਾਜੀ ਜਾਂ ਬਜ਼ੁਰਗ ਪਾਲਣਾ ਕਰ ਰਹੇ ਹਨ । ਪਰ ਨਵੀ ਪੀੜੀ ਨੇ ਇਸ ਨੂੰ ਸਿਰੇ ਤੋ ਨਿਕਰਿਆ ਹੈ । ਜਦੋ ਕਿ ਇਸ ਕੌਮ ਵਿੱਚ ਵੀ ਸ਼ੁਰੂਆਤ ਅਧਿਆਤਮਿਕ ਗੁਰੂ ਪੈਗੰਬਰ ਮੁਹੰਮਦ ਸਾਹਿਬ ਵਲੋਂ ਕੀਤੀ ਗਈ । ਜੋ ਪੱਗ ਨੂੰ ਬਾਦਸ਼ਾਹੀ,ਵਡੱਪਣ,ਸੁੱਚਤਾ ਤੇ ਉੱਚਤਾ ਦੇ ਪ੍ਰਤੀਕ ਮੰਨਦੇ ਸਨ । ਬਾਅਦ ਵਿੱਚ ਹਜਰਤ ਮੁਹੰਮਦ ਸਾਹਿਬ ਨੇ ਇਸ ਨੂੰ ਫਰਿਸਤਿਆ ਦੀ ਨਿਸਾਨੀ ਆਖ ਆਪਣੇ ਮਜਹਬ ਦੇ ਲੋਕਾਂ ਨੂੰ ਲਿਬਾਸ ਨਾਲ ਦਸਤਾਰ ਸਜਾਉਣ ਲਈ ਵੀ ਪ੍ਰੇਰਿਤ ਕੀਤਾ । ਸੱਚੀ ਸਰਧਾ ਅਤੇ ਨੇਕਨੀਤੀ ਦੇ ਰਾਹ ਤੇ ਚਲਦਿਆ ਕੌਮ ਦਾ ਧਾਰਮਿਕ ਚਿੰਨ ਨਾ ਬਣ ਸਕੀ । ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕਰ ਪੰਜ ਕੰਕਾਰਾ ਨੂੰ ਪਹਿਨਣ ਤੇ ਸਿਰ ਢੱਕ ਕੇ ਰੱਖਣ ਦੀ ਪਾਲਣਾ ਨਾਲ ਕੇਸਕੀ ਜਾ ਦਸਤਾਰ ਵੀ ਸਿੱਖਾਂ ਦਾ ਅਨਿੱਖੜਵਾ ਅੰਗ ਬਣ ਗਈ । ਸਭ ਧਰਮਾਂ ਦੇ ਗੁਰੂਆਂ ਨੇ ਦਸਤਾਰ ਨੂੰ ਬੜੇ ਸਤਿਕਾਰ ਤੇ ਅਦਬ ਨਾਲ ਸਜਾਇਆ । ਪਰ ਸਿੱਖ ਧਰਮ ਵਿੱਚ ਇਸਦਾ ਆਪਣਾ ਹੀ ਇਕ ਵੱਖਰਾ ਹੀ ਮੁਕਾਮ ਹੈ । ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਵਿੱਚ ਵੀ ਪੱਗ ਨੂੰ ਖਾਸ ਤਵੱਜੋ ਦਿੰਦੇ ਹਨ । ਇਹ ਉਹਨਾਂ ਦਾ ਕੋਈ ਧਾਰਮਿਕ ਚਿੰਨ੍ਹ ਨਹੀ । ਪਰ ਦਸਤਾਰ ਨੂੰ ਰਾਜਾਸ਼ਾਹੀ ਠਾਠ ਤੇ ਟੋਹਰ ਦਾ ਹਿੱਸਾ ਜਰੂਰ ਮੰਨਦੇ ਤੇ ਦਸਤਾਰ ਲਈ ਪਗੜੀ ਸਬਦ ਦੀ ਵਰਤੋਂ ਕਰਦੇ ਹਨ । ਰਾਜਸਥਾਨੀ ਪ੍ਰੰਪਰਾ ਅਨੁਸਾਰ ਕੁਝ ਜਾਤਾਂ ਜਾਂ ਕਬੀਲਿਆਂ ਲਈ ਵੀ ਖਾਸ ਰੰਗ ਬੰਨਣੇ ਤੈਅ ਕੀਤੇ ਹੋਏ ਹਨ । ਚਿੱਟਾ ਰੰਗ ਬਿਸਨੋਈ ,ਕਬੀਲੇ ਬਹੁਰੰਗੀ ਧਾਰੀਆ ਅਤੇ ਪਸ਼ੂ ਚਾਰਨੇ ਲਾਲ ਰੰਗ ਦੀ ਪਗੜੀ ਸਜਾਉਂਦੇ , ਜੋਧਪੁਰੀ ਸਾਹੀ ਠਾਠ ਵਾਲੀ ਪੱਗ ਨਾਲ ਲੰਮਾ ਸਮਲਾ (ਲੱਕ ਤੱਕ) ਅਤੇ ਕੋਟ ਜਾ ਅਚਕਨ ਪਾਉਣ ਦੀ ਪੁਰਾਤਨ ਰੀਤ ਅੱਜ ਵੀ ਬਖੂਬੀ ਨਿਭਾ ਰਹੇ ਹਨ । ਗੁਜਰਾਤ ਵਿੱਚ ਖਾਸ ਮੌਕਿਆ ਤੇ ਦਸਤਾਰ ਸਜਾਉਣ ਦਾ ਪ੍ਰਚਲਨ ਹੈ । ਉਹ ਆਪਣੀ ਭਾਸਾ ਵਿੱਚ ਸਾਫਾ ਬੋਲਦੇ ਹਨ । ਜੋ ਗੋਲ ਅਕਾਰੀ ਅੰਦਾਜ ,ਬਹੁਰੰਗੀ ਧਾਰੀਆ ਤੇ ਫੁੱਲ-ਬੁਟੀਆ ਵਾਲਾ ਹੁੰਦਾ ਹੈ ।
ਪੰਜਾਬ ਦੇ ਸਮਾਜਿਕ ,ਧਾਰਮਿਕ ,ਰਾਜਨੀਤਿਕ ਅਤੇ ਸੱਭਿਆਚਾਰ ਖੇਤਰ ਵਿੱਚ ਵੀ ਦਸਤਾਰ ਦਾ ਅਹਿਮ ਯੋਗਦਾਨ ਹੈ । ਸਿੱਖ ਕੌਮ ਲਈ ਇਕ ਧਾਰਮਿਕ ਚਿੰਨ ਹੈ । ਪਰ ਨਾਲੋ ਨਾਲ ਨੀਲਾ ਤੇ ਕੇਸਰੀ ਰੰਗ ਵੀ ਇਸ ਧਰਮ ਨਾਲ ਜੁੜੇ ਹੋਏ ਹਨ । ਨਿਹੰਗ ਸਿੰਘ ਨੀਲੇ ਬਾਣਿਆ ਦੇ ਨਾਲ 30 ਤੋ 70 ਮੀਟਰ ਦੇ ਦੁਮਾਲੇ ਸਜਾਉਦੇ । ਪਰ ਹੋਲੇ ਮਹੱਲੇ ਸਮੇ ਨਿਹੰਗ ਬਸੰਤੀ ਦਸਤਾਰ ਜਾ ਖਾਲਸਾਈ ਨਿਸਾਨੀਆ ਨਾਲ ਸਜਾਏ ਵੱਡ ਅਕਾਰੀ ਦੁਮਾਲੇ ਤੇ ਘੋਟੇ ਦੇ ਰਗੜੇ ਲਗਾ ਖੁਸੀਆ ਵਿੱਚ ਮਦਮਸਤ ਹੁੰਦੇ ਹਨ । ਗੁਰ ਗੋਬਿੰਦ ਦੀਆ ਲਾਡਲੀਆ ਫੋਜਾ ਯੁੱਧ ਦੋਰਾਨ ਕੇਸਰੀ ਦਸਤਾਰਾ ਸਜਾ ਕੇ ਬੇਖੋਫ ਵੈਰੀਆ ਨੂੰ ਢੇਰ ਕਰਦੀਆ ਸਨ । ਸਿੱਖਾ ਲਈ ਕੇਸਰੀ ਸਹਾਦਤ ਦਾ ਰੰਗ ਹੈ। ਨਿਰੰਕਾਰੀ ਸੰਪਰਦਾ ਦੇ ਲੋਕ ਸ਼ਫੇਦ ਬਾਣੇ ਨਾਲ ਸਫੇਦ ਪੋਚਵੀ ਗੋਲ਼ ਕੇਸਕੀ ਸਜਾਉਦੇ ਆ ਰਹੇ ਹਨ । ਆਜਾਦੀ ਦੇ ਉਪਾਸਕ ਤੇ ਵਿਦਵਾਨ ਸਹੀਦੇ-ਏ-ਆਜਮ ਸਰਦਾਰ ਭਗਤ ਸਿੰਘ ਅੰਗਰੇਜਾ ਵਿਰੁੱਧ ਸੰਘਰਸ ਸਮੇ ਬਸੰਤੀ ਰੰਗ ਦੀ ਦਸਤਾਰ ਸਜਾ ਨੋਜਵਾਨਾ ਨੂੰ ਬਰਤਾਨੀਆ ਸਾਮਰਾਜ ਦੀ ਖਿਲਾਫਤ ਲਈ ਇਕਮੁੱਠ ਕੀਤਾ ਸੀ । ਅੱਜ ਵੀ ਇਸ ਰੰਗ ਨੰ ਲੋਕੀ ਸਰਮਾਏਦਾਰੀ ,ਧਾਰਮਿਕ ਕੱਟੜਤਾ ਤੇ ਨਾਬਰਾਬਰੀ ਦੇ ਖਾਤਮੇ ਲਈ ਲਈ ਪ੍ਰੇਰਨਾ ਸ੍ਰੋਤ ਮੰਨਦੇ ਹਨ । ਕੁਲ ਦੁਨੀਆ ਵਿੱਚ ਦਸਤਾਰ ਨੇ ਸਰਦਾਰਾ ਨੂੰ ਨੇਕ ਦਿਲ ,ਜੁਲਮ ਖਿਲਾਫ ਠਟਣ ਤੇ ਮੱਦਦਗਾਰ ਹੋਣ ਵਾਲੀ ਕੌਮ ਦੀ ਪਹਿਚਾਣ ਦਿੱਤੀ । ਇਹ ਆਮ ਧਾਰਨਾ ਹੈ ਕਿ ਵਿਦੇਸ਼ਾ ਜਾ ਭਾਰਤ ਵਿੱਚ ਬਸ ਜਾ ਕੈਬ ਸਫਰ ਅਤੇ ਭੀੜ ਵਾਲੇ ਥਾਵੇ ਤੇ ਔਰਤਾ ਸਰਦਾਰ ਵਿਆਕਤੀ ਦੇ ਹੁੰਦਿਆ ਸੁਰੱਖਿਅਤ ਸਮਝਦੀਆ ਹਨ । ਜੋ ਬਿਨ ਬੋਲੇ ਹੀ ਫਖਰ ਤੇ ਰਖਵਾਲੇ ਹੋਣ ਦੀ ਗਵਾਹੀ ਹੈ ।
ਪੱਗ ਜਾਨ ਤੋ ਸਾਨੂੰ ਪਿਆਰੀ ਏ
ਸਿਰ ਸਜ ਗਈ ਤਾ ਜਿਮੇਵਾਰੀ ਭਾਰੀ ਏ
ਰਾਜਨੀਤੀ ਵਿੱਚ ਦਸਤਾਰ ਦਾ ਬਾਕਮਾਲ ਰੂਪ ਹੈ । ਵਿਸਵਾਸ ,ਦ੍ਰਿੜਤਾ , ਸੁੱਚਤਾ ਤੇ ਨਿਰਵੈਰ ਦੇ ਗੁਣਾ ਕਾਰਨ ਕੁੱਝ ਪਗੜੀਧਾਰੀ ਸਿਆਸੀ ਲੀਡਰ ਉਪਰ ਲੋਕ ਜਲਦੀ ਵਿਸਵਾਸ ਕਰ ਲੈਦੇ ਹਨ । ਬਦਲੇ ਦੌਰ ਵਿੱਚ ਪਾਰਟੀਆ ਨੇ ਆਪਣਾ ਸੰਵਿਧਾਨ ਤੇ ਝੰਡਾ ਵਾਂਗ ਪੱਗਾ ਦੇ ਰੰਗ ਵੀ ਤੈਅ ਕਰ ਲਏ ਜਿਵੇ ਕਾਗਰਸ਼ੀ ਚਿੱਟੀ,ਆਕਾਲੀ ਨੀਲੀ,ਕਾਮਰੇਡ ਲਾਲ,ਆਪ ਬਸੰਤੀ ਤੇ ਕਿਸਾਨ ਜਥੇਬੰਦੀਆ ਹਰੇ ਰੰਗ ਨੂੰ ਪਹਿਲ ਦਿੰਦੀਆ ਹਨ । ਪੰਜਾਬ ਦੇ ਸਿਆਸ਼ੀ ਗਲਿਆਰਿਆ ਵੀ ਵਿੱਚ ਮਸਹੂਰ ਹੈ । ਕਿ ਪੰਜਾਬ ਵਿੱਚ ਰਾਜਨੀਤਿਕ ਪਾਰਟੀ ਬਦਲਣਾ ਕੋਈ ਅਸਮਾਨੋ ਤਾਰੇ ਤੋੜਨਾ ਨਹੀ , ਬੱਸ ਪੱਗ ਦਾ ਰੰਗ ਹੀ ਬਦਲਣਾ ਹੈ ।
ਬਹੁਭਾਤੀ ਸੱਭਿਆਚਾਰ ਨੂੰ ਹੋਰ ਰੰਗੀਲਾ ਬਣਾਉਣ ਲਈ ਵੀ ਪੱਗਾ ਦੇ ਰੰਗਾ ਨੇ ਕੋਈ ਕਸ਼ਰ ਨਹੀ ਛੱਡੀ । ਜਿਵੇ ਭੰਗੜਾ ਗੂੜੇ ਰੰਗ ਦੀਆ ਜੈਕਟਾ ਨਾਲ ਮੇਲ ਖਾਦੀਆ ਟੇਡੀਆ ਸਮਲੇ ਤੇ ਫਰਲੇ ਵਾਲੀਆ ਪੱਗਾ ਤੋ ਬਿਨਾ ਨਹੀ ਸੋਭਦਾ । ਉਸੇ ਤਰਾ ਪੁਰਾਣੇ ਸਮੇ ਦੌਰਾਨ ਮੰਗਣੇ ਵਾਲੇ ਦਿਨ ਗੁਲਾਬੀ ਤੇ ਵਿਆਹ ਨੂੰ ਉਨਾਭੀ ਰੰਗ ਨੂੰ ਹੀ ਸੁਭ ਮੰਨਿਆ ਜਾਦਾ ਸੀ । ਨਵੇ ਜਮਾਨੇ ਦੇ ਫੈਂਸਨ ਵਿੱਚ ਪੱਗ ਨਾਲ ਸਰਟ ਜਾ ਟਾਈ ਦਾ ਮੇਲ (ਮੈਚਿੰਗ) ਪੂਰੀ ਦੁਨੀਆ ਵਿੱਚ ਮਸਹੂਰ ਹੈ । ਵਿਆਹ ਸਾਦੀ ਵਿੱਚ ਨਵੇ ਜੋੜੇ ਸਮੇਤ ਬਾਕੀ ਜੋੜਿਆ ਦੀਆ ਚੁੰਨੀਆ, ਸੂਟ ਤੇ ਲਹਿੰਗੇ ਵੀ ਪੱਗ ਨਾਲ ਮੇਲ ਖਾਦੇ ਆਮ ਹੀ ਦਿਖ ਜਾਦੇ ਹਨ ।
ਚੁੰਨੀ ਰੰਗਦੇ ਲਲਾਰੀਆ ਮੇਰੀ
ਵੇ ਸੱਜਣਾ ਦੀ ਪੱਗ ਨਾਲ ਦੀ
ਖੁਸੀ ਸਮੇ ਗੂੜੇ ਤੇ ਗਮੀ ਸਮੇ ਫਿੱਕਾ ਰੰਗਾ ਦੀ ਰੀਤ ਅੱਜ ਵੀ ਨਿਰਵਿਘਨ ਪੁਗਾਈ ਜਾਦੀ ਹੈ । ਉਮਰੇ ਦੇ ਪੜਾਵਾ ਨਾਲ ਇਹ ਦਸਤਾਰਾ ਦੇ ਰੰਗ ਕੁਦਰਤੀ ਬਦਲ ਜਾਦੇ ਜਿਵੇ ਜਵਾਨੀ ਪਹਿਰੇ ਗੂੜੀਆ ਢਲਦੀ ਉਮਰੇ ਵਿਚ ਸਫੈਦ ,ਮੋਤੀਆ ਜਾ ਫਿੱਕੇ ਰੰਗ ਹੀ ਸੋਭਦੇ ਹਨ । ਪਹਿਲ਼ਾ ਮਾਵੇ ਵਾਲੀਆ ਨੋਕਦਾਰ ,ਪੋਚਵੀ ਤੇ ਪਟਿਆਲਾ ਸਾਹੀ ਪੱਗਾ ਦਾ ਦੌਰ ਰਿਹਾ । ਹੁਣ ਪਰਤ ਕੇ ਪੁਰਾਣੇ ਸਮੇ ਦੀ ਵਟਾ ਵਾਲੀ ਦਸਤਾਰ ਨੂੰ ਨੌਜਵਾਨ ਤਰਜੀਹ ਦਿੰਦੇ ਹਨ । ਉਂਜ ਵੀ ਪੱਗ ਦੇ ਅਕਾਰ ਜਾ ਅੰਦਾਜ ਕੋਈ ਨਿਸਚਤ ਨਹੀ ਸਭ ਦਾ ਆਪਣਾ ਹੀ ਉਤਮ ਤੇ ਮਨਭਾਉਦਾ ਸਟਾਇਲ ਹੁੰਦਾ ਹੈ । ਦਸਤਾਰ ਚੜਦੀ ਕਲਾ ਦੀ ਨਿਸਾਨੀ ਹੈ ਸੋ ਹਮੇਸਾ ਸਾਫ ਸੁਥਰੀ ਰੱਖਣਾ ਤੇ ਰੋਜ ਸਜਾਉਣਾ ਜਰੂਰੀ । ਪਰ ਪਹਿਲਾ ਸਜਾਈ ਪੱਗ ਨੂੰ ਟੋਪੀ ਵਾਗ ਸਿਰ ਉਪਰ ਪਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ ।
ਭਾਰਤੀ ਫੋਜ ਵਿੱਚ ਸਿੱਖਾ ਦੇ ਨਿਡਰ ਜਜਬੇ ਤੇ ਧਾਰਮਿਕ ਸਰਧਾ ਦਾ ਮਾਣ ਸਤਿਕਾਰ ਕਰਦਿਆ ਸਰਕਾਰ ਨੇ ਵੱਖਰੀ ਰੈਜੀਮੈਂਟ ਸਥਾਪਤ ਕੀਤੀ ਹੋਈ ਹੈ । ਜਿਸ ਵਿੱਚ ਜਵਾਨ ਧਾਰਮਿਕ ਮਰਿਆਦਾ ਵਿਚ ਰਿਹ ਕੇ ਦੇਸ ਦਾ ਰਖਵਾਲੀ ਕਰਦੇ ਹਨ । ਅੱਜ ਵੀ ਕਈ ਚੇਲੇ ਗੁਰੂ ਧਾਰਨ ਸਮੇ ਪੱਗ ਭੇਟ ਕਰਕੇ ਸਗਿਰਦੀ ਹਾਸਿਲ ਕਰਦੇ ਹਨ । ਪੁਰਾਣੇ ਸਮੇ ਵਿੱਚ ਇਹ ਮਾਨ -ਤਾਣ ਜਿਆਦਾਤਰ ਗਇਕੀ ਤੇ ਪਹਿਲਵਾਨੀ ਅਖਾੜੇ ਦੀ ਪ੍ਰਚਿੱਲਤ ਰਵਾਇਤ ਸੀ । ਕੁਝ ਵਿਰਲੇ ਹੀ ਇਕੱਠੇ ਪੜਾਈ ਜਾ ਕੰਮ ਕਰਦੇ ਮਿੱਤਰ ਆਪਣੀ ਦੋਸਤੀ ਨੂੰ ਉਮਰਾ ਦੀ ਸਾਂਝ ਵਿੱਚ ਬਦਲਦਿਆ ਦਸਤਾਰਾ ਵਟਾ ਭਰਾਵਾ ਦੇ ਰਿਸਤੇ ਬਣਾਉਦੇ ਹਨ । ਇਹ ਪੱਗ ਵੱਟ ਭਰਾ ਹਰ ਖੁਸੀ ਗਮੀ ਨੂੰ ਖਿੜੇ ਮੱਥੇ ਸਿੰਝਦਿਆ ਦਸਤਾਰ ਦਾ ਰੁਤਬਾ ਕਾਇਮ ਰੱਖਦੇ ਹਨ ।ਜੋ ਰਿਸਤਿਆ ਦੀ ਅਟੁੱਟ ਸਾਝ ਦਾ ਪ੍ਰਗਟਾਵਾ ਕਰਦੀ ਹੈ । ਇਥੋ ਤੱਕ ਗੁਰਬਾਣੀ ਵਿੱਚ ਵੀ ਦਸਤਾਰ ਦੀ ਉਸਤਤ ਕਰਦੇ ਹੋਏ ਇਕ ਸੱਚਾ ਦਸਤਾਰਧਾਰੀ ਸਿੱਖ ਨੂੰ ਹਮੇਸਾ ਨਿਮਰ , ਸਾਦਾ ਤੇ ਮਿੱਠੀ ਬੋ ਲੀ ਦਾ ਧਾਰਨੀ ਦੱਸ ਕੇ ਉਸਤਤ ਕੀਤੀ ਹੈ ।
ਖੂਭ ਤੇਰੀ ਪਗਰੀ ਮੀਠੇ ਤੇਰੇ ਬੋਲ
ਦੁਵਾਰਕਾ ਨਗਰੀ ਕਾਹੇ ਕੇ ਮਗੋਲ
ਬਚਪਨ ਤੋ ਲੈ ਕੇ ਮਰਨ ਤੱਕ ਪੱਗ ਨਾਲ ਰਹਿਦੀ ਹੈ । ਘਰ ਵਿੱਚ ਬਜੁਰਗ ਦੀ ਮੌਤ ਤੋ ਬਾਅਦ ਵੱਡੇ ਪੁੱਤਰ ਨੂੰ ਪੱਗ ਦੇ ਕੇ ਅੱਗੇ ਕਬੀਲਦਾਰੀ ਸੰਭਾਲਨ ਜੁੰਮਾ ਦਿੰਦੇ ਹਨ । ਘਰੇਲੂ ਸਮਾਗਮਾ ਅਤੇ ਸੱਭਿਆਚਾਰ ਮੇਲਿਆ ਵਿੱਚ ਇਸ ਨਾਲ ਕੀਤਾ ਸਨਮਾਨ ਵੱਡਾ ਮੰਨਿਆ ਜਾਦਾ ਹੈ । ਪੰਜਾਬੀਆ ਦੇ ਸਭ ਰੰਗਾ ਵਿੱਚ ਰੰਗੀ ਦਸਤਾਰ ਨੂੰ ਚੜਦੀ ਕਲਾ ਵਿੱਚ ਰੱਖਣ ਲਈ ਲੱਖਾ ਕੁਰਬਾਨੀਆ ਝੱਲੀਆ ਤੇ ਝੱਲ ਰਹੇ ਪਰ ਹਮੇਸਾ ਜੇਤੂ ਬਣ ਕੇ ਨਿੱਤਰੇ । ਆਓ ਇਸ਼ਦੀ ਸਾਨ ਦਾ ਘੇਰਾ ਬਰਕਰਾਰ ਅਤੇ ਵਿਸਾਲ ਕਰਦੇ ਹੋਏ ਦੁਨੀਆ ਦੇ ਨਿਰਆਧਾਰ ਭਰਮ-ਭਲੇਖੇ ਦੂਰ ਕਰੀਏ । ਗੁਰਾ ਵਲੋ ਬਖਸੇ ਸੱਚੇ ਦਸਤਾਰਧਾਰੀ ਦੇ ਨਿਸਚੇ ,ਤਿਆਗ ,ਨਿਡਰਤਾ , ਨਿਰਵੈਰ ਤੇ ਸਰਬੱਤ ਦੇ ਭਲੇ ਵਾਲੇ ਗੁਣਾ ਦਾ ਸਨੇਹਾ ਵੰਡੀਏ ਤਾ ਜੋ ਇਹ ਰੱਬੀ ਦਾਤ ਹਮੇਸਾ ਚੜਦੀ ਕਲਾ ਵਿੱਚ ਰਹੇ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.