ਭਾਰਤੀ ਵਿੱਦਿਅਕ ਅਦਾਰਿਆਂ ਨੂੰ ਜਿਥੇ ਮੰਦਰਾਂ ਵਾਂਗ ਸਤਿਕਾਰਿਆ ਜਾਂਦਾ ਰਿਹਾ ਹੈ ਉਥੇ ਇਨ੍ਹਾਂ ਅਦਾਰਿਆਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਗੁਰੂਆਂ ਵਾਂਗ ਪੂਜਿਆ ਜਾਂਦਾ ਰਿਹਾ ਹੈ। ਇਸ ਮਾਨਤਾ ਕਾਰਨ ਹੀ ਇਨ੍ਹਾਂ ਮੰਦਰਾਂ ਵਿਚ ਜਿਹੜੇ ਗਿਆਨ ਦੇ ਦੀਵੇ ਬਾਲੇ ਜਾਂਦੇ ਸਨ ਉਨ੍ਹਾਂ ਦੀ ਰੋਸ਼ਨੀ ਵਿਚ ਕਿਤਾਬੀ ਗਿਆਨ ਨਾਲੋਂ ਮਨੁੱਖੀ ਕਦਰਾਂ-ਕੀਮਤਾਂ ਦੀ ਝਲਕ ਵਧੇਰੇ ਦਿਖਾਈ ਦਿੰਦੀ ਰਹੀ ਹੈ। ਇਨ੍ਹਾਂ ਕਦਰਾਂ-ਕੀਮਤਾਂ ਵਿਚ ਵਿਦਿਆਰਥੀ ਜੀਵਨ ਨੂੰ ਸਹੀ ਦਿਸ਼ਾ ਵਲ ਮੋੜਨ ਵਾਲੀ ਪ੍ਰਮੁੱਖ ਕੀਮਤ ਅਨੁਸ਼ਾਸਨ ਨੂੰ ਸਵੀਕਾਰਿਆ ਜਾਂਦਾ ਹੈ ਜੋ ਵਿਦਿਆਰਥੀਆਂ (ਵਿਸ਼ੇਸ਼ ਕਰਕੇ ਕਿਸ਼ੋਰ ਅਵਸਥਾ ਵਾਲੇ) ਦੇ ਸਰਬਾਂਗੀ ਵਿਕਾਸ ਦੀ ਪੂਰਨ ਰੂਪ ਵਿਚ ਜ਼ਿਮੇਵਾਰ ਹੁੰਦੀ ਹੈ। ਇਸ ਕੀਮਤ ਦੇ ਮਾਈਨਸ ਜਾਂ ਅਲੋਪ ਹੋ ਜਾਣ ਨਾਲ ਚੰਗੇ ਸ਼ਹਿਰੀਆਂ ਦੇ ਸ਼ੁਮਾਰ ਨੂੰ ਫ਼ੋਰਾ ਲੱਗਣ ਲੱਗ ਪੈਂਦਾ ਹੈ ਜਿਸ ਨਾਲ ਅਣਮਨੁੱਖੀ ਵਰਤਾਰਿਆਂ ਦੀ ਬੁਹਤਾਤ ਹੋਣ ਲੱਗ ਪੈਂਦੀ ਹੈ। ਇਸ ਬਹੁਤਾਤ ਕਾਰਨ ਕਈ ਵਾਰੀ ਤਾਂ ਸਾਡਾ ਸਮਾਜਿਕ ਸਮਤੋਲ ਵੀ ਵਿਗੜ ਕੇ ਰਹਿ ਜਾਂਦਾ ਹੈ ਜੋ ਦੇਸ਼ ਦੇ ਵਿਕਾਸ ਨੂੰ ਪਿਛਲਫ਼ੁਰੀ ਲੈ ਤੁਰਦਾ ਹੈ।
ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਜ਼ਿੰਦਗੀ ਦਾ ਬਹੁਤ ਹੀ ਖ਼ਤਰਨਾਕ ਮੋੜ ਗਰਦਾਨਿਆ ਹੈ। ਇਸ ਮੋੜ ‘ਤੇ ਆ ਕੇ ਬੁਹਤ ਸਾਰੇ ਵਿਦਿਆਰਥੀ ਅਕਸਰ ਕਿਸੇ ਨਾ ਕਿਸੇ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਭਟਕਣ ਸਮੇਂ ਉਨ੍ਹਾਂ ਨੂੰ ਕਿਸੇ ਅਜਿਹੇ ਮਾਰਗ-ਦਰਸ਼ਕ ਦੀ ਭਾਲ ਹੁੰਦੀ ਹੈ ਜੋ ਉਨ੍ਹਾਂ ਨੂੰ ਹਨ੍ਹੇਰੀਆਂ ਗਲੀਆਂ ਦੇ ਗੇੜ ਤੋਂ ਬਚਾ ਕੇ ਉਨ੍ਹਾਂ ਦੇ ਮਿਥੇ ਹੋਏ ਨਿਸ਼ਾਨੇ ਦੇ ਨੇੜ ਲਗਾ ਦੇਵੇ। ਇਸ ਨੇੜਤਾ ਲਈ ਉਨ੍ਹਾਂ ਵਾਸਤੇ ਅਧਿਆਪਕ ਤੋਂ ਵੱਧ ਭਰੋਸੇਯੋਗ ਹੋਰ ਕੋਈ ਨਹੀਂ ਹੋ ਸਕਦਾ। ਕਿਉਂਕਿ ਵਿਦਿਆਰਥੀ ਆਪਣੇ ਜੀਵਨ ਦਾ ਬੇਸ਼ਕੀਮਤੀ ਸਮਾਂ ਆਪਣੇ ਅਧਿਆਪਕ ਦੀ ਹਜ਼ੂਰੀ ਵਿਚ ਹੀ ਗੁਜ਼ਾਰਦਾ ਹੈ। ਇਸ ਤਰ੍ਹਾਂ ਵਿਦਿਆਰਥੀ ਜੀਵਨ ਵਿਚ ਸਮਤੋਲ (ਅਨੁਸ਼ਾਸਨ ਰਾਹੀਂ) ਬਣਾਈ ਰੱਖਣ ਹਿੱਤ ਸਕੂਲ ਅਧਿਆਪਕ ਦੀ(2) ਭੂਮਿਕਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਪਰ ਇਹ ਭੂਮਿਕਾ ਕੋਈ ਅਧਿਆਪਕ ਤਦ ਹੀ ਸਹੀ ਢੰਗ ਨਾਲ ਨਿਭਾ ਸਕਦਾ ਹੈ ਜੇਕਰ ਉਹ ਆਪ ਕੁਝ ਚੰਗੀਆਂ ਅਤੇ ਉਸਾਰੂ ਕਦਰਾਂ-ਕੀਮਤਾਂ ਦਾ ਧਾਰਨੀ ਹੋਵੇਗਾ। ਇਨ੍ਹਾਂ ਕਦਰਾਂ-ਕੀਮਤਾਂ ਦਾ ਕੇਂਦਰੀ ਧੁਰਾ ਸਕੂਲ ਅਨੁਸ਼ਾਸਨ ਨੂੰ ਮੰਨਿਆ ਜਾਂਦਾ ਹੈ। ਇਸ ਧੁਰੇ ਤੋਂ ਅੱਗੇ-ਪਿੱਛੇ ਹੋਇਆ ਵਿਦਿਆਰਥੀ/ ਅਧਿਆਪਕ ਬਹੁਤ ਸਾਰੀਆਂ ਉਚੇਰੀਆਂ ਅਤੇ ਵਡੇਰੀਆਂ ਪ੍ਰਾਪਤੀਆਂ ਤੋਂ ਸੱਖਣਾ ਰਹਿ ਜਾਂਦਾ ਹੈ। ਇਸ ਤਰ੍ਹਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਵੀ ਪੜ੍ਹਾਉਂਦਾ ਰਹੇ।
ਵਿਦਿਆਰਥੀਆਂ ਨੇ ਆਪਣੀਆਂ ਮੰਜ਼ਿਲਾਂ ਵੱਲ ਵਧਣਾ ਹੁੰਦਾ ਹੈ। ਇਸ ਵਾਧੇ ਨੇ ਹੀ ਇੱਕ ਨਾ ਇੱਕ ਦਿਨ ਪ੍ਰਾਪਤੀ ਵਿਚ ਬਦਲ ਜਾਣਾ ਹੁੰਦਾ ਹੈ। ਆਪਣੇ ਵਿਦਿਆਰਥੀਆਂ ਦੁਆਰਾ ਕੀਤੀਆ ਪ੍ਰਾਪਤੀਆਂ ਹੀ ਉਸ ਅਧਿਆਪਕ ਦੀ ਅਸਲ ਕਮਾਈ ਹੁੰਦੀਆਂ ਹਨ ਜੋ ਪੈਸੇ ਤੋਂ ਕਿਤੇ ਵੱਧ ਸਕੂਨਾਤਮਕ ਹੁੰਦੀਆਂ ਹਨ।
-
ਵਿਜੈ ਗਰਗ, ਸਾਬਕਾ ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.