ਨਵੀਂ ਜਗ੍ਹਾ ਲਏ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫੀ ਉਜਾੜ ਬੀਆਬਾਨ ਸੀ
ਕਿਸੇ ਨੇ ਦੱਸ ਰਖਿਆ ਸੀ ਕੇ ਅਵਾਰਾ ਕੁੱਤੇ ਤੇ ਕਾਫੀ ਨੇ ਪਰ ਉਹ “ਕਾਲੇ ਰੰਗ ਵਾਲਾ” ਬੜਾ ਹੀ ਖਤਰਨਾਕ ਏ
ਮੈਨੂੰ ਅਕਸਰ ਹੀ ਓਵਰ-ਟਾਈਮ ਕਰਕੇ ਹਨੇਰਾ ਪੈ ਜਾਇਆ ਕਰਦਾ!
ਇੱਕ ਵਾਰ ਰਾਤੀ ਗਿਆਰਾਂ ਵੱਜ ਗਏ….ਉਹ ਝਾੜੀਆਂ ਤੋਂ ਬਾਹਰ ਨਿੱਕਲ ਸੜਕ ਦੀ ਐਨ ਵਿਚਕਾਰ ਬੈਠਾ ਹੋਇਆ ਸੀ..
ਧੁੰਨੀ ਦੁਆਲੇ ਲੱਗਦੇ ਚੌਦਾਂ ਟੀਕਿਆਂ ਬਾਰੇ ਸੋਚ ਮੈਂ ਸਾਈਕਲ ਤੋਂ ਹੇਠਾਂ ਉੱਤਰ ਗਿਆ…ਪਰ ਉਹ ਬਿਨਾਂ ਟਸ ਤੋਂ ਮੱਸ ਹੋਇਆ ਮੇਰੇ ਵੱਲ ਘੂਰੀ ਜਾ ਰਿਹਾ ਸੀ.!
ਅਚਾਨਕ ਮੇਰਾ ਧਿਆਨ ਹੈਂਡਲ ਨਾਲ ਟੰਗੇ ਟਿਫਨ ਵਿਚ ਦੁਪਹਿਰ ਦੇ ਬਚੇ ਹੋਏ ਇੱਕ ਫੁਲਕੇ ਵਲ ਚਲਾ ਗਿਆ…
ਓਸੇ ਵੇਲੇ ਬਾਹਰ ਕੱਢਿਆ ਤੇ ਝਕਦੇ ਹੋਏ ਨੇ ਦੋ ਕਦਮ ਅਗਾਂਹ ਨੂੰ ਪੁੱਟ ਉਸਦੇ ਸਾਮਣੇ ਰੱਖ ਦਿੱਤਾ…
ਉਸਦੇ ਖੜੇ ਕੰਨ ਤੇ ਭਰਵੱਟੇ ਇੱਕਦਮ ਢਿੱਲੇ ਪੈ ਗਏ ਤੇ ਉਹ ਦੁੰਮ ਹਿਲਾਉਂਦਾ ਹੋਇਆ ਰੋਟੀ ਖਾਣ ਵਿਚ ਮਸਤ ਹੋ ਗਿਆ
ਮੈਂ ਹੌਲੀ ਜਿਹੀ ਕੋਲੋਂ ਦੀ ਲੰਘ ਸਾਈਕਲ ਤੇ ਜਾ ਚੜਿਆ ਤੇ ਸਪੀਡ ਫੜ ਲਈ…
ਉਸ ਦਿਨ ਮਗਰੋਂ ਮੈਂ ਡੱਬੇ ਵਿਚ ਇੱਕ ਰੋਟੀ ਵਾਧੂ ਦੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਹ ਵੀ ਤਕਰੀਬਨ ਰੋਜ ਹੀ ਮੇਰਾ ਓਸੇ ਜਗ੍ਹਾ ਬੈਠ ਇੰਤਜਾਰ ਕਰਨ ਲੱਗਾ…
ਆਪਸੀ ਸਮਝੌਤੇ ਕਾਰਨ ਉਹ ਵੀ ਖੁਸ਼ ਸੀ ਤੇ ਮੈਂ ਵੀ ਸੁਰਖਿਅਤ…ਪਰ ਉਸਦੀਆਂ ਤਿੱਖੀਆਂ ਨਜਰਾਂ ਅਕਸਰ ਹੀ ਇੱਕ ਸੁਨੇਹਾਂ ਜਿਹਾ ਦੇ ਦਿਆਂ ਕਰਦੀਆਂ ਕੇ ਦੋਸਤਾਂ ਇਹ ਸਮਝੌਤਾ ਤੋੜਨ ਦੀ ਬੇਵਕੂਫੀ ਨਾ ਕਰੀਂ….ਨਹੀਂ ਤਾਂ ਫੇਰ..”
ਇੱਕ ਵਾਰ ਤਨਖਾਹ ਅਤੇ ਦੀਵਾਲੀ ਬੋਨਸ ਮਿਲਣ ਦੀ ਉਤੇਜਨਾ ਵਿਚ ਰੋਟੀ ਘਰੇ ਭੁੱਲ ਗਿਆ…ਦੁਪਹਿਰ ਵੇਲੇ ਰੋਟੀ ਨਾਲਦੇ ਨਾਲ ਖਾ ਲਈ..!
ਰਾਤੀਂ ਸਾਢੇ ਗਿਆਰਾਂ ਵਜੇ ਓਸੇ ਜਗਾ ਤੋਂ ਲੰਘਣ ਲੱਗਾ ਤਾਂ ਚੇਤਾ ਆਇਆ ਕੇ ਅੱਜ “ਕਾਲੇ” ਦੀ ਰੋਟੀ ਤੇ ਲਿਆਂਧੀ ਹੀ ਨਹੀਂ…ਅੱਜ ਕੀ ਬਣੂੰ…ਜੇ ਲੱਤਾਂ ਨੂੰ ਪੈ ਗਿਆ ਤਾਂ ਪਿਛਲੀ ਜੇਬ ਵਿਚ ਨੋਟਾਂ ਨਾਲ ਭਰਿਆ ਬਟੂਆ ਹੀ ਨਾ ਕਿਧਰੇ ਡਿੱਗ ਪਵੇ..!
ਪਰ ਅੱਜ ਤਸੱਲੀ ਵਾਲੀ ਗੱਲ ਇਹ ਸੀ ਕੇ ਉਹ ਆਸੇ-ਪਾਸੇ ਕਿਧਰੇ ਵੀ ਨਹੀਂ ਸੀ ਦਿਸ ਰਿਹਾ…
ਮੈਂ ਛੇਤੀ ਨਾਲ ਲੰਘਣ ਖ਼ਾਤਿਰ ਸਾਈਕਲ ਦੀ ਸਪੀਡ ਵਧਾ ਲਈ…
ਅਚਾਨਕ ਕਿਸੇ ਨੇ ਪਿੱਛੋਂ ਸਾਈਕਲ ਦੇ ਮੱਡ-ਗਾਰਡ ਤੇ ਕੋਈ ਭਾਰੀ ਜਿਹੀ ਚੀਜ ਮਾਰੀ..ਨਾਲ ਹੀ ਹੈਂਡਲ ਡੋਲ ਗਿਆ ਤੇ ਮੈਂ ਅੱਖ ਦੇ ਫ਼ੋਰ ਵਿਚ ਸੜਕ ਕੰਢੇ ਡੂੰਘੇ ਟੋਏ ਚ ਜਾ ਡਿੱਗਾ…!
ਦੋ ਬੰਦਿਆਂ ਨੇ ਮੇਰੇ ਹੇਠਾਂ ਡਿੱਗੇ ਹੋਏ ਦੇ ਦੋਵੇਂ ਹੱਥ ਫੜ ਲਏ ਅਤੇ ਤੀਜੇ ਨੇ ਮੇਰੀਆਂ ਜੇਬਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ..
ਇੱਕ ਦੇ ਹੱਥ ਲਿਸ਼ਕਦੇ ਹੋਏ ਦਾਤਰ ਨੂੰ ਦੇਖ ਮਨ ਹੀ ਮਨ ਅਰਦਾਸ ਕਰਨ ਲੱਗਾ ਕੇ ਰੱਬਾ ਪੈਸੇ ਬੇਸ਼ੱਕ ਲੈ ਜਾਣ ਪਰ ਜਾਨ ਬਖਸ ਦੇਣ!
ਤੰਗ ਪੈਂਟ ਦੀ ਪਿਛਲੀ ਜੇਬ ਵਿਚੋਂ ਬਟੂਆ ਕੱਢਣ ਦੀ ਕੋਸ਼ਿਸ਼ ਕਰਦਾ ਹੋਇਆ ਉਹ ਗੰਦੀਆਂ ਗਾਹਲਾਂ ਕੱਢ ਹੀ ਰਿਹਾ ਸੀ ਕੇ ਅਚਾਨਕ ਲਾਗੇ ਝਾੜੀ ਵਿਚੋਂ ਬਿਜਲੀ ਦੀ ਫੁਰਤੀ ਨਾਲ ਨਿੱਕਲੇ “ਕਾਲੇ” ਨੇ ਮੇਰੇ ਉੱਤੇ ਬੈਠੇ ਦੋਵਾਂ ਤੇ ਛਾਲ ਮਾਰ ਦਿੱਤੀ ਤੇ ਬੁਰੀ ਤਰ੍ਹਾਂ ਵੱਢ-ਟੁੱਕ ਸ਼ੁਰੂ ਕਰ ਦਿੱਤੀ…!
ਅਚਾਨਕ ਹੋਏ ਹਮਲੇ ਤੋਂ ਘਬਰਾਏ ਹੋਏ ਉਹ ਪਤਾ ਹੀ ਨਹੀਂ ਲੱਗਾ ਕਦੋਂ ਚੀਕਾਂ ਮਾਰ ਦੌੜਦੇ ਹੋਏ ਅੱਖੋਂ ਓਹਲੇ ਹੋ ਗਏ!
ਕਾਲਾ ਵੀ ਦੁੰਮ ਹਿਲਾਉਂਦਾ ਹੋਇਆ ਮੇਰੇ ਸਾਈਕਲ ਚੁੱਕਦੇ ਹੋਏ ਦੇ ਆਲ਼ੇ ਦੁਆਲੇ ਚੱਕਰ ਜਿਹੇ ਕੱਟਣ ਲੱਗਾ….
ਧੰਨਵਾਦ ਕਰਨ ਖਾਤਿਰ ਉਸਦੀਆਂ ਜਗਦੀਆਂ ਹੋਈਆਂ ਅੱਖਾਂ ਵਿਚ ਦੇਖਿਆ ਤਾਂ ਇੰਝ ਲੱਗਾ ਜਿਵੇ ਆਖ ਰਿਹਾ ਹੋਵੇ ਕੇ
......”ਦੋਸਤਾ ਰੰਗ ਦਾ ਹੀ “ਕਾਲਾ” ਹਾਂ..ਦਿਲ ਦਾ ਨਹੀਂ”....
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.