ਪੰਜਾਬ ਦੀ ਸਿਰਮੌਰ ਲੋਕ ਗਾਇਕਾ ਪ੍ਰਕਾਸ਼ ਕੌਰ ਦਾ ਅੱਜ ਇਕ ਸੌ ਇਕ ਸਾਲਾ ਜਨਮ ਦਿਨ ਹੈ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਪਰਕਾਸ਼ ਕੌਰ ਦੇ ਗਾਏ ਗੀਤ ਤੇ ਲੋਕ ਗੀਤ ਪੰਜਾਬੀਆਂ ਦੇ ਮਨਾਂ ਅੰਦਰ ਹਮੇਸ਼ਾ ਪਰਕਾਸ਼ ਕਰਦੇ ਰਹੇ ਤੇ ਪੰਜਾਬੀਆਂ ਦੇ ਮਨਾਂ ਨੂੰ ਤਰੰਗਿਤ ਵੀ ਕਰਦੇ ਰਹੇ ਹਨ। ਇਹ ਮਹਾਨ ਲੋਕ ਗਾਇਕਾ ਹਮੇਸ਼ਾ ਪੰਜਾਬੀਆਂ ਦੇ ਮਨਾਂ ਵਿਚ ਜਿੰਦਾ,ਜਾਗਦੀ ਤੇ ਜੀਂਦੀ ਰਹੇਗੀ। ਉਨ੍ਹਾਂ ਕਿਹਾ ਕਿ ਜਦ ਵੀ ਉਹ ਪ੍ਰਕਾਸ਼ ਕੌਰ ਦੇ ਗੀਤ ਸੁਣਦੇ ਨੇ ਤਾਂ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਹੈ।
19 ਸਤੰਬਰ ਸੰਨ 1919 ਨੂੰ ਪੈਦਾ ਹੋਈ ਪ੍ਰਕਾਸ਼ ਕੌਰ ਦੇ ਜਨਮ ਦਿਨ ਮੌਕੇ ਉਨਾ ਦੇ ਬਦੇਸ਼ ਵਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਡਾ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਉਘੇ ਕਵੀ ਡਾ ਲਖਵਿੰਦਰ ਜੌਹਲ ਨੇ ਆਖਿਆ ਹੈ ਕਿ ਪਰਕਾਸ਼ ਕੌਰ ਨੇ ਸੁਰਿੰਦਰ ਕੌਰ ਦੀ ਭੈਣ ਹੁੰਦਿਆਂ ਸਮਰੱਥ ਤੇ ਸੁਰੀਲੀ ਲੋਕ ਗਾਇਕਾ ਵਜੋਂ ਦੁਨੀਆਂ ਭਰ ਵਿਚ ਡਾਢਾ ਮਾਣ ਤਾਣ ਖੱਟਿਆ, ਉਸ ਦੀ ਆਵਾਜ਼ ਅਮਰ ਹੈ ਤੇ ਰਹੇਗੀ ਵੀ। ਡਾ ਪਾਤਰ ਨੇ ਆਖਿਆ ਕਿ ਪ੍ਰਕਾਸ਼ ਕੌਰ ਦੀ ਆਵਾਜ਼ ਵਿਚ ਇਕ ਵਿਲੱਖਣਤਾ ਭਰੀ ਖਿੱਚ ਸੀ ਤੇ ਉਹੀ ਵਿਸ਼ੇਸ਼ ਖਿੱਚ ਉਸਨੂੰ ਹਰਮਨ ਪਿਆਰੀ ਬਣਾਉਂਦੀ ਰਹੀ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪਰਧਾਨ ਤੇ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਪ੍ਰਕਾਸ਼ ਕੌਰ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਜਦ ਪਰਕਾਸ਼ ਕੌਰ ਵਿਛੜੀ ਸੀ, ਤਾਂ ਸੁਰਿੰਦਰ ਕੌਰ ਨੇ ਆਖਿਆ ਸੀ ਕਿ ਮੈਂ ਇਕ ਝੰਬੇ ਰੁੱਖ ਵਰਗੀ ਹੋ ਗਈ ਹਾਂ। ਏਨਾ ਸੁਰ ਤਾਲ ਤੇ ਇਕਮਿਕਤਾ ਸੀ ਉਨ੍ਹਾਂ ਦੇ ਗਾਇਨ ਵਿਚ।
ਪਰਕਾਸ਼ ਕੌਰ ਨੇ ਇਕੱਲਿਆਂ ਵੀ ਬਹੁਤ ਸਾਰੇ ਗੀਤਾਂ ਨੂੰ ਆਵਾਜ਼ ਦਿੱਤੀ ਤੇ ਆਪਣੀਆਂ ਭੈਣਾਂ ਸੁਰਿੰਦਰ ਕੌਰ ਤੇ ਨਰਿੰਦਰ ਕੌਰ ਨਾਲ ਵੀ ਬਹੁਤ ਸਾਰੇ ਲੋਕ ਗੀਤ ਰਿਕਾਰਡ ਕਰਵਾਏ।
- ਹਾਏ ਬਾਲਮਾਂ ਸੁਈ ਵੇ,
- ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ
- ਮੈਨੂੰ ਦਿਓਰ ਦੇ ਵਿਆਹ ਦੇ ਵਿਚ ਨਚ ਲੈਣ ਦੇ
ਗੀਤਾਂ ਦੀ ਸੂਚੀ ਲੰਬੀ ਹੈ,ਜੋ ਦੋਵਾਂ ਜਾਂ ਤਿੰਨੋ ਭੈਣਾ ਨੇ ਰਲਕੇ ਗਾਏ। ਪ੍ਰਕਾਸ਼ ਸਾਥੀ ਦਾ ਲਿਖਿਆ ਗੀਤ ਪਹਿਲੋ ਪਹਿਲੋ ਪ੍ਰਕਾਸ਼ ਕੌਰ ਇਕੱਲਿਆਂ ਗਾਉਂਦੀ ਰਹੀ:
ਕਾਲੇ ਰੰਗ ਦਾ ਪਰਾਂਦਾ ਮੇਰੇ ਸਜਣਾ ਲਿਆਂਦਾ। ਉਸਨੇ ਸਭ ਤੋਂ ਪਹਿਲਾਂ 1941 ਵਿਚ ਪਿਸ਼ਾਵਰ ਰੇਡਿਓ ਉਤੋਂ ਗਾਇਆ। ਬੂਹੇ ਤਾਂ ਮਾਰਾਂ ਜੰਦਰੇ- ਉਸਦਾ ਤਰਲੋਕ ਕਪੂਰ ਨਾਲ ਗਾਇਆ ਵਧੇਰੇ ਮਕਬੂਲ ਹੋਇਆ ਦੋਗਾਣਾ ਸੀ। ਉਹ ਦੇਸ਼ਾਂ ਬਦੇਸ਼ਾਂ ਵਿਚ ਵੀ ਗਾਉਣ ਗਈ । ਉਸ ਬਥੇਰੇ ਗੀਤ ਗਾਏ। ਹਜਾਰਾ ਸਿੰਘ ਰਮਤਾ ਤੇ ਆਸਾ ਸਿੰਘ ਮਸਤਾਨਾ ਨਾਲ ਉਸਨੇ ਦੋਗਾਣੇ ਵੀ ਗਾਏ।
ਤੂੰਬੀ ਦੇ ਬਾਦਸ਼ਾਹ ਲਾਲ ਚੰਦ ਯਮਲਾ ਜੱਟ ਨੂੰ ਜਦ ਪਰਕਾਸ਼ ਕੌਰ ਦੇ ਦਿਹਾਂਤ ਦੀ ਖਬਰ ਰੇਡੀਓ ਉਤੋਂ ਸੁਣਕੇ ਮਿਲੀ ਸੀ, ਤਾਂ ਉਨਾ ਪਰਕਾਸ਼ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਾ ਇਕ ਗੀਤ ਲਿਖਿਆ ਸੀ:
ਪ੍ਰਕਾਸ਼ ਕੌਰੇ ਨਾਮ ਤੇਰਾ ਜਗ ਵਿਚ ਹੋ ਗਿਆ
ਜਿਹਨੇ ਸੁਣੀਂ ਆਵਾਜ ਰਾਹੀ ਉਥੇ ਹੀ ਖਲੋ ਗਿਆ
2 ਨਵੰਬਰ 1982 ਦੇ ਦਿਨ ਪ੍ਰਕਾਸ਼ ਕੌਰ ਚਲ ਵਸੀ। ਉਸਦੇ ਪੁਤਰ ਦਾ ਨਾਂਅ ਜਸਪਾਲ ਸਿੰਘ ਹੈ,ਜੋ ਬਦੇਸ਼ ਵਿਚ ਰਹਿ ਰਿਹਾ ਹੈ ਤੇ ਧੀਆਂ ਦੇ ਨਾਂ ਕੁਲਵੰਤ ਕੌਰ,ਮਹਿੰਦਰ ਕੌਰ ਤੇ ਵੀਨਾ ਹਨ। ਪੰਜਾਬ ਕਲਾ ਪਰਿਸ਼ਦ ਅੱਜ ਇਸ ਮਹਾਨ ਲੋਕ ਗਾਇਕਾ ਨੂੰ ਸਿਜਦਾ ਕਰਦੀ ਹੈ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.