ਖੇਤੀ ਬਿੱਲਾਂ ਦੇ ਸੰਦਰਭ 'ਚ
ਪੰਜ ਦਰਿਆਵਾਂ ਦੀ ਧਰਤੀ ਤੇ ਕਿਸਾਨੀ ਨਾਲ ਸਬੰਧਤ ਦਰਪੇਸ਼ ਔਂਕੜਾਂ ਦਾ ਅੰਤ ਹੁੰਦਾ ਵਿਖਾਈ ਨਹੀਂ ਦੇ ਰਿਹਾ , ਹਰ ਰੋਜ਼ ਪੰਜਾਬ ਦਾ ਕਿਸਾਨ ਪਰਨਾ ਮੋਢੇ ਤੇ ਰੱਖ ਕੇ ਕਿਸਾਨੀ ਮੋਰਚਿਆਂ ਦਾ ਹਿੱਸਾ ਬਣਿਆ ਅਕਸਰ ਵੇਖਣ ਨੂੰ ਮਿਲ ਜਾਂਦਾ ਹੈ ਇਸ ਨੂੰ ਕਿਸਾਨਾਂ ਦੀ ਬਦਕਿਸਮਤੀ ਆਖੀਏ ਜਾਂ ਸਮੇਂ ਦਾ ਚੱਕਰਵਿਊ ਜਿਸ ਦੇ ਵਿੱਚੋਂ ਕਿਸਾਨ ਨੂੰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ । ਕਿਸਾਨਾਂ ਦੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਜਿਸ ਧਰਤੀ ਤੇ 'ਅਣਮੰਨੇ ਮਨ ਨਾਲ ਬੀਜੀਆਂ' ਫ਼ਸਲਾਂ ਦੇ ਖੇਤ ਲਹਿਰਾ ਲਹਿਰਾਉਂਦੇ ਹੋਣ , ਉੱਥੇ ਹੁਣ ਬੀਤੇ ਸਮੇਂ ਤੋਂ ਖੁਦਕੁਸ਼ੀਆਂ ਦੀ ਖੇਤੀ ਨੇ ਵੀ ਜ਼ੋਰ ਫੜ ਲਿਆ ਹੈ । ਕਿਸਾਨ ਦਾ ਪੁੱਤ 'ਜੋਬਨ ਰੁੱਤੇ' ਇਸ ਦੁਨੀਆਂ ਨੂੰ ਛੱਡ ਕੇ ਜਾ ਰਿਹਾ ਹੈ , ਪਰ ਅਫ਼ਸੋਸ ਕੋਈ ਵੀ ਇਨ੍ਹਾਂ ਕਾਰਨਾਂ ਨੂੰ ਸਮਝਣ ਦੇ ਲਈ ਅੱਗੇ ਨਹੀਂ ਆ ਰਿਹਾ । ਸ਼ਾਇਦ ਸਾਡੇ ਹਾਕਮ ਅਜੇ 'ਸਿਆਸਤ ਦੇ ਪਲੰਘ' ਤੇ ਬਿਰਾਜਮਾਨ ਹੋ ਕੇ ਕਿਸਾਨੀ ਦੇ ਨਾਂ ਤੇ ਹੋਰ ਲੰਬਾ ਸਮਾ ਰਾਜ ਭਾਗ ਹੰਢਾਉਣ ਵਿੱਚ ਮਸਰੂਫ਼ ਹਨ , ਕਦੇ-ਕਦੇ ਇੰਝ ਮਹਿਸੂਸ ਹੁੰਦੈ ਜਿਵੇਂ ਉਨ੍ਹਾਂ ਨੂੰ ਇਹ ਗੱਲ ਭੁੱਲ ਗਈ ਹੋਵੇ ਕਿ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਉਹ ਰਾਜ ਕਿਹੜੀ ਦੁਨੀਆਂ ਦੇ ਲੋਕਾਂ ਤੇ ਕਰਨਗੇ
ਇਸੇ ਸੰਦਰਭ 'ਚ ਕੇਂਦਰੀ ਹਕੂਮਤ ਵੱਲੋਂ ਬੀਤੇ ਕੱਲ੍ਹ ਦੇਸ਼ ਦੀ ਪਾਰਲੀਮੈਂਟ ਅੰਦਰ ਕਿਸਾਨੀ ਨਾਲ ਸਬੰਧਤ ਤਿੰਨ ਬਿੱਲਾਂ ਨੂੰ ਭਾਰੀ ਵਿਰੋਧ ਦੇ ਬਾਵਜੂਦ ਪੇਸ਼ ਕਰਕੇ ਪ੍ਰਵਾਨਗੀ ਦਾ ਰਾਹ ਪੱਧਰਾ ਕਰ ਲਿਆ ਹੈ , ਜਿਸ ਤੋਂ ਇਕ ਗੱਲ ਸਾਫ ਹੋ ਚੁੱਕੀ ਹੈ ਕਿ ਹੁਣ ਆਉਂਦੇ ਦਿਨਾਂ ਨੂੰ ਪੰਜਾਬ ਦੀ ਕਿਸਾਨੀ ਦੀ 'ਸੰਘੀ' ਵਪਾਰੀ ਵਰਗ ਦੇ ਹੱਥ ਵਿੱਚ ਦੇਣ ਦੀ ਕਵਾਇਦ ਸ਼ੁਰੂ ਹੋ ਜਾਵੇਗੀ । ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪੰਜਾਬ ਵਿਧਾਨ ਸਭਾ ਅੰਦਰ ਰੱਦ ਕਰਕੇ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਦਾ ਯਤਨ ਕੀਤਾ ਸੀ ਅਤੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਲੱਕ ਤੋੜਵੇਂ ਸੰਘਰਸ਼ ਤੋਂ ਬਾਅਦ ਵੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ । ਪੰਜਾਬ ਦੇ ਪਿੰਡਾਂ ਅੰਦਰ ਖੇਤੀ ਬਿਲਾਂ ਨੂੰ ਲੈ ਕੇ ਚਿੰਤਾ ਦੀਆਂ ਪੰਡਾਂ ਚੁੱਕੀ ਫਿਰਦੇ ਸੰਘਰਸ਼ ਦੇ ਰਾਹ ਪਏ ਬਜ਼ੁਰਗ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਦਾ ਆਲਮ ਵਿਖਾਈ ਦੇ ਰਿਹਾ ਹੈ
ਕੇਂਦਰ ਸਰਕਾਰ ਦੇ ਇਸ ਵਰਤਾਰੇ ਤੋਂ ਕਿਸਾਨ ਭਾਵੁਕ ਹੋ ਕੇ ਆਖਦੇ ਨੇ ਕਿ ਹੁਣ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਅਤੇ ਬੈਂਕਾਂ ਵੱਲੋਂ ਕਿਸਾਨਾਂ ਵੱਲ ਖੜ੍ਹੇ ਲੱਖਾਂ ਰੁਪਏ ਕਿੰਝ ਮੁੜਨਗੇ , ਉਨ੍ਹਾਂ ਵੱਲੋਂ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਮਾਈ ਜਾਇਦਾਦ ਵੀ ਉਨ੍ਹਾਂ ਦੇ ਪੱਲੇ ਰਹੇਗੀ ਜਾਂ ਨਹੀਂ ਇਹ ਵੀ ਨਹੀਂ ਪਤਾ , ਸ਼ਾਇਦ ਬਹੁਤੇ ਕਿਸਾਨਾਂ ਦੇ ਚੁੱਲ੍ਹੇ ਕੇਂਦਰੀ ਹਕੂਮਤ ਦੇ ਇਸ ਕਦਮ ਨਾਲ ਸਦਾ ਲਈ ਬੁਝ ਜਾਣਗੇ , ਇਨ੍ਹਾਂ ਸ਼ੰਕਿਆਂ ਨਾਲ ਅੱਜ ਪੰਜਾਬ ਦੇ ਕਿਸਾਨ ਦੀ ਨੀਂਦ 'ਖੁੰਝ' ਚੁੱਕੀ ਨਜ਼ਰ ਆਉਂਦੀ ਹੈ । ਭਾਵੇਂ ਇਨ੍ਹਾਂ ਤਿੰਨ ਖੇਤੀ ਬਿੱਲਾਂ ਦੀਆਂ ਅਸਲ ਮੱਦਾਂ ਦੀ ਜਾਣਕਾਰੀ ਬਜ਼ੁਰਗ ਕਿਸਾਨਾਂ ਨੂੰ ਘੱਟ ਜ਼ਰੂਰ ਹੈ ਪਰ ਉਨ੍ਹਾਂ ਵੱਲੋਂ ਸੰਘਰਸ਼ ਦਾ ਬਿਗਲ ਵਜਾਉਂਦਿਆਂ ਆਪਣੇ ਹੱਕਾਂ ਤੇ ਦਾਅਵਾ ਜਰੂਰ ਜਤਾਇਆ ਜਾ ਰਿਹਾ ਹੈ । ਉੱਥੇ ਹੀ ਹੈਰਾਨੀ ਹੁੰਦੀ ਹੈ ਕਿ ਜਿਸ ਨੌਜਵਾਨੀ ਨੇ ਖੇਤੀ ਨੂੰ ਤਬਾਹ ਕਰਨ ਤੇ ਤੁਲ ਚੁੱਕੀ ਕੇਂਦਰੀ ਹਕੂਮਤ ਦੇ ਇਨ੍ਹਾਂ ਹੁਕਮਾਂ ਦਾ ਵਿਰੋਧ ਕਰਨਾ ਸੀ ਉਨ੍ਹਾਂ ਨੂੰ ਅੱਜ ਫੁਕਰਾਪੰਥੀ ਕਲਾਕਾਰਾਂ ਦੀਆਂ ਮਾਰੀਆਂ 'ਯਬਲੀਆਂ' ਖਾਤਰ ਇੱਕ ਦੂਜੇ ਨਾਲ ਲੜਨ ਤੋਂ ਹੀ ਵਿਹਲ ਨਹੀਂ ਮਿਲ ਰਹੀ
ਜਦ ਇੱਕ ਪਾਸੇ ਨੌਜਵਾਨੀ ਇਸ 'ਅਨੋਖੀ ਲੜਾਈ' ਵਿੱਚ ਮਗਨ ਹੈ ਤਾਂ ਦੂਜੇ ਪਾਸੇ ਉਸ ਦੇ 'ਸੁਨਹਿਰੀ ਬਾਗ' ਨੂੰ ਵਪਾਰੀਆਂ ਵੱਲੋਂ ਲੁੱਟਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ ਜਿਸ ਤੋਂ ਨੌਜਵਾਨ ਵਰਗ ਬੇਫ਼ਿਕਰ ਜਾਪਦਾ ਹੈ । ਇਸ ਬੇਹੱਦ ਗੰਭੀਰ ਮੁੱਦੇ ਤੇ ਅਕਾਲੀ ਦਲ ਨੂੰ ਕੋਸ ਰਹੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਪੁਰਾਣੇ ਟਕਸਾਲੀ ਅਕਾਲੀ ਬਜ਼ੁਰਗ ਵੀ ਇਹ ਕਹਿਣ ਤੋਂ ਝਿਜਕ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਿੰਨ ਦਹਾਕੇ ਅਕਾਲੀ ਦਲ ਦੇ ਕਹਿਣ ਤੇ ਬੀ.ਜੇ.ਪੀ. ਦੀ ਝੋਲੀ ਵਿੱਚ ਪਾ ਦਿੱਤੇ ਪਰ ਇਸ ਦੇ ਬਦਲੇ ਜੋ 'ਮੁੱਲ' ਕਿਸਾਨਾਂ ਨੂੰ ਹੁਣ ਖੇਤੀ ਬਿਲਾਂ ਰਾਹੀਂ ਦਿੱਤਾ ਜਾ ਰਿਹਾ ਹੈ ਉਸ ਦੇ ਨਾਲ ਕਿਸਾਨੀ ਦੀ ਹੋਂਦ ਹੀ ਖਤਮ ਹੋ ਜਾਵੇਗੀ । ਕਈ ਬਜ਼ੁਰਗ ਆਖਦੇ ਨੇ ਕਿ ਲਿਆਓ ਹੁਣ ਉਸ ਬਾਬੇ ਬਾਦਲ ਨੂੰ ਜਿਸ ਨੇ ਅੱਧੀ ਉਮਰ 'ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ' ਦਾ ਰਾਗ ਅਲਾਪਦਿਆਂ ਕੱਢ ਦਿੱਤੀ
ਬਜ਼ੁਰਗ ਕਿਸਾਨ ਸਰਕਾਰ ਦੇ ਇਸ 'ਅਲਜਬਰੇ' ਨੂੰ ਜ਼ਰੂਰ ਸਮਝ ਚੁੱਕੇ ਹਨ ਕਿ ਫਸਲਾਂ ਦੇ ਸਮਰਥਨ ਮੁੱਲ ਨੂੰ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਦੀ ਫ਼ਸਲ ਸਮਰਥਨ ਮੁੱਲ ਤੋਂ ਜ਼ਿਆਦਾ ਕਿਵੇਂ ਵਿਕੇਗੀ ਕਿਉਂਕਿ ਜੇਕਰ ਵਪਾਰੀ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚੋਂ ( ਜਿੱਥੇ ਸਮਰਥਨ ਮੁੱਲ ਲਾਗੂ ਨਹੀਂ ਹੈ ) ਉਥੋਂ ਫ਼ਸਲ ਦੀ ਖ਼ਰੀਦ ਸਿਰਫ 800 ਜਾਂ ਉਸ ਤੋਂ ਕੁਝ ਜ਼ਿਆਦਾ 1200 ਰੁਪਏ ਵਿੱਚ , ਭਾਵ ਸਮਰਥਨ ਮੁੱਲ ਤੋਂ ਅੱਧੇ ਰੇਟ ਵਿੱਚ ਕਰਦਾ ਹੈ ਤਾਂ ਉਹ ਪੰਜਾਬ ਦੀ ਫ਼ਸਲ ਸਮਰਥਨ ਮੁੱਲ ਤੋਂ ਉਪਰ ਕਿਉਂ ਖਰੀਦੇਗਾ । 'ਜਦੋਂ ਸਰਕਾਰਾਂ ਨੂੰ ਸਾਡੀ ਲੋੜ ਸੀ ਉਦੋਂ ਸਾਨੂੰ ਵਰਤ ਲਿਆ' ਵਰਗੇ ਨਾਅਰਿਆਂ ਨਾਲ ਭਰੀਆਂ ਤਖਤੀਆਂ ਆਪਣੇ ਮੋਢਿਆਂ ਤੇ ਰੱਖੀ ਕੇਂਦਰ ਨਾਲ ਆਰ-ਪਾਰ ਦੀ ਲੜਾਈ ਵਿੱਚ ਕੁੱਦੇ ਬਜ਼ੁਰਗ ਕਿਸਾਨ ਕਿਸੇ ਆਉਣ ਵਾਲੇ ਅਣ ਕਿਆਸੇ ਖ਼ੌਫ਼ ਦੇ ਨਾਲ 'ਸਿੱਝਣ' ਦੇ ਲਈ ਉਦਾਸ ਹੋਏ ਚਿਹਰਿਆਂ ਦੇ ਬਾਵਜੂਦ ਆਪਣੇ ਹੱਕਾਂ ਲਈ ਸੜਕਾਂ ਤੇ ਨਿਕਲ ਚੁੱਕੇ ਨਜ਼ਰੀ ਪੈਂਦੇ ਹਨ
9463463136
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.