ਪਰਿਵਾਰ, ਸਮਾਜ ਤੇ ਵਾਤਾਵਰਣ ਦੀ ਭੱਠੀ ‘ਚ ਤਪ ਕੇ ਵਿਅਕਤੀ ਦੇ ਜੀਵਨ ਦੇ ਨਾਲ ਉਸ ਦੀ ਵਿਚਾਰਧਾਰਾ ਪਰਪੱਕ ਹੁੰਦੀ ਰਹਿੰਦੀ ਹੈ, ਜੋ ਬਜ਼ੁਰਗੀ ਤੱਕ ਵਿਅਕਤੀ ਦੇ ਸੁਭਾਅ ‘ਚੋਂ ਝਲਕਦੀ ਰਹਿੰਦੀ ਹੈ। ਆਦਿ ਕਾਲ ਤੋਂ ਸਾਡੇ ਸਮਾਜ ਵਿੱਚ ਔਰਤ ਨੂੰ ਘਰ ਪਰਿਵਾਰ ਦੇ ਕੰਮਾਂ ਲਈ ਸਿਆਣੀ ਮੰਨਿਆ ਗਿਆ ਹੈ ਅਤੇ ਮਰਦ ਨੂੰ ਹਮੇਸ਼ਾ ਸਮਾਜਕ ਜਾਂ ਸਾਡੇ ਕੰਮਾਂ ਲਈ ਪਰੇਰਿਆ ਗਿਆ ਹੈ।
ਸ਼ਾਇਦ ਇਸੇ ਲਈ ਸਾਡੇ ਸਭਿਆਚਾਰ ਵਿੱਚ ਬਜ਼ੁਰਗ ਮਨੁੱਖਾਂ ਨੂੰ ਬਾਬਾ ਬੋਹੜ ਤੇ ਬਜ਼ੁਰਗ ਔਰਤਾਂ ਨੂੰ ਘਣਛਾਵੀਂ ਬੇਰੀ ਕਹਿ ਕੇ ਵਿਚਾਰਿਆ ਗਿਆ ਹੈ ਕਿਉਂਕਿ ਬੋਹੜ ਜ਼ਿਆਦਾਤਰ ਸਾਡੀਆਂ ਥਾਵਾਂ ਦੀ ਛਾਂ ਬਣਦਾ ਹੈ ਅਤੇ ਬੇਰੀ ਘਰ ਆਂਗਣ ਨੂੰ ਠੰਢਾ ਰੱਖਦੀ ਹੈ। ਸਾਡੇ ਜੀਵਨ ਵਿੱਚ ਸਰੀਰ, ਬੁੱਧੀ ਤੇ ਆਤਮਾ ਅੰਦਰ ਇੱਕ ਵੱਡਾ ਮਿਸ਼ਰਣ ਹੈ ਧਰਮ। ਹਰ ਧਰਮ ਸਾਡੇ ਜਿਊਣ ਵਿੱਚ ਵਿਆਕਰਣ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਵਿਆਕਰਣ ਭਾਸ਼ਾ ਦੀਆਂ ਤਰੁੱਟੀਆਂ ਦੂਰ ਕਰ ਕੇ ਉਸ ਨੂੰ ਸ਼ੁੱਧਤਾ ਬਖਸ਼ਦੀ ਹੈ ਉਸੇ ਤਰ੍ਹਾਂ ਧਰਮ ਵੀ ਜਿਊਣ ਦੀਆਂ ਤਰੁੱਟੀਆਂ ‘ਚ ਸ਼ੁੱਧਤਾ ਲਿਆਉਂਦਾ ਹੈ। ਦੁਨੀਆ ਦੇ ਸਾਰੇ ਧਰਮਾਂ ਨੇ ‘ਬਜ਼ੁਰਗਾਂ ਦੀ ਸੇਵਾ ਹੀ ਰੱਬ ਦੀ ਸੇਵਾ’ ਜਿਹੇ ਤੱਥ ਸਮਾਜ ਨੂੰ ਦਿੱਤੇ ਹਨ।
ਬੁਢਾਪਾ ਵਿਅਕਤੀ ਦੀ ਆਖਰੀ ਸਟੇਜ ‘ਤੇ ਹੈ ਉਸ ਵੇਲੇ ਦੇ ਜਵਾਨਾਂ ਤੇ ਬਜ਼ੁਰਗਾਂ ਦੇ ਖੱਪੇ ਨੂੰ ਉਨ੍ਹਾਂ ਦੀ ਇਸ ਸਟੇਜ ਨੂੰ ਮਨੋਵਿਗਿਆਨਕ ਤੌਰ ਉੱਤੇ ਸਮਝਣ ਦੀ ਲੋੜ ਹੈ। ਇੱਕ ਪੀੜ੍ਹੀ ਦੇ ਖੱਪੇ ਨੂੰ ਦਿਮਾਗ ‘ਚ ਰੱਖ ਕੇ ਉਨ੍ਹਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ। ਸੁਣਨ, ਪੜ੍ਹਨ ਤੇ ਦੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਲੋਕ ਆਪਣੇ ਲਈ ਘੱਟ ਜਿਊਂਦੇ ਹਨ ਤੇ ਆਪਣੀ ਔਲਾਦ ਲਈ ਵੱਧ ਜਿਊਂਦੇ ਹਨ। ਉਹ ਆਪਣਾ ਬਹੁਤਾ ਜੀਵਨ ਉਨ੍ਹਾਂ ਨੂੰ ਪੈਰਾਂ ਸਿਰ ਖੜੇ ਕਰਨ ਲਈ ਲਾਉਂਦੇ ਹਨ ਅਤੇ ਇਹ ਤੱਥ ਵੀ ਸਾਡੇ ਤੋਂ ਲੁਕੇ ਨਹੀਂ ਕਿ ਫਿਰ ਵੀ ਸਾਡੇ ਬਜ਼ੁਰਗ ਆਪਣੇ ਬੱਚਿਆਂ ਤੋਂ ਵੱਖ ਓਲਡ ਏਜ ਹੋਮ ਵਿੱਚ ਇਕਲਾਪੇ ‘ਚ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਇਹ ਵੀ ਸੱਚ ਹੈ ਕਿ ਬਹੁਤੇ ਬਜ਼ੁਰਗ ਜੋ ਘਰਾਂ ‘ਚ ਪਰਵਾਰਾਂ ਦੇ ਨਾਲ ਰਹਿ ਰਹੇ ਹਨ ਉਨ੍ਹਾਂ ਵਿੱਚ ਬਹੁਤੇ ਬੱਚੇ ਆਪਣੇ ਬਜ਼ੁਰਗਾਂ ਨੂੰ ਭਾਰ ਸਮਝਦੇ ਹਨ ਜਾਂ ਘਰ ਦੇ ਤਾਲੇ ਤੋਂ ਵੱਧ ਕੁਝ ਨਹੀਂ ਸਮਝਦੇ। ਅਸੀਂ ਕਦਰਾਂ ਕੀਮਤਾਂ ਨੂੰ ਇਸ ਤਰ੍ਹਾਂ ਆਪਣੇ ਜੀਵਨ ‘ਚੋਂ ਝਾੜ ਰਹੇ ਹਾਂ, ਜਿਵੇਂ ਕੱਪੜੇ ਤੇ ਚੜਿਆ ਕੀੜਾ ਝਾੜ ਕੇ ਲਾਹੁੰਦੇ ਹਾਂ। ਬਜ਼ੁਰਗਾਂ ਦੀ ਸਲਾਹ ਨੂੰ ਵੀ ਅਸੀਂ ਬੁਢਾਪੇ ਦੀ ਲੀਰੋ ਲੀਰ ਚਾਦਰ ਸਮਝ ਕੇ ਵੱਖ ਰੱਖਦੇ ਹਾਂ। ਇਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਆਪਣੇ ਅਤੇ ਸਮਾਜ ਲਈ ਉਨ੍ਹਾਂ ਦੀ ਮਹੱਤਤਾ ਨਹੀਂ ਦੱਸਦੇ ਤੇ ਉਨ੍ਹਾਂ ਨੂੰ ਇਕਲਾਪੇ ‘ਚ ਜਿਊਣ ਲਈ ਮਜਬੂਰ ਕਰਦੇ ਹਾਂ। ਨਿੱਜੀ ਤੇ ਪਰਵਾਰਕ ਤੌਰ ਤੇ ਸਾਨੂੰ ਬਜ਼ੁਰਗਾਂ ਨੂੰ ਮਨੋਵਿਗਿਆਨਕ ਪੱਖੋਂ ਸਮਝਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਕੁਝ ਪੀੜ੍ਹੀਆਂ ਜੀਵੀਆਂ ਹੁੰਦੀਆਂ ਹਨ। ਉਨ੍ਹਾਂ ਦਾ ਤਜਰਬਾ ਵਿਚਾਰਧਾਰਾ ਦੀ ਭੱਠੀ ‘ਚੋਂ ਤਪ ਕੇ ਆਇਆ ਹੁੰਦਾ ਹੈ। ਉਨ੍ਹਾਂ ਨੂੰ ਨਾ ਸਮਝ ਕੇ, ਘਰਾਂ ‘ਚੋਂ ਅੱਡ ਕਰ ਕੇ ਜਾਂ ਘਰ ਦੇ ਸਟੋਰਾਂ ‘ਚ ਉਨ੍ਹਾਂ ਦੀ ਮੰਜੀ ਡਾਹ ਕੇ ਅਸੀਂ ਉਨ੍ਹਾਂ ਦਾ ਤਿਰਸਕਾਰ ਤਾਂ ਕਰਦੇ ਹੀ ਹਾਂ ਤੇ ਨੈਤਿਕ ਤੌਰ ‘ਤੇ ਪਾਪ ਵੀ ਕਰਦੇ ਹਾਂ।
ਇਕਲਾਪੇ, ਬੇਰੁਖੀ ਤੇ ਬੇਕਦਰੀ ਕਾਰਨ ਸਾਡਾ ਬਹੁਤਾ ਬਜ਼ੁਰਗ ਸਰਮਾਇਆ ਡੇਰਿਆਂ, ਧਾਰਮਿਕ ਸਥਾਨਾਂ, ਓਲਡ ਏਜ ਹੋਮ ਜਾਂ ਪਿੰਡਾਂ ਦੇ ਇਕੱਲੇ ਘਰਾਂ ‘ਚ ਜੀਵਨ ਬਤੀਤ ਕਰ ਰਿਹਾ ਹੈ।
ਕਾਨੂੰਨੀ ਪ੍ਰਕਿਰਿਆ ਰਾਹੀਂ ਕੋਈ ਸੌਖੀ ਪ੍ਰਣਾਲੀ ਅਪਣਾ ਕੇ ਬਾਕੀ ਦੇਸ਼ਾਂ ਦੀ ਤਰਜ਼ ‘ਤੇ ਭਾਵੇਂ ਉਸ ਨੇ ਸਰਕਾਰੀ ਸੇਵਾ ਨਿਭਾਈ ਜਾਂ ਨਹੀਂ, ਹਰ ਬਜ਼ੁਰਗ ਨੂੰ ਸੀਨੀਅਰ ਸਿਟੀਜਨ ਫਲ ਪੁਚਾਉਣਾ ਸਰਕਾਰ ਦੀ ਮੁੱਖ ਡਿਊਟੀ ‘ਚ ਸ਼ਾਮਲ ਕਰਨ ਦੀ ਲੋੜ ਹੈ। ਸਾਡੇ ਦੇਸ਼ ਦਾ ਮੰਦ-ਭਾਗ ਇਹ ਵੀ ਬਣ ਚੁੱਕਾ ਹੈ, ਜਿੰਨੀ ਦੇਰ ਤੱਕ ਲੋਕ ਸੰਘਰਸ ਕਰ ਕੇ, ਨਾਅਰੇ ਲਾ ਕੇ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦੋਂ ਨਾ ਜਗਾਉਣ, ਓਨੀ ਦੇਰ ਕੋਈ ਪ੍ਰਸ਼ਾਸਨਿਕ ਕੰਮ ਆਪਣੀ ਲੀਹ ਅਨੁਸਾਰ ਨਹੀਂ ਹੁੰਦਾ। ਮੈਂ ਸੀਨੀਅਰ ਸਿਟੀਜਨਾਂ ਨੂੰ ਕਈ ਵਾਰ ਸੜਕਾਂ ਤੇ ਰੈਲੀਆਂ ਜਲਸੇ ਕਰਦੇ ਹੱਥਾਂ ‘ਚ ਬਜ਼ੁਰਗਾਂ ਵਾਲੀਆਂ ਸੋਟੀਆਂ ਫੜ ਕੇ ਮਾਰਚ ਕਰਦੇ ਵੇਖਿਆ ਹੈ। ਬਜ਼ੁਰਗ ਔਰਤਾਂ ਨੂੰ ਵੀਰ ਵੀਰ, ਸਾਬ ਸਾਬ ਜਾਂ ਪੁੱਤ ਪੁੱਤ ਕਹ ਕੇ ਅਧਿਕਾਰੀਆਂ, ਕਰਮਚਾਰੀਆਂ ਨੂੰ ਪੁਕਾਰਦਿਆਂ ਵੇਖਿਆ ਹੈ।
ਸੀਨੀਅਰ ਸਿਟੀਜਨਾਂ ਦੀਆਂ ਫਾਈਲਾਂ ਭਿੂੰਸ਼ਟਾਚਾਰ ਦੇ ਪਿੱਛੇ ਨਾ ਲੱਗਣ ਕਾਰਨ ਅਪੰਗ ਹੋਈਆਂ ਵੇਖੀਆਂ ਸੁਣੀਆਂ ਹਨ। ਕਚਹਿਰੀਆਂ ਦੀ ਲੁੱਟ ਕਿਸ ਤੋਂ ਛੁਪੀ ਹੈ। ਪਹਿਲਾਂ ਲੋਕ ਦੁਆ ਮੰਗਦੇ ਸਨ ਕਿ ਰੱਬਾ ਸਾਨੂੰ ਡਾਕਟਰਾਂ ਕੋਲ ਨਾ ਪੁਚਾਵੀਂ, ਸ਼ਾਇਦ ਹੁਣ ਇਹ ਦੁਆ ਮੰਗਦੇ ਹਨ ਕਿ ਸਾਨੂੰ ਕਚਹਿਰੀ ਦੇ ਚੱਕਰ ਨਾ ਪਾਵੀਂ। ਪ੍ਰਸ਼ਾਸਨਕ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਫਰਜ਼ ਹੈ ਕਿ ਉਹ ਆਪਣੇ ਘਰਾਂ ਦੇ ਬਜ਼ੁਰਗਾਂ ਵਾਂਗ ਨੈਤਿਕ ਡਿਊਟੀ ਵਜੋਂ ਸਾਰੇ ਬਜ਼ੁਰਗਾਂ ਨਾਲ ਚੰਗਾ ਵਿਹਾਰ ਕਰਨ ਤੇ ਉਨ੍ਹਾਂ ਦੇ ਬਣਦੇ ਲਾਭ ਸਮੇਂ ਸਮੇਂ ਉਨ੍ਹਾਂ ਨੂੰ ਪੁਚਾਉਣ। ਵਿਅਕਤੀ ਦੀ ਉਮਰ ਦੀ ਆਖਰੀ ਸਟੇਜ ਬੁਢਾਪੇ ਨੂੰ ਸਮਾਜ ਅੱਜ ਪੂਰੀ ਤਰ੍ਹਾਂ ਗਲੇ ਨਹੀਂ ਲਾ ਰਿਹਾ। ਸਮਾਜ ਪੱਖ ਤੋਂ ਅਸੀਂ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜਦੇ ਜਾ ਰਹੇ ਹਾਂ।
ਸ਼ਹਿਰਾਂ ਵਿੱਚ ਹਰ ਰੋਜ਼ ਵੱਧ ਰਹੇ ਬਜ਼ੁਰਗਾਂ ਨਾਲ ਹਾਦਸੇ ਚਿੰਤਾ ਦਾ ਵਿਸ਼ਾ ਹਨ। ਲੁੱਟਾਂ, ਖੋਹਾਂ, ਕਤਲੋਗਾਰਤ, ਠੱਗੀ ਠੋਰੀ ਦੀਆਂ ਵਾਰਦਾਤਾਂ ਬਜ਼ੁਰਗਾਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ। ਜਨਤਕ ਸਥਾਨਾਂ ‘ਤੇ ਵੀ ਬਜ਼ਰਗਾਂ ਨਾਲ ਬੇਹੁਰਮਤੀ ਸਾਡੇ ਸੁਭਾਅ ਦਾ ਹਿੱਸਾ ਬਣਦਾ ਜਾਂਦਾ ਹੈ। ਬਜ਼ੁਰਗ ਸਾਡੇ ਦੇਸ਼ ਦਾ ਵੱਡਮੁੱਲਾ ਸਰਮਾਇਆ ਹੈ। ਉਨ੍ਹਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਆਪਣੇ ਦੇਸ਼ ਨੂੰ ਦਿੱਤਾ ਹੁੰਦਾ ਹੈ। ਇਸ ਸਰਮਾਏ ਪ੍ਰਤੀ ਸਾਡੇ ਫਰਜ਼ ਨੈਤਿਕ ਅਤੇ ਕਾਨੂੰਨੀ ਤੌਰ ਤੇ ਬੱਝਣੇ ਚਾਹੀਦੇ ਹਨ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਬਜ਼ੁਰਗਾਂ ਦੀਆਂ ਸਹੂਲਤਾਂ ‘ਚ ਦਿੱਕਤਾਂ ਖਤਮ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝ ਕੇ ਸਾਨੂੰ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਮਹੱਤਤਾ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਨਾ ਤਾਂ ਸਰਕਾਰਾਂ ਨੂੰ ਭੁੱਲਣਾ ਚਾਹੀਦਾ ਹੈ ਤੇ ਨਾ ਹੀ ਸਾਨੂੰ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.