ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਸਮੁੱਚਾ ਸੰਸਾਰ ਡਰ ਅਤੇ ਸਹਿਮ ਦੇ ਮਾਹੌਲ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੂਸਰੀਆਂ ਬਿਮਾਰੀਆਂ ਜਾਂ ਹੋਰ ਕਾਰਨਾਂ ਕਰਕੇ ਮੌਤਾਂ ਨਹੀਂ ਹੋ ਰਹੀਆਂ। ਕਈ ਵਰ੍ਹਿਆਂ ਤੋਂ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨ ਅਤੇ ਸੜਕ ਦੁਰਘਟਨਾਵਾਂ ਵਿਚ ਹੁੰਦੀਆਂ ਮੌਤਾਂ ਦੀਆਂ ਦਰਦਨਾਕ ਖ਼ਬਰਾਂ ਆਉਂਦੀਆਂ ਰਹੀਆਂ ਹਨ। ਕੋਰੋਨਾ ਵਾਇਰਸ ਕਾਰਨ ਕਰਫ਼ਿਊ ਲਗਾਏ ਜਾਣ ਦੀ ਸਥਿਤੀ ਨੂੰ ਕੁਝ ਚੰਗਾ ਕੰਮ ਕਰਨ ਦੇ ਮੌਕੇ ਵਿਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਹੁਣ ਆਵਾਜਾਈ ਬੰਦ ਹੋਣ ਨਾਲ ਸੜਕ ਦੁਰਘਟਨਾਵਾਂ ਵਾਲੀਆਂ ਮੌਤਾਂ ਰੁਕ ਗਈਆਂ ਹਨ। ਕਰਫ਼ਿਊ ਕਾਰਨ ਨਸ਼ਾ ਤਸਕਰਾਂ ‘ਤੇ ਵੀ ਨੱਥ ਪਾਈ ਜਾ ਸਕਦੀ ਹੈ।
ਪੰਜਾਬ ਵਿਚੋਂ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਲਈ ਸਭ ਤੋਂ ਅਹਿਮ ਨਸ਼ਿਆਂ ਦੀ ਸਪਲਾਈ ਅਤੇ ਖਪਤ ਦੇ ਆਪਸੀ ਸੰਪਰਕ ਨੂੰ ਤੋੜਨਾ ਹੈ। ਖਪਤ ਜਾਂ ਲੋੜ ਖ਼ਤਮ ਕੀਤੇ ਬਗ਼ੈਰ ਕੋਈ ਵੀ ਕਾਨੂੰਨ, ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਨਹੀਂ ਸਕਦੀ। ਅਜਿਹੇ ਨਸ਼ਈਆਂ ਦਾ ਡਾਕਟਰੀ ਇਲਾਜ ਅਤੇ ਮਨੋਵਿਗਿਆਨਕ ਕੌਂਸਲਿੰਗ ਜ਼ਰੀਏ ਉਨ੍ਹਾਂ ਦੇ ਨਸ਼ੇ ਛੁਡਵਾਉਣੇ ਚਾਹੀਦੇ ਹਨ।
ਜਿੱਥੋਂ ਤੱਕ ਪੰਜਾਬ ਦੀ ਜਵਾਨੀ ਨੂੰ ਨਸ਼ਾ-ਮੁਕਤ ਕਰਨ ਦਾ ਸਵਾਲ ਹੈ, ਜੇਕਰ ਕਾਨੂੰਨੀ ਪੱਧਰ ਦੇ ਨਾਲ-ਨਾਲ ਸਮਾਜਿਕ ਤੇ ਮਨੋਵਿਗਿਆਨਕ ਪੱਧਰ ‘ਤੇ ਵੀ ਇੱਛਾ-ਸ਼ਕਤੀ ਨਾਲ ਸਿੱਟਾਮੁਖੀ ਯੋਜਨਾਵਾਂ ਅਮਲ ‘ਚ ਲਿਆਂਦੀਆਂ ਜਾਣ ਤਾਂ ਨਸ਼ਾ-ਮੁਕਤ ਪੰਜਾਬ ਸਿਰਜਿਆ ਜਾ ਸਕਦਾ ਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨ ਹੋਣ ਦਾ ਇਕ ਵੱਡਾ ਕਾਰਨ ਸਮਾਜਿਕ ਸਰੋਕਾਰਾਂ ਨਾਲੋਂ ਟੁੱਟਣਾ ਹੈ। ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਸਵੈਮੁਖੀ ਬਣਾ ਰਹੀ ਹੈ। ਨੌਜਵਾਨਾਂ ਨੂੰ ਵਿੱਦਿਅਕ ਡਿਗਰੀਆਂ ਲੈਣ ਤੋਂ ਬਾਅਦ ਕੇਵਲ ਨੌਕਰੀ ਦੀ ਭਾਲ ਰਹਿੰਦੀ ਹੈ ਅਤੇ ਢੁੱਕਵੀਂ ਨੌਕਰੀ ਨਾ ਮਿਲਣ ਕਾਰਨ ਘੋਰ ਨਿਰਾਸ਼ਾ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧੱਕਰਹੀ ਹੈ। ਇਸ ਲਈ ਸਿੱਖਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਨੂੰ ਰੋਕ ਕੇ ਸਿੱਖਿਆ ਪ੍ਰਬੰਧ ਨੂੰ ਸੁਧਾਰਨਾ ਪਵੇਗਾ, ਤਾਂ ਜੋ ਸਿੱਖਿਆ ਹਾਸਲ ਕਰਨ ਦਾ ਉਦੇਸ਼ ਕੇਵਲ ਨੌਕਰੀ ਹਾਸਲ ਕਰਨ ਦੀ ਥਾਂ, ਸਮਾਜ ‘ਚ ਗਿਆਨ ਦਾ ਪ੍ਰਕਾਸ਼ ਫ਼ੈਲਾਉਣਾ, ਸ਼ਖ਼ਸੀਅਤ ਉਸਾਰੀ ਤੇ ਹੱਥੀਂ ਕਿਰਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਵੱਲ ਸੇਧਿਤ ਹੋਵੇ। ਰੁਜ਼ਗਾਰ ਦੇ ਖੇਤਰ ‘ਚ ਵੀ ਸਰਕਾਰ ਨੂੰ ਹਰ ਵਿਅਕਤੀ ਨੂੰ ਯੋਗਤਾ ਮੁਤਾਬਕ ਢੁੱਕਵਾਂ ਰਿਜ਼ਕ ਦੇਣ ਦੇ ਵਸੀਲੇ ਪੈਦਾ ਕਰਨੇ ਪੈਣਗੇ। ਸਰਕਾਰੀ ਨੌਕਰੀਆਂ ਤੋਂ ਇਲਾਵਾ ਨਿੱਜੀ ਉਦਯੋਗਾਂ, ਅਦਾਰਿਆਂ ਤੇ ਹੋਰ ਲਘੂ ਇਕਾਈਆਂ ਵਿਚ ਹਰੇਕ ਕਰਮਚਾਰੀ ਦੀ ਯੋਗਤਾ, ਵੇਤਨ, ਤਰੱਕੀ ਅਤੇ ਹੋਰ ਲਾਭ ਸਰਕਾਰ ਵਲੋਂ ਤੈਅ ਹੋਣੇ ਚਾਹੀਦੇ ਹਨ।
ਸਮਾਜ ਅੰਦਰ ਭਾਈਚਾਰਕ ਤੇ ਕੌਮੀ ਅਪਣੱਤ ਵਧਾਉਣ ਵਾਲੀਆਂ ਕਦਰਾਂ-ਕੀਮਤਾਂ; ਹੱਥੀਂ ਕਿਰਤ, ਆਤਮ-ਨਿਰਭਰਤਾ, ਸਵੈ-ਮਾਣਅਤੇ ਸੇਵਾ ਵਰਗੇ ਸੰਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਹਰ ਵਿਅਕਤੀ ਨੂੰ ਵਿਅਕਤੀਗਤ ਪੱਧਰ ‘ਤੇ ਨਸ਼ਿਆਂ ਦੇ ਖਿਲਾਫ਼ ਡੱਟਣਾ ਪਵੇਗਾ। । ਇਸ ਦੇ ਲਈ ਸਮੁੱਚੇ ਸਮਾਜ ਨੂੰ ਇਕਜੁੱਟ ਹੋਣਾ ਪਵੇਗਾ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.