ਸਿੱਖਾਂ ਦੀ ਆਸਥਾ ਵਿਚ ਸਮਾਜਿਕ ਭਾਵਨਾ ਦੀ ਆਸਥਾ ਬਹੁਤ ਤਕੜੀ ਹੈ। ਸਿੱਖ ਵਿਚਾਰਧਾਰਾ ਦੇ ਸੰਦਰਭ ਵਿਚ, ਇਸ ਆਸਥਾ ਨੇ ਸਿੱਖਾਂ ਵਿਚ ਸੈਨਿਰਭਰਤਾ ਤੇ ਸੁਤੰਤਰਤਾ ਦਾ ਜ਼ਜ਼ਬਾ ਪੈਦਾ ਕੀਤਾ। ਅਠਾਰ੍ਹਵੀਂ ਸਦੀ ਵਿਚ ਇਹ ਆਸਥਾ ਮੁਗਲ ਰਾਜ ਸੱਤਾ ਦੇ ਖਿਲਾਫ ਰਾਜਸੀ ਸੰਘਰਸ਼ ਦੇ ਰੂਪ ਵਿਚ ਉਭਰੀ। ਇਸ ਦਾ ਸਿੱਟਾ ਸਿੱਖਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਧਾਰਮਿਕ ਤੇ ਰਾਜਸੀ ਮਾਮਲਿਆਂ ਵਿਚ ਸਿੱਖ ਆਪਣੀ ਵਿਸ਼ੇਸ਼ ਵੱਖਰੀ ਪਛਾਣ ਬਾਰੇ ਅਠਾਰ੍ਹਵੀਂ ਸਦੀ ਤੋਂ ਬਹੁਤ ਪਹਿਲਾ ਹੀ ਸੁਚੇਤ ਸਨ, ਜਦੋਂ ਉਨ੍ਹਾਂ ਨੂੰ ਰਾਜਸੀ ਫਿਰਕਾਂ ਵੀ ਸਮਝਿਆ ਜਾਣ ਲੱਗਾ ਸੀ। ਉਨ੍ਹਾਂ ਦੀ ਵਿਸ਼ੇਸ਼ ਵੱਖਰੀ ਪਹਿਚਾਣ ਗੁਰੂ ਗੋਬਿੰਦ ਸਿੰਘ ਜੀ ਦੁਆਰਾ 'ਖ਼ਾਲਸਾ' ਦੀ ਸਥਾਪਨਾ ਤੋਂ ਬਾਅਦ ਹੋਰ ਵੀ ਉਘਰੜਾਂ ਰੂਪ ਅਖਤਿਆਰ ਕਰ ਗਈ। ਬ੍ਰਿਟਿਸ਼ ਹਾਕਮਾਂ ਦੇ ਪੰਜਾਬ ਉਤੇ ਕਬਜ਼ਾ ਕਰਨ ਤੋਂ ਬਹੁਤ ਪਹਿਲਾ ਹੀ ਸਿੰਘ, ਸਿੱਖ ਪੰਥ ਵਿਚ ਸਿਰਫ ਰਾਜਸੀ ਤੌਰ ਤੇ ਨਹੀਂ ਬਲਕਿ ਗਿਣਤੀ ਵਿਚ ਵੀ ਸਮਾਜਕ ਪੱਖ ਤੋਂ ਹਾਵੀ ਹੋ ਚੁੱਕੇ ਸਨ। ਇਸ ਦਾ ਮਕਸਦ ਇਹ ਦੱਸਣਾ ਹੈ ਕਿ ਉਨੀਵੀਂ ਸਦੀ ਦੇ ਪਿਛਲੇਰੇ ਤੇ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਕਿਵੇਂ ਸਿੰਘ ਸਭਾਵਾਂ ਉਨ੍ਹਾਂ ਕਦਰਾਂ ਕੀਮਤਾਂ, ਰਵੱਈਏ ਅਤੇ ਸਰੋਕਾਰਾਂ ਨੂੰ ਪਰਿਪੱਕ ਕਰ ਰਹੀਆਂ ਸਨ ਜਿਨ੍ਹਾਂ ਦਾ ਪਿਛੋਕੜ ਸਿੱਖ ਪਰੰਪਰਾ ਵਿਚ ਮਿਲਦਾ ਹੈ। ਅਕਾਲੀ ਪੰਥਕ ਰਾਜਨੀਤੀ ਵਿਚ ਪੁਨਰ ਜਾਗ੍ਰਿਤੀ ਦੇ ਅਲੰਬਰਦਾਰ ਬਣ ਗਏ।
1920 ਵਿਚ ਅਕਾਲੀਆਂ ਦਾ ਉਥਾਨ ਸਿੱਖ ਗੁਰਦੁਆਰਿਆਂ ਦੇ ਸੁਧਾਰ ਦੇ ਉਦੇਸ਼ ਵਿਚੋਂ ਹੋਇਆ। ਗੁਰਦੁਆਰਾ ਸਾਹਿਬ ਹਮੇਸ਼ਾ ਹੀ ਸਿੱਖ ਧਾਰਮਿਕ ਤੇ ਸਮਾਜਕ ਜ਼ਿੰਦਗੀ ਦਾ ਧੁਰਾ ਰਹੇ ਹਨ। ਪਰੰਤੂ 1920 'ਚ ਅਸਿੱਧੇ ਪਰ ਪ੍ਰਭਾਵਕਾਰੀ ਰੂਪ ਵਿਚ ਬ੍ਰਿਟਿਸ਼ ਗ਼ਲਬੇ ਅਧੀਨ ਸਨ। ਅਕਾਲੀਆਂ ਨੇ ਗੁਰਦੁਆਰਿਆਂ ਨੂੰ ਆਪਣੇ ਅਧਿਕਾਰ ਵਿਚ ਲੈਣਾ ਸ਼ੁਰੂ ਕੀਤਾ ਸੀ। ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ ਤੇ ਇਸ ਤੋਂ ਇਕ ਮਹੀਨਾ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਅਕਾਲੀ ਦਲ ਦਾ ਸੰਘਰਸ਼ ਇਸ ਤੋਂ ਪਹਿਲਾ ਸ਼ੁਰੂ ਹੋ ਚੁੱਕਾ ਸੀ। ਇਸਦੇ ਮੁਢਲੇ ਪੜਾਅ ਦਾ ਪ੍ਰੋਗਰਾਮ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ, ਦਰਬਾਰ ਸਾਹਿਬ ਤਰਨ ਤਾਰਨ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਇਨ੍ਹਾਂ ਤੋਂ ਇਲਾਵਾ ਕਈ ਗੁਰਦੁਆਰਾ ਸਾਹਿਬ ਦੀ ਸੁਤੰਤਰਤਾ। ਤਰਨਤਾਰਨ ਵਿਖੇ ਪੁਜਾਰੀਆਂ ਦੇ ਤਸ਼ੱਦਦ ਦਾ ਨਤੀਜਾ ਦੋ ਅਕਾਲੀ ਮਾਰੇ ਗਏ ਜੋ ਕਿ ਅਕਾਲੀ ਲਹਿਰ ਦੇ ਪਹਿਲੇ ਸ਼ਹੀਦ ਸਾਬਤ ਹੋਏ।
ਨਨਕਾਣਾ ਸਾਹਿਬ ਵਿਖੇ 130 ਅਕਾਲੀਆਂ ਦੇ ਸ਼ਹੀਦ ਹੋਣ ਦਾ ਘੱਲੂਘਾਰਾ ਮਹੰਤ ਨਰੈਣ ਦਾਸ ਨੂੰ ਸਰਕਾਰੀ ਪੱਧਰ ਉਤੇ ਮਿਲੀ ਸ਼ਹਿ ਦਾ ਸਿੱਟਾ ਸੀ। ਹਰਿਮੰਦਰ ਸਾਹਿਬ ਦੀਆਂ ਕੁੰਜੀਆਂ ਸੰਬੰਧੀ ਮੋਰਚੇ ਨੇ ਸਾਬਿਤ ਕਰ ਦਿੱਤਾ ਸੀ ਕਿ ਅਕਾਲੀਆਂ ਦਾ ਦਮਨ ਸੰਭਵ ਨਹੀਂ ਸੀ। ਉਸ ਸਮੇਂ ਦੀ ਗਵਰਨਮੈਂਟ ਆਫ਼ ਇੰਡੀਆ ਨੂੰ ਆਪਣੀ ਹਾਰ ਮੰਨਣੀ ਪਈ ਅਤੇ ਕੁੰਜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵਾਪਸ ਦੇਣੀਆਂ ਪਈਆਂ ਨਾਲ ਇਹ ਵੀ ਮੰਨਣਾ ਪਿਆ ਕਿ ਪੰਥ ਨੂੰ ਹਰਿਮੰਦਰ ਦੇ ਮਾਮਲੇ ਦੇ ਪ੍ਰਬੰਧ ਦਾ ਹੱਕ ਹਾਸਿਲ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ 'ਖਾਲਸਾ ਬਰਾਦਰੀ' ਦੇ ਨਾਮ ਦੀ ਇਕ ਸਭਾ ਬਣੀ ਹੋਈ ਸੀ ਜੋ ਰਵੀਦਾਸੀ ਭਾਈਚਾਰੇ 'ਚੋਂ ਸਿੰਘ ਸਜੇ ਸਨ। ਮਿਤੀ 10, 11 ਅਤੇ 12 ਅਕਤੂਬਰ 1920 ਨੂੰ ਇਨ੍ਹਾਂ ਜਲਿਆਵਾਲੇ ਬਾਗ 'ਚ ਸਲਾਨਾ ਦੀਵਾਨ ਕੀਤਾ। ਜਿਸ ਵਿਚ ਬਹੁਤ ਸਾਰੇ ਰਵੀਦਾਸੀ ਭਾਈਚਾਰੇ ਦੇ ਲੋਕਾਂ ਨੇ ਅੰਮ੍ਰਿਤ ਛੱਕਿਆ ਅਤੇ 12 ਅਕਤੂਬਰ ਨੂੰ ਨਵੇਂ ਸਜੇ ਸਿੰਘ ਭਾਈ ਮਹਿਤਾਬ ਸਿੰਘ ਤੇ ਭਾਈ ਬੀਰ ਸਿੰਘ ਦੀ ਅਗਵਾਈ ਹੇਠ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਖਾਲਸਾ ਕਾਲਜ ਅੰਮ੍ਰਿਤਸਰ ਤੇ ਉਸ ਸਮੇਂ ਦੇ ਪ੍ਰੋਫੈਸਰ ਤੇ ਵਿਦਿਆਰਥੀ ਵੀ ਨਾਲ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਪ੍ਰਸ਼ਾਦ ਅਰਦਾਸਾ ਸੋਧਣ ਤੋਂ ਮਨਾਂ ਕਰ ਦਿੱਤਾ।
ਪ੍ਰੋ. ਬਾਵਾ ਹਰਕਿਸ਼ਨ ਸਿੰਘ ਦੇ ਸੁਝਾਉ ਤੇ ਇਕ ਵਿਦਿਆਰਥੀ ਨੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾਇਆ। ਉਸ ਸਮੇਂ ਅਚਾਨਕ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ ਉਥੇ ਪਹੁੰਚ ਗਏ ਤੇ ਮੁੜ ਸਾਰੀ ਗੱਲ ਉਨ੍ਹਾਂ ਨੂੰ ਦੱਸੀ। 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਿੰਘਾਂ ਨੇ ਸੰਭਾਲ ਲਿਆ। 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਮਿਲਣ ਉਪਰੰਤ ਪਹਿਲਾਂ ਪੰਥਕ ਹੁਕਮਨਾਮਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਉਹ ਪਹਿਲੀ ਮੱਘਰ ਮੁਤਾਬਕ 15 ਨਵੰਬਰ 1920 ਨੂੰ ਇਕ ਪੰਥਕ ਇਕੱਠ ਬੁਲਾਉਣਾ ਸੀ। ਨੀਯਤ ਦਿਨ ਅਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਭਾਰੀ ਇਕੱਠ ਹੋਇਆ। ਇਸ ਵਿਚ ਜ਼ਿਲੇਵਾਰ ਕੁਲ 174 ਅੰਮ੍ਰਿਤਧਾਰੀ ਸਿੰਘ ਤਿਆਰ ਬਰ ਤਿਆਰ ਸਿੰਘਾਂ ਦੀ ਕਮੇਟੀ ਚੁਣੀ ਗਈ। ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ। ਇਸੇ ਇਕੱਠ ਵਿਚ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ। ਜਿੰਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਸੁਧ ਸੁਧਾਈ ਕਰਨੀ ਸੀ।
ਇਨ੍ਹਾਂ ਮੁਸ਼ਕਲ ਸਮੇਂ ਤੋਂ ਨਿਕਲਦੇ ਹੋਏ ਅਸੀਂ ਆਪਣੀ ਵੱਖਰੀ ਹੋਂਦ ਬਣਾਉਣ ਵਿਚ ਸਫਲ ਰਹੇ ਪਰ ਬੀਤੇ ਵਰ੍ਹੇ ਤੋਂ ਹੁਣ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਨਮੁੱਲੇ ਖਜ਼ਾਨਾ ਦਾ ਮਾਮਲਾ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਿੱਖ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਕਰਨਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਭਾਵੇਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਸਰੂਪਾਂ ਦੇ ਸਬੰਧ 'ਚ ਰਿਪੋਰਟ ਜਨਤਕ ਕੀਤੀ ਗਈ ਪਰ ਫਿਰ ਤੋਂ ਸਿੱਖ ਜਥੇਬੰਦੀਆਂ ਵੱਲੋਂ ਇਸ ਸੰਦਰਭ ਦੇ ਅਧੀਨ ਰੋਸ ਪ੍ਰਦਰਸ਼ਨ ਕਰਨਾ ਗੁਰਦੁਅਰਾ ਸੁਧਾਰ ਲਹਿਰ ਮੁੜ ਚਲਾਉਣ ਵੱਲ ਇਸ਼ਾਰਾ ਕਰ ਰਿਹਾ ਹੈ।
ਇਤਨੇ ਵਿਸਥਾਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਵਰਨਣ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੀ ਪੀੜ੍ਹੀ ਨੂੰ ਪਤਾ ਲਗ ਸਕੇ ਕਿ ਕਿਸੇ ਸਮੇਂ ਜਦੋਂ ਮਹੰਤਾਂ ਨੇ ਸਿੱਖੀ ਦੇ ਸੋਮਿਆਂ ਦੀ ਪਵਿਤ੍ਰਤਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤਾਂ ਉਸ ਸਮੇਂ ਸ਼ਰਧਾਵਾਨ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ, ਇਨ੍ਹਾਂ ਧਰਮ ਅਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ ਅਤੇ ਇਸ ਵਿਸ਼ਵਾਸ ਨਾਲ ਇਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਕਿ ਉਹ ਇਨ੍ਹਾਂ ਗੁਰਧਾਮਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਕਾਇਮ ਰਖਣ ਦੇ ਨਾਲ ਹੀ ਉਨ੍ਹਾਂ ਦੀ ਦ੍ਰਿੜ੍ਹਤਾ ਨਾਲ ਰਖਿਆ ਵੀ ਕਰੇਗੀ।
ਪਰ ਬੀਤੇ ਕੁਝ ਵਰ੍ਹਿਆਂ ਵਿੱਚ ਹੀ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆ ਗਈਆਂ ਹਨ।। ਜਿਸ ਕਾਰਣ ਉਨ੍ਹਾਂ ਦੀ ਸਰਵੁੱਚਤਾ ਉਪਰ ਪ੍ਰਸ਼ਨ-ਚਿੰਨ੍ਹ ਲਾਏ ਜਾਣ ਲਗੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਵੇਂ ਸਿੱਖਾਂ ਤੇ ਸਿੱਖੀ ਦੇ ਹਿਤਾਂ ਨਾਲੋਂ ਨਿਖੇੜ ਕੇ ਨਿਜੀ ਹਿਤਾਂ ਨਾਲ ਸਬੰਧਤ ਕਰ ਦਿੱਤਾ ਗਿਆ, ਉਸ ਨਾਲ ਇਕ ਵਾਰ ਫਿਰ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਨ ਵਾਲੇ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ।
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ 'ਤੇ ਪੰਜਾਬੀਆਂ ਦੇ ਸਾਂਝੇ 'ਖਾਲਸਾ ਰਾਜ' ਦੀ ਸਥਾਪਨਾ ਕਰ ਲਈ। ਉਸਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ ਤੇ ਦੂਜੇ ਪਾਸੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਧਰਮ-ਪ੍ਰਚਾਰ ਦੀ ਲਹਿਰ ਬਿਨਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ।
ਜੇ ਵਰਤਮਾਨ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਤਿਹਾਸ ਮੁੜ ਆਪਣੇ-ਆਪ ਨੂੰ ਦੁਹਰਾ ਰਿਹਾ ਹੈ। ਇਤਿਹਾਸ ਦੇ ਇਸ ਦੁਹਰਾਉ ਨੂੰ ਵੇਖਦਿਆਂ ਕੀ ਇਹ ਨਹੀਂ ਜਾਪਦਾ ਕਿ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠੱਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਲਹਿਰ ਇਕ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਮੰਗ ਬਣ ਗਈ ਹੋਈ ਹੈ।
-
ਮਨਪ੍ਰੀਤ ਸਿੰਘ ਜੱਸੀ, ਲੇਖਕ ਤੇ ਪੱਤਰਕਾਰ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.