ਕੋਰੋਨਾ ਬੰਦ ਦੌਰਾਨ ਚੱਲ ਰਹੇ ਦੇਸ਼ਾਂ ਵਿੱਚ ਸਰੀਰਕ ਦੂਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸਕੂਲਾਂ ਦੇ ਬੰਦ ਕੀਤੇ ਜਾਣ ਕਾਰਨ ਬੱਚਿਆਂ ਨੂੰ ਕੰਪਿਊਟਰ, ਸਮਾਰਟਫੋਨ ਆਦਿ ’ਤੇ ਇੰਟਰਨੈਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਵੀ ਵਿਦਿਆਰਥੀਆਂ ਵਿੱਚ ਅਤੇ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰ ਫਿਰ ਵੀ ਜੇਕਰ ਆਨਲਾਈਨ ਪੜ੍ਹਾਈ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਸਾਨੂੰ ਇਸ ਬਾਰੇ ਗੱਲ ਕਰਨੀ ਹੀ ਹੋਵੇਗੀ ਕਿ ਪੜ੍ਹਾਈ ਦਾ ਇਹ ਤਰੀਕਾ ਕਿੰਨਾ ਕੁ ਫਾਇਦੇਮੰਦ ਹੈ, ਇਹ ਕਿਸ ਹੱਦ ਤੱਕ, ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ, ਲਾਗੂ ਹੋ ਸਕਦਾ ਹੈ, ਕੀ ਸੱਚਮੁੱਚ ਇਸ ਨਾਲ਼ ਸਾਰੇ ਬੱਚਿਆਂ ਤੱਕ ਸਿਖਿਆ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ, ਜਾਂ ਫਿਰ ਕਿਤੇ ਆਨਲਾਈਨ ਪੜ੍ਹਾਈ ਦਾ ਇਹ ਢੰਗ, ਸਮਾਜ ਵਿੱਚ ਵਧ ਰਹੇ ਅਮੀਰੀ-ਗਰੀਬੀ ਦੇ ਪਾੜੇ, ਅਹਿਸਾਸ ਕਰਵਾ ਰਿਹਾ ਹੈ
ਇਹ ਕਿ ਜਰੂਰੀ ਨਹੀਂ ਕਿ ਇੱਕ ਮਾਹਰ ਅਧਿਆਪਕ ਤਕਨੀਕੀ ਤੌਰ ’ਤੇ ਵੀ ਮਾਹਰ ਹੋਵੇ। ਅਧਿਆਪਕਾਂ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ, ਆਨਲਾਈਨ ਆਡੀਓ-ਵੀਡੀਓ, ਪਾਠ ਸਮੱਗਰੀ ਆਦਿ ਤਿਆਰ ਕਰਨ ਵਿੱਚ ਡਿਜ਼ਿਟਲ ਖੇਤਰ ਵਿੱਚ ਮੁਹਾਰਤ ਦੀ ਕਮੀਂ ਨਾਲ਼ ਵੀ ਉਹਨਾਂ ਨੂੰ ਫੌਰੀ ਤੌਰ ’ਤੇ ਜੂਝਣਾ ਪੈ ਰਿਹਾ ਹੈ। ਸਕੂਲਾਂ ਕੋਲ਼ ਬੱਚਿਆਂ ਦੇ ਮਾਪਿਆਂ ਦੇ ਫੋਨ ਨੰਬਰ ਤੱਕ ਪੂਰੇ ਉਪਲੱਬਧ ਨਹੀਂ ਹਨ। ਦੂਸਰਾ ਛੋਟੀ ਉਮਰ ਦੇ ਬੱਚਿਆਂ ਦੇ ਇੰਟਰਨੈਟ ਦੇ ਸੰਪਰਕ ਵਿੱਚ ਆਉਣ ਨਾਲ਼ ਇੰਟਰਨੈਟ ਦੇ ਬੁਰੇ ਪ੍ਰਭਾਵਾਂ ਨੂੰ ਉਹਨਾਂ ਦੁਆਰਾ ਕਬੂਲਣ ਦੀ, ਇਸ ਤੋਂ ਗੁੰਮਰਾਹ ਹੋਣ ਦੀ ਇੱਕ ਸੰਭਾਵਨਾਂ ਮੌਜ਼ੂਦ ਰਹਿੰਦੀ ਹੈ।
ਇੱਕ ਹੋਰ ਵਿਚਾਰਨ ਯੋਗ ਮਸਲਾ ਭਾਸ਼ਾ ਦਾ ਹੈ, ਸਾਡੇ ਦੇਸ਼ ਵਿੱਚ ਬਹੁਤਗਿਣਤੀ ਬੱਚੇ ਅਜਿਹੇ ਹਨ ਜਿਹਨਾਂ ਦੀ ਮਾਤ ਭਾਸ਼ਾ ਅੰਗ੍ਰੇਜ਼ੀ ਜਾਂ ਹਿੰਦੀ ਨਹੀਂ ਹੈ, ਪਰ ਅਜਿਹੇ ਮਕਸਦ ਲਈ ਫੋਨਾਂ, ਕੰਪਿਊਟਰਾਂ ਆਦਿ ਵਿੱਚ ਵਰਤੀਆਂ ਜਾਣ ਵਾਲ਼ੀਆਂ ਜ਼ਿਆਦਾਤਰ ਐਪਲੀਕੇਸ਼ਨ ਅੰਗ੍ਰੇਜ਼ੀ ਵਿੱਚ ਹੁੰਦੀਆਂ ਹਨ, ਜਾਂ ਕੁਝ ਨਾਮਾਤਰ ਹਿੰਦੀ ਵਿੱਚ ਹਨ, ਇਹਨਾਂ ਤੋਂ ਵੱਖਰੀ ਮਾਂ ਬੋਲੀ ਵਾਲ਼ੇ ਬੱਚਿਆਂ ਨੂੰ ਇਹਨਾਂ ਓਪਰੀਆਂ ਭਾਸ਼ਾਵਾਂ ਵਿੱਚ ਸਮਝਣ ਅਤੇ ਐਪਲੀਕੇਸ਼ਨ ਚਲਾਉਣ ਵਿੱਚ ਬਹੁਤ ਸਮੱਸਿਆ ਆਉਂਦੀ ਹੈ, ਇੱਥੋਂ ਤੱਕ ਕਿ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਅੰਗ੍ਰੇਜ਼ੀ ਵਿੱਚ ਐਪਲੀਕੇਸ਼ਨ ਨੂੰ ਵਰਤਣ ਤੱਕ ਦੀ ਵੀ ਦਿੱਕਤ ਆਉਂਦੀ ਹੈ। ਪਿੰਡਾਂ ਦੇ ਦੂਰ ਦੁਰਾਡੇ ਦੇ ਖਿੱਤਿਆਂ ਵਿੱਚ ਇੰਟਰਨੈਟ ਆਦਿ ਦੀ ਸਹੂਲਤ ਅਤੇ ਇਸ ਤੱਕ ਪਹੁੰਚ, ਸ਼ਹਿਰਾਂ ਦੇ ਮੁਕਾਬਲੇ ਘੱਟ ਹੋਣ ਕਾਰਨ, ਇਹ ਸਥਿਤੀ ਮੌਜੂਦਾ ਹਾਲਤਾਂ ਅੰਦਰ ਪਹਿਲਾਂ ਤੋਂ ਹੀ ਮੌਜੂਦ ਪਿੰਡ ਤੇ ਸ਼ਹਿਰ ਵਿਚਲੇ ਪਾੜੇ ਨੂੰ ਹੋਰ ਡੂੰਘਾ ਕਰੇਗੀ।
ਭਾਰਤ ਤਕਨੀਕੀ ਤੌਰ ’ਤੇ ਵੀ ਇੱਕ ਪੱਛੜਿਆ ਹੋਇਆ ਮੁਲਕ ਹੋਣ ਕਾਰਨ, ਇੱਥੇ ਆਨਲਾਈਨ ਸਿੱਖਿਆ ਲਈ ਪੂਰੇ ਦੇਸ਼ ਪੱਧਰ ’ਤੇ ਏਡਾ ਨੈੱਟਵਰਕ ਖੜ੍ਹਾ ਕਰ ਪਾਉਣਾ ਵੀ ਇਹਨਾਂ ਸਰਕਾਰਾਂ ਦੀ ਸਮਰੱਥਾ ਤੋਂ ਬਾਹਰੀ ਗੱਲ ਹੈ। ਆਨਲਾਈਨ ਕਲਾਸਾਂ ਲਈ ਨਾ ਇੰਟਰਨੈਟ ਤੇ ਟੈਲੀਕੋਮ ਕੰਪਨੀਆਂ ਕੋਲ਼ ਕੋਈ ਬੁਨਿਆਦੀ ਢਾਂਚਾ ਹੈ ਅਤੇ ਨਾ ਹੀ ਸਰਕਾਰਾਂ ਕੋਲ਼ ਨਿਰਵਿਘਨ ਬਿਜਲੀ ਆਦਿ ਪਹੁੰਚਾਉਣ ਦਾ ਕੋਈ ਪ੍ਰਬੰਧ। ਭਾਰਤ ਵਿੱਚ ਇੰਟਰਨੈਟ ਦਾ ਬੁਨਿਆਦੀ ਜਾਲ਼ ਹੀ ਇਸ ਪੱਧਰ ’ਤੇ ਨਹੀਂ ਵਿਛਿਆ ਹੋਇਆ ਕਿ ਪੂਰੇ ਦੇਸ਼ ਪੱਧਰ ’ਤੇ ਹਰ ਬੱਚੇ ਤੱਕ ਇਸ ਦੀ ਪਹੁੰਚ ਉਪਲੱਬਧ ਹੋ ਸਕੇ। ਜਿੱਥੇ ਇੰਟਰਨੈਟ ਹੈ ਵੀ ਤਾਂ ਉਸ ਦੀ ਗੁਣਵੱਤਾ ਬਹੁਤ ਮਾੜੀ ਹੈ।
ਭਾਰਤ ਵਿੱਚ ਹਾਲਤ ਤਾਂ ਬਹੁਤ ਹੀ ਮਾੜੀ ਹੈ। ਇੱਕ ਸਰਵੇਖਣ ਮੁਤਾਬਕ 80 ਫੀਸਦੀ ਵਿਦਿਆਰਥੀ, ਆਰਥਕ ਪੱਖੋਂ ਕਮਜ਼ੋਰ ਤਬਕੇ ਵਿੱਚੋਂ ਹੋਣ ਕਾਰਨ, ਕੰਪਿਊਟਰ-ਲੈਪਟਾਪ, ਸਮਾਰਟਫੋਨ, ਇੰਟਰਨੈਟ ਤੱਕ ਪਹੁੰਚ ਨਾ ਹੋਣ ਕਾਰਨ ਅਤੇ ਆਨਲਾਈਨ ਸਿੱਖਿਆ ਸਬੰਧੀ ਤਕਨੀਕੀ ਜਾਣਕਾਰੀ ਦੀ ਘਾਟ ਆਦਿ ਦੇ ਕਾਰਨ ਆਨਲਾਈਨ ਸਿੱਖਿਆ ਲੈਣ ਤੋਂ ਹੀ ਅਸਮਰੱਥ ਹਨ। ‘ਬਡੀ ਫ਼ਾਰ ਸਟਡੀ ਡਾਟ ਕਾਮ’ ਵੱਲੋਂ ਦੇਸ਼ ਵਿੱਚ ਸਕੂਲੀ ਵਿਦਿਆਰਥੀਆਂ ’ਤੇ ਕਰੋਨਾ ਬੰਦ ਕਾਰਨ ਉਹਨਾਂ ਦੀ ਪੜ੍ਹਾਈ ’ਤੇ ਪਏ ਪ੍ਰਭਾਵਾਂ ਅਤੇ ਉਹਨਾਂ ਨੂੰ ਸਿੱਖਿਆ ਦੇ ਬਦਲੇ ਹੋਏ ਤਰੀਕਿਆਂ ਕਾਰਨ ਪੇਸ਼ ਚੁਣੌਤੀਆਂ ਦੀ ਜਾਣਕਾਰੀ ਲਈ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ 75 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ਼ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਤੇ ਇਸ ਦੇ ਉਹਨਾਂ ’ਤੇ ਗੰਭੀਰ ਪ੍ਰਭਾਵ ਪਏ ਹਨ, 11 ਫੀਸਦੀ ਨੇ ਦਰਮਿਆਨੇ ਪ੍ਰਭਾਵ ਦੀ ਰਿਪੋਰਟ ਕੀਤੀ, 7 ਫੀਸਦੀ ਤੇ ਮੁਕਾਬਲਤਨ ਘੱਟ ਪ੍ਰਭਾਵ ਪਿਆ ਅਤੇ ਬਾਕੀ 7 ਫੀਸਦੀ ’ਤੇ ਕੋਈ ਪ੍ਰਭਾਵ ਨਹੀਂ ਪਿਆ। ਕੌਮੀ ਨਮੂਨਾਂ ਸਰਵੇਖਣ ਦੀ ਸਿੱਖਿਆ ਬਾਰੇ 2017-18 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸਿਰਫ 24 ਫੀਸਦੀ ਪਰਿਵਾਰਾਂ ਕੋਲ਼ ਹੀ ਇੰਟਰਨੈੱਟ ਦੀ ਸਹੂਲਤ ਹੈ। ਪਿੰਡਾਂ ਵਿੱਚ 15 ਫੀਸਦੀ ਪਰਿਵਾਰਾਂ ਕੋਲ਼ ਹੀ ਇੰਟਰਨੈਟ ਦੀ ਸਹੂਲਤ ਹੈ, ਸ਼ਹਿਰਾਂ ਲਈ ਇਹ ਅੰਕੜਾ 42 ਫੀਸਦੀ ਹੈ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.