ਕੋਈ ਵਾਇਰਸ, ਬੈਕਟੀਰੀਆ ਜਾਂ ਹੋਰ ਕੀਟਾਣੂ ਸਰੀਰ ਅੰਦਰ ਵੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਸਿਸਟਮ ਰਾਹੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰੀਰ ਦੇ ਵੱਖੋ-ਵੱਖ ਹਿੱਸਿਆਂ ਵਿਚ ਜੜੇ ਯੰਤਰ, ਇਹ ਫੈਸਲਾ ਲੈਂਦੇ ਹਨ ਕਿ ਇਹ ਕੀਟਾਣੂ ਸਰੀਰ ਲਈ ਠੀਕ ਹਨ ਜਾਂ ਨਹੀਂ। ਫੇਰ ਉਨ੍ਹਾਂ ਨੂੰ ਉੱਥੋਂ ਹੀ ਨਿੱਛ ਰਾਹੀਂ ਜਾਂ ਖੰਘ ਰਾਹੀਂ ਬਾਹਰ ਕੱਢਣ ਜਾਂ ਸਰੀਰ ਦੇ ਲਿੰਫੈਟਿਕ ਸਿਸਟਮ (ਹੱਡੀਆਂ ਦਾ ਮਾਦਾ, ਤਿਲੀ, ਥਾਈਮਸ, ਲਿੰਫ ਨੋਡ-ਗਿਲਟੀਆਂ) ਰਾਹੀਂ ਤਿਆਰ ਕੀਤੇ ਸੈੱਲਾਂ ਨਾਲ ਮਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਹੱਡੀਆਂ ਦੇ ਮਾਦੇ ਵਿੱਚੋਂ ਚਿੱਟੇ ਸੈੱਲ ਤਿਆਰ ਹੁੰਦੇ ਹਨ ਜਿਨ੍ਹਾਂ ਦਾ ਕੰਮ ਕੀਟਾਣੂਆਂ ਨਾਲ ਲੜਨਾ ਹੈ। ਤਿਲੀ ਵੀ ਕੀਟਾਣੂ ਮਾਰਦੀ ਹੈ। ਥਾਈਮਸ ਵਿਚ ਟੀ-ਸੈੱਲ ਬਣਦੇ ਹਨ ਜੋ ਕੀਟਾਣੂ ਲੱਦੇ ਸੈੱਲਾਂ ਨੂੰ ਮਾਰਦੇ ਹਨ। ਲਿੰਫ ਨੋਡ ਵਿਚ ਫੌਜੀ ਸੈੱਲ ਤਿਆਰ ਵੀ ਹੁੰਦੇ ਹਨ ਤੇ ਜਮ੍ਹਾਂ ਵੀ ਹੁੰਦੇ ਰਹਿੰਦੇ ਹਨ। ਬੀ-ਸੈੱਲ ਐਂਟੀਬਾਡੀ ਤਿਆਰ ਕਰਦੇ ਹਨ ਅਤੇ ਕੀਟਾਣੂਆਂ ਉੱਤੇ ਹਮਲਾ ਬੋਲਦੇ ਹਨ। ਟੀ-ਸੈਲ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।
ਜਿਵੇਂ ਹੀ ਬੈਕਟੀਰੀਆ, ਵਾਇਰਸ, ਉੱਲੀ, ਕੈਂਸਰ ਸੈੱਲ ਆਦਿ ਦੇ ਬਾਹਰਵਾਰ ਲੱਗੇ ਪ੍ਰੋਟੀਨ ਘੁੰਮਦੇ ਫਿਰਦੇ ਜਾਂ ਟਿਕੇ ਹੋਏ ਇਮਿਊਨ ਸੈੱਲਾਂ ਨਾਲ ਜੁੜਦੇ ਹਨ ਤਾਂ ਝਟਪਟ ਅੱਗੇ ਇਸ ਕੀਟਾਣੂ ਬਾਰੇ ਜਾਣਕਾਰੀ ਭੇਜ ਦਿੱਤੀ ਜਾਂਦੀ ਹੈ।
ਜੇ ਕੀਟਾਣੂ ਪਹਿਲੀ ਵਾਰ ਸਰੀਰ ਅੰਦਰ ਵੜਿਆ ਹੋਵੇ ਤਾਂ ਉਸ ਬਾਰੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਕਿਵੇਂ ਮਾਰਨਾ ਹੈ ਜਾਂ ਕਾਬੂ ਕਰਨਾ ਹੈ। ਜੇ ਦੂਜੀ ਵਾਰ ਵੜਿਆ ਹੋਵੇ ਤਾਂ ਪਹਿਲਾਂ ਦੇ ਤਿਆਰ ਹੋਏ ਫੌਜੀ ਸੈੱਲ ਝਟਪਟ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ।
ਕਦੇ ਕਦਾਈਂ ਸਰੀਰ ਦੇ ਫੌਜੀ ਸੈੱਲ ਆਪਣੇ ਹੀ ਸੈੱਲਾਂ ਉੱਪਰਲੀ ਪ੍ਰੋਟੀਨ ਉੱਤੇ ਹੱਲਾ ਬੋਲ ਦਿੰਦੇ ਹਨ। ਇਸ ਨੂੰ 'ਆਟੋ ਇਮਿਊਨ ਰਿਸਪੌਂਸ' ਕਹਿੰਦੇ ਹਨ।
ਅਡੈਪਟਿਵ ਦਾ ਕੰਮ ਹੁੰਦਾ ਹੈ ਐਂਟੀਬਾਡੀਜ਼ ਬਣਾਉਣੀਆਂ ਤੇ ਇਕ ਖ਼ਾਸ ਕਿਸਮ ਦੇ ਕੀਟਾਣੂ ਮਾਰ ਮੁਕਾਉਣੇ ਜੋ ਪਹਿਲਾਂ ਬੀਮਾਰੀ ਕਰ ਚੁੱਕੇ ਹੋਣ। ਇਹ ਪਹਿਲੇ ਹੱਲੇ ਉੱਤੇ ਨਹੀਂ ਬਲਕਿ ਕੀਟਾਣੂਆਂ ਦੇ ਦੂਜੇ ਹੱਲੇ ਉੱਤੇ ਕੰਮ ਸ਼ੁਰੂ ਕਰਦੇ ਹਨ।
ਨੱਕ ਪਿੱਛਲੇ ਐਡੀਨਾਈਡ ਗ੍ਰੰਥੀਆਂ, ਹੱਡੀਆਂ ਦਾ ਮਾਦਾ, ਗਿਲਟੀਆਂ (ਲਿੰਫ ਨੋਡ), ਲਿੰਫੈਨਿਕ ਨਸਾਂ, ਅੰਤੜੀਆਂ ਵਿਚਲੇ ਪਾਇਰ ਪੈਚ, ਤਿਲੀ, ਟੌਂਸਿਲ, ਥਾਈਮਸ (ਛਾਤੀ ਵਿਚਲਾ ਗਲੈਂਡ) ਆਦਿ ਸਭ ਸਰੀਰ ਦੇ ਇਮਿਊਨ ਸਿਸਟਮ ਦਾ ਹੀ ਹਿੱਸਾ ਹਨ।
ਜਦੋਂ ਕਿਸੇ ਨੂੰ ਐਂਟੀਬਾਇਓਟਿਕ ਦਵਾਈਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਰੀਰ ਅੰਦਰ ਵੜੇ ਬੈਕਟੀਰੀਆ ਕੀਟਾਣੂ ਮਾਰ ਸਕਦੀਆਂ ਹਨ ਪਰ ਵਾਇਰਸ ਜਾਂ ਉੱਲੀ ਨਹੀਂ। ਜੇ ਬੇਲੋੜੀਆਂ ਐਂਟੀਬਾਇਓਟਿਕ ਦਵਾਈਆਂ ਖਾਧੀਆਂ ਜਾਣ ਤਾਂ ਉਹ ਕਿਸੇ ਬੈਕਟੀਰੀਆ ਨੂੰ ਮਾਰ ਹੀ ਨਹੀਂ ਸਕਦੀਆਂ ਪਰ ਸਰੀਰ ਉਨ੍ਹਾਂ ਵਿਰੁੱਧ ਆਪਣੇ ਐਂਟੀਬਾਡੀ ਸੈੱਲ ਬਣਾ ਲੈਂਦਾ ਹੈ ਜਿਸ ਕਰ ਕੇ ਦੁਬਾਰਾ ਲੋੜ ਪੈਣ ਉੱਤੇ ਇਹ ਦਵਾਈਆਂ ਬੇਅਸਰ ਹੋ ਜਾਂਦੀਆਂ ਹਨ। ਜੇ ਗਲਤ ਦਵਾਈ ਦੇ ਦਿੱਤੀ ਜਾਵੇ ਤਾਂ ਬੈਕਟੀਰੀਆ ਕੀਟਾਣੂ ਜ਼ਿਆਦਾ ਜ਼ਹਿਰੀ ਹੋ ਜਾਂਦੇ ਹਨ ਅਤੇ ਦਵਾਈ ਉਨ੍ਹਾਂ ਉੱਤੇ ਅਸਰ ਕਰਦੀ ਹੀ ਨਹੀਂ।
ਜੇ ਅਸਰ ਕਰਦੀ ਦਵਾਈ ਪੂਰੇ ਸਮੇਂ ਲਈ ਨਾ ਖਾਧੀ ਜਾਵੇ ਤਾਂ ਵੀ ਬੈਕਟੀਰੀਆ ਕੀਟਾਣੂ ਦੁਬਾਰਾ ਵਧ ਕੇ ਤਗੜਾ ਹੱਲਾ ਕਰ ਦਿੰਦੇ ਹਨ ਜਿੱਥੇ ਉਹ ਦਵਾਈ ਬੇਅਸਰ ਸਾਬਤ ਹੋ ਜਾਂਦੀ ਹੈ। ਇੰਜ ਹੀ ਜੇ ਲੋੜੋਂ ਵੱਧ ਸਮੇਂ ਤੱਕ ਦਵਾਈ ਖਾਧੀ ਜਾਵੇ, ਤਾਂ ਵੀ ਇਹੋ ਕੁੱਝ ਹੁੰਦਾ ਹੈ।
ਅੱਜ ਤੱਕ ਸਰੀਰ ਅੰਦਰਲੇ ਇਮਿਊਨਿਟੀ ਸਿਸਟਮ ਦੇ ਜਾਲ ਅਤੇ ਉਸ ਦੇ ਕੰਮ ਕਰਨ ਦੇ ਢੰਗ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੱਕੋ ਵੇਲੇ ਇਸ ਸਿਸਟਮ ਦਾ ਕਿੰਨਾ ਹਿੱਸਾ ਹਰਕਤ ਵਿਚ ਆਇਆ ਹੈ ਤੇ ਕਿੰਨੀ ਦੇਰ ਰਹੇਗਾ!
ਜੇ ਇਮਿਊਨ ਸਿਸਟਮ ਲੋੜੋਂ ਵੱਧ ਹਰਕਤ ਵਿਚ ਆ ਜਾਵੇ ਤਾਂ ਆਪਣੇ ਹੀ ਸਰੀਰ ਦੇ ਸੈੱਲਾਂ ਨੂੰ ਖਾਣ ਲੱਗ ਪੈਂਦਾ ਹੈ। ਇਸ ਦੇ ਨਤੀਜੇ ਵਜੋਂ ਕਈ ਭਿਆਨਕ ਬੀਮਾਰੀਆਂ ਸ਼ੁਰੂ ਹੋ ਸਕਦੀਆਂ ਹਨ ਜਿਨ੍ਹਾਂ ਲਈ ਪੂਰੀ ਉਮਰ ਦਵਾਈ ਖਾਣੀ ਪੈ ਸਕਦੀ ਹੈ, ਜਿਵੇਂ ਸ਼ੱਕਰ ਰੋਗ, ਰਿਊਮੈਟਾਇਡ ਆਰਥਰਾਈਟਿਸ, ਲਿਊਪਸ ਆਦਿ। ਸਦੀਆਂ ਤੋਂ ਖੋਜੀ ਡਾਕਟਰ ਇਸ ਬਾਰੇ ਕਿਆਸ ਲਾ ਰਹੇ ਹਨ ਕਿ ਸ਼ਾਇਦ ਕੋਈ ਖ਼ੁਰਾਕ, ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਕਿਸੇ ਕਿਸਮ ਦੇ ਪਾਣੀ ਜਾਂ ਹਵਾ ਵਿਚਲੇ ਮਾੜੇ ਤੱਤ ਆਦਿ ਇਸ ਦੇ ਕਾਰਣ ਹੋਣਗੇ। ਪਰ ਹਾਲੇ ਤੱਕ ਇੱਕ ਵੀ ਕਿਆਸ ਸਾਬਤ ਨਹੀਂ ਹੋ ਸਕਿਆ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਕਾਰਨ ਹੋਵੇ ਜਾਂ ਸਾਰੇ ਕਾਰਨ ਇਕੱਠੇ ਅਸਰ ਕਰਦੇ ਹੋਣ!
ਕੀ ਲੋੜੋਂ ਵੱਧ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨ ਸਿਸਟਮ ਦਾ ਕੰਮ ਵਧਾ ਸਕਦੇ ਹਨ ?
ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਇਮਿਊਨ ਸਿਸਟਮ ਨੂੰ ਆਪਣਾ ਕੰਮ-ਕਾਰ ਕਰਨ ਦਿੱਤਾ ਜਾਵੇ ਤੇ ਉਸ ਵਿਚ ਕੋਈ ਰੋਕ ਜਾਂ ਅਚੜਨ ਨਾ ਪਾਈ ਜਾਵੇ।
ਜੇ ਮਦਦ ਕੀਤੀ ਜਾ ਸਕਦੀ ਹੈ ਤਾਂ ਕੀਟਾਣੂਆਂ ਦੇ ਹਮਲੇ ਨੂੰ ਘਟਾ ਕੇ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਹੱਥ ਸਾਫ਼ ਰੱਖੇ ਜਾਣ! ਜੇ ਲੋੜੋਂ ਵੱਧ ਸੈਨੇਟਾਈਜ਼ਰ ਵਰਤੇ ਜਾਣ ਤਾਂ ਚਮੜੀ ਉੱਤੇ ਪਏ ਚੰਗੇ ਬੈਕਟੀਰੀਆ ਖ਼ਤਮ ਹੋ ਜਾਣਗੇ, ਜੋ ਇਮਿਊਨ ਸਿਸਟਮ ਦੀ ਮਦਦ ਕਰਨ ਲਈ ਬੈਠੇ ਹੁੰਦੇ ਹਨ। ਇਨ੍ਹਾਂ ਦਾ ਕੰਮ ਹੁੰਦਾ ਹੈ ਮਾੜੇ ਬੈਕਟੀਰੀਆ ਨੂੰ ਚਮੜੀ ਰਾਹੀਂ ਸਰੀਰ ਅੰਦਰ ਵੜਨ ਹੀ ਨਾ ਦਿੱਤਾ ਜਾਵੇ। ਇੰਜ ਇਮਿਊਨ ਸਿਸਟਮ ਦੀ ਆਪੇ ਹੀ ਕੁਦਰਤੀ ਤੌਰ ਉੱਤੇ ਮਦਦ ਹੋ ਜਾਂਦੀ ਹੈ।
1. ਸਾਬਣ ਨਾਲ ਜਾਂ ਸਾਫ਼ ਪਾਣੀ ਨਾਲ ਦਿਨ ਵਿਚ ਕਈ ਵਾਰ ਹੱਥ ਧੋਣ ਨਾਲ ਵੀ ਕਈ ਚੰਗੇ ਬੈਕਟੀਰੀਆ ਚਿਪਕੇ ਰਹਿੰਦੇ ਹਨ। ਜੇ ਇਹ ਨਾ ਰਹਿਣ ਤਾਂ ਮਾੜੇ ਬੈਕਟੀਰੀਆ ਵੱਡੀ ਗਿਣਤੀ ਵਿਚ ਸਰੀਰ ਉੱਤੇ ਹੱਲਾ ਬੋਲ ਸਕਦੇ ਹਨ ਜਿਨ੍ਹਾਂ ਲਈ ਸਰੀਰ ਦੇ ਸੈੱਲ ਤਿਆਰ ਨਹੀਂ ਹੁੰਦੇ।
2. ਖਾਣਾ ਚੰਗੀ ਤਰ੍ਹਾਂ ਪਕਾ ਕੇ ਖਾਧਾ ਜਾਵੇ ਤਾਂ ਵੀ ਬਹੁਤ ਸਾਰੇ ਮਾੜੇ ਕੀਟਾਣੂ ਖ਼ਤਮ ਹੋ ਸਕਦੇ ਹ
3 ਰੋਜ਼ਾਨਾ 40 ਮਿੰਟ ਕਸਰਤ ਕਰਦੇ ਰਹਿਣ ਨਾਲ ਸਾਰਾ ਸਰੀਰ ਹੀ ਚੁਸਤ ਹੋ ਜਾਂਦਾ ਹੈ ਤੇ ਇਸੇ ਨਾਲ ਹੀ ਇਮਿਊਨ ਸਿਸਟਮ ਵੀ। ਇੰਜ ਭਾਰ ਕਾਬੂ ਵਿਚ ਰਹਿੰਦਾ ਹੈ ਤੇ ਮੋਟਾਪੇ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
4. ਬਲੱਡ ਪ੍ਰੈੱਸ਼ਰ ਨਾ ਵਧਣ ਦਿੱਤਾ ਜਾਵੇ ਅਤੇ ਤਣਾਓ ਘੱਟ ਸਹੇੜਿਆ ਜਾਵੇ। ਤਣਾਓ ਸਾਡੇ ਪੂਰੇ ਸਰੀਰ ਦਾ ਨਾਸ ਮਾਰ ਦਿੰਦਾ ਹੈ ਤੇ ਇਮਿਊਨ ਸਿਸਟਮ ਨੂੰ ਠੱਪ ਕਰ ਦਿੰਦਾ ਹੈ।
5. ਪੂਰੀ ਨੀਂਦਰ ਲੈਣ ਨਾਲ ਸਰੀਰ ਦੇ ਸੈੱਲਾਂ ਨੂੰ ਰਿਪੇਅਰ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਚਮੜੀ, ਸਾਹ ਦੇ ਰਾਹ ਤੇ ਮੂੰਹ ਅੰਦਰਲੀ ਪਰਤ ਵਾਇਰਸ ਲਈ ਰੋਕਾ ਬਣ ਕੇ ਖੜ੍ਹੇ ਹਨ।
ਜਦੋਂ ਵੱਡੀ ਗਿਣਤੀ ਵਾਇਰਸ ਹੱਲਾ ਬੋਲ ਕੇ ਇਹ ਰਾਹ ਲੰਘ ਜਾਣ ਤਾਂ ਇੰਨੇਟ ਇਮਿਊਨਿਟੀ ਕੰਮ ਸ਼ੁਰੂ ਕਰ ਦਿੰਦੀ ਹੈ। ਇਸ ਵਿਚ ਕੁੱਝ ਕੈਮੀਕਲ ਤੇ ਬਾਕੀ ਸਰੀਰ ਦੇ ਸੈੱਲ ਰਲ ਮਿਲ ਕੇ ਵਾਇਰਸ ਨੂੰ ਢਾਅ ਲੈਂਦੇ ਹਨ। ਜੇ ਵਾਇਰਸ ਬਹੁਤ ਜ਼ਿਆਦਾ ਮਾਤਰਾ ਵਿਚ ਹੋਵੇ ਤਾਂ ਸਰੀਰ ਦੇ ਸੈੱਲ ਤੇ ਪ੍ਰੋਟੀਨ ਰਲ ਕੇ ਕੁੱਝ ਦਿਨਾਂ ਜਾਂ ਹਫਤਿਆਂ ਵਿਚ ਐਂਟੀਬਾਡੀ ਤਿਆਰ ਕਰ ਲੈਂਦੇ ਹਨ ਤੇ ਫੇਰ ਵਾਇਰਸ ਨੂੰ ਮਾਰ ਮੁਕਾਉਂਦੇ ਹਨ।
ਜੇ ਸਰੀਰ ਦਾ ਸਾਰਾ ਸਿਸਟਮ ਫੇਲ੍ਹ ਹੋ ਜਾਵੇ ਅਤੇ ਵਾਇਰਸ ਉਸ ਤੋਂ ਵੀ ਕਿਤੇ ਵੱਧ ਹੋਵੇ ਤਾਂ ਮੌਤ ਹੋ ਸਕਦੀ ਹੈ।
ਧਿਆਨ ਰਹੇ ਕਿ ਟੀ-ਸੈੱਲ ਵੱਲੋਂ ਬਣਾਈ ਫੌਜ ਸਿਰਫ਼ ਉਸੇ ਹਮਲੇ ਵਿਚ ਵੜੀ ਵਾਇਰਸ ਵਿਰੁੱਧ ਹੀ ਅਸਰਦਾਰ ਸਾਬਤ ਹੁੰਦੀ ਹੈ। ਮਿਸਾਲ ਵਜੋਂ ਜੇ ਕੋਵਿਡ 19 ਖ਼ਿਲਾਫ਼ ਸੈੱਲ ਤਿਆਰ ਹੋ ਚੁੱਕੇ ਹਨ ਤਾਂ ਉਹ ਇਨਫਲੂਐਂਜ਼ਾ ਵਾਇਰਸ ਵਿਰੁੱਧ ਅਸਰ ਨਹੀਂ ਵਿਖਾਉਂਣਗੇ। ਉਸ ਵਾਸਤੇ ਸਰੀਰ ਨੂੰ ਵੱਖ ਐਂਟੀਬਾਡੀ ਬਣਾਉਣੇ ਪੈਂਦੇ ਹਨ।
ਜੇ ਖੰਘ ਜ਼ੁਕਾਮ ਨਾਲ ਬੁਖ਼ਾਰ, ਸਿਰ ਪੀੜ, ਬਲਗਮ ਜਾਂ ਬੇਹੋਸ਼ੀ ਹੁੰਦੀ ਹੈ ਤਾਂ ਇਹ ਸਾਰਾ ਕੁੱਝ ਵਾਇਰਸ ਸਦਕਾ ਨਹੀਂ ਹੁੰਦਾ ਬਲਕਿ ਵਾਇਰਸ ਵਿਰੁੱਧ ਸਰੀਰ ਨੇ ਜੋ ਜੰਗ ਵਿੱਢੀ ਹੁੰਦੀ ਹੈ, ਉਸੇ ਇੰਨੇਟ ਇਮਿਊਨਿਟੀ ਸਦਕਾ ਇਹ ਲੱਛਣ ਦਿਸਦੇ ਹਨ ਕਿ ਸਰੀਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ।
ਇਮਿਊਨਿਟੀ ਵਧਣ ਦਾ ਮਤਲਬ ਹੈ ਕਿ ਇਹ ਲੱਛਣ ਹੋਰ ਜ਼ਿਆਦਾ ਵੱਧ ਦਿਸਣਗੇ ਨਾ ਕਿ ਘੱਟ ਹੋ ਜਾਣਗੇ।
ਚੁਫ਼ੇਰੇ ਇਸ਼ਤਿਹਾਰਬਾਜ਼ੀ ਵਿਚ ਇਮਿਊਨਿਟੀ ਦੇ ਨਾਂ ਉੱਤੇ ਖ਼ਰਬਾਂ ਦੇ ਵਪਾਰ ਵਿਚ ਇਮਿਊਨਿਟੀ ਵਧਾਉਣ ਦੇ ਜੋ ਨੁਸਖ਼ੇ ਦੱਸੇ ਜਾ ਰਹੇ ਹਨ ਉਹ ਬੀਮਾਰੀ ਦੇ ਲੱਛਣ ਰੋਕਣ ਬਾਰੇ ਰੌਲਾ ਪਾ ਰਹੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਉਹ ਇਮਿਊਨਿਟੀ ਵਧਾ ਨਹੀਂ ਰਹੇ ਸਗੋਂ ਇਮਿਊਨ ਸਿਸਟਮ ਹੀ ਠੱਪ ਕਰਨ ਲੱਗੇ ਹਨ।
ਬੁਖ਼ਾਰ, ਖੰਘ, ਬਲਗਮ, ਸਰੀਰ ਟੁੱਟਣਾ ਤਾਂ ਵਧੀਆ ਲੱਛਣ ਹਨ ਕਿ ਸਾਡੀ ਕੁਦਰਤ ਵੱਲੋਂ ਬਖ਼ਸ਼ੀ ਇਮਿਊਨਿਟੀ ਪਹਿਲਾਂ ਤੋਂ ਹੀ ਤਗੜੀ ਹੈ, ਹੋਰ ਤਗੜੀ ਕਰਨ ਦੀ ਲੋੜ ਨਹੀਂ।
ਬੁਖ਼ਾਰ ਵਾਇਰਸ ਨੂੰ ਹੋਰ ਫੈਲਣ ਤੋਂ ਰੋਕ ਕੇ ਉਸ ਨੂੰ ਮਾਰ ਦਿੰਦਾ ਹੈ। ਵਾਇਰਸ ਨੂੰ ਮਾਰਨ ਬਾਅਦ ਜਿਹੜੀ ਉਸ ਦੀ ਗੰਦਗੀ ਇਕੱਠੀ ਹੁੰਦੀ ਹੈ ਉਸ ਨਾਲ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੈ। ਇਹ ਗੰਦਗੀ ਜਦੋਂ ਨਸਾਂ ਰਾਹੀਂ ਸਰੀਰ ਬਾਹਰ ਧੱਕਦਾ ਹੈ ਤਾਂ ਸੈੱਲ ਉਨ੍ਹਾਂ ਬਚੇ ਖੁਚੇ ਟੋਟਿਆਂ ਨੂੰ ਬਾਹਰ ਕੱਢਣ ਵੇਲੇ ਦਿਮਾਗ਼ ਨੂੰ ਸੁਣੇਹਾ ਭੇਜ ਦਿੰਦਾ ਹੈ ਕਿ ਹੁਣ ਸਫਾਈ ਲਗਭਗ ਮੁਕੰਮਲ ਹੈ। ਇੰਜ ਸਰੀਰ ਸੁਸਤ ਪੈ ਕੇ ਠੀਕ ਹੋਣ ਵੱਲ ਤੁਰ ਪੈਂਦਾ ਹੈ।
ਇਸ ਸਾਰੇ ਦੌਰ ਵਿਚ ਹਰੀ ਚਾਹ ਜਾਂ ਕਿਸੇ ਵੀ ਕਿਸਮ ਦੇ ਜ਼ਿੰਕ, ਵਿਟਾਮਿਨ ਜਾਂ ਹੋਰ ਇਮਿਊਨ ਬੂਸਟਰ ਕਿਤੇ ਕੰਮ ਨਹੀਂ ਆਉਂਦੇ ਕਿਉਂਕਿ ਢਿੱਡ ਵਿਚ ਗਈਆਂ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰ ਕੇ ਕਿਸੇ ਪਾਸੇ ਲਾਉਣ ਨਾਲੋਂ ਸਰੀਰ ਆਪਣੇ ਇਮਿਊਨ ਸਿਸਟਮ ਦੇ ਕੰਮ ਕਾਰ ਵੱਲ ਪੂਰਾ ਧਿਆਨ ਦੇ ਰਿਹਾ ਹੁੰਦਾ ਹੈ।
ਅਣਗਿਣਤ ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਜ਼ਿੰਕ ਜਾਂ ਵਿਟਾਮਿਨ ਸੀ ਸਰੀਰ ਵਿਚਲੀ ਕਿਸੇ ਕਿਸਮ ਦੀ ਕਮੀ ਨੂੰ ਠੀਕ ਕਰਨ ਵਿਚ ਭਾਵੇਂ ਥੋੜੀ ਬਹੁਤ ਮਦਦ ਕਰ ਦੇਣ ਪਰ ਵਾਇਰਸ ਦੇ ਮੌਜੂਦਾ ਹੱਲੇ ਦੌਰਾਨ ਬੇਅਸਰ ਹਨ।
ਜੇ ਅਡੈਪਟਿਵ ਇਮਿਊਨਿਟੀ ਵਿਚ ਅਸਰ ਭਾਲਣਾ ਹੋਵੇ ਤਾਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਸਗੋਂ ਕਹਿਰ ਢਾਅ ਸਕਦੀਆਂ ਹਨ ਕਿਉਂਕਿ ਲੋੜੋਂ ਵੱਧ ਇਮਿਊਨ ਰਿਐਕਸ਼ਨ ਲਗਾਤਾਰ ਨਿੱਛਾਂ, ਅੱਖਾਂ ਵਿੱਚੋਂ ਪਾਣੀ ਵੱਗਣਾ, ਅੱਖਾਂ ਲਾਲ ਹੋਣੀਆਂ, ਸਰੀਰ ਟੁੱਟਦਾ ਰਹਿਣਾ, ਥਕਾਵਟ ਆਦਿ ਬਹੁਤ ਵਧਾ ਦੇਵੇਗਾ।
ਖੋਜਾਂ ਪੂਰੀ ਤਰ੍ਹਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਲੋੜੋਂ ਵੱਧ ਵਿਟਾਮਿਨ ਫ਼ਾਇਦਾ ਕਰਨ ਦੀ ਥਾਂ ਨੁਕਸਾਨਦੇਹ ਸਾਬਤ ਹੋ ਰਹੇ ਹਨ।
ਇਸੇ ਤਰ੍ਹਾਂ ਐਂਟੀਆਕਸੀਡੈਂਟ, ਜ਼ਿੰਕ ਆਦਿ ਵੀ ਬੇਅਸਰ ਸਾਬਤ ਹੋਏ। ਸਿਰਫ਼ ਵਿਟਾਮਿਨ ਡੀ ਦੀ ਜੇ ਕਮੀ ਹੋਵੇ ਤਾਂ ਵਿਟਾਮਿਨ ਡੀ ਸਹੀ ਮਾਤਰਾ ਵਿਚ ਲਈ ਜਾ ਸਕਦੀ ਹੈ।
ਆਪਣੇ ਸਰੀਰ ਨਾਲ ਜਾਂ ਕੁਦਰਤ ਨਾਲ ਛੇੜਛਾੜ ਕਰਨੀ ਮਹਿੰਗੀ ਪੈਂਦੀ ਹੈ। ਇਮਿਊਨਿਟੀ ਵਧਾਉਣ ਜਾਂ ਸਰੀਰ ਵਿਚਲੇ ਇਮਿਊਨ ਸਿਸਟਮ ਨੂੰ ਹਾਲੇ ਤੱਕ ਆਪਣੇ ਹਿਸਾਬ ਨਾਲ ਚਲਾਉਣ ਦਾ ਢੰਗ ਕਿਸੇ ਨੂੰ ਨਹੀਂ ਆਇਆ। ਗੰਦਗੀ ਹਰ ਹਾਲ ਫੈਲਾਉਣ ਤੋਂ ਰੋਕਣ ਦੀ ਲੋੜ ਹੈ। ਮਾਸਕ ਪਾ ਕੇ ਆਪਣੇ ਸਾਹ ਰਾਹੀਂ ਫੈਲਦੇ ਕੀਟਾਣੂਆਂ ਨੂੰ ਜ਼ਰੂਰ ਬੰਨ੍ਹਿਆ ਜਾ ਸਕਦਾ ਹੈ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.