ਸਿੱਖਿਆ ਵਿਭਾਗ ਪੰਜਾਬ ਵਿਚ ਇਨ੍ਹੀ ਦਿਨੀਂ ਏਸੀਆਰਜ (ਐਨੂਅਲ ਕਨਫੀਡੈਂਸ਼ਲ ਰਿਪੋਰਟ) ਜਾਣੀ ਸਲਾਨਾ ਗੁਪਤ ਰਿਪੋਰਟਾਂ ਭਰਨ ਦਾ ਭੰਬਲਭੂਸੇ-ਭਰਭੂਰ ਦੌਰ ਚੱਲ ਰਿਹਾ ਹੈ। ਸ਼ਾਇਦ ਬਾਕੀ ਵਿਭਾਗਾਂ ਵਿਚ ਵੀ ਅਜਿਹਾ ਕੁੱਝ ਚੱਲ ਰਿਹਾ ਹੋਵੇ। ਆਮ ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਚਾਹੁੰਦਾ ਹਾਂ ਕਿ ਇਹ ਰਿਪੋਰਟਾਂ ਸਰਕਾਰੀ ਕਰਮਚਾਰੀਆਂ ਦੀਆਂ ਉਨ੍ਹਾਂ ਦੇ ਮੁਖੀਆਂ ਵਲੋਂ ਹਰ ਸਾਲ ਤਿਆਰ ਕੀਤੀਆਂ ਜਾਂਦੀਆਂ ਹਨ, ਰਿਪੋਰਟ ਦਾ ਕੁਝ ਹਿੱਸਾ ਕਰਮਚਾਰੀ ਆਪ ਭਰਦਾ ਹੈ ਤੇ ਬਾਕੀ ਮੁਖੀ।
ਕਰਮਚਾਰੀ ਦੀ ਸਾਲ ਭਰ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਸਬੰਧਿਤ ਮੁਖੀ ਏਸੀਆਰ ਉੱਪਰ ਅੰਕ ਲਗਾ ਕੇ ਕਰਮਚਾਰੀ ਦੀ ਕਾਰਗੁਜ਼ਾਰੀ ਦਾ ਗਰੇਡ ਤਹਿ ਕਰਦਾ ਹੈ, ਇਹ ਰਿਪੋਰਟਾਂ ਕਰਮਚਾਰੀ ਦੀ ਭਵਿੱਖੀ ਤਰੱਕੀ ਜਾਂ ਵਿਭਾਗੀ ਲਾਭਾਂ ਦੀ ਪ੍ਰਾਪਤੀ ਵੇਲੇ ਕੰਮ ਆਉਂਦੀਆਂ ਹਨ। ਖੈਰ! ਪਰ ਸਿੱਖਿਆ ਵਿਭਾਗ ਵਿਚ ਲਗਭਗ ਹਰ ਸਾਲ ਹੀ ਇਹ ਪ੍ਰਕਿਰਿਆ ਬੜੀ ਟੇਡੀ ਖੀਰ ਬਣ ਜਾਂਦੀ ਹੈ। ਦਫਤਰਾਂ ਵਲੋਂ ਕਦੇ ਪੱਤਰ ਜਾਰੀ ਹੁੰਦੇ ਹਨ ਕਿ ਏਸੀਆਰ ਲੀਗਲ ਪੇਜ ਉਪਰ ਭਰ ਕੇ ਭੇਜੇ, ਕਦੇ ਏ-੪ ਪੇਜ ਉਪਰ ਮੰਗ ਕੀਤੀ ਜਾਂਦੀ ਹੈ, ਕਦੇ ਇਹ ਚੱਕਰ ਪਾ ਲਿਆ ਜਾਂਦਾ ਹੈ ਕਿ ਰਿਪੋਰਟ ਹਰੇ ਰੰਗ ਦੇ ਕਾਗਜ਼ ਉਪਰ ਭਰਨੀ ਹੈ ਤੇ ਕਦੇ ਇਹ ਕਿ ਚਾਰ-ਪੰਜ ਪੇਜਾਂ ਦੀ ਰਿਪੋਰਟ ਕਾਗਜ਼ ਦੇ ਇੱਕ ਪਾਸੇ ਪ੍ਰਿੰਟ ਨਾ ਕੀਤੀ ਹੋਵੇ ਕਾਗਜ਼ ਦੇ ਦੋਵੇਂ ਪਾਸੇ ਪ੍ਰਿੰਟ ਕੀਤੀ ਹੀ ਸਵੀਕਾਰ ਕੀਤੀ ਜਾਵੇਗੀ। ਸੋ ਇਨ੍ਹਾਂ ਜਾਰੀ ਜਾਂ ਸੁਣੀਆਂ ਸੁਣਾਈਆਂ ਹਦਾਇਤਾਂ ਦੇ ਚੱਕਰ ਵਿਚ ਅਧਿਆਪਕ ਵਰਗ ਹਰ ਸਾਲ ਉਲਝਿਆ ਰਹਿੰਦਾ ਹੈ।
ਹੁਣ ਚੱਲ ਰਹੇ ਕੋਰੋਨਾ ਦੌਰ ਵਿਚ ਵੀ ਬਹੁਤੇ ਅਧਿਆਪਕ ਤੀਜੀ ਤੀਜੀ ਵਾਰ ਸਕੂਲ ਪਹੁੰਚ ਕੇ ਪਹਿਲੀਆਂ ਭਰੀਆਂ ਰਿਪੋਰਟਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਨਵੀਆਂ ਹਦਾਇਤਾਂ ਅਨੁਸਾਰ ਨਵੀਂਆਂ ਰਿਪੋਰਟਾਂ ਭਰਨ ਲਈ ਮਜਬੂਰ ਹਨ। ਇਹਨਾਂ ਰਿਪੋਰਟਾਂ ਦਾ ਕੰਮ ਕੋਈ ਪਹਿਲੀ ਵਾਰ ਤਾਂ ਹੋਣ ਨਹੀਂ ਲੱਗਿਆ ਸੋ ਵਿਭਾਗ ਨੂੰ ਚਾਹੀਦਾ ਹੈ ਕਿ ਜੋ ਵੀ ਹਦਾਇਤਾਂ ਦੇਣੀਆਂ ਹਨ, ਉਹ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ, ਸਪੱਸ਼ਟ ਰੂਪ ਵਿਚ ਦੇ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਹਜਾਰਾਂ ਰਿਮ ਪੇਪਰ ਬਰਬਾਦ ਹੋਣੋ ਬਚ ਜਾਵੇ।
ਵੈਸੇ ਮੈਂ ਤਾਂ ਹੋਰ ਕਹਿਣਾ ਚਾਹਾਂਗਾ ਕਿ ਜਦ ਬਾਕੀ ਇਨ੍ਹਾਂ ਕੁਝ ਅਸੀਂ ਆਨਲਾਈਨ ਕਰ ਰਹੇ ਹਾਂ, ਖਾਸ ਕਰਕੇ ਸਿੱਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਤੇ ਆਨਲਾਈਨ ਸੇਵਾਵਾਂ, ਬਦਲੀਆਂ ਵਿਚ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਇਹ ਏਸੀਆਰ ਦਾ ਕੰਮ ਵੀ ਆਨਲਾਈਨ ਹੀ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਹਜਾਰਾਂ ਕੁਇੰਟਲ ਕਾਗਜ ਦੀ ਬੱਚਤ ਤਾਂ ਹੋਵੇਗੀ ਹੀ, ਇਸ ਤੋਂ ਇਲਾਵਾ ਇਸ ਕਾਰਜ ਲਈ ਦਫਤਰਾਂ ਵਿਚ ਦਸਤੀ ਫਾਈਲਾਂ ਜਮਾਂ ਕਰਵਾਉਣ ਦੀਆਂ ਭੀੜਾਂ ਤੇ ਖਲਜਗਨ ਅਤੇ ਹਰ ਸਾਲ ਦਾ ਕਾਗਜਾਂ ਦੇ ਸਾਈਜਾਂ/ਰੰਗਾਂ ਦਾ ਭੰਬਲਭੂਸਾ ਵੀ ਹਮੇਸ਼ਾਂ ਹਮੇਸ਼ਾਂ ਲਈ ਖਤਮ ਹੋ ਜਾਵੇਗਾ। ਵਿਭਾਗ ਦੇ ਤਕਨੀਕੀ ਮਾਹਿਰਾਂ ਲਈ ਇਹ ਕੋਈ ਔਖਾ ਕੰਮ ਨਹੀਂ ਹੈ। ਪਹਿਲੀ ਸਟੇਜ 'ਤੇ ਕਰਮਚਾਰੀ ਦੇ ਨਿੱਜੀ ਵਿਭਾਗੀ ਖਾਤੇ ਵਿਚੋਂ ਏਸੀਆਰ ਦਾ ਕਰਮਚਾਰੀ ਵਲੋਂ ਭਰਿਆ ਜਾਣ ਵਾਲਾ ਹਿੱਸਾ ਕਰਮਚਾਰੀ ਭਰ ਕੇ ਮੁਖੀ ਲਈ ਸਬਮਿਟ ਕਰੇ ਉਪਰੰਤ ਮੁਖੀ ਆਪਣੀ ਕਾਰਵਾਈ ਪਾ ਕੇ ਉੱਚ ਅਧਿਕਾਰੀਆਂ ਲਈ ਫਾਰਵਰਡ ਕਰ ਦੇਣ ਤੇ ਉਚ ਅਧਿਕਾਰੀ ਸਾਹਿਬਾਨ ਆਪਣੀ ਟਿੱਪਣੀ ਸਹਿਮਤ/ਅਸਹਿਮਤ ਆਦਿ ਰਿਮਾਰਕਸ ਦੇ ਕੇ ਮੁਕੰਮਲ ਕਰਕੇ ਸਬੰਧਿਤ ਕਰਮਚਾਰੀ ਦੇ ਵਿਭਾਗੀ ਨਿੱਜੀ ਖਾਤੇ ਵਿਚ ਏਸੀਆਰ ਅਪਲੋਡ ਕਰਵਾ ਦੇਣ। ਸਾਰੇ ਹੀ ਝੰਜਟ ਖਤਮ। ਜਦੋਂ ਵਿਭਾਗ ਨੂੰ ਇਹ ਏਸੀਆਰ ਲੋੜੀਂਦੀ ਹੋਵੇ ਵਿਭਾਗ ਇਥੋਂ ਆਪੇ ਹੀ ਵੇਖ ਲਵੇ, ਕਰਮਚਾਰੀ ਨੂੰ ਚਾਹੀਦੀ ਹੋਵੇ ਆਪਣੇ ਖਾਤੇ ਵਿਚੋਂ ਡਾਊਨਲੋਡ ਕਰ ਲਵੇ। ਇਸ ਤਰੀਕੇ ਹਜ਼ਾਰਾਂ ਕੁਇੰਟਲ ਕਾਗਜ਼ ਤੇ ਕਰਮਚਾਰੀਆਂ ਦੀ ਖਜਾਲਤ ਤਾਂ ਬਚੇਗੀ ਹੀ ਸਗੋਂ ਅਮੁੱਲੇ ਰੁੱਖਾਂ ਨੂੰ ਬਚਾਉਣ ਵਿਚ ਵੀ ਅਸੀਂ ਆਪਣਾ ਯੋਗਦਾਨ ਪਾ ਰਹੇ ਹੋਵਾਂਗੇ।
-
ਡਾ. ਬਲਵਿੰਦਰ ਸਿੰਘ ਕਾਲੀਆ, ਲੇਖਕ
drbalwinderkalia@gmail.com
99140 09160
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.