ਧੀਆਂ-ਪੁੱਤਾਂ ਵਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦੀ ਥਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਕੇ ਸੜਕਾਂ ਤੇ ਉਨ੍ਹਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈ। ਰੋਜ਼ ਰੋਜ਼ ਅਜਿਹੀਆ ਖ਼ਬਰਾਂ ਪੜ੍ਹ ਸੁਣ ਅਤੇ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਮਾਪੇ ਚਾਹੇ ਆਰਥਿਕ ਪੱਖੋਂ ਕਮਜ਼ੋਰ ਹੋਣ ਜਾਂ ਸਮਰੱਥ ,ਆਪਣੇ ਬੱਚਿਆਂ ਦੀ ਭਲਾਈ ਲਈ ਜ਼ਿੰਦਗੀ ਲਗਾ ਦਿੰਦੇ ਹਨ।
ਉਹ ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਕੋਈ ਕਸਰ ਨਹੀਂ ਛੱਡਦੇ। ਉਹ ਉਹਨਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੜ੍ਹਾ ਲਿਖਾ ਕੇ ਸਮਾਜ ਵਿੱਚ ਵਿਚਰਨ ਦੇ ਯੋਗ ਬਣਾਉਦੇ ਹਨ। ਜਦੋਂ ਮਾਂ ਬਾਪ ਬੁੱਢੇ ਅਤੇ ਲਾਚਾਰ ਹੋ ਜਾਂਦੇ ਹਨ ਤਾਂ ਇਹੀ ਬੱਚੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਜਾਇਦਾਦ ਦੇ ਨਾਲ ਨਾਲ ਮਾਪੇ ਵੀ ਵੰਡੇ ਜਾਂਦੇ ਹਨ। ਮਾਂ ਨੂੰ ਬਾਪ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਇਥੇ ਤੱਕ ਕਿ ਜਾਇਦਾਦ ਨੂੰ ਆਪਣੇ ਨਾਂ ਕਰਾ ਕੇ ਬਜੁਰਗਾਂ ਨੂੰ ਦਰ ਦਰ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ।
ਸ਼ਰਮ ਆਉਣੀ ਚਾਹੀਦੀ ਹੈ ਸੱਭਿਅਕ ਸਮਾਜ ਵਿਚ ਰਹਿ ਰਹੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਜਿਹੜੇ ਬਜੁਰਗਾਂ ਨੂੰ ਸੰਭਾਲਣ ਦੀ ਥਾਂ ਉਨ੍ਹਾਂ ਨੂੰ ਉਸ ਉਮਰੇ ਵਿਚ ਘਰੋਂ ਕੱਢ ਦਿੰਦੇ ਹਨ ਜਦੋਂ ਉਨ੍ਹਾਂ ਨੂੰ ਬੱਚਿਆਂ ਦੇ ਸਹਾਰੇ ਦੀ ਬੇਹੱਦ ਲੋੜ ਹੁੰਦੀ ਹੈ। ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ। ਜਿਨ੍ਹਾਂ ਨੇ ਸਾਨੂੰ ਇਹ ਦੁਨੀਆਂ ਦਿਖਾਈ ਹੈ ਅਤੇ ਆਪਣੀ ਸਾਰੀ ਜਿੰਦਗੀ ਸਾਡੇ ਤੇ ਕੁਰਬਾਨ ਕਰ ਦਿੱਤੀ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਬੱਚੇ ਵਿਆਹੇ ਜਾਣ ਤਾਂ ਬਜੁਰਗਾਂ ਨੂੰ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚਿਆਂ ਵਿੱਚ ਸਹਿਣਸ਼ੀਲਤਾ ਮਨਫੀ ਹੋ ਰਹੀ ਹੈ।
ਇਸ ਤੋਂ ਵੀ ਜਿਆਦਾ ਸਮਝ ਵਾਲੀ ਗੱਲ ਇਹ ਹੈ ਕਿ ਆਪਣੀ ਜਾਇਦਾਦ ਦਾ ਬੱਚਿਆਂ ਵਿਚ ਬਟਵਾਰਾ ਕਰਦੇ ਸਮੇਂ ਭਾਵਨਾਵਾਂ ਵਿਚ ਵਹਿਣ ਦੀ ਬਜਾਏ ਆਪਣੇ ਲਈ ਵੀ ਇੰਨੀ ਪੂੰਜੀ ਰੱਖ ਲੈਣੀ ਚਾਹੀਦੀ ਹੈ ਜੋ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੇ। ਇਸ ਤੋਂ ਇਲਾਵਾ ਸਰਕਾਰ ਨੂੰ ਵੀ ਅਜਿਹੇ ਬਜੁਰਗਾਂ ਦੀ ਭਲਾਈ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਸੀਨੀਅਰ ਸਿਟੀਜਨਜ਼ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਤਹਿਤ ਦੋਸ਼ੀ ਪਾਈ ਜਾਂਦੀ ਔਲਾਦ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਸਮਾਜ ਵਿਚ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ। ਘਰ ਪਰਿਵਾਰ ਤੇ ਸਮਾਜ ਵਿਚ ਅਜਿਹਾ ਮਾਹੌਲ ਜਰੂਰੀ ਹੈ ਜਿਸ ਵਿਚ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ ਜਾਵੇ। ਮਾੜਾ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ ਤੇ ਬਜੁਰਗਾਂ ਦਾ ਨਿਰਾਦਰ ਕਰਨ ਵਲਿਆ ਨੂੰ ਨਿਰਉਤਸ਼ਾਹਤ ਕੀਤਾ ਜਾਵੇ।
-
ਵਿਜੈ ਗਰਗ, ਪੀਈਐਸ-1 ਸਰਕਾਰੀ ਕੰਨਿਆ ਸਕੂਲ , ਮਲੋਟ
vkmalout@gmail.com
9023346816
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.