ਸਾਲ 2005 ਸੀ। ਲੰਡਨ ਫਿਰਦਾ ਸਾਂ।! ਕਾਲੀ ਬੋਲੀ ਸੁਰੰਗ ਵਿਚਦੀ ਗੋਲੀ ਵਾਂਗਰ ਛੂਕਦੀ ਜਾਂਦੀ ਮੈਟਰੋ। ਮੇਰੀ ਇਹ ਫੋਟੋ ਕਿਸੇ ਮੁਸਾਫਿਰ ਗੋਰੀ ਨੇ ਖਿੱਚੀ ਸੀ, ਤੂਤ ਦੀ ਲਗਰ ਵਰਗੀ ਗੋਰੀ ਤੋਂ ਫੋਟੋ ਖਿਚਵਾ ਕੇ ਬੜਾ ਚੰਗਾ ਲੱਗਿਆ ਸੀ। ਉਹਨੇ ਮੁਸਕਰਾ ਕੇ ਫੋਟੋ ਖਿੱਚੀ ਤੇ ਕੈਮਰੇ ਦਾ ਬਟਨ ਦੱਬਣ ਦੇ ਨਾਲ-ਨਾਲ ਅੱਖ ਵੀ ਦੱਬੀ ਸੀ ਤੇ ਸੁਨੈਹਰੀ ਵਾਲ ਪਿਛਾਂਹ ਨੂੰ ਝਟਕੇ ਸਨ। ਮੇਰਾ ਧੰਨਵਾਦ ਵੀ ਮੁਸਕਰਾ ਕੇ ਕਬੂਲਿਆ ਸੀ। ਪਲਾਂ ਵਿੱਚ ਹੀ ਉਹਦਾ ਸਟੇਸ਼ਨ ਆਇਆ ਤੇ ਚਿੜੀ ਵਾਂਗੂੰ ਬਾਹਰ ਨੂੰ ਉੱਡ ਗਈ।
ਫੋਟੂਆਂ ਬੋਲਦੀਆਂ ਰਹਿੰਦੀਆਂ ਨੇ। ਲੈਪ ਟਾਪ ਲੱਪਾਂ ਲੱਪ ਫੋਟੂਆਂ ਨਾਲ ਭਰਿਆ ਪਿਐ। ਕਦੀ ਕਦੀ ਕੋਈ ਕੋਈ ਫੋਟੋ ਦੇਖਣ ਨੂੰ ਦਿਲ ਕਰਦੈ ਤਾਂ ਖੋਲ੍ਹ ਬਹਿੰਦਾ ਹਾਂ।
ਲੰਡਨ ਦੇ ਦੂਰੋਂ ਕਿਸੇ ਹਰੇ ਭਰੇ ਪਿੰਡੋਂ ਸਾਊਥਾਲ ਨੂੰ ਆਇਆ ਸਾਂ ਆਥਣੇ। ਅੱਜ ਇਹ ਫੋਟੋ ਬੋਲੀ ਹੈ ਤੇ ਲੰਡਨ ਹੋਰ ਵੀ ਲਵਲੀ ਲਵਲੀ ਜਿਹਾ ਲੱਗਣ ਲੱਗਿਐ। ਪੰਦਰਾਂ ਸਾਲ ਹੋਗੇ ਭਾਵੇਂ, ਇਸ ਫੋਟੋ ਚੋਂ ਕਿਸੇ ਦੀ ਮਹਿਕ ਜਿਹੀ ਆਉਂਦੀ ਰਹਿੰਦੀ ਹੈ।
#######################################
ਦਾਦੀ ਦਾ ਗਲਾਸ...ਨਿੰਦਰ ਘੁਗਿਆਣਵੀ ਦੀ ਕਲਮ ਤੋਂ
ਦਾਦੀ, ਮੈਂ ਤੇਰਾ ਪਿੱਤਲ ਦਾ ਕੜੇ ਵਾਲਾ ਵੱਡਾ ਗਲਾਸ ਸਾਂਭ ਸਾਂਭ ਰੱਖਦਾਂ। ਘਰਦੇ ਜੀਅ ਇਸਨੂੰ ਫਾਲਤੂ ਜਿਹਾ ਤੇ ਪਿੱਤਲ ਦਾ ਸਮਝਕੇ ਖੂੰਜੇ-ਖੱਲੇ ਲਾ ਦੇਂਦੇ ਨੇ ਜਾਂ ਫਿਰ ਨਕਾਰਾ ਭਾਂਡਿਆਂ ਵਿੱਚ ਧਰ ਦੇਂਦੇ ਨੇ ਪਰ ਮੈਨੂੰ ਪਤੈ ਕਿ ਭਾਂਡੇ ਕਦੇ ਨਕਾਰਾ ਨਹੀ ਹੁੰਦੇ। ਭਾਂਡੇ ਤਾਂ ਖਾਲੀ ਖਾਲੀ ਹੁੰਦੇ ਹੋਏ ਵੀ ਖੁਸ਼ ਖੁਸ਼ ਰਹਿੰਦੇ ਨੇ ,ਬੰਦਾ ਭਰਿਆ ਭਰਿਆ ਵੀ ਖਾਲੀ ਖਾਲੀ ਹੈ। ਨਾਖੁਸ਼ ਹੈ ਬੰਦਾ। ਭਾਂਡਿਆ ਨੂੰ 'ਭੰਡਣ' ਵਾਲੇ ਬੇਅਕਲੇ ਹੁੰਦੇ ਨੇ। ਇਹ ਠੀਕ ਐ ਕਿ ਸਮੇਂ ਸਮੇਂ 'ਤੇ ਭਾਂਡੇ ਵੀ ਰੰਗ ਵਟਾੳਦੇ ਰਹਿੰਦੇ ਨੇ ਬੰਦਿਆਂ ਵਾਂਗਰ!
ਮੈਂ ਤੇਰੇ ਇਸ ਯਾਦਗਾਰੀ ਗਲਾਸ ਨੂੰ ਏਧਰੋਂ ਉਧਰੋਂ ਫੇਰ ਲੱਭ ਲੈਂਦਾ ਹਾਂ। ਸਵੇਰੇ ਸਵੇਰੇ ਤੇਰੇ ਹੱਥੋਂ ਮੇਰਾ ਬਾਪ ਤੇ ਤਾਇਆ ਏਸੇ ਕੜੇ ਵਾਲੇ ਗਲਾਸ ਵਿਚ ਖੇਤ ਜਾਣ ਵੇਲੇ, ਤੇਰੀ ਰਿੜਕੀ ਲੱਸੀ ਪੀਆ ਕਰਦੇ ਸਨ ਤੇ ਬੂਰੀ ਮਹਿੰ ਦਾ ਦੁੱਧ ਡਕਾਰਦੇ ਰਹੇ, ਇਹ ਗਲਾਸ ਵੇਖ ਪਿਤਾ, ਤਾਇਆ ਤੇ ਤੇਰੀ ਬਹੁਤ ਯਾਦ ਆਉਂਦੀ ਹੈ ਤੇ ਨਾਲ ਨਾਲ ਉਸ ਸੱਜਰੀ ਸਵੇਰ ਦੀ ਮਿੱਠੀ ਮਿੱਟੀ ਯਾਦ ਵੀ। ਉਹੋ ਜਿਹੀ ਸੱਜਰੀ ਸਵੇਰ ਹੁਣ ਕਿਓਂ ਨਹੀਂ ਲਭਦੀ ਪਿਆਰੀਏ ਦਾਦੀਏ ਸਾਡੇ ਪਿੰਡਾਂ ਵਿਚ? ਮਨੁੱਖਾਂ ਵਾਂਗ ਸਵੇਰਾਂ ਵੀ ਹੁਣ ਖੁਸ਼ਕ ਹੋ ਗਈਆਂ ਨੇ।
ਦਾਦੀ! ਮੈ ਇਸ ਗਲਾਸ ਨੂੰ ਕਦੀ ਵੀ ਗੁਆਉਣਾ ਨਹੀਂ ਚਾਹੁੰਦਾ। ਨਾ ਤੇਰੀ ਪੀਹੜੀ ਗੁਆਈ ਹੈ ਤੇ ਨਾ ਤੇਰਾ ਤੈਨੂੰ ਦਾਜ ਵਿਚ ਮਿਲਿਆ ਸਵਾ ਸੌ ਸਾਲ ਪੁਰਾਣਾ ਪਲੰਘ ਹੀ ਕਿਧਰੇ ਜਾਣ ਦਿੱਤਾ ਹੈ। ਜੇ ਗੁਵਾਇਆ ਹੈ ਤਾਂ ਤੈਨੂੰ ਤੇ ਦਾਦੇ ਨੂੰ ਗੁਵਾਇਆ ਹੈ, ਪਿਓ ਤੇ , ਦੋ ਭੂਆ ਵੀ ਗੁਆਚ ਗਈਆਂ ਨੇ ਤੇ ਤਾਇਆ ਰਾਮ ਤੇ ਚਾਚਾ ਸ਼ਾਮ ਵੀ ਚਲੇ ਗਏ ਨੇ। ਕਿੱਡਾ ਵੱਡਾ ਟੱਬਰ ਸੀ ਆਪਣਾ ਭਰਿਆ ਭਰਿਆ।
ਹੌਕਾ ਨਿਕਲਦਾ ਹੈ! ਹਰੇ ਭਰੇ ਟੱਬਰ ਵੀ ਸਮੇਂ ਸਮੇਂ ਸੁੱਕ ਜਾਂਦੇ ਨੇ। ਘਰ ਖਾਲੀ ਹੋ ਜਾਂਦੇ ਨੇ। ਪਸ਼ੂ ਡੰਗਰ ਵੀ ਮੂੰਹ ਫੇਰਨ ਲੱਗਦੇ ਨੇ ਬੰਦਿਆਂ ਨੇ ਤਾਂ ਮੂੰਹ ਭੁਆਉਣੇ ਹੀ ਹੋਏ!
(ਗਲਾਸ ਦੀ ਕੰਨੀ ਉੱਤੇ ਉਰਦੂ ਵਿਚ ਕੁਛ ਲਿਖਿਆ ਹੋਇਆ ਹੈ,ਉਰਦੂ ਉਠਾਉਣ ਵਾਲਾ ਦੱਸਦਾ ਹੈ ਕਿ ਅਮਰਤ ਲਾਲ ਲਿਖਿਆ ਹੈ, ਮੇਰੇ ਦਾਦੇ ਦਾ ਨਾਂਅ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.