ਪੰਜਾਬੀ ਜੀਵਨ ਚਾਵਾਂ-ਮਲਾਰਾ ਨਾਲ ਭਰਪੂਰ ਹੈ। ਇਹ ਹਰ ਖੁਸੀ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸੇ ਲਈ ਪੰਜਾਬੀ ਸਭਿਆਚਾਰ ਸੰਸਾਰ ਵਿੱਚ ਖ਼ਾਸ ਸਥਾਨ ਰੱਖਦਾ ਹੈ। ਸਭਿਆਚਾਰ ਕੌਮ ਦਾ ਉਹ ਅਕਸ ਹੁੰਦਾ ਹੈ ਜਿਸ ਤੋਂ ਉਸਦੀ ਤਸਵੀਰ ਝਲਕਦੀ ਹੈ। ਇਸ ਰਾਹੀਂ ਮਨ ਦੇ ਚਾਅ ਤੇ ਖੁਸ਼ੀਆਂ ਦਾ ਪ੍ਰਗਟਾਵਾ ਕਰਨ ਲਈ ਵੰਨਗੀਆਂ ਤੇ ਤਰੀਕੇ ਦਰਸਾਏ ਹੁੰਦੇ ਹਨ। ਵਿਆਹ ਇੱਕ ਵਡੇਰੀ ਰਸਮ ਹੈ ਜਿਸ ਵਿੱਚ ਅਨੇਕਾਂ ਹੋਰ ਛੋਟੀਆਂ ਪਰ ਮਹੱਤਵਪੂਰਨ ਰਸਮਾਂ ਸਮਾਈਆਂ ਹਨ। ਉਨ੍ਹਾਂ ਵਿੱਚੋਂ ਇਕ ਹੈ " ਜਾਗੋ " ਜਿਹੜੀ ਮੁੱਖ ਤੌਰ 'ਤੇ ਨਾਨਕਿਆਂਂ ਵੱਲੋਂ ਨਿਭਾਈ ਜਾਂਦੀ ਹੈ । ਵਿਆਹ ਵਾਲੇ ਘਰ ਬਰਾਤ ਤੋਂ ਪਹਿਲੀ ਰਾਤ ਨੂੰ ਨਾਨਕਾ ਮੇਲ ਵਲਟੋਹੀ ,ਗਾਗਰ ਜਾ ਘੜੇ ਦੇ ਦੁਵੱਲੇ ਗਿੱਲੇ ਆਟੇ ਨਾਲ ਦੀਵੇ ਚਿਣ ਵਿਚਕਾਰ ਚਹੁੰ-ਮੁੱਖੀ ਦੀਵੇ ਨਾਲ ਸਜਾਉਂਦੇ ਤੇ ਖ਼ਾਲੀ ਵਜੋਂ ਜਾਗੋ ਵਿੱਚ ਪਾਣੀ ਭਰ ਪਿੰਡ ਵਿੱਚ ਫੇਰਿਆ ਜਾਂਦਾ । ਸਦੀਆਂ ਤੋਂ ਪਾਣੀ ਅਤੇ ਚਾਨਣ ਨੂੰ ਜੀਵਨ ਦਾ ਅਧਾਰ ਮੰਨਣ ਦੀ ਰੀਤ ਹੈ। ਜਾਗੋ ਨਾਲ ਮਿੱਥਾਂ ਵੀ ਜੁੜੀਆਂ ਹੋਈਆਂ ਹਨ। ਕਿ ਜਿੱਥੋਂ ਲਟ-ਲਟ ਬਲਦੀ ਜਾਗੋ ਲੰਘ ਜਾਵੇ। ਉਸਦੀ ਰੌਸ਼ਨੀ ਕਾਰਨ ਬਦਰੂਹਾ ਪਿੰਡ ਦੀ ਜੂਹ ਵਿੱਚ ਨਹੀਂ ਅਉਦੀਆ। ਪੁਰਾਣੇ ਸਮੇਂਂ ਵਿੱਚ ਲੋਕ ਇਸ ਨੂੰ ਸ਼ਗਨ ਬਿੰਨਣ ਦਾ ਟੂਣਾ ਮੰਨਦੇ ਸਨ , ਵਿਆਹ ਦੇ ਸਾਰੇ ਕਾਰ ਵਿਹਾਰ ਨਿਰਵਿਘਨ ਹੋਣ ਦਾ ਵਿਸ਼ਵਾਸ ਵੀ । ਇਸ ਕਾਰਨ ਜਾਗੋ ਫੇਰਨਾ ਜਾ ਕੱਢਣ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਸੀ ।
ਨਾਨਕਾ ਮੇਲ ਸ਼ਾਮ ਢਲਦਿਆਂ ਹੀ ਜਾਗੋ ਦੀ ਤਿਆਰੀਆਂ ਲਈ ਤਤਪਰ ਰਹਿੰਦਾ ਸੀ । ਘਿਉ ਜਾਂ ਤੇਲ ਦੇ ਦੀਵੇ ਸਲੀਕੇ ਨਾਲ ਲਗਾਉਣ ਤੇ ਆਪਣੇ ਆਪ ਨੂੰ ਸਜਾਉਣ ਲਈ ਖ਼ਾਸ ਕਰ ਮਾਮੀਆਂਂ ਮਸਰੂਫ਼ ਹੋ ਜਾਂਦੀਆਂ । ਸੂਫ਼ ਜਾਂ ਸਾਟਨ ਦੇ ਘੱਗਰੇ ,ਫੁਲਕਾਰੀ ,ਗੋਟੇ ਵਾਲੀਆ ਚੁੰਨੀਆਂ ,ਫੁੰਦਿਆਂ ਨਾਲ ਸਜੀਆਂ ਕੁੜਤੀਆਂ ,ਪਿੱਪਲ ਪੱਤੀਆਂ, ਸੰਗੀ ਫੁੱਲ, ਸੁਹਾਗ ਪੱਟੀ ਤੇ ਮਾਂਗ ਟਿੱਕੇ ਨਾਲ ਫਬੀਆਂ ਮੇਲਣਾ ਜਾਗੋ ਦੇ ਚਾਨਣ ਨੂੰ ਵੀ ਹੋਰ ਦੂਣਾ ਕਰ ਦਿੰਦੀਆਂਂ । ਇਸ ਕਾਰਜ ਦੇ ਕਰਤਾਂ ਧਰਤਾ ਨਾਨਕੇ ਹੁੰਦੇ ਹਨ। ਪਿੰਡ ਵਿੱਚ ਪਹਿਲਾਂ ਹੀ ਜਾਗੋ ਫੇਰਨ ਦਾ ਸੱਦਾ ਲਾਗੀ ਘਰਾਂਂ ਵਿੱਚ ਲਗਾ ਦਿੰਦਾ । ਤਾਂ ਜੋ ਲੋਕੀ ਆਪਣਾ ਕੰਮ ਧੰਦਾ ਸਮੇਟ ਕੇ ਜਾਗੋ ਵਿੱਚ ਸ਼ਾਮਿਲ ਹੋ ਸਕਣ। ਦੀਵਿਆਂ ਨਾਲ ਸਜੀ ਜਾਗੋ ਵਿੱਚ ਵਿਆਹ ਵਾਲੇ ਮੁੰਡੇ ਜਾ ਕੁੜੀ ਦੀ ਮਾਤਾ ਤੇਲ ਪਾ ਕੇ ਜਾਗੋ ਚੁਕਾਉਣ ਦਾ ਸ਼ਗਨ ਕਰਦੀ। ਬਾਅਦ ਵਿੱਚ ਮਾਸੀਆਂ, ਮਾਮੀਆਂ, ਚਾਚੀਆਂ, ਭਾਬੀਆਂ ਸਿਰ ਤੇ ਵਾਰੋ-ਵਾਰੀ ਜਾਗੋ ਚੁੱਕ ਗੇੜਾ ਦਿੰਦੀਆ ਹਨ। ਸਿੱਠਣੀਆਂ ,ਬੋਲੀਆਂ ਤੇ ਗੀਤਾ ਨਾਲ ਇਕ ਦੂਜੇ ਤੇ ਨਿਹੋਰੇ ਕੱਸਦੀਆਂ। ਜਾਗੋ ਦੀ ਰਖਵਾਲੀ ਲਈ ਇਕ ਘੁੰਗਰੂੰਆ ਵਾਲੀ ਡਾਂਗ ਜਾ ਸੋਟਾ ਵੀ ਨਾਲ ਲੈ ਕੇ ਚੱਲਣ ਰਿਵਾਜ ਵੀ ਪ੍ਰਚੱਲਿਤ ਹੈ। ਜਾਗੋ ਵਿੱਚ ਵੱਡੀ ਮਾਮੀ ਦੀ ਪੂਰੀ ਟੋਹਰ ਹੁੰਦੀ ਹੈ। ਜੋ ਜੋਸ਼ੀਲੇ ਅੰਦਾਜ਼ ਵਿੱਚ ਬੋਲੀ ਪਾ ਪਿੰਡ ਵਾਲਿਆਂ ਨੂੰ ਆਪਣੀ ਦਸਤਕ ਲਈ ਅਗਾਂਹ ਕਰਦੀ ਹੈ।
ਸਾਰੇ ਪਿੰਡ 'ਚ ਫੇਰਨੀ ਜਾਗੋ
ਵਿਆਹ ਸਾਡੇ ਅਨੰਤ ਸਿੰਘ ਦਾ
ਜਾਗੋ ਆਪਸੀ ਮੇਲ ਜੋਲ ਤੇ ਖੁੱਸੀਆ ਦਾ ਪ੍ਰਤੀਕ ਹੈ । ਪਹਿਲਾਂ ਤਾਏ ਚਾਚੇ ਦੇ ਘਰਾਂ ਵਿੱਚ ਫੇਰਾ ਪਾਇਆ ਜਾਂਦਾ ਹੈ । ਜਿਸ ਸਦਕੇ ਸਰੀਕੇ ਦੀ ਸ਼ਾਝ ਤੇ ਪਿਆਰ ਬਣੇ ਰਹਿਣ । ਉਹ ਵੀ ਅੱਗੇ ਵਧਦੇ ਤੇਲ ,ਸਗਨ ਤੇ ਨਾਨਕਿਆ ਦੀ ਆਉ-ਭਗਤ ਦਾ ਉਚੇਚਾ ਪ੍ਰਬੰਧ ਕਰਦੇ । ਉੱਥੇ ਮੇਲਣਾ ਗਿੱਧੇ ਦਾ ਅਗਾਜ ਕਰਕੇ ਬੋਲੀਆ ਪਾਉਂਦੀਆਂ ਹਨ ।
ਜਗਮੋਹਨ ਜੋਰੂ ਜਗਾ ਲੈ ਵੇ , ਹੁਣ ਜਾਗੋ ਆਈ ਆ
ਛਾਵਾਂਂ ਬਈ ਹੁਣ , ਜਾਗੋ ਆਈ ਆ ।
ਰੁੱਸੀ ਤਾਂ ਮਨਾ ਲੈ ਵੇ , ਸੋਨ ਚਿੜੀ ਗਲ ਲਾ ਲੈ ਵੇ
ਹੁਣ ਜਾਗੋ ਆਈ ਆ, ਛਾਵਾ ਬਈ …….
ਪੁਰਾਣੇ ਸਮੇਂ ਵਿੱਚ ਲੋਕੀਂ ਜਾਗੋ ਨੂੰ ਸਾਂਝੀ ਰਸਮ ਮੰਨਦੇ ਸਨ। ਮੇਲ ਪਿੰਡ ਦੇ ਕਿਸੇ ਵੀ ਘਰ ਵਿੱਚ ਚਲਾ ਜਾਂਦਾ। ਲੋਕੀਂ ਖਿੜੇ ਮੱਥੇ ਸਵਾਗਤ ਕਰਦੇ। ਪਰ ਮੌਜੂਦਾ ਦੌਰ ਵਿੱਚ ਇਹ ਸਾਂਝ ਦਾ ਘੇਰਾ ਸੁੰਗੜਦਾ ਜਾ ਰਹਿਾ ਹੈ। ਫਿਰ ਵੀ ਨਾਨਕੇ ਮੱਲੋ ਜ਼ੋਰੀ ਸ਼ਗਨ ਜਾਂ ਤੇਲ ਪਵਾਉਣੋ ਨਹੀਂ ਟਲਦੇ, ਬੋਲੀਆ ਪਾ ਕੇ ਰਸਮਾਂ ਪੂਰੀਆਂ ਕਰਵਾਉਂਦੇ ਹਨ ।
ਤੇਲ ਪਾਉਣਗੇ ਨਸੀਬਾ ਵਾਲੇ
ਬਈ ਜਾਗੋ ਵਿਚੋਂਂ ਤੇਲ ਮੁੱਕਿਆ
ਨਾਨਕਾ ਮੇਲ ਪਿੰਡ ਦੇ ਮੁਹਤਬਰ ਨੂੰ ਵੀ ਜਾਗੋ ਵਿੱਚ ਸ਼ਾਮਿਲ ਕਰਦਾ ਹੈ । ਤਾਂ ਜੋ ਕਿਸੇ ਦੀ ਨਰਾਜ਼ਗੀ ਦਾ ਉਲਾਂਭਾ ਨਾ ਰਹੇ। ਜਦੋਂ ਮੇਲਣਾ ਦਾ ਜੋਸ਼ ਚਰਮ ਸੀਮਾ ਤੇ ਪਹੁੰਚਦਾ। ਔਰਤਾਂ ਵਿੱਚੋਂ ਇਕ ਸਿਰ ਤੇ ਪਰਨਾ ਲਪੇਟ ਠਾਣੇਦਾਰੀ ਰੋਹਬ ਨਾਲ ਘਰ ਜਾ ਕੇ ਜਾਂ ਅੱਗੇ ਤੋ ਲੰਘਦਿਆਂ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ,ਬੇਬਾਕ ਬੋਲੀਆਂ ਪਾ ਤਾੜਨਾ ਕਰਨੋਂ ਨਹੀਂ ਝਿਜਕਦੀਆਂ ।
ਇਸ ਪਿੰਡ ਦੇ ਪੰਚੋ ਵੇ ਸਰਪੰਚੋ ਵੇ ਲੰਬੜਦਾਰੋ
ਵੇ ਮੇਲ ਆਇਆ ਹਰਮੇਸ਼ ਸਿਅੁ ਕੇ
ਜਰਾ ਬਚ ਕੇ ਪਾਸੇ ਦੀ ਲੰਘ ਜਾਇਓ
ਜਾਗੋ ਵਾਲੇ ਮੇਲ ਨੂੰ ਪਿੰਡ ਵਿੱਚ ਕਿਸੇ ਵੀ ਵਿਅਕਤੀ ਵਲੋਂ ਕੋਈ ਰੋਕ ਟੋਕ ਜਾ ਗੁੱਸਾ ਨਹੀਂ ਕੀਤਾ ਜਾਂਦਾ ਸੀ। ਰਾਤ ਨੂੰ ਰਸਤੇ ਵਿਚ ਸੁੱਤੇ ਪਏ ਲੋਕਾਂ ਦੇ ਮੰਜੇ ਮੂਧੇ ਮਾਰਨੇ ਜਾ ਪਰਨਾਲੇ ਭੰਨਣਾ ਵੀ ਇਸੇ ਖ਼ਰਮਸਤੀ ਦਾ ਹਿੱਸਾ ਮੰਨਦੇ । ਇੱਥੋਂ ਤੱਕ ਨੇੜਲੇ ਸਰੀਕਾ ਦੇ ਤਾਂ ਚੁੱਲ੍ਹੇ ਅਤੇ ਹਾਰੇ ਵੀ ਭੰਨ ਦਿੰਦੇ। ਮਾਡਰਨ ਜ਼ਮਾਨੇ ਵਿੱਚ ਤਾਂ ਇਹ ਨਜ਼ਾਰੇ ਬੀਤੇ ਸਮੇਂ ਦੀਆਂ ਗੱਲਾਂ ਹੀ ਰਹਿ ਗਈਆਂ। ਪੁਰਾਣੇ ਸਮਿਆਂ ਵਿੱਚ ਜ਼ਮੀਨ-ਜਾਇਦਾਦ ਦੀ ਵੰਡ ਨੂੰ ਘਟਾਉਣ ਦੇ ਲਈ ਪਰਿਵਾਰਾਂ ਵਿਚ ਛੜੇ ਵਿਅਕਤੀ ਜ਼ਰੂਰ ਹੁੰਦੇ ਸਨ । ਮੇਲਣਾ ਬੜੇ ਚਾਅ ਨਾਲ ਹਾਸਾ -ਠੱਠਾ ਕਰ ਖੂਭ ਰੋਕਣਾ ਲਗਾਉਂਦੀਆਂ ।
ਚਿੱਟਾ ਚਾਦਰਾ ਪੱਗ ਗੁਲਾਬੀ ਖੂਹ ਤੇ ਕੱਪੜੇ ਧੋਵੇ
ਸਾਬਣ ਥੋੜਾ ਮੈਲ ਵਥੇਰੀ ਉਚੀ ਉਚੀ ਰੋਵੇ
ਨੀ ਛੜੇ ਵਿਚਾਰੇ ਦਾ ਕੋਣ ਚਾਦਰਾ ਧੋਵੇ - 2
ਜਾਗੋ ਦਾ ਗੇੜ ਘੁਮਦਿਆ-ਘੁਮਦਿਆ ਜਦੋਂ ਹੱਟੀ ਵਾਲੇ ਦੇ ਘਰ ਪਹੁੰਚਦਾ ਹੈ । ਉਸ ਨੂੰ ਦੁਕਾਨ ਖੁੱਲ੍ਹਾ ਖਾਣ ਦਾ ਸਮਾਨ ਖਰੀਦਣ ਦੀਆਂ ਸਮਕਰੀਆਂ ਤੇ ਨਾਲੋਂ ਨਾਲ ਰਿਉੜੀਆਂ ਪਕੌੜੀਆਂ ਵੰਡਣ ਲਈ ਤਕੀਦ ਵੀ ਕਰਦੇ । ਜਦੋਂ ਪੈਰੀਂ ਛਣਕਦੀਆਂ ਪੰਜੇਬਾਂ ਤੇ ਤਾੜੀਆਂ ਦੀ ਗੂੰਜ ਨਾਲ ਮਿੱਠੀ ਧਮਕੀ ਨੁਮਾ ਬੋਲੀ ਪੈਂਦੀ ਤਾਂ ਇਸ ਮਹੌਲ ਨੂੰ ਹੋਰ ਵੀ ਸ਼ਲੂਣਾ ਬਣਾ ਦਿੰਦੀਆਂ।
ਬੂਹਾ ਖੋਲ ਵੇ ਦੁਕਾਨਦਾਰਾ , ਕੁੜੀਆ ਨੂੰ ਵੰਡ ਰੁਊੜੀਆ
ਜੇ ਤੂੰ ਅੜ ਕਰਦਾ , ਕਿਤੇ ਲੁੱਟਿਆ ਨਾ ਜਾਵੇ ਹੱਟ ਸਾਰਾ ---2
ਪੰਜਾਬੀ ਸੁਭਾਅ ਪੱਖੋ ਖੁੱਲ੍ਹੇ ਤੇ ਆਉ ਭਗਤ ਲਈ ਦੁਨੀਆ ਵਿੱਚ ਜਾਣੇ ਜਾਂਦੇ ਹਨ। ਪਿੰਡ ਅਇਆ ਸਾਧੂ ਸੰਤ ਵੀ ਖਾਲੀ ਹੱਥ ਨਹੀਂ ਜਾਂਦਾ। ਉਹਨਾਂ ਨੂੰ ਦਾਨ ਦੇਣਾ ਪੁਰਾਣੇ ਬਜ਼ੁਰਗ ਆਪਣੇ ਸੰਕਟ ਟਾਲਣ ਦੇ ਹਿੱਤ ਸਮਝਦੇ ਸਨ। ਇਹਨਾਂ ਨੂੰ ਫਸ਼ਲ ਵਿੱਚੋ ਦਾਨ ਦਾ ਹਿੱਸਾ ਕੱਢਕੇ ਵੰਡਦੇ। ਉਹ ਸਾਡੇ ਸਭਿਆਚਾਰ ਤੇ ਸਮਾਜ ਦਾ ਹਿੱਸਾ ਹਨ । ਜਾਗੋ ਵਿੱਚ ਵੀ ਔਰਤਾਂ ਸ਼ਾਧੂ ਦਾ ਭੇਸ ਵਟਾ ਵੰਨਗੀ ਪੇਸ ਕਰ ਦਾਨ ਪੁੰਨ ਕਰਨ ਲਈ ਪ੍ਰੇਰਿਤ ਕਰਦੀਆ ਹਨ ।
ਦਿਲ ਖੋਲ ਕੇ ਸਾਧਾ ਦੀ ਝੋਲੀ ਭਰਦੋ
ਹੋਣਗੀਆ ਆਸਾ ਪੂਰੀਆ --- 2
ਪਿੰਡ ਦੇ ਗੇੜੇ ਤੋਂ ਬਾਅਦ ਵਾਪਿਸ ਘਰ ਪਹੁੰਚਦੇ ਹਨ। ਗਿੱਧੇ ਦੀਆਂ ਧਮਕਾਂ ਤੇ ਬੋਲੀਆਂ ਦੇ ਨਾਲ ਆਪਸੀ ਨੋਕ-ਝੋਕ ਹਾਸਾ ਮਜਾਕ ਕਰਦਿਆਂ ਛੱਜ ਕੁੱਟਿਆਂ ਜਾਂਦਾ ਹੈ । ਸਭ ਸਕੇ ਸਬੰਧੀਆ ਨੂੰ ਮੱਘਦੇ ਪਿੜ ਵਿੱਚ ਮੌਕਾ ਮਿਲਦਾ ਹੈ । ਉਹ ਬੋਲੀਆਂ ਰਾਹੀਂ ਆਪਣੇ ਮਨ ਦੀ ਭਾਵਨਾ ਉਜਾਗਰ ਕਰਦੇ । ਖੁਸੀ ਦੇ ਮੌਕੇ ਕੋਈ ਗਿਲਾ-ਸਿਕਵਾ ਵੀ ਨਹੀਂ ਕਰਦਾ। ਜੋ ਇਕ ਸਭਿਆਚਾਰਕ ਸਨਮਾਨ ਦੇ ਪ੍ਰਤੀਕ ਹੈ । ਡੰਡੇ ਨਾਲ ਛੱਜ ਤੀਲਾ ਤੀਲਾ ਕਰਦੇ ਨਾਨਕਿਆਂ ਵਲੋਂ ਬੋਲੀਆਂ ਦੀ ਸ਼ੁਰੂਆਤ ਹੁੰਦੀ ਹੈ ।
ਜਾਗੋ ਨਾਨਕਿਆ ਦੀ ਆਈ ,ਨੀ ਬੀਬੀ ਦੀਵਾ ਜਗਾ
ਜਾਵੇ ਗਲੀ-ਗਲੀ ਰੁਸਨਾਈ ,ਨੀ ਬੀਬੀ ਦੀਵਾ ਜਗਾ
ਦੀਵਾ ਜਦੋ ਜਗਾ ਕੇ ਧਰਿਆ , ਵਿਹੜਾ ਰੌਸਨੀ ਦੇ ਨਾਲ ਭਰਿਆ
ਦੂਜਾ ਚੰਨ ਕਿਥੋ ਆ ਚੜਿਆ , ਨੀ ਬੀਬੀ ਦੀਵਾ ਜਗਾ
ਤੈਨੂੰ ਕਹੇ ਤੇਰੀ ਭਰਜਾਈ , ਨੀ ਬੀਬੀ ਦੀਵਾ ਜਗਾ
ਜਾਗੋ ਸਮੇਂ ਭਾਬੀ ਛੋਟੇ ਦਿਉਰ ਦੀ ਆਪਣੱਤ ਜਾਹਿਰ ਕਰਦੀ ਹੈ । ਛੋਟੇ ਦਿਉਰ ਵੱਡੀ ਭਾਬੀ ਨੂੰ ਮਾਂ ਦੇ ਬਰਾਬਰ ਸਤਿਕਾਰ ਦਿੰਦੇ ਹਨ । ਵਿਆਹ ਦਾ ਚਾਅ ਬੋਲੀ ਰਹੀ ਦੱਸਦੀ ਹੈ । ਉਸ ਲਈ ਪਿਆਰ ਤੇ ਦੁਲਾਰ ਆਪਣੀ ਔਲਾਦ ਵਾਂਗ ਹੀ ਆਪ ਮੁਹਰੇ ਉਲ਼ਰਦਾ ਹੈ ।
ਨਿੱਕਾ ਦਿਉਰ ਹੈ ਪੁੱਤਾ ਵਰਗਾ ਹੱਥੀ ਆਪ ਵਿਆਹਾਵਾਂ
ਚੰਨ ਜਿਹੇ ਦਿਉਰ ਲਈ ਲੈ ਕੇ ਚਾਨਣੀ ਆਵਾ -2
ਜਿਥੇ ਇਹ ਸਮਾਂ ਅਪਣੱਤ ਦਿਖਾਉਣ ਦਾ ਮੌਕਾ ਦਿੰਦਾ । ਉਥੇ ਹੀ ਸਾਂਝੇ ਪਰਿਵਾਰਾਂ ਵਿੱਚ ਜੇਠ ਜਠਾਣੀ ਦੀ ਪ੍ਰਧਾਨਗੀ ਵਾਲੀ ਰੜਕਦੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ । ਜਦੋਂ ਕੋਈ ਭਰੀ ਪੀਤੀ ਦਰਾਣੀ ਹਾਸੇ ਮਜਾਕ ਵਿੱਚ ਹੇਕਾਂ ਲਾ ਕੇ ਢੁਕਵੀਂ ਬੋਲੀ ਪਉਂਦੀ ਹੈ । ਚਾਰੇ ਪਾਸੇ ਹਾਸੇ ਦੀਆਂ ਫੁਹਾਰਾਂ ਫੁਟਦੀਆਂ ਹਨ।
ਜੇਠ ਜਠਾਣੀ ਪਾਇਆ ਚੁਬਾਰਾ, ਮੈ ਢੋਹਦੀ ਸੀ ਪਾਣੀ
ਮੇਰੀ ਹਾਅ ਲੱਗਜੂ , ਉਪਰੋ ਡਿਗੂ ਜਠਾਣੀ
ਜਾਗੋ ਵਿੱਚ ਨਾਨਕਿਆਂ ਦਾਦਕਿਆਂ ਦਾ ਆਪਸੀ ਮੁਕਾਬਲਾ ਚੱਲਦਾ ਹੈ । ਮਾਮੀਆਂ ਥੱਕੇ ਦਾਦਕਿਆਂ ਨੂੰ ਬੋਲੀਆਂ ਰਾਹੀਂ ਖਿਚਾਈ ਕਰ ਗਿੱਧਾ ਮਘਾਉਦੀਂਆ ਹਨ । ਉਂਜ ਇਸ ਮੁਕਾਬਲੇ ਦਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਹਰਾਉਣਾ ਨਹੀਂ । ਸਗੋਂ ਪਿੜ ਦੀ ਲੈਅ ਨੂੰ ਬਰਕਰਾਰ ਰੱਖਣਾ ਹੁੰਦਾ ਹੈ ।
ਸੁਣ ਵੇ ਦਾਦਕਿਉ ਨੱਚਣ ਵਾਲਿਓ
ਕੀ ਮੂੰਹ ਵਿੱਚ ਪਈ ਮਲੱਠੀ
ਗਿੱਧੇ ਵਿੱਚ ਪਾ ਲੋ ਬੋਲੀਆ
ਕੇਹੀ ਏ ਚੁੱਪ ਵੱਟੀ
ਅੱਧੀ ਰਾਤ ਤੱਕ ਚਲਦੇ ਇਹ ਖੁਸ਼ੀਆਂ ਦੇ ਜਸ਼ਨਾ ਨੂੰ ਥੰਮਣ ਦੇ ਲਈ ਮੁੰਡਾ ਜਾ ਕੁੜੀ ਦੀ ਮਾਤਾ ਨਾਨਕਿਆ ਨੂੰ ਸਵਖਤੇ ਬਰਾਤ ਦੀ ਤਿਆਰੀ ਲਈ ਅਰਜੋਈ ਕਰਕੇ ਸਮਾਪਤੀ ਕਰਵਾਉਂਦੀ । ਮਾਮੀ ਦਾ ਮੂੰਹ ਮਿੱਠਾ ਕਰਵਾਇਆ ਜਾਦਾ ਹੈ । ਪੱਲੇ ਵਿੱਚ ਲੱਡੂ ਤੇ ਸ਼ਗਨ ਪਾ ਕੇ ਜਾਗੋ ਸਿਰ ਤੋਂ ਉਤਾਰਦੇ ਹਨ । ਉਧਰੋ ਮਾਮੀ ਅਗਲੇ ਵਿਆਹ ਤੇ ਆਉਣ ਦੀ ਕਾਮਨਾ ਨਾਲ ਬੋਲੀ ਪਾ ਕੇ ਜਾਗੋ ਵਾਲੀ ਰਸਮ ਦੀ ਸਮਾਪਤੀ ਕਰਦੀ ਹੈ ।
ਫੇਰ ਆਵਾਗੇ ਅਸੀ ਫੇਰ ਆਵਾਗੇ ,ਰੱਖੀ ਕੁਬੇਰ ਦਾ ਵਿਆਹ
ਅਸੀ ਫੇਰ ਆਵਾਗੇ ,ਸਾਨੂੰ ਗੋਡੇ ਗੋਡੇ ਚਾਅ ,ਅਸੀ ਫੇਰ ਆਵਾਗੇ
ਸਾਨੂੰ ਭੁੰਜੇ ਸਵਾਇਆ,ਮੰਜੇ ਨਾਲ ਲਿਆਵਾਗੇ,ਅਸੀ ਫੇਰ ਆਵਾਗੇ
ਪਰ ਅਜੋਕੇ ਸਮੇਂ ਦੀ ਪੀੜੀ ਇਸ ਅਨੰਦਮਈ ਸੰਗੀਤਕ ਤੇ ਰਿਸਤੇਦਾਰੀਆਂ ਦੇ ਮੋਹ ਤੋ ਅਭਿੱਜ ਹਨ । ਹੁਣ ਤਾਂ ਜਾਗੋ ਫੇਰਨ ਦੇ ਸਮੇਂ ਨਾਲੋ ਵੀ ਘੱਟ ਸਮੇਂ ਵਿੱਚ ਵਿਆਹ ਹੋ ਜਾਦਾ ਹੈ ।ਰੈਡੀਮੈਡ ਜਾਗੋ ਵਿੱਚ ਬਜਦੇ ਹਿੰਦੀ ਮੁੰਨੀ ਬਦਨਾਮ ਤੇ ਪੰਜਾਬੀ ਰਫਲਾ ,ਨਸ਼ੇ,ਲੜਾਈਆ ਵਾਲੇ ਹੁੜਦੰਗ ਮਚਾਉਦਿਆ ਗਾਣਿਆ ਨੇ ਸੱਭਿਆਚਾਰ ਦਾ ਘਾਣ ਹੀ ਕਰ ਦਿੱਤਾ । ਜਾਗੋ ਦੀ ਰੀਤ ਨੂੰ ਪੈਲੇਸ ਦੀ ਸਟੇਜ ਤੇ ਘੁੰਮਾ ਕੇ ਮੂੰਵੀ ਦੇ ਸੀਨ ਪੂਰਾ ਕਰਨ ਦੀ ਖਾਨਾਪੂਰਤੀ ਬਣਾ ਛੱਡਿਆ । ਬਾਕੀ ਕਸ਼ਰ ਡੀ.ਜੇ ਵਾਲੇ ਕੰਨ ਪਾੜੂ ਸੰਗੀਤ ਨਾਲ ਪੂਰੀ ਕਰ ਦਿੰਦੇ ਹਨ । ਕੀ ਅਸੀ ਆਪਣੀ ਆਉਣ ਵਾਲੀ ਪੀੜੀ ਨੂੰ ਅਜਿਹਾ ਸੱਭਿਆਚਾਰ ਦੇ ਕੇ ਜਾਵੇਗਾ ? ਪੈਲਿਸ ਕਲਚਰ ਨਾਲ ਆ ਰਹੀ ਸਮਾਜਿਕ ਕਦਰਾ ਕੀਮਤਾ ਦੀ ਗਿਰਾਵਟ ਕਿਸੇ ਤੋ ਛੁੱਪੀ ਨਹੀ ।ਕਿਸ ਤਰਾ ਜਨਤਾ ਫੋਕੀ ਸੋਹਰਤ ਦੇ ਬਦਲੇ ਜਮੀਨਾ ਵੇਚ ਜਾ ਕਰਜੇ ਚੁੱਕ ਇਹ ਲੰਬੀਆ ਉਮਰਾ ਦੇ ਕਾਰਜ ਨਿਪਰੇ ਚਾੜਦੀ । ਇਸਦੇ ਭਿਆਨਕ ਨਤੀਜਿਆ ਦੇ ਚਲਦਿਆ ਪੰਜਾਬੀਆ ਦੀ ਅਰਥ ਵਿਵਸਥਾ ਲੀਹੋ ਲੱਥੀ ਹੈ । ਉਹ ਨੱਕੋ ਨੱਕ ਡੁੱਬੇ ਕਰਜੇ ਦੇ ਕਾਰਨ ਖੁਦਕਸੀਆ ਦੇ ਰਾਹ ਪਏ ਹਨ । ਪੜੇ ਲਿਖੇ ਨੌਜਵਾਨਾ ਨੂੰ ਸੱਭਿਆਚਾਰਕ ਤੋ ਸਿੱਖਿਆ ਲੈ ਕੇ ਸਾਦੇ ਕਾਰਜ ਕਰਨ ਅਤੇ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਤਾਂ ਜੋ ਉਮਰਾ ਦੇ ਹਮਸਫਰ ਜਿੰਦਗੀ ਨੂੰ ਖੁਸੀਆ ਨਾਲ ਚਹਿਕਦਾ ਰੱਖਣ । ਪੰਜਾਬੀ ਸੱਭਿਆਚਾਰ ਦਾ ਚੁੰਹਮੁੱਖਾ ਦੀਵਾ ਬਜਾਰੂ ਯੁੱਗ ਦੇ ਮਾਇਆਜਾਲ ਵਿੱਚ ਧਸੀ ਨਵੀ ਪੀੜੀ ਨੂੰ ਗਿਆਨਮਈ ਰੌਸਨੀ ਵੰਡਦਾ ਰਹੇ।
-
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.