ਝੋਨੇ ਦੀ ਫਸਲ ਮੁੰਜਰਾਂ ਕੱਢੀ ਖੜ੍ਹੀ ਰਹੀ ਹੈ। ਜਦ ਝੋਨਾ ਲੱਗ ਰਿਹਾ ਸੀ ਤਦ ਮੀਂਹ ਦੀ ਲੋੜ ਸੀ, ਨਹੀਂ ਆਇਆ ਮੀਂਹ। ਹੁਣ ਲੋੜ ਨਹੀਂ ਸੀ ਤਾਂ ਏਨਾ ਆ ਗਿਆ ਹੈ ਕਿ ਖੇਤਾਂ ਵਿਚੋਂ ਪਾਣੀ ਕੱਢਣ ਪਿਛੇ ਕਿਰਸਾਨ ਲੜਨ ਲੱਗੇ ਹਨ। ਇੱਕ ਪਾਸੇ ਕਰੋਨਾ ਦਾ ਕਹਿਰ ਹਾਵੀ ਹੈ। ਮਨ ਡਰੇ ਹੋਏ ਹਨ ਨੇ। ਭਰੇ ਹੋਏ ਨੇ। ਪਤਾ ਨਹੀਂ ਕੀ ਹੋਣੈ ਕੀ ਨਹੀਂ! ਖੈਰ!
ਖੇਤਾਂ 'ਚ ਇਕਸਾਰ ਖੜ੍ਹੇ ਝੋਨੇ ਉਤੋਂ ਦੀ ਜੇਕਰ ਸਿੱਧੀ-ਸਪਾਟ ਤੇ ਉਡਦੀ ਨਜ਼ਰ ਮਾਰੀਏ, ਜਾਂ ਕਹਿ ਲਓ ਕਿ ਇਸਦੀ ਹਰਿਆਵਲ ਨੂੰ ਅੱਖਾਂ ਵਿਚ ਭਰੀਏ, ਤਾਂ ਲਗਦੈ ਕਿ ਕੁਦਰਤ ਨੇ ਸਾਨੂੰ ਹਰਿਆਵਲ ਨਾਲ ਲੱਦੀ ਲੰਮੀ ਤੋਂ ਲੰਮੀ ਤੇ ਚੌੜੀ ਤੋਂ ਚੌੜੀ ਚਾਦਰ ਸੌਗਾਤ ਵਜੋਂ ਦਿੱਤੀ ਹੈ, ਜਿਸਦੇ ਅਖਰੀਲੇ ਲੜਾਂ ਤੀਕ ਵੀ ਵੇਖੀ ਜਾਈਏ, ਨਾ ਅਕੇਵਾਂ ਲਾਗੇ ਆਵੇ ਨਾ ਥਕੇਵਾਂ! ਅੱਖੀਆਂ ਨੂੰ ਠੰਢਕ ਪੈਂਦੀ ਹੈ ਜਿਵੇਂ ਹਰੇ ਰੰਗੇ ਭਜਨ ਧਾਰਾ ਦੀ ਸਿਲਾਈ ਵਿਚ ਪਾ ਲਈ ਹੋਵੇ ਅੱਖੀਆਂ ਵਿਚ! ਮਨ ਚਾਹੇ ਮੈਂ ਪੰਛੀ ਹੋਵਾਂ, ਤੇ ਕਦੇ ਨਾ ਮੁੱਕਣ ਵਾਲੀ ਇੱਕ ਲੰਬੀ ਉਡਾਰੀ ਇਸ ਹਰੀ-ਭਰੀ ਚਾਦਰ ਉਤੋਂ ਦੀ ਭਰਾਂ, ਤੇ ਉਡਦਾ ਹੀ ਉਡਦਾ ਜਾਵਾਂ, ਮਸਤੀ 'ਚ ਖੰਭ ਫੜਫੜਾਵਾਂ ਤੇ ਮਨ ਮਰਜ਼ੀ ਦਾ ਨਗਮਾ ਗਾਵਾਂ! ਪਰ ਮੇਰੀ ਕਿਸਮਤ ਵਿਚ ਏਹ ਕਿੱਥੇ ਲਿਖਿਆ ਹੈ ਤੈਂ ਕੁਦਰਤੇ, ਮੇਰਾ ਪੰਛੀ ਹੋਣਾ, ਹਰਿਆਵਲੀ ਚਾਦਰ 'ਤੇ ਉਡਣਾ-ਖੇਡਣਾ, ਗਾਉਣਾ ਤੇ ਮਸਤਾਉਣਾ। ਕਿੰਨੇ ਪਿਆਰੇ-ਪਿਆਰੇ ਤੇ ਭਾਗਵੰਤੇ ਨੇ ਇਹ ਪੰਛੀ ਨਿੱਕੇ-ਨਿੱਕੇ ਪਰਾਂ ਸਦਕੇ ਲੰਬੀਆਂ ਉਡਾਰੀਆਂ ਭਰਨ ਵਾਲੇ,ਕਰਮਾਂ ਵਾਲੜੇ ਇਹ ਪੰਛੀ ਹਰੀ ਚਾਦਰ ਉਤੇ ਉਡਦੇ ਚਹਿਕ ਰਹੇ ਨੇ, ਗਾ ਰਹੇ ਨੇ ਤੇ ਸਵੇਰ ਦੀ ਮਿੱਠੀ-ਮਿੱਠੀ ਠੰਢਕ ਨੂੰ ਰਮਣੀਕ ਬਣਾ ਰਹੇ ਹਨ।
ਸੂਏ ਦੀ ਬੰਨੀ ਉਤੇ ਖਲੋਤਾ ਦੇਖ ਰਿਹਾ ਹਾਂ ਕਿ ਸੂਏ ਵਿਚ ਲਾਲ ਮਿੱਟੀ ਰੰਗਾ ਪਾਣੀ ਨੱਕੋ-ਨੱਕ ਭਰ ਭਰ ਵਗਦਾ ਜਾ ਰਿਹਾ ਹੈ, ਪਿਛਾਂਹ ਸ਼ੂਕਦੇ ਦਰਿਆਵਾਂ ਨੇ ਜਿਵੇਂ ਸਬਕ ਦੇ ਕੇ ਵਗਣ ਲਈ ਘੱਲਿਆ ਹੋਵੇ ਕਿ ਜਾ ਝੋਨੇ ਦੀ ਫਸਲ ਨੂੰ ਤਬਾਹ ਕਰ ਤੇ ਭਰ-ਭਰ ਵਗ। ਹੁਣ ਜੱਟਾਂ ਨੂੰ ਇਸ ਪਾਣੀ ਦੀ ਲੋੜ ਹੀ ਨਹੀਂ। ਝੋਨਾ ਮੁੰਜਰਾਂ ਕੱਢ ਖਲੋਤਾ ਹੈ ਤੇ ਜੱਟ ਉਡੀਕ ਕਰ ਰਹੇ ਨੇ ਝੋਨੇ ਦੇ ਮੁੱਢਾਂ 'ਚੋਂ ਪਾਣੀ ਸੁੱਕਣ ਤੇ ਨਿਕਲਣ ਦੀ। ਸਪਰੇਆਂ ਜੋਰੋ-ਜੋਰ ਹੋ ਹਟੀਆਂ, ਸ਼ਾਇਦ ਹੋਰ ਵੀ ਹੋਵੇ ਹਾਲੇ। ਕਈ-ਕਈ ਬੋਰੇ ਖਾਦਾਂ ਦੇ ਸੁੱਟ੍ਹੇ ਗਏ ਨੇ ਝੋਨਾ ਚੰਗਾ ਕੱਢਣ ਵਾਸਤੇ। ਦੂਰ ਤੀਕ ਦੇਖਿਆ, ਸਾਡੇ ਪਿੰਡ ਦੀਆਂ ਬੁੱਢੀਆਂ ਦਲਿਤ ਔਰਤਾਂ ਕੋਡੀਆਂ ਹੋ-ਹੋ ਝੋਨੇ 'ਚੋਂ ਤਾਲ (ਗੰਦ) ਕੱਢ ਰਹੀਆਂ ਨੇ। ਇਹ ਅੱਧੀ ਦਿਹਾੜੀ ਲਾਉਣਗੀਆਂ ਤੇ ਜਦ ਸੂਰਜ ਨੇ ਸਿਰੀ ਤਿੱਖੀ ਕਰ ਲਈ ਤਾਂ ਮੁੜ੍ਹਕੇ ਨਾਲ ਭਿੱਜੀਆਂ ਘਰਾਂ ਨੂੰ ਆਉਣਗੀਆਂ। ਮੈਂਨੂੰ ਤਰਸ ਆਉਂਦਾ ਹੈ ਇੰਨ੍ਹਾਂ ਉਤੇ ਪਰ ਮੈਨੂੰ ਅਫਸੋਸ ਹੈ ਕਿ ਮੈਂ ਮਨ ਮਸੋਸਣ ਤੋਂ ਬਿਨਾਂ ਇਹਨਾਂ ਵਾਸਤੇ ਕੁਝ ਨਹੀਂ ਕਰ ਸਕਦਾ। ਜੇ ਮੈਂ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਤਾਂ ਆਪਣੀ ਮਾਂ, ਦਾਦੀ ਤੇ ਤਾਈਆਂ ਦੀ ਥਾਵੇਂ ਲਗਦੀਆਂ ਮਜਦੂਰਨਾਂ ਲਈ ਕੁਝ ਜ਼ਰੂਰ ਕਰਦਾ।
ਜਦ ਕਦੇ ਹਲਕੀ ਕਾਲੀ ਬੱਦਲੀ ਬਣ ਕੇ ਉਡਣ ਲਗਦੀ ਹੈ ਤਾਂ ਕਿਸਾਨ ਫਿਕਰ ਕਰਨ ਲਗਦੇ ਨੇ-"ਰੱਬਾ ਹੁਣ ਹੋਰ ਨਹੀਂ ਲੋੜ, ਬਸ ਹੁਣ ਤਾਂ ਮਿਹਰ ਈ ਰੱਖ।" ਕਿਸਾਨ ਆਪਣੇ ਨਿੱਕੇ ਨਿਆਣਿਆਂ ਨੂੰ ਪੁਛਦੇ ਨੇ ਮੌਨਸੂਨ ਪੌਣਾਂ ਬਾਬਤ ਕਿ ਮੁੜ ਗਈਆਂ ਪਿਛਾਂਹ ਕਿ ਨਹੀਂ, ਜਾਂ ਹਾਲੇ ਏਥੇ ਈ ਫਿਰਦੀਆਂ ਗੇੜੇ ਦਿੰਦੀਆਂ ਮੁੰਡਿਓ, ਵੇਖੋ ਖਾਂ ਥੋਡਾ ਫੋਨ ਜਿਆ੍ਹ ਕੀ ਆਂਹਦੈ...ਆਹ ਭੈਣ ਦੇਣੇ ਦੀਆਂ ਤਿੱਤਰ ਖੰਭ੍ਹੀਆਂ ਤੋਂ ਡਰ ਲਗਦੈ...ਕਰੁੱਤੀਆਂ ਕਣੀਆਂ ਨਾ ਆ ਜਾਣ ਹੁਣ...। ਅੱਜ ਦੀ ਸੈਰ ਤੋਂ ਮੁੜਦਿਆਂ ਮੈਂ ਹਰੀ-ਭਰੀ ਚਾਦਰ ਨੂੰ ਅੱਖਾਂ ਵਿਚ ਭਰ ਕੇ ਮੁੜਿਆਂ ਹਾਂ, ਕਦੇ-ਕਦੇ ਮਨ ਹਰਿਆ-ਭਰਿਆ ਕਰਨ ਲਈ ਮੁੜ-ਮੁੜ ਸਕਾਰ ਕਰਾਂਗਾ ਅੱਖਾਂ ਅੱਗੇ ਇਹ ਹਰਿਆਵਲੀ ਚਾਦਰ!
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.